
ਪੰਜੀਰੀ ਵਿਚ ਪਾਈਆਂ ਤਾਕਤਵਰ ਚੀਜ਼ਾਂ ਮਗਜ਼, ਲੋਧ, ਗੂੰਦ, ਸੌਂਫ, ਬਦਾਮ ਆਦਿ ਦਾ ਸੇਵਨ ਕਰ ਕੇ ਸਾਨੂੰ ਸਰੀਰਕ ਸ਼ਕਤੀ ਮਿਲਦੀ ਹੈ।
Health News: ਸਰਦੀਆਂ ਵਿਚ ਪੰਜੀਰੀ ਖਾਣ ਦੀ ਗੱਲ ਹੀ ਵਖਰੀ ਹੈ ਪਰ ਪੰਜੀਰੀ ਸੱਭ ਤੋਂ ਜ਼ਿਆਦਾ ਉਨ੍ਹਾਂ ਔਰਤਾਂ ਲਈ ਫ਼ਾਇਦੇਮੰਦ ਹੈ ਜਿਨ੍ਹਾਂ ਨੇ ਬੱਚੇ ਨੂੰ ਜਨਮ ਦਿਤਾ ਹੋਵੇ। ਪਹਿਲੇ ਸਮਿਆਂ ਵਿਚ ਤਾਂ ਘਰ ਵਿਚ ਮਾਂ, ਦਾਦੀ, ਭਰਜਾਈ, ਭੈਣ ਕਈ ਔਰਤਾਂ ਹੁੰਦੀਆਂ ਸਨ ਜੋ ਘਰ ਵਿਚ ਬਣਾਉਂਦੀਆਂ ਸੀ ਪਰ ਹੁਣ ਜ਼ਮਾਨੇ ਦੇ ਨਾਲ-ਨਾਲ ਰਹਿਣ-ਸਹਿਣ ਵੀ ਬਦਲ ਗਿਆ ਹੈ ਪਰ ਪੰਜੀਰੀ ਦੇ ਫ਼ਾਇਦੇ ਨਹੀਂ ਬਦਲੇ।
ਤੁਸੀਂ ਕਿਸੇ ਛੋਟੇ ਸ਼ਹਿਰ, ਪਿੰਡ ਜਾਂ ਕਿਸੇ ਵੱਡੇ ਸ਼ਹਿਰ ਵਿਚ ਭਲੇ ਹੀ ਰਹਿੰਦੇ ਹੋ ਪਰ ਅੱਜ ਵੀ ਤੁਹਾਨੂੰ ਬੱਚਾ ਪੈਦਾ ਕਰਨ ਤੋਂ ਬਾਅਦ ਇਹ ਸਲਾਹ ਦਿਤੀ ਜਾਂਦੀ ਹੈ ਕਿ ਪੰਜੀਰੀ ਜ਼ਰੂਰ ਖਾਉ। ਇਸ ਨਾਲ ਤੁਹਾਡੀ ਕਮਜ਼ੋਰੀ ਦੂਰ ਹੋਵੇਗੀ। ਪੰਜੀਰੀ ਵਿਚ ਪੈਣ ਵਾਲੇ ਸੁੱਕੇ ਮੇਵੇ ਪੰਜੀਰੀ ਨੂੰ ਤਾਕਤਵਰ ਬਣਾਉਂਦੇ ਹਨ। ਇਸ ਨੂੰ ਤੁਸੀਂ ਇਕ ਵਾਰ ਬਣਾ ਕੇ ਸਟੋਰ ਕਰ ਕੇ ਰੱਖ ਸਕਦੇ ਹੋ। ਪੇਂਡੂ ਸਮਾਜ ਵਿਚ ਪੰਜੀਰੀ ਦੀ ਬੜੀ ਮਹੱਤਤਾ ਹੈ। ਪੰਜੀਰੀ ਦੇ ਸ਼ਬਦੀ ਮਤਲਬ ਹਨ ਪੰਜ ਚੀਜ਼ਾਂ ਦਾ ਸੁਮੇਲ: ਘਿਉ ਵਿਚ ਆਟਾ ਭੁੰਨ ਕੇ ਉਸ ਵਿਚ ਪੰਜ ਪਦਾਰਥ ਜ਼ੀਰਾ, ਸੁੰਢ, ਜਵੈਣ, ਕਮਰਕਸ ਆਦਿ ਵਗ਼ੈਰਾ ਮਿਲਾਉਣੇ। ਇਹ ਪੰਜੀਰੀ ਬਹੁਤ ਹੀ ਤਾਕਤਵਰ ਅਹਾਰ ਹੈ ਜੋ ਹਰ ਇਕ ਲਈ ਬਹੁਤ ਜ਼ਰੂਰੀ ਹੈ। ਪੰਜੀਰੀ ਵਿਚ ਪਾਈਆਂ ਤਾਕਤਵਰ ਚੀਜ਼ਾਂ ਮਗਜ਼, ਲੋਧ, ਗੂੰਦ, ਸੌਂਫ, ਬਦਾਮ ਆਦਿ ਦਾ ਸੇਵਨ ਕਰ ਕੇ ਸਾਨੂੰ ਸਰੀਰਕ ਸ਼ਕਤੀ ਮਿਲਦੀ ਹੈ।
ਪੰਜੀਰੀ ਦਾ ਇਸਤੇਮਾਲ ਪਿੰਡਾਂ ਵਿਚ ਅਜੇ ਵੀ ਪ੍ਰਚਲਤ ਹੈ। ਮਾਰਕੀਟ ਵਿਚ ਵੀ ਬਣੀ ਬਣਾਈ ਪੰਜੀਰੀ ਮਿਲਦੀ ਹੈ। ਪੰਜੀਰੀ ਘਿਉ ਵਿਚ ਆਟਾ ਭੁੰਨ ਕੇ ਅਤੇ ਚੀਨੀ-ਸ਼ੱਕਰ ਪਾ ਕੇ ਬਣਾਇਆ ਗਿਆ ਇਕ ਖਾਣ ਵਾਲਾ ਸਵਾਦਲਾ ਪਦਾਰਥ ਹੁੰਦਾ ਹੈ। ਪੰਜੀਰੀ ਭਾਰਤ ਅਤੇ ਪਾਕਿਸਤਾਨ ਵਿਚ ਬਣਾਇਆ ਜਾਣ ਵਾਲਾ ਪਕਵਾਨ ਹੈ। ਇਸ ਨੂੰ ਆਟੇ, ਮੁੰਗੀ ਦੀ ਦਾਲ ਦਾ ਆਟਾ, ਵੇਸਣ, ਘਿਉ, ਗੁੜ ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਸਰਦੀਆਂ ਵਿਚ ਠੰਢ ਤੋਂ ਬਚਾਅ ਕਰਨ ਲਈ ਖਾਇਆ ਜਾਂਦਾ ਹੈ।