
‘ਜਾਮਣ’ ਦੀ ਗਿੱਟਕ ਸ਼ੂਗਰ ਦੀ ਬੀਮਾਰੀ ਨੂੰ ਠੀਕ ਕਰਨ ਵਿਚ ਲਾਭਕਾਰੀ ਮੰਨੀ ਗਈ ਹੈ।
ਚੰਡੀਗੜ੍ਹ : ਜਾਮਣ ਜੋ ਖਾਣ ਵਿਚ ਕਫ਼ੀ ਸੁਆਦ ਹੁੰਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਵੀ ਰਾਮਬਾਣ ਹੈ। ਇਹ ਸਿਹਤ ਅਤੇ ਤੰਦਰੁਸਤੀ ਦੇ ਹਿਸਾਬ ਨਾਲ ਗੁਣਕਾਰੀ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਪੇਟ ਦੇ ਰੋਗਾਂ ਵਿਚ ‘ਜਾਮਣ’ ਨੂੰ ਬਹੁਤ ਹੀ ਗੁਣਕਾਰੀ ਮੰਨਿਆ ਜਾਂਦਾ ਹੈ।‘ਜਾਮਣ’ ਖਾਣ ਨਾਲ ਖ਼ੂਨ ਦੀਆਂ ਬੀਮਾਰੀਆਂ ਜਿਵੇਂ ਫੁਨਸੀਆਂ-ਫੋੜੇ ਆਦਿ ਠੀਕ ਹੋ ਜਾਂਦੇ ਹਨ ਅਤੇ ਇਹ ਫ਼ਲ ਕਮਜ਼ੋਰੀ ਦੂਰ ਕਰਨ ਵਿਚ ਬਹੁਤ ਵਧੀਆ ਹੁੰਦਾ ਹੈ।
‘ਜਾਮਣ’ ਖੂਨ ਵਿਚ ਵੀ ਵਾਧਾ ਕਰਦੀ ਹੈ ਅਤੇ ਇਸ ਦੇ ਪੱਤਿਆਂ ਦੀ ਰਾਖ ਦੰਤ-ਮੰਜਨ ਵਾਂਗ ਦੰਦਾਂ ’ਤੇ ਮਲਣ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ। ‘ਜਾਮਣ’ ਖਾਣ ਨਾਲ ਦਿਲ ਦੀ ਵਧੀ ਹੋਈ ਧੜਕਣ ਵੀ ਠੀਕ ਹੁੰਦੀ ਹੈ। ‘ਜਾਮਣ’ ਦੇ ਨਰਮ ਅਤੇ ਤਾਜ਼ੇ ਫ਼ਲਾਂ ਨੂੰ ਪਾਣੀ 'ਚ ਪੀਸ ਕੇ ਇਸ ਦੇ ਰਸ ਨੂੰ ਪਾਣੀ ਸਮੇਤ ਛਾਣ ਕੇ ਕੁਰਲੀਆਂ ਕਰਨ ਅਤੇ ਗਰਾਰੇ ਕਰਨ ਨਾਲ ਮੂੰਹ ਦੇ ਛਾਲਿਆਂ ਤੋਂ ਬਹੁਤ ਅਰਾਮ ਮਿਲਦਾ ਹੈ।
ਇਸੇ ਤਰ੍ਹਾਂ ‘ਜਾਮਣ’ ਦੀ ਗਿੱਟਕ ਸ਼ੂਗਰ ਦੀ ਬੀਮਾਰੀ ਨੂੰ ਠੀਕ ਕਰਨ ਵਿਚ ਲਾਭਕਾਰੀ ਮੰਨੀ ਗਈ ਹੈ। ‘ਜਾਮਣ’ ਦੇ ਥੋੜ੍ਹੇ ਜਿਹੇ ਪੱਤੇ ਪਾਈਆ ਦੁੱਧ ਵਿਚ ਪੀਸ ਕੇ ਹਰ ਰੋਜ਼ ਸਵੇਰੇ ਖਾਣ ਨਾਲ ਬਵਾਸੀਰ ਤੋਂ ਅਰਾਮ ਮਿਲਦਾ ਹੈ। ‘ਜਾਮਣ’ ਦਾ ਸਿਰਕਾ ਬਾਜ਼ਾਰ ਵਿਚ ਆਮ ਮਿਲ ਜਾਂਦਾ ਹੈ। ਇਸ ਦਾ ਇੱਕ-ਇੱਕ ਚਮਚ ਸਵੇਰੇ-ਸ਼ਾਮ ਖਾਣੇ ਤੋਂ ਬਾਅਦ ਪੀਣ ਨਾਲ ਪੇਟ ਦੀਆਂ ਕਈ ਬੀਮਾਰੀਆਂ ਤੋਂ ਆਰਾਮ ਮਿਲਦਾ ਹੈ।‘ਜਾਮਣ’ ਦੀ ਲੱਕੜ ਵੀ ਕਈ ਕੰਮਾਂ ਵਿਚ ਵਰਤੀ ਜਾਂਦੀ ਹੈ ।
ਇਸ ਸਮੇਂ ਜੁਲਾਈ ਦੇ ਮਹੀਨੇ 'ਚ ‘ਜਾਮਣ’ ਦਾ ਫਲ ਹਰ ਜਗ੍ਹਾ ਮਿਲ ਜਾਂਦਾ ਹੈ। ਭਾਵੇਂ ਇਸ ਦਾ ਸੁਆਦ ਕੁਝ ਕੁ ਮਿੱਠਾ ਤੇ ਕੁੱਝ ਕੁਸੈਲਾ ਜਿਹਾ ਹੁੰਦਾ ਹੈ ਪਰ ਫ਼ਲ ਦੀ ਤਾਸੀਰ ਠੰਢੀ ਹੁੰਦੀ ਹੈ। ਉਂਝ ਜ਼ਿਆਦਾ ‘ਜਾਮਣ’ ਖਾ ਕੇ ਛੇਤੀ ਹੀ ਪਾਣੀ ਪੀਣ ਨਾਲ ਹੈਜ਼ਾ ਵੀ ਹੋ ਸਕਦਾ ਹੈ। ਇਸ ਲਈ ਓਨੀ ਹੀ ਖਾਣੀ ਚਾਹੀਦੀ ਹੈ ਜਿੰਨੀ ਆਸਾਨੀ ਨਾਲ ਹਜ਼ਮ ਹੋ ਸਕੇ। ਸਮੁੱਚੇ ਰੂਪ 'ਚ ਇਹ ਕਿਹਾ ਜਾ ਸਕਦਾ ਹੈ ਕਿ ਜਾਮਣ ਇੱਕ ਅਜਿਹਾ ਫ਼ਲ ਹੈ ਜਿਸ ਦਾ ਫ਼ਲ, ਪੱਤੇ ਅਤੇ ਲੱਕੜ ਭਾਵ ਹਰ ਹਿੱਸਾ ਬੜਾ ਹੀ ਗੁਣਕਾਰੀ ਅਤੇ ਉਪਯੋਗੀ ਹੈ।