
ਮੂੰਗਫਲੀ ਵਿਚ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਕਾਪਰ, ਆਇਰਨ ਅਤੇ ਸੇਲੇਨੀਅਮ ਤੱਤ ਮਿਲ ਜਾਂਦੇ ਹਨ
ਮੁਹਾਲੀ: ਤੰਦਰੁਸਤ ਰਹਿਣ ਲਈ ਬਦਾਮਾਂ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ| ਇਸ ਨਾਲ ਇਮਿਊਨਿਟੀ ਮਜ਼ਬੂਤ ਹੋਣ ਨਾਲ ਬੀਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ। ਦਿਲ ਅਤੇ ਦਿਮਾਗ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਨਾਲ ਸਰੀਰ ਵਿਚ ਚੁਸਤੀ ਅਤੇ ਫੁਰਤੀ ਆਉਂਦੀ ਹੈ। ਪਰ ਬਦਾਮ ਦੀ ਤਰ੍ਹਾਂ ਮੂੰਗਫਲੀ ਵੀ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਵੀ ਬਦਾਮ ਦੀ ਤਰ੍ਹਾਂ ਰਾਤ ਭਰ ਭਿਉਂ ਕੇ ਸਵੇਰੇ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਸਹੀ ਮਾਤਰਾ ਵਿਚ ਮਿਲਦੇ ਹਨ। ਖ਼ੂਨ ਦੀ ਕਮੀ ਪੂਰੀ ਹੋਣ ਤੋਂ ਲੈ ਕੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ।
ਮੂੰਗਫਲੀ ਵਿਚ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਕਾਪਰ, ਆਇਰਨ ਅਤੇ ਸੇਲੇਨੀਅਮ ਤੱਤ ਮਿਲ ਜਾਂਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਅਜਿਹੇ ‘ਚ ਸਿਹਤ ਬਰਕਰਾਰ ਰਹਿੰਦੀ ਹੈ। ਆਉ ਜਾਣਦੇ ਹਾਂ ਰੋਜ਼ ਭਿੱਜੀ ਹੋਈ ਮੂੰਗਫਲੀ ਖਾਣ ਦੇ ਵੱਡੇ ਫ਼ਾਇਦਿਆਂ ਬਾਰੇ: ਚਿਕਿਤਸਕ ਗੁਣਾਂ ਨਾਲ ਭਰਪੂਰ ਮੂੰਗਫਲੀ ਨੂੰ ਰੋਜ਼ਾਨਾ ਸਵੇਰੇ ਖਾਣ ਨਾਲ ਪੇਟ ਠੀਕ ਰਹਿੰਦਾ ਹੈ। ਅਜਿਹੇ ‘ਚ ਪਾਚਨ ਤੰਤਰ ਮਜ਼ਬੂਤ ਹੋ ਪੇਟ ਦਰਦ, ਐਸਿਡਿਟੀ ਆਦਿ ਤੋਂ ਛੁਟਕਾਰਾ ਮਿਲਦਾ ਹੈ।
ਮੂੰਗਫਲੀ ਵਿਚ ਕੈਲਸ਼ੀਅਮ, ਆਇਰਨ ਆਦਿ ਜ਼ਿਆਦਾ ਮਾਤਰਾ ਵਿਚ ਹੋਣ ਕਰ ਕੇ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾ ਕੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦੀ ਹੈ। ਜਿਹੜੇ ਲੋਕਾਂ ਨੂੰ ਕਮਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਉਨ੍ਹਾਂ ਨੂੰ ਅਪਣੀ ਡਾਇਟ ਵਿਚ ਭਿੱਜੀ ਹੋਈ ਮੂੰਗਫਲੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਤੁਹਾਨੂੰ ਜਲਦੀ ਹੀ ਕਮਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਰੋਜ਼ਾਨਾ ਸਵੇਰੇ ਭਿੱਜੀ ਹੋਈ ਮੂੰਗਫਲੀ ਦਾ ਸੇਵਨ ਦਿਮਾਗ਼ ਦੇ ਸੈੱਲਾਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਤਾਕਤ ਦਿੰਦਾ ਹੈ। ਆਇਰਨ ਨਾਲ ਭਰਪੂਰ ਭਿੱਜੀ ਹੋਈ ਮੂੰਗਫਲੀ ਦਾ ਸੇਵਨ ਸਰੀਰ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਜਿਹੜੇ ਲੋਕ ਅਨੀਮੀਆ ਦਾ ਸ਼ਿਕਾਰ ਹਨ ਉਨ੍ਹਾਂ ਨੂੰ ਮੂੰਗਫਲੀ ਨੂੰ ਅਪਣੀ ਡਾਇਟ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਦਿਲ ਦੀ ਬਿਮਾਰੀ ਵਿਚ ਭਿੱਜੀ ਮੂੰਗਫਲੀ ਖਾਣ ਨਾਲ ਲੋਕਾਂ ਦੀ ਦਿਲ ਦੀ ਸਿਹਤ ਬਰਕਰਾਰ ਰਹਿੰਦੀ ਹੈ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟਸ, ਐਂਟੀ-ਬੈਕਟਰੀਆ ਗੁਣ ਸਰੀਰ ਨੂੰ ਤੰਦਰੁਸਤ ਬਣਾਉਣ ਦਾ ਕੰਮ ਕਰਦੇ ਹਨ। ਅਜਿਹੇ ਵਿਚ ਸਰੀਰ ਅੰਦਰ ਕੈਂਸਰ ਸੈੱਲਾਂ ਦੇ ਵਧਣ ਦਾ ਖ਼ਤਰਾ ਘੱਟ ਹੁੰਦਾ ਹੈ।