
ਲੱਸਣ ਪੇਟ ਦੀਆਂ ਸਮੱਸਿਆਵਾਂ ਲਈ ਬੇਹੱਦ ਲਾਹੇਵੰਦ ਹੁੰਦਾ ਹੈ।
ਮੁਹਾਲੀ: ਗੁਣਾਂ ਨਾਲ ਭਰਪੂਰ ਲੱਸਣ ਜਿਥੇ ਖਾਣੇ ਦੇ ਸਵਾਦ ਨੂੰ ਚਾਰ ਚੰਨ ਲਾਉਂਦਾ ਹੈ ਉਥੇ ਹੀ ਇਹ ਸਿਹਤ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਲੱਸਣ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਲੱਸਣ ਸਾਨੂੰ ਦਿਲ ਦੀਆਂ ਸਮੱਸਿਆਵਾਂ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਂਦਾ ਹੈ। ਆਉ ਜਾਣਦੇ ਹਾਂ ਲੱਸਣ ਦੇ ਖਾਣ ਦੇ ਫ਼ਾਇਦਿਆਂ ਬਾਰੇ:
ਲੱਸਣ ਨੂੰ ਕਈ ਤਰੀਕਿਆਂ ਨਾਲ ਖਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਕੱਚਾ ਖਾਣ ਦੀ ਸੋਚ ਰਹੇ ਹੋ ਤਾਂ 2 ਤੁਰੀਆਂ ਤੋਂ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ। ਕੱਚਾ ਲੱਸਣ ਜ਼ਿਆਦਾ ਖਾਣਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਦਸਣਯੋਗ ਹੈ ਕਿ ਲੱਸਣ ਦੇ ਜ਼ਿਆਦਾ ਫ਼ਾਇਦੇ ਲੈਣ ਲਈ ਹਮੇਸ਼ਾ ਲੱਸਣ ਨੂੰ ਖ਼ਾਲੀ ਪੇਟ ਕੱਚਾ ਖਾਣਾ ਚਾਹੀਦਾ ਹੈ। ਇਸ ਨੂੰ ਤੁਸੀਂ ਅੱਗ ’ਤੇ ਭੁੰਨ ਕੇ ਵੀ ਖਾ ਸਕਦੇ ਹੋ। ਕੱਚਾ ਲੱਸਣ ਖਾਣ ਲਈ ਸੱਭ ਤੋਂ ਪਹਿਲਾਂ 2 ਤੁਰੀਆਂ ਨੂੰ 10 ਮਿੰਟ ਲਈ ਕੱਟ ਕੇ ਰੱਖ ਲਵੋ। ਫਿਰ ਉਸ ਤੋਂ ਬਾਅਦ ਪਾਣੀ ਨਾਲ ਇਸ ਦਾ ਸੇਵਨ ਕਰੋ।
ਲੱਸਣ ਪੇਟ ਦੀਆਂ ਸਮੱਸਿਆਵਾਂ ਲਈ ਬੇਹੱਦ ਲਾਹੇਵੰਦ ਹੁੰਦਾ ਹੈ। ਪੇਟ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਡਾਇਰੀਆ ਅਤੇ ਕਬਜ਼ ਦੀ ਸਮੱਸਿਆ ਲੱਸਣ ਖਾਣ ਨਾਲ ਠੀਕ ਹੋ ਜਾਂਦੀ ਹੈ। ਰੋਜ਼ਾਨਾ ਸਵੇਰੇ ਇਕ ਗਲਾਸ ਪਾਣੀ ’ਚ 2 ਤੁਰੀਆਂ ਲੱਸਣ ਦੀਆਂ ਉਬਾਲ ਕੇ ਪੀਣ ਨਾਲ ਕਬਜ਼ ਤੋਂ ਆਰਾਮ ਮਿਲਦੀ ਹੈ ਅਤੇ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ। ਲੱਸਣ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਰੱਖਣ ’ਚ ਸਹਾਇਕ ਹੁੰਦਾ ਹੈ ਕਿਉਂਕ ਲੱਸਣ ਵਿਚ ਬਾਇਉਐਕਟਿਵ ਸਲਫ਼ਰ ਯੋਗਿਕ, ਐਸ ਐਲਲਿਸਟਰੀਨ ਮੌਜੂਦ ਹੁੰਦਾ ਹੈ।
ਜੇਕਰ ਤੁਹਾਡਾ ਵੀ ਬਲੱਡ ਪ੍ਰੈਸ਼ਰ ਵਧਦਾ ਰਹਿੰਦਾ ਹੈ ਤਾਂ ਤੁਸੀਂ ਰੋਜ਼ਾਨਾ ਸਵੇਰੇ ਖ਼ਾਲੀ ਪੇਟ ਕੱਚੇ ਲੱਸਣ ਦਾ ਸੇਵਨ ਕਰ ਸਕਦੇ ਹੋ। ਰੋਜ਼ਾਨਾ ਲੱਸਣ ਦੀ ਵਰਤੋਂ ਕਰਨ ਨਾਲ ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਕਈ ਵਾਰ ਸਾਡੇ ਪੇਟ ਅੰਦਰ ਇਸ ਤਰ੍ਹਾਂ ਦੇ ਐਸਿਡ ਬਣਦੇ ਹਨ ਜਿਸ ਨਾਲ ਘਬਰਾਹਟ ਹੋਣ ਲਗਦੀ ਹੈ। ਲੱਸਣ ਇਸ ਐਸਿਡ ਨੂੰ ਬਣਨ ਤੋਂ ਰੋਕਦਾ ਹੈ। ਲੱਸਣ ਖਾਣ ਨਾਲ ਸਿਰਦਰਦ ਅਤੇ ਹਾਈਪਰਟੈਂਸ਼ਨ ਤੋਂ ਕਾਫ਼ੀ ਆਰਾਮ ਮਿਲਦਾ ਹੈ। ਰੋਜ਼ਾਨਾ ਖ਼ਾਲੀ ਪੇਟ ਲੱਸਣ ਖਾਣ ਨਾਲ ਡਾਈਜ਼ੇਸ਼ਨ ਸਿਸਟਮ ਠੀਕ ਰਹਿੰਦਾ ਹੈ ਅਤੇ ਭੁੱਖ ਵੀ ਖੁਲ੍ਹ ਕੇ ਲਗਦੀ ਹੈ।