
ਕੰਨ ’ਚ ਤੀਲੀ ਜਾਂ ਫਿਰ ਕੰਨ ਖੁਰਚਣ ਲਈ ਕੁੱਝ ਵੀ ਇਸਤੇਮਾਲ ਕਰਨ ਨਾਲ ਕੰਨ ਵਿਚ ਇਨਫ਼ੈਕਸ਼ਨ ਬੇਹੱਦ ਜਲਦੀ ਹੋ ਜਾਂਦੀ ਹੈ
ਮੁਹਾਲੀ: ਜਦੋਂ ਵੀ ਸਾਡੇ ਕੰਨ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਹੁੰਦੀ ਹੈ ਜਾਂ ਫਿਰ ਕੁੱਝ ਵੀ ਹੋਣ ’ਤੇ ਅਸੀਂ ਕੰਨ ਖੁਰਚਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਸੇ ਦੌਰਾਨ ਅਸੀਂ ਕੰਨ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਅਸਲ ਵਿਚ ਪੁਰਾਣੇ ਜ਼ਮਾਨੇ ਤੋਂ ਹੀ ਕੰਨ ਦੀ ਹਰ ਸਮੱਸਿਆ ਦੂਰ ਕਰਨ ਲਈ ਲੋਕ ਕੰਨਾਂ ’ਚ ਤੇਲ ਪਾਉਂਦੇ ਹਨ। ਜੇਕਰ ਤੁਸੀਂ ਇਸ ਦੇ ਫ਼ਾਇਦਿਆਂ ਤੋਂ ਅਣਜਾਣ ਹੋ ਤਾਂ ਅਸੀਂ ਤੁਹਾਨੂੰ ਸੌਣ ਵੇਲੇ ਕੰਨ ’ਚ ਤੇਲ ਪਾਉਣ ਦੇ ਕੁੱਝ ਅਜਿਹੇ ਫ਼ਾਇਦਿਆਂ ਬਾਰੇ ਦਸਾਂਗੇ ਜਿਹੜੇ ਤੁਹਾਨੂੰ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ।
ਕੰਨ ’ਚ ਤੀਲੀ ਜਾਂ ਫਿਰ ਕੰਨ ਖੁਰਚਣ ਲਈ ਕੁੱਝ ਵੀ ਇਸਤੇਮਾਲ ਕਰਨ ਨਾਲ ਕੰਨ ਵਿਚ ਇਨਫ਼ੈਕਸ਼ਨ ਬੇਹੱਦ ਜਲਦੀ ਹੋ ਜਾਂਦੀ ਹੈ। ਅਜਿਹੇ ਵਿਚ ਐਂਟੀਬਾਇਓਟਿਕਸ ਲਿਆਉਣ ਦੀ ਬਜਾਏ ਤੁਸੀਂ ਕੰਨ ’ਚ ਨਾਰੀਅਲ ਦਾ ਤੇਲ ਪਾਉ। ਨਾਰੀਅਲ ਦਾ ਤੇਲ ਪਾਉਣ ਨਾਲ ਕੰਨ ਦੇ ਅੰਦਰਲਾ ਵਾਇਰਲ ਦੂਰ ਕਰਨ ’ਚ ਮਦਦ ਮਿਲਦੀ ਹੈ। ਪੁਰਾਣੇ ਜ਼ਮਾਨੇ ਤੋਂ ਲੋਕ ਕੰਨ ਅੰਦਰ ਜਮ੍ਹਾਂ ਮੈਲ ਕੱਢਣ ਲਈ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਦੇ ਆ ਰਹੇ ਹਨ, ਜੋ ਕਾਫ਼ੀ ਫ਼ਾਇਦੇਮੰਦ ਸਾਬਤ ਹੁੰਦੀ ਹੈ ਅਤੇ ਹਰ ਘਰ ’ਚ ਇਸ ਨੁਸਖ਼ੇ ਦੀ ਵਰਤੋਂ ਹੁੰਦੀ ਆ ਰਹੀ ਹੈ। ਕੰਨ ’ਚ ਮੈਲ ਜਮ੍ਹਾਂ ਹੋਣ ’ਤੇ ਖਾਰਸ਼ ਹੋਣ ਲਗਦੀ ਹੈ ਜਿਸ ਨੂੰ ਦੂਰ ਕਰਨ ਲਈ ਰਾਤ ਨੂੰ ਸੌਂਦੇ ਸਮੇਂ ਦੋ ਜਾਂ ਤਿੰਨ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਪਾਉ। ਅਜਿਹਾ ਕਰਨ ਨਾਲ ਸਵੇਰ ਤਕ ਕੰਨ ’ਚ ਜਮ੍ਹਾਂ ਮੈਲ ਬਾਹਰ ਆ ਜਾਵੇਗੀ।
ਜੇਕਰ ਤੁਹਾਡੇ ਕੰਨ ’ਚ ਲਗਾਤਾਰ ਖਾਰਸ਼ ਹੋ ਰਹੀ ਹੈ ਤਾਂ ਤੁਸੀਂ ਲੱਸਣ ਦੀਆਂ ਕੁੱਝ ਕਲੀਆਂ ਮੱਛੀ ਦੇ ਤੇਲ ’ਚ ਪਾ ਕੇ ਉਸ ਨੂੰ ਗਰਮ ਕਰੋ। ਗਰਮ ਤੇਲ ਨੂੰ ਬਾਅਦ ’ਚ ਠੰਢਾ ਕਰੋ ਅਤੇ ਸਵੇਰੇ-ਸ਼ਾਮ ਉਸ ਨੂੰ ਕੰਨ ’ਚ ਪਾਉ। ਨਿਯਮਤ ਰੂਪ ’ਚ ਅਜਿਹਾ ਕਰਨ ਨਾਲ ਖਾਰਸ਼ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ।
ਜੇਕਰ ਤੁਸੀਂ ਲਗਾਤਾਰ ਕੰਨ ਦਰਦ ਦੀ ਸ਼ਿਕਾਇਤ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਆਲਿਵ ਤੇਲ ਦੀਆਂ ਕੁੱਝ ਬੂੰਦਾਂ ਪਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਆਲਿਵ ਤੇਲ ਕੰਨ ਦਰਦ ਦੂਰ ਕਰਨ ’ਚ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਕੰਨ ’ਚੋਂ ਲਗਾਤਾਰ ਸੂੰ-ਸੂੰ ਦੀ ਆਵਾਜ਼ ਆਉਂਦੀ ਹੈ ਤਾਂ ਤੁਸੀਂ ਬਦਾਮਾਂ ਦੇ ਤੇਲ ਦੀਆਂ ਕੁੱਝ ਬੂੰਦਾਂ ਅਪਣੇ ਕੰਨਾਂ ’ਚ ਪਾਉ। ਅਜਿਹਾ ਕਰਨ ਨਾਲ ਕੰਨਾਂ ’ਚ ਹੋ ਰਹੀ ਸੂੰ-ਸੂੰ ਬੰਦ ਹੋ ਜਾਵੇਗੀ ਅਤੇ ਕੰਨ ’ਚ ਹੋਣ ਵਾਲੀ ਬੇਚੈਨੀ ਤੋਂ ਵੀ ਰਾਹਤ ਮਿਲੇਗੀ।