ਖੋਜਕਰਤਾਵਾਂ ਮੁਤਾਬਕ ਜ਼ਿਆਦਾਤਰ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ ਪਰ ਫਿਰ ਵੀ ਚਿਕਨਗੁਨੀਆ ਦੀ ਬਿਮਾਰੀ ਜਾਨਲੇਵਾ ਸਾਬਤ ਹੋ ਸਕਦੀ ਹੈ
ਨਵੀਂ ਦਿੱਲੀ: ਚਿਕਨਗੁਨੀਆ ਵਾਇਰਸ ਨਾਲ ਪੀੜਤ ਲੋਕਾਂ ’ਚ ਇਨਫੈਕਸ਼ਨ ਤੋਂ ਬਾਅਦ ਤਿੰਨ ਮਹੀਨੇ ਤਕ ਮੌਤ ਦਾ ਖਤਰਾ ਰਹਿੰਦਾ ਹੈ। ਇਹ ਜਾਣਕਾਰੀ ‘ਦਿ ਲੈਂਸੇਟ ਇਨਫੈਕਸ਼ਨ ਡਿਸੀਜ਼‘ ਜਰਨਲ ’ਚ ਪ੍ਰਕਾਸ਼ਿਤ ਇਕ ਅਧਿਐਨ ’ਚ ਦਿਤੀ ਗਈ ਹੈ।
ਚਿਕਨਗੁਨੀਆ ਇਕ ਵਾਇਰਲ ਬਿਮਾਰੀ ਹੈ ਜੋ ਮੱਛਰਾਂ ਦੇ ਕੱਟਣ ਨਾਲ ਮਨੁੱਖਾਂ ’ਚ ਫੈਲਦੀ ਹੈ। ਅਕਸਰ ਇਹ ਵਾਇਰਸ ਏਡੀਜ਼ ਏਜੀਪਟੀ ਅਤੇ ਏਡੀਜ਼ ਐਲਬੋਪਿਕਟਸ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਸ ਬਿਮਾਰੀ ਨੂੰ ਆਮ ਤੌਰ ’ਤੇ ਪੀਲਾ ਬੁਖਾਰ ਵੀ ਕਿਹਾ ਜਾਂਦਾ ਹੈ। ਖੋਜਕਰਤਾਵਾਂ ਮੁਤਾਬਕ ਜ਼ਿਆਦਾਤਰ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ ਪਰ ਫਿਰ ਵੀ ਚਿਕਨਗੁਨੀਆ ਦੀ ਬਿਮਾਰੀ ਜਾਨਲੇਵਾ ਸਾਬਤ ਹੋ ਸਕਦੀ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਇਸ ਲਾਗ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਨਹੀਂ ਆਉਂਦੇ ਪਰ 2023 ’ਚ ਦੁਨੀਆਂ ਭਰ ’ਚ ਚਿਕਨਗੁਨੀਆ ਨਾਲ ਕਰੀਬ 5 ਲੱਖ ਮਾਮਲੇ ਅਤੇ 400 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ। ਬਰਤਾਨੀਆਂ ਦੇ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ (ਐਲਐਸਐਚਟੀਐਮ) ਦੀ ਪ੍ਰੋਫੈਸਰ ਅਤੇ ਸੀਨੀਅਰ ਖੋਜਕਰਤਾ ਐਨੀ ਡਾ ਪੈਕਸਾਓ ਕਰੂਜ਼ ਨੇ ਕਿਹਾ, ‘‘ਚਿਕਨਗੁਨੀਆ ਦੀ ਲਾਗ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ, ਸਿਹਤ ਸੇਵਾਵਾਂ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਉਹ ਇਸ ਖਤਰੇ ਨੂੰ ਧਿਆਨ ’ਚ ਰੱਖਣ ਜੋ ਲਾਗ ਦੇ ਉੱਚ ਪੱਧਰ ਦੇ ਘੱਟ ਹੋਣ ਤੋਂ ਬਾਅਦ ਵੀ ਜਾਰੀ ਹੈ।
ਖੋਜਕਰਤਾਵਾਂ ਨੇ ਚਿਕਨਗੁਨੀਆ ਦੇ ਲਗਭਗ 1.5 ਲੱਖ ਮਾਮਲਿਆਂ ਦਾ ਵਿਸ਼ਲੇਸ਼ਣ ਕਰਨ ਲਈ ਬ੍ਰਾਜ਼ੀਲ ਦੇ 100 ਮਿਲੀਅਨ ਲੋਕਾਂ ਦੇ ਅੰਕੜਿਆਂ ਦੀ ਵਰਤੋਂ ਕੀਤੀ। ਖੋਜ ਦੇ ਨਤੀਜੇ ਦਰਸਾਉਂਦੇ ਹਨ ਕਿ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਨੂੰ ਤੀਬਰ ਲਾਗ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਪੇਚੀਦਗੀਆਂ ਦਾ ਖਤਰਾ ਰਹਿੰਦਾ ਹੈ। ਤੀਬਰ ਲਾਗ ਦੀ ਮਿਆਦ ਆਮ ਤੌਰ ’ਤੇ ਲੱਛਣਾਂ ਦੇ ਪ੍ਰਗਟ ਹੋਣ ਤੋਂ 14 ਦਿਨ ਬਾਅਦ ਹੁੰਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਪਹਿਲੇ ਹਫਤੇ ’ਚ ਦੂਜੇ ਵਿਅਕਤੀ ਦੇ ਮੁਕਾਬਲੇ ਇਨਫੈਕਟਿਡ ਵਿਅਕਤੀ ’ਚ ਮੌਤ ਦਾ ਖਤਰਾ ਅੱਠ ਗੁਣਾ ਜ਼ਿਆਦਾ ਸੀ।
ਉਨ੍ਹਾਂ ਕਿਹਾ ਕਿ ਇਨਫੈਕਟਿਡ ਵਿਅਕਤੀ ਇਨਫੈਕਸ਼ਨ ਦੇ ਤਿੰਨ ਮਹੀਨੇ ਬਾਅਦ ਤਕ ਪੇਚੀਦਗੀਆਂ ਤੋਂ ਮੌਤ ਦਾ ਖਤਰਾ ਦੁੱਗਣਾ ਕਰ ਦਿੰਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ, ਸ਼ਹਿਰੀਕਰਨ ਅਤੇ ਤੇਜ਼ੀ ਨਾਲ ਮਨੁੱਖੀ ਗਤੀਵਿਧੀਆਂ ਕਾਰਨ ਏਡੀਜ਼ ਦੀਆਂ ਬਿਮਾਰੀਆਂ ਵਿਕਸਤ ਹੋਣ ਅਤੇ ਹੋਰ ਖੇਤਰਾਂ ’ਚ ਫੈਲਣ ਦਾ ਖਤਰਾ ਵੀ ਜ਼ਿਆਦਾ ਹੈ। ਇਸ ਅਰਥ ’ਚ, ਚਿਕਨਗੁਨੀਆ ਬਿਮਾਰੀ ਨੂੰ ਜਨਤਕ ਸਿਹਤ ਲਈ ਵੱਧ ਰਹੇ ਖਤਰੇ ਵਜੋਂ ਵੇਖਿਆ ਜਾਂਦਾ ਹੈ। ਖੋਜਕਰਤਾਵਾਂ ਦੇ ਅਨੁਸਾਰ, ਚਿਕਨਗੁਨੀਆ ਦੀ ਰੋਕਥਾਮ ਜਾਂ ਲਾਗ ਤੋਂ ਬਾਅਦ ਕੋਈ ਵਿਸ਼ੇਸ਼ ਇਲਾਜ ਉਪਲਬਧ ਨਹੀਂ ਹੈ। ਹਾਲਾਂਕਿ ਪਿਛਲੇ ਸਾਲ ਨਵੰਬਰ ’ਚ ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਦੁਨੀਆਂ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦਿਤੀ ਸੀ।