
ਆਉ ਜਾਣਦੇ ਹਾਂ ਕਿ ਤੁਸੀਂ ਅਪਣੀ ਡਾਈਟ ਵਿਚ ਸੂਪ ਨੂੰ ਕਿਵੇਂ ਸ਼ਾਮਲ ਕਰ ਸਕਦੇ ਹੋ
Health News: ਮੌਸਮੀ ਬੁਖ਼ਾਰ ਤੋਂ ਬਚਣ ਲਈ ਤੁਹਾਨੂੰ ਅਪਣੀ ਸਿਹਤ ਦਾ ਖ਼ਾਸ ਧਿਆਨ ਰਖਣਾ ਚਾਹੀਦਾ ਹੈ। ਤੁਹਾਨੂੰ ਅਪਣੀ ਡਾਈਟ ਵਿਚ ਸੂਪ ਸ਼ਾਮਲ ਕਰਨਾ ਚਾਹੀਦਾ ਹੈ। ਸੂਪ ਆਸਾਨੀ ਨਾਲ ਪਚ ਜਾਂਦੇ ਹਨ ਅਤੇ ਤੁਹਾਡੇ ਸਰੀਰ ਨੂੰ ਇਸ ਤੋਂ ਬਹੁਤ ਸਾਰੇ ਪੋਸ਼ਕ ਤੱਤ ਵੀ ਮਿਲਦੇ ਹਨ। ਸੂਪ ਪੇਟ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਸਬਜ਼ੀਆਂ, ਮੀਟ, ਫਲ ਅਤੇ ਕਈ ਤਰ੍ਹਾਂ ਦੇ ਸੂਪ ਦਾ ਸੇਵਨ ਕਰ ਸਕਦੇ ਹੋ। ਆਉ ਜਾਣਦੇ ਹਾਂ ਕਿ ਤੁਸੀਂ ਅਪਣੀ ਡਾਈਟ ਵਿਚ ਸੂਪ ਨੂੰ ਕਿਵੇਂ ਸ਼ਾਮਲ ਕਰ ਸਕਦੇ ਹੋ।
ਸੂਪ ਦੇ ਇਕ ਬਾਊਲ ਵਿਚ ਫ਼ਾਈਟੋਕੈਮੀਕਲ, ਐਂਟੀਆਕਸੀਡੈਂਟ ਅਤੇ ਫ਼ਾਈਬਰ ਵਰਗੇ ਪੌਸ਼ਟਿਕ ਤੱਤ ਮਿਲ ਜਾਂਦੇ ਹਨ। ਤੁਸੀਂ ਅਪਣੀ ਮਨਪਸੰਦ ਸਬਜ਼ੀਆਂ ਪਾ ਕੇ ਸੂਪ ਤਿਆਰ ਕਰ ਸਕਦੇ ਹੋ। ਸੁਆਦ ਅਤੇ ਪੋਸ਼ਣ ਲਈ ਤੁਸੀਂ ਇਸ ਵਿਚ ਜੜੀ-ਬੂਟੀਆਂ ਵੀ ਮਿਲਾ ਸਕਦੇ ਹੋ।
ਤੁਸੀਂ ਮੁੰਗ ਦੀ ਦਾਲ-ਕੀਵੀ ਅਤੇ ਨਾਰੀਅਲ ਤੋਂ ਬਣੇ ਸੂਪ ਦਾ ਸੇਵਨ ਕਰ ਸਕਦੇ ਹੋ। ਇਸ ਵਿਚ ਮਿਲਣ ਵਾਲੇ ਪੋਸ਼ਕ ਤੱਤ ਇਮਿਊਨਿਟੀ ਨੂੰ ਵਧਾਉਂਦੇ ਹਨ। ਮੁੰਗੀ ਦੀ ਦਾਲ ’ਚ ਭਰਪੂਰ ਮਾਤਰਾ ਵਿਚ ਪ੍ਰੋਟੀਨ ਮਿਲ ਜਾਂਦਾ ਹੈ। ਤੁਸੀਂ ਇਸ ਨੂੰ ਇਕ ਚੰਗੇ ਮੀਲ ਦੇ ਰੂਪ ਵਿਚ ਲੈ ਸਕਦੇ ਹੋ। ਤੁਸੀਂ ਇਸ ਤਰ੍ਹਾਂ ਇਕ ਕੱਪ ਮੁੰਗੀ ਦੀ ਦਾਲ ਪੀ ਸਕਦੇ ਹੋ। ਸੂਪ ਨੂੰ ਹੋਰ ਵੀ ਰਿਚ ਬਣਾਉਣ ਲਈ ਤੁਸੀਂ ਇਸ ਵਿਚ ਸਬਜ਼ੀਆਂ ਮਿਲਾ ਸਕਦੇ ਹੋ। ਕੀਵੀ ’ਚ ਵਿਟਾਮਿਨ ਸੀ ਮਿਲ ਜਾਂਦਾ ਹੈ ਜੋ ਕਿ ਸਵਾਦਿਸ਼ਟ ਹੋਣ ਦੇ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।
ਫੁੱਲ ਗੋਭੀ ਨੂੰ ਫ਼ਾਈਬਰ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਹ ਤੁਹਾਡੀ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਇਸ ਨੂੰ ਮੱਕੀ ਨਾਲ ਮਿਲਾ ਕੇ ਸੇਵਨ ਕਰਨ ਨਾਲ ਪੋਸ਼ਕ ਤੱਤ ਹੋਰ ਵੀ ਵੱਧ ਜਾਂਦੇ ਹਨ। ਤੁਸੀਂ ਫੁੱਲ ਗੋਭੀ ਅਤੇ ਮੱਕੀ ਨੂੰ ਉਬਾਲ ਕੇ ਅਪਣੀ ਮਨਪਸੰਦ ਚਟਣੀ ਪਾ ਸਕਦੇ ਹੋ ਅਤੇ ਪੀ ਸਕਦੇ ਹੋ। ਇਹ ਸੂਪ ਭਾਰ ਘਟਾਉਣ ਵਿਚ ਵੀ ਬਹੁਤ ਮਦਦਗਾਰ ਹੁੰਦਾ ਹੈ। ਤੁਸੀਂ ਸਮੁੰਦਰੀ ਭੋਜਨ ਤੋਂ ਬਣੇ ਸੂਪ ਦਾ ਸੇਵਨ ਵੀ ਕਰ ਸਕਦੇ ਹੋ। ਤੁਸੀਂ ਝੀਂਗਾ, ਸਮੁੰਦਰੀ ਬਾਸ ਅਤੇ ਸਕੁਇਡ ਵਰਗੀਆਂ ਚੀਜ਼ਾਂ ਨੂੰ ਜੋੜ ਕੇ ਸੂਪ ਤਿਆਰ ਕਰ ਸਕਦੇ ਹੋ। ਝੀਂਗਾ ਇਮਿਊਨਟੀ ਸਿਸਟਮ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਮਿਲਣ ਵਾਲਾ ਜ਼ਿੰਕ ਤੁਹਾਡੇ ਸਰੀਰ ਨੂੰ ਐਂਟੀਆਕਸੀਡੈਂਟ ਦਿੰਦਾ ਹੈ। ਸਮੁੰਦਰੀ ਭੋਜਨ ਵੀ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਓਮੇਗਾ-3 ਫ਼ੈਟੀ ਐਸਿਡ ਵੀ ਤੁਹਾਡੇ ਦਿਲ ਅਤੇ ਇਮਿਊਨਿਟੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
ਤੁਸੀਂ ਬਰਸਾਤ ਦੇ ਮੌਸਮ ਵਿਚ ਗਾਜਰ, ਸ਼ਿਮਲਾ ਮਿਰਚ, ਮਟਰ, ਲੌਕੀ ਵਰਗੀਆਂ ਸਬਜ਼ੀਆਂ ਪਾ ਕੇ ਵੀ ਸੂਪ ਤਿਆਰ ਕਰ ਸਕਦੇ ਹੋ। ਇਨ੍ਹਾਂ ਸਬਜ਼ੀਆਂ ਨੂੰ ਪਾਣੀ ਵਿਚ ਉਬਾਲ ਕੇ ਇਨ੍ਹਾਂ ’ਚ ਪਿਆਜ਼, ਲੱਸਣ, ਤੇਜਪੱਤਾ ਅਤੇ ਲੌਂਗ ਮਿਲਾ ਕੇ ਪੀਉ। ਇਨ੍ਹਾਂ ਸਬਜ਼ੀਆਂ ਵਿਚ ਮਿਲਣ ਵਾਲੇ ਪੌਸ਼ਟਿਕ ਤੱਤ ਬਰਸਾਤ ਦੇ ਮੌਸਮ ਵਿਚ ਤੁਹਾਨੂੰ ਸਿਹਤਮੰਦ ਰੱਖਣ ’ਚ ਮਦਦ ਕਰਨਗੇ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡਾ ਇਮਿਊਨਟੀ ਸਿਸਟਮ ਵੀ ਮਜ਼ਬੂਤ ਹੋਵੇਗਾ।
ਟਮਾਟਰ ਵਿਚ ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਮਿਲ ਜਾਂਦੇ ਹਨ ਜੋ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ’ਚ ਮਦਦ ਕਰਦੇ ਹਨ। ਇਸ ਤੋਂ ਬਣੇ ਸੂਪ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ ਅਤੇ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸੂਪ ਤੁਹਾਨੂੰ ਐਨਰਜੀ ਦੇਣ ’ਚ ਵੀ ਮਦਦ ਕਰਦਾ ਹੈ। ਟਮਾਟਰ ਵਿਚ ਮਿਲਣ ਵਾਲਾ ਲਾਈਕੋਪੀਨ ਨਾਮਕ ਤੱਤ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਸੂਪ ਤੁਹਾਡੀ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ।
ਪਾਲਕ ’ਚ ਆਇਰਨ ਵੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ। ਇਸ ’ਚ ਮਿਲਣ ਵਾਲੇ ਗੁਣ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਪਾਲਕ ਫ਼ਾਈਬਰ ਅਤੇ ਕੈਲਸ਼ੀਅਮ ਨਾਲ ਵੀ ਭਰਪੂਰ ਹੁੰਦੀ ਹੈ। ਇਹ ਪੋਸ਼ਕ ਤੱਤ ਤੁਹਾਡੇ ਪੇਟ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਇਹ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ’ਚ ਵੀ ਮਦਦ ਕਰਦਾ ਹੈ।