
ਗਰਭਵਤੀ ਔਰਤਾਂ ਲਈ ਹਲਦੀ ਦੀ ਬਹੁਤ ਜ਼ਿਆਦਾ ਵਰਤੋਂ ਨਾ ਸਿਰਫ਼ ਮਾਂ ਨੂੰ ਸਗੋਂ ਬੱਚੇ ਨੂੰ ਵੀ ਪਹੁੰਚਾ ਸਕਦੀ ਹੈ ਨੁਕਸਾਨ
ਹਲਦੀ ਕਈ ਬਿਮਾਰੀਆਂ ਨੂੰ ਜੜ੍ਹੋ ਖ਼ਤਮ ਕਰ ਦਿੰਦੀ ਹੈ। ਜੇਕਰ ਅਸੀਂ ਹਲਦੀ ਨੂੰ ਭਾਰਤੀ ਰਸੋਈ ਦਾ ਪਸੰਦੀਦਾ ਮਸਾਲਾ ਕਹੀਏ ਤਾਂ ਸ਼ਾਇਦ ਗ਼ਲਤ ਨਹੀਂ ਹੋਵੇਗਾ। ਜ਼ਿਆਦਾਤਰ ਸਬਜ਼ੀ ਅਤੇ ਮਸਾਲੇਦਾਰ ਪਕਵਾਨਾਂ 'ਚ ਇਸ ਦਾ ਇਸਤੇਮਾਲ ਜ਼ਰੂਰ ਹੁੰਦਾ ਹੈ। ਇਸ ਦੇ ਫਾਇਦਿਆਂ ਤੋਂ ਤਾਂ ਅਸੀਂ ਜਾਣੂ ਹਾਂ। ਇਹ ਸਾਡੀ ਸਕਿਨ ਨੂੰ ਫਾਇਦਾ ਪਹੁੰਚਾਉਂਦੀ ਹੈ। ਹਲਦੀ ਨੂੰ ਇਕ ਆਯੁਰਵੈਦਿਕ ਔਸ਼ਧੀ ਤੋਂ ਘੱਟ ਨਹੀਂ ਸਮਝਿਆ ਜਾਂਦਾ, ਹਮੇਸ਼ਾ ਸੱਟ ਲੱਗਣ 'ਤੇ ਇਸ ਦਾ ਲੇਪ ਲਗਾਉਣ ਨਾਲ ਜ਼ਖ਼ਮ ਜਲਦੀ ਭਰ ਜਾਂਦਾ ਹੈ ਤੇ ਇਨਫੈਕਸ਼ਨ ਹੋਣ ਦਾ ਖ਼ਤਰਾ ਵੀ ਨਹੀਂ ਰਹਿੰਦਾ।
ਪੇਟ 'ਚ ਪਰੇਸ਼ਾਨੀ
ਗਰਮੀਆਂ ਦੇ ਦਿਨਾਂ 'ਚ ਹਲਦੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਢਿੱਡ ਵਿਚ ਜਲਣ ਹੋਣ ਅਤੇ ਕੜਵੱਲ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਹਲਦੀ ਸ਼ਰੀਰ ਚ ਗਰਮੀ ਪੈਦਾ ਕਰਦੀ ਹੈ। ਜ਼ਿਆਦਾ ਮਾਤਰਾ ਚ ਲੈਣ ਨਾਲ ਇਹ ਨੁਕਸਾਨਦੇਹ ਹੁੰਦੀ ਹੈ। ਹਾਲਾਂਕਿ ਥੋੜੀ ਜਿਹੀ ਹਲਦੀ ਸਰੀਰ ਵਿਚ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੌਰਾਨ ਪਹੁੰਚਦੀ ਹੈ। ਇਸ ਸਥਿਤੀ ਵਿਚ ਹਲਦੀ ਦੀ ਵੱਖ ਤੋਂ ਵਰਤੋਂ ਕਰਨ ਨਾਲ ਢਿੱਡ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਗਰਮੀਆਂ ਦੇ ਮੌਸਮ ਵਿਚ ਹਲਦੀ ਦੀ ਘੱਟ ਮਾਤਰਾ ਵਿਚ ਵਰਤੋਂ ਕਰਨੀ ਚਾਹੀਦੀ ਹੈ।
ਖ਼ੂਨ ਨੂੰ ਕਰਦੀ ਹੈ ਪਤਲਾ
ਹਲਦੀ ਵਿਚ ਖ਼ੂਨ ਪਤਲਾ ਕਰਨ ਦੇ ਗੁਣ ਹੁੰਦੇ ਹਨ। ਹਲਦੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਮਾਹਵਾਰੀ ਦੇ ਸਮੇਂ ਖੂਨ ਵਹਿਣ ਦੀ ਸੰਭਾਵਨਾ ਵੀ ਹੁੰਦੀ ਹੈ ਜੋ ਕਮਜ਼ੋਰੀ ਦਾ ਕਾਰਨ ਵੀ ਬਣ ਸਕਦੀ ਹੈ। ਹਲਦੀ ਵਿਚ ਕਰਕੁਮਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ ਜੋ ਖ਼ੂਨ ਨੂੰ ਪਤਲਾ ਕਰਨ ਦਾ ਕੰਮ ਕਰਦਾ ਹੈ।
ਗਰਭਵਤੀ ਮਹਿਲਾਵਾਂ ਲਈ ਨੁਕਸਾਨਦੇਹ
ਗਰਭਵਤੀ ਔਰਤਾਂ ਲਈ ਹਲਦੀ ਦੀ ਬਹੁਤ ਜ਼ਿਆਦਾ ਵਰਤੋਂ ਨਾ ਸਿਰਫ਼ ਮਾਂ ਨੂੰ ਸਗੋਂ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਖ਼ੂਨ ਵਹਿਣਾ ਗਰਭ ਅਵਸਥਾ ਦੇ ਮੁੱਢਲੇ ਦਿਨਾਂ ਵਿਚ ਹੋ ਸਕਦਾ ਹੈ ਜਿਸ ਨਾਲ ਗਰਭਪਾਤ ਹੋ ਸਕਦਾ ਹੈ ।
ਪੱਥਰੀ ਦੀ ਹੋ ਸਕਦੀ ਹੈ ਸਮੱਸਿਆ
ਗਰਮੀਆਂ ਦੌਰਾਨ ਹਲਦੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਵੀ ਪੱਥਰੀ ਦੀ ਸਮੱਸਿਆ ਹੋ ਸਕਦੀ ਹੈ। ਹਲਦੀ ਵਿਚ ਮੌਜੂਦ ਆਕਸਲੇਟ ਨਾਮ ਦਾ ਤੱਤ ਸਰੀਰ ਵਿਚ ਕੈਲਸੀਅਮ ਨੂੰ ਚੰਗੀ ਤਰ੍ਹਾਂ ਘੁਲਣ ਨਹੀਂ ਦਿੰਦਾ, ਜਿਸ ਕਾਰਨ ਪੱਥਰੀ ਦੀ ਸੰਭਾਵਨਾ ਰਹਿੰਦੀ ਹੈ।
ਉੱਲਟੀ-ਦਸਤ ਦੀ ਪਰੇਸ਼ਾਨੀ
ਹਲਦੀ ਦੀ ਜ਼ਿਆਦਾ ਵਰਤੋਂ ਨਾਲ ਉਲਟੀਆਂ ਅਤੇ ਦਸਤ ਵੀ ਹੋ ਸਕਦੀ ਹੈ। ਇਸ ਵਿਚ ਮੌਜੂਦ ਕਰਕੁਮਿਨ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ, ਜਿਸ ਨਾਲ ਉਲਟੀਆਂ ਅਤੇ ਦਸਤ ਹੋਣ ਦੀ ਸੰਭਾਵਨਾ ਹੈ। ਇਸ ਲਈ ਹਲਦੀ ਦਾ ਇਸਤੇਮਾਲ ਸੀਮਤ ਮਾਤਰਾ ਵਿਚ ਕਰਨਾ ਚਾਹੀਦਾ ਹੈ।