
ਗਰਮੀਆਂ ਵਿਚ ਪਸੀਨਾ ਆਉਣਾ ਸਰੀਰ ਲਈ ਹੈ ਫ਼ਾਇਦੇਮੰਦ
ਘਰ ਵਿਚ ਏ.ਸੀ., ਕਾਰ ਵਿਚ ਏ.ਸੀ. ਤੇ ਦਫ਼ਤਰ ਵਿਚ ਏ.ਸੀ.। ਅਜਿਹੇ ਮਾਹੌਲ ਵਿਚ ਲੋਕਾਂ ਨੂੰ ਗਰਮੀ ਦਾ ਅਹਿਸਾਸ ਨਹੀਂ ਹੁੰਦਾ। ਨਤੀਜੇ ਵਜੋਂ ਉਨ੍ਹਾਂ ਨੂੰ ਪਸੀਨਾ ਨਹੀਂ ਆਉਂਦਾ। ਅਜਿਹੇ ਲੋਕਾਂ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਗਰਮੀਆਂ ਵਿਚ ਪਸੀਨਾ ਆਉਣਾ ਇਕ ਕੁਦਰਤੀ ਨਿਯਮ ਹੈ ਤੇ ਸਰੀਰ ਲਈ ਫ਼ਾਇਦੇਮੰਦ ਵੀ। ਗਰਮੀਆਂ ਦੇ ਮੌਸਮ ਵਿਚ ਪਸੀਨਾ ਆਉਣਾ ਆਮ ਗੱਲ ਹੈ। ਇਸ ਵਿਚ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਪਸੀਨਾ ਆਉਣ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।
ਪਸੀਨਾ ਆਉਣ ਨਾਲ ਗਰਮੀਆਂ ਵਿਚ ਹੋਣ ਵਾਲੇ ਬੁਖ਼ਾਰ ਤੋਂ ਬਚਿਆ ਜਾ ਸਕਦਾ ਹੈ। ਗਰਮੀਆਂ ਵਿਚ ਘਬਰਾਹਟ ਤੋਂ ਬਚਣ ਲਈ ਵੀ ਪਸੀਨਾ ਆਉਣਾ ਜ਼ਰੂਰੀ ਹੈ। ਗਰਮੀਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿਚ ਪਾਣੀ ਦੀ ਘਾਟ ਨਹੀਂ ਹੋਵੇਗੀ। ਪਸੀਨਾ ਆਉਣ ’ਤੇ ਤੁਹਾਨੂੰ ਸਰੀਰ ਦੀ ਸਫ਼ਾਈ ਦਾ ਵੀ ਖ਼ਾਸ ਧਿਆਨ ਰਖਣਾ ਚਾਹੀਦਾ ਹੈ। ਕਈ ਵਾਰ ਤੁਹਾਡੇ ਕੋਲੋਂ ਪਸੀਨੇ ਦੀ ਬਦਬੂ ਆ ਸਕਦੀ ਹੈ।
ਕਸਰਤ ਕਰਨ ਜਾਂ ਬਾਹਰੋਂ ਆਉਣ ਤੋਂ ਬਾਅਦ ਨਹਾਉਣਾ ਨਾ ਭੁੱਲੋ ਕਿਉਂਕਿ ਪਸੀਨੇ ਕਾਰਨ ਤੁਹਾਡਾ ਸਰੀਰ ਚਿਪਚਿਪਾ ਹੋ ਜਾਂਦਾ ਹੈ। ਨਹਾਉਣ ਲਈ ਹਲਕੇ ਸਾਬਣ ਜਾਂ ਜੈੱਲ ਦੀ ਵਰਤੋਂ ਕਰੋ ਜਿਸ ਨਾਲ ਚਮੜੀ ’ਤੇ ਖ਼ੁਸ਼ਕੀ ਨਹੀਂ ਆਵੇਗੀ। ਪਸੀਨੇ ਦੀ ਬਦਬੂ ਤੋਂ ਨਿਜਾਤ ਪਾਉਣ ਲਈ ਨਹਾਉਣ ਤੋਂ ਬਾਅਦ ਟੈਲਕਮ ਪਾਊਡਰ ਜਾਂ ਡੀਉਡਰੈਂਟ ਵਰਤੋਂ।