
ਭੋਜਨ ਨਾਲੀ, ਤਕਰੀਬਨ 8 ਇੰਚ ਲੰਮੀ, ਇਕ ਪਾਈਪ ਹੈ ਜੋ ਗਲੇ ਤੋਂ ਲੈ ਕੇ ਮਿਹਦੇ ਤਕ ਜਾਂਦੀ ਹੈ।
ਭੋਜਨ ਨਾਲੀ, ਤਕਰੀਬਨ 8 ਇੰਚ ਲੰਮੀ, ਇਕ ਪਾਈਪ ਹੈ ਜੋ ਗਲੇ ਤੋਂ ਲੈ ਕੇ ਮਿਹਦੇ ਤਕ ਜਾਂਦੀ ਹੈ। ਹਸਪਤਾਲਾਂ ਦੇ ਮੈਡੀਕਲ, ਸਰਜੀਕਲ ਅਤੇ ਗਲੇ ਦੇ ਓ.ਪੀ.ਡੀਜ਼. ਵਿਚ 'ਬੁਰਕੀ ਅੜਨ' ਦੀ ਸ਼ਿਕਾਇਤ ਵਾਲੇ ਕਾਫ਼ੀ ਮਰੀਜ਼ ਆਉਂਦੇ ਹਨ। ਪਰ ਜ਼ਿਆਦਾਤਰ ਰੋਗੀ ਕਾਫ਼ੀ ਦੇਰ ਨਾਲ ਆਉਂਦੇ ਹਨ। ਭੋਜਨ ਲੰਘਾਉਣ ਦੀ ਸਮੱਸਿਆ ਦੋ ਥਾਵਾਂ (ਮੂੰਹ ਅਤੇ ਗਲੇ ਵਿਚ ਅਤੇ ਭੋਜਨ ਨਾਲੀ) ਦੇ ਨੁਕਸ ਕਰ ਕੇ ਹੋ ਸਕਦੀ ਹੈ ਪਰ ਪ੍ਰਮੁੱਖ ਸਮੱਸਿਆ ਭੋਜਨ-ਨਾਲੀ (ਇਸੋਫੇਗਸ) ਦਾ ਕੈਂਸਰ ਹੀ ਹੁੰਦਾ ਹੈ।
Cancer
ਇਸ ਕੈਂਸਰ ਦੇ ਵਧੇਰੇ ਮਰੀਜ਼ 60-65 ਸਾਲ ਦੀ ਉਮਰ ਦੇ ਨੇੜੇ-ਤੇੜੇ ਹੀ ਹੁੰਦੇ ਹਨ। ਉਂਜ ਇਨ੍ਹੀਂ ਦਿਨੀਂ ਕਈ ਮਰੀਜ਼ ਛੋਟੀ ਉਮਰ ਦੇ ਵੀ ਆ ਰਹੇ ਹਨ। ਔਰਤਾਂ ਦੇ ਮੁਕਾਬਲੇ ਇਹ ਕੈਂਸਰ ਮਰਦਾਂ ਵਿਚ ਵਧੇਰੇ ਹੁੰਦਾ ਹੈ। ਦੂਜਿਆਂ ਦੇ ਮੁਕਾਬਲੇ, ਤਮਾਕੂ-ਨੋਸ਼ਾਂ ਵਿਚ ਇਹ ਕੈਂਸਰ ਜ਼ਿਆਦਾ ਹੁੰਦਾ ਹੈ। ਸੋਫ਼ੀ ਰਹਿਣ ਵਲਿਆਂ ਜਾਂ ਕਦੀ-ਕਦਾਈਂ ਪੀਣ ਵਾਲਿਆਂ ਦੇ ਮੁਕਾਬਲੇ, ਰੋਜ਼ਾਨਾ 4 ਜਾਂ ਇਸ ਤੋਂ ਵੱਧ ਪੈੱਗ ਮਾਰਨ ਵਾਲਿਆਂ ਵਿਚ ਇਹ ਕੈਂਸਰ ਵਧੇਰੇ ਹੁੰਦਾ ਹੈ।
Adeno Carcinoma
ਵੱਡੇ ਪਿਆਕੜ, ਜੇ ਤੰਬਾਕੂ-ਨੋਸ਼ ਵੀ ਹੋਣ ਤਾਂ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ। ਫਲਾਂ, ਸਬਜ਼ੀਆਂ ਆਦਿ ਤੋਂ ਸਖਣਾ ਭੋਜਨ ਵੀ ਇਕ ਖ਼ਤਰਾ ਹੈ। ਮੋਟੇ ਲੋਕਾਂ ਨੂੰ ਭੋਜਨ-ਨਾਲੀ ਦੇ ਕੈਂਸਰਾਂ ਵਿਚੋਂ ਐਡੀਨੋ-ਕਾਰਸੀਨੋਮਾ ਕਿਸਮ ਦਾ ਵਧੇਰੇ ਖ਼ਤਰਾ ਰਹਿੰਦਾ ਹੈ। ਜਿਹੜੇ ਵਿਅਕਤੀਆਂ ਨੂੰ ਖੱਟੇ ਡਕਾਰ, ਸੀਨੇ ਵਿਚ ਸਾੜ ਪੈਣ ਦੀ ਸਮੱਸਿਆ ਰਹਿੰਦੀ ਹੋਵੇ ਜੋ ਮਿਹਦੇ ਦਾ ਤੇਜ਼ਾਬ ਭੋਜਨ ਨਾਲੀ ਵਿਚ ਆ ਜਾਣ ਕਰ ਕੇ ਹੁੰਦੀ ਹੈ, ਉਨ੍ਹਾਂ ਵਿਚ ਵੀ ਇਹ ਕੈਂਸਰ ਹੋਣ ਦਾ ਵਧੇਰੇ ਰਿਸਕ ਹੁੰਦਾ ਹੈ।
File photo
ਜੇ ਇਹ ਕੈਂਸਰ ਫੈਲ ਚੁੱਕਾ ਹੋਵੇ ਤਾਂ ਇਸ ਦੀਆਂ ਜੜ੍ਹਾਂ ਜਿਗਰ ਵਿਚ ਜਾਣ ਕਰ ਕੇ ਯਰਕਾਨ ਤੇ ਪੇਟ ਵਿਚ ਪਾਣੀ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਫੇਫੜਿਆਂ ਵਿਚ ਫੈਲ ਚੁੱਕਾ ਹੋਵੇ ਤਾਂ ਸਾਹ ਚੜ੍ਹਨਾ ਜਾਂ ਫੇਫੜਿਆਂ ਵਿਚ ਪਾਣੀ ਪੈ ਸਕਦਾ ਹੈ। ਐਸੀ ਸਟੇਜ 'ਤੇ ਰੋਗੀ ਦੀ ਹਾਲਤ ਚੰਗੀ ਨਹੀਂ ਹੁੰਦੀ। ਇਹ ਇਕ ਖ਼ਤਰਨਾਕ ਕੈਂਸਰ ਹੈ। ਜ਼ਿਆਦਾਤਰ ਰੋਗੀਆਂ ਦਾ ਜੀਵਨ, ਇਲਾਜ ਦੇ ਬਾਵਜੂਦ ਵੀ ਸਾਲ ਜਾਂ ਦੋ ਸਾਲ ਤਕ ਹੀ ਚਲਦਾ ਹੈ। ਇਸ ਕੈਂਸਰ ਤੋਂ ਬਚਾਅ ਲਈ ਸਿਗਰਟ-ਨੋਸ਼ੀ ਅਤੇ ਬੇਹਿਸਾਬੀ ਸ਼ਰਾਬ ਪੀਣ ਤੋਂ ਬਚੋ। ਜਦ ਕੋਈ ਲੱਛਣ ਜਾਂ ਅਲਾਮਤ ਮਹਿਸੂਸ ਕਰੋ ਤਾਂ ਬਿਨਾਂ ਦੇਰੀ ਦੇ ਜਾਂਚ ਕਰਵਾਉ। ਘਰ ਬੈਠ ਕੇ ਓੜ੍ਹ-ਪੋੜ੍ਹ ਨਾ ਕਰੋ ।
-ਡਾ. ਮਨਜੀਤ ਸਿੰਘ ਬੱਲ,
ਸੰਪਰਕ : 98728-43491, 83508-00237
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।