
ਬਹੁਤੇ ਦੇਸ਼ਾਂ ’ਚ ਖ਼ਤਰਨਾਕ ਦਵਾਈ ’ਤੇ ਪਾਬੰਦੀ ਪਰ ਭਾਰਤ ’ਚ ਹੋ ਰਹੀ ਖੁਲ੍ਹੀ ਵਿਕਰੀ
Health News: ਅਮਰੀਕੀ ਦਵਾ ਨਿਰਮਾਤਾ ਕੰਪਨੀ ਫ਼ਾਈਜ਼ਰ ਵਲੋਂ ਤਿਆਰ ਕੀਤੀ ਜਾਣ ਵਾਲੀ ਦਵਾਈ ‘ਜ਼ਿੰਟੈਕ’ (ਰੈਨੀਟਿਡੀਨ) ਨਾਲ ਕੈਂਸਰ ਰੋਗ ਅਤੇ ਪੇਟ ਦਾ ਅਲਸਰ ਹੋਣ ਦਾ ਵੱਡਾ ਖ਼ਤਰਾ ਰਹਿੰਦਾ ਹੈ। ਇਸ ਲਈ ਇਸ ਦਵਾਈ ਦੀ ਵਰਤੋਂ ਹਰਗਿਜ਼ ਨਾ ਕੀਤੀ ਜਾਵੇ। ਅਮਰੀਕਾ ’ਚ ਇਸ ਦਵਾਈ ਖ਼ਿਲਾਫ਼ 10 ਹਜ਼ਾਰ ਤੋਂ ਵੱਧ ਕੇਸ ਦਰਜ ਹਨ। ਫ਼ਾਈਜ਼ਰ ਹੁਣ ਇਨ੍ਹਾਂ ਸਾਰੇ ਮਾਮਲਿਆਂ ’ਤੇ ਸਮਝੌਤਾ ਕਰਨ ਲਈ ਸਹਿਮਤ ਹੋ ਗਈ ਹੈ।
ਇਸ ਸੰਗੀਨ ਮਾਮਲੇ ਦੇ ਜਾਣਕਾਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦਸਿਆ ਹੈ ਕਿ ਇਹ ਸਮਝੌਤਾ ਸਮੁਚੇ ਅਮਰੀਕਾ ’ਚ ਦਾਇਰ ਮੁਕੱਦਮੇ ਨਿਬੇੜਨ ਲਈ ਕੀਤਾ ਜਾ ਰਿਹਾ ਹੈ। ਇਸ ਦੇ ਵਿੱਤੀ ਵੇਰਵੇ ਕੰਪਨੀ ਨੇ ਉਪਲਬਧ ਨਹੀਂ ਕਰਵਾਏ ਹਨ। ਉਂਝ ਇਸ ਮਾਮਲੇ ’ਚ ਅਮਰੀਕਾ ’ਚ ਫ਼ਾਈਜ਼ਰ ਤੋਂ ਇਲਾਵਾ ਜੀਐਸਕੇ, ਸਨੋਫ਼ੀ ਤੇ ਬੋਹਰਿੰਗਰ ਇੰਗੇਲਹੇਮ ਵਿਰੁੱਧ ਕੇਂਦਰੀ ਤੇ ਸੂਬਾਈ ਅਦਾਲਤਾਂ ’ਚ ਘਟੋ-ਘਟ 70 ਹਜ਼ਾਰ ਮਾਮਲੇ ਦਰਜ ਹਨ।
ਜ਼ਿੰਟੈਕ ਦਵਾਈ ਦੀ ਵਰਤੋਂ ਐਸੀਡਿਟੀ, ਸੀਨੇ ’ਚ ਜਲਣ ਤੇ ਗੈਸ ਲਈ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ। ਇਸ ਦਵਾਈ ਨਾਲ ਕੈਂਸਰ ਅਤੇ ਪੇਟ ਦਾ ਅਲਸਰ ਹੋਣ ਬਾਰੇ ਜਾਣਕਾਰੀ ਪਹਿਲੀ ਵਾਰ 2019 ’ਚ ਸਾਹਮਣੇ ਆਈ ਸੀ। ਜ਼ਿੰਟੈਕ ’ਚ ਵਰਤੇ ਜਾਣ ਵਾਲੇ ਰੈਨੀਟਿਡੀਨ ਨੂੰ 1977 ’ਚ ਐਲਨ ਐਂਡ ਹਨਬਰੀ ਲੈਬ ’ਚ ਤਿਆਰ ਕੀਤਾ ਗਿਆ ਸੀ। ਸਾਲ 1983 ’ਚ ਗਲੈਕਸੋ ਸਮਿਥ ਕਲਾਈਨ ਭਾਵ ਜੀਐਸਕੇ ਨੇ ਇਸ ਨੂੰ ਜ਼ਿੰਟੈਕ ਦੇ ਨਾਮ ਨਾਲ ਬਾਜ਼ਾਰ ’ਚ ਉਤਾਰਿਆ ਸੀ।
ਸਾਲ 1997 ’ਚ ਰੈਨੀਟਿਡੀਨ ਉਤੇ ਜੀਐਸਕੇ ਦਾ ਪੇਟੈਂਟ ਖ਼ਤਮ ਹੋ ਗਿਆ ਸੀ। ਇਸ ਦੌਰਾਨ ਫ਼ਾਈਜਰ ਤੇ ਸਨੋਫ਼ੀ ਜਿਹੀਆਂ ਕੰਪਨੀਆਂ ਨੇ ਵੀ ਇਸ ਦਾ ਉਤਪਾਦਨ ਕੀਤਾ। ਫਿਰ 2019 ’ਚ ਜੀਐਸਕੇ ਦੇ ਕੁਝ ਸਾਬਕਾ ਮੁਲਾਜ਼ਮਾਂ ਸਮੇਤ ਕੁਝ ਆਜ਼ਾਦ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਰੈਨੀਟਿਡੀਨ ’ਚ ਕੈਂਸਰ ਦਾ ਕਾਰਣ ਬਣਨ ਵਾਲੇ ਐਨ- ਨਾਈਟ੍ਰੋਸੋਡੀਮਿਥਾਈਲਮਾਈਨ (ਐਨਡੀਐਮਏ) ਦੀ ਭਾਰੀ ਮਾਤਰਾ ਪਾਈ ਜਾਂਦੀ ਹੈ। ਇਸ ਤੋਂ ਬਾਅਦ 2020 ’ਚ ਅਮਰੀਕੀ ਰੈਗੂਲੇਟਰੀ ਕੇਂਦਰੀ ਦਵਾ ਪ੍ਰਸ਼ਾਸਕ (ਐਫ਼ਡੀਏ) ਨੇ ਦਵਾ ਦੇ ਉਪਯੋਗ ’ਤੇ ਰੋਕ ਲਾ ਦਿਤੀ ਅਤੇ ਇਸ ਨੂੰ ਬਾਜ਼ਾਰ ਤੋਂ ਬਾਹਰ ਕਰ ਦਿਤਾ।
ਜੀਐਸਕੇ ਨੇ ਦੁਨੀਆ ਭਰ ਦੇ ਬਾਜ਼ਾਰਾਂ ’ਚ ਜ਼ਿੰਟੈਕ ਬ੍ਰਾਂਡ ਨਾਮ ਨਾਲ ਵੇਚੀ ਜਾਣ ਵਾਲੀ ਇਹ ਦਵਾਈ ਹਟਾ ਦਿਤੀ ਹੈ ਪਰ ਭਾਰਤ ’ਚ ਇਸ ਦਵਾਈ ਦੀ ਵਿਕਰੀ ’ਤੇ ਕੋਈ ਪਾਬੰਦੀ ਨਹੀਂ ਹੈ। ਭਾਰਤ ’ਚ ਰੈਨੀਟਿਡੀਨ ਦੀ ਵਰਤੋਂ ਕਰ ਕੇ ਤਿਆਰ ਹੋਣ ਵਾਲੀਆਂ ਸੈਂਕੜੇ ਜੈਨਰਿਕ ਦਵਾਈਆਂ ਵੇਚੀਆਂ ਜਾ ਰਹੀਆਂ ਹਨ।