
Dengue outbreak :
Dengue outbreak : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਂਗੂ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ, ਕਸਬਿਆਂ ’ਚ ਫੈਲਿਆ ਹੋਇਆ ਹੈ। ਆਮ ਲੋਕਾਂ ’ਚ ਇਸ ਪ੍ਰਤੀ ਦਹਿਸ਼ਤ ਵਧਦੀ ਜਾ ਰਹੀ ਹੈ। ਕਿਸੇ ਨੂੰ ਬੁਖਾਰ ਹੋਇਆ ਨਹੀਂ ਕਿ ਡੇਂਗੂ ਦਾ ਡਰ ਉਸ ਦੇ ਮਨ ’ਚ ਬੈਠ ਜਾਂਦੈ। ਧੜਾ-ਧੜ ਲੈਬੋਰਟਰੀ ਟੈਸਟ ਹੋ ਰਹੇ ਹਨ, ਲੋਕਾਂ ਦੇ ‘ਸੈੱਲ’ ਘੱਟ ਆ ਰਹੇ ਹਨ ਤੇ ਜੋ ਜਾਲ ਵਿਚ ਫਸਿਆ (ਸੌ ’ਚੋਂ 95 ਫਸ ਹੀ ਜਾਂਦੇ ਹਨ), ਉਸ ਨੂੰ ਪਾ ਲਿਆ ਲੰਮਾ, ਗੁਲੂਕੋਜ਼ ਚਾੜ੍ਹਿਆ ਤੇ ਦੋ-ਚਾਰ ਹਜ਼ਾਰ ਰੁਪਏ ਮਰੀਜ਼ ਦੀ ਜੇਬ੍ਹ ’ਚੋਂ ਡਾਕਟਰ ਦੀ ਜੇਬ ’ਚ ਟ੍ਰਾਂਸਫ਼ਰ ਹੋ ਜਾਂਦੇ ਹਨ। ਜੋ ਜਿੱਥੇ ਬੈਠਾ ਹੈ, ਮੋਟੀ ਕਮਾਈ ਕਰ ਰਿਹਾ ਹੈ। ਸਰਕਾਰਾਂ ਐਲਾਨ ’ਤੇ ਐਲਾਨ ਕਰ ਰਹੀਆਂ ਹਨ ਪਰ ਆਮ ਆਦਮੀ ਪ੍ਰੇਸ਼ਾਨ ਹੈ। ਮਹਿੰਗਾਈ ਨੇ ਪਹਿਲਾਂ ਹੀ ਜਿਉਣਾ ਦੁੱਭਰ ਕਰ ਰਖਿਆ ਹੈ, ਉਤੋਂ ਬਿਮਾਰੀ ਦਾ ਖ਼ਰਚਾ ਤੇ ਕੰਮ ਤੋਂ ਛੁੱਟੀ। ਆਖ਼ਰ ਇਹ ‘ਸੈੱਲ’ ਘਟਣ ਦਾ ਚੱਕਰ ਹੈ ਕੀ, ਕੀ ਹਰ ਬੁਖ਼ਾਰ ਡੇਂਗੂ ਹੀ ਹੁੰਦਾ ਹੈ?
ਆਮ ਲੋਕਾਂ ਦੁਆਰਾ ‘ਸੈੱਲ’ ਕਹੀ ਜਾਣ ਵਾਲੀ ਡਾਕਟਰੀ ਭਾਸ਼ਾ ’ਚ ਇਨ੍ਹਾਂ ਦਾ ਨਾਮ ਹੈ ‘ਪਲੇਟਲੈਟ’। ਜਦੋਂ ਕਦੇ ਸਾਡੇ ਸੱਟ ਜਾਂ ਚੀਰਾ ਲਗਦਾ ਹੈ ਤਾਂ ਖ਼ੂਨ ਦਾ ਵਹਾਅ ਰੋਕਣ ਲਈ ਸੱਭ ਤੋਂ ਪਹਿਲਾਂ ਇਹੀ ‘ਪਲੇਟਲੈਟ’ ਸਰਗਰਮ ਹੁੰਦੇ ਹਨ ਤੇ ਸੱਟ ਦੀ ਜਗ੍ਹਾ ਖ਼ੂਨ ਦਾ ਥੱਕਾ ਬਣਾ ਕੇ ਖ਼ੂਨ ਦਾ ਵਗਣਾ ਰੋਕ ਦਿੰਦੇ ਹਨ। ਜੇ ਇਨ੍ਹਾਂ ਦੀ ਗਿਣਤੀ ਘੱਟ ਹੋ ਜਾਵੇ ਤਾਂ ਖ਼ੂਨ ਦਾ ਥੱਕਾ ਬਣਨ ’ਚ ਦੇਰ ਲੱਗੇਗੀ ਜਾਂ ਫਿਰ ਥੱਕਾ ਬਣੇਗਾ ਹੀ ਨਹੀਂ, ਇਸ ਲਈ ਖ਼ੂਨ ਵਹਿਣ ਨਾਲ ਆਦਮੀ ਦਾ ਬਲੱਡ ਪ੍ਰੈੱਸ਼ਰ (ਖ਼ੂਨ ਦਾ ਦਬਾਅ) ਘੱਟ ਜਾਵੇਗਾ, ਬੇਹੋਸ਼ੀ ਆਵੇਗੀ ਤੇ ਕੋਈ ਇਲਾਜ ਨਾ ਮਿਲਣ ਦੀ ਹਾਲਤ ’ਚ ਆਦਮੀ ਦੀ ਮੌਤ ਵੀ ਹੋ ਸਕਦੀ ਹੈ। ਆਮ ਲੋਕਾਂ ’ਚ ਇਨ੍ਹਾਂ ਦੀ ਔਸਤ ਗਿਣਤੀ ਡੇਢ ਤੋਂ ਸਾਢੇ ਚਾਰ ਲੱਖ ਪ੍ਰਤੀ ਮਾਈਕ੍ਰੋਲਿਟਰ ਹੁੰਦੀ ਹੈ। ਪਰ ਅਜਿਹਾ ਨਹੀਂ ਹੈ ਕਿ ਪਲੇਟਲੈੱਟ ਡੇਢ ਲੱਖ ਤੋਂ ਘੱਟ ਹੁੰਦੇ ਹੀ ਆਦਮੀ ਦੀ ਜਾਨ ਨੂੰ ਖ਼ਤਰਾ ਹੋ ਜਾਂਦਾ ਹੈ। ਅਸਲ ’ਚ ਜੇ ਪਲੇਟਲੈੱਟ ਸੈੱਲਾਂ ’ਚ ਕੋਈ ਹੋਰ ਖ਼ਰਾਬੀ ਨਹੀਂ ਹੈ ਤਾਂ ਇਨ੍ਹਾਂ ਸੈਲਾਂ ਦੀ ਗਿਣਤੀ ਪੰਜਾਹ ਹਜ਼ਾਰ ਤੋਂ ਉਪਰ ਹੋਣ ’ਤੇ ਕਿਸੇ ਕਿਸਮ ਦੀ ਕੋਈ ਗੜਬੜ ਨਹੀਂ ਹੁੰਦੀ ਤੇ ਆਦਮੀ ਨੂੰ ਕੋਈ ਖ਼ਤਰਾ ਨਹੀਂ ਹੁੰਦਾ। ਜੇ ਪਲੇਟਲੈੱਟ ਦੀ ਗਿਣਤੀ ਪੰਜਾਹ ਹਜ਼ਾਰ ਤੋਂ ਥੱਲੇ ਹੈ ਪਰ 25,000 ਤੋਂ ਉਪਰ ਤਾਂ ਆਮ ਤੌਰ ’ਤੇ ਅਜਿਹੇ ਲੋਕ ਕੁੱਝ ਦਿਨਾਂ ਬਾਅਦ ਠੀਕ ਹੋ ਜਾਂਦੇ ਹਨ। ਜੇ ਇਨ੍ਹਾਂ ਦੀ ਗਿਣਤੀ ਇਸ ਤੋਂ ਥੱਲੇ ਚਲੀ ਜਾਵੇ ਤਾਂ ਆਦਮੀ ਨੂੰ ਤੁਰਤ ਹਸਪਤਾਲ ਲਿਜਾਣਾ ਚਾਹੀਦੈ ਤੇ ਪਲੇਟਲੈੱਟ ਘਟਣ ਦੇ ਕਾਰਨ ਤੇ ਇਸ ਤੋਂ ਪੈਦਾ ਹੋਣ ਵਾਲੇ ਲੱਛਣਾਂ ਨੂੰ ਧਿਆਨ ’ਚ ਰੱਖ ਕੇ ਇਲਾਜ ਕਰਨਾ ਹੁੰਦਾ ਹੈ।
ਜਿਨ੍ਹਾਂ ਲੋਕਾਂ ਦੇ ਪਲੇਟਲੈੱਟ ਦੀ ਗਿਣਤੀ 50,000 ਤੋਂ ਉਪਰ ਹੁੰਦੀ ਹੈ, ਇਥੋਂ ਤਕ ਕਿ 80-90 ਹਜ਼ਾਰ ਹੁੰਦੀ ਹੈ, ਉਨ੍ਹਾਂ ਨੂੰ ‘ਸੈੱਲ ਘੱਟ’ ਕਹਿ ਕੇ ਡਰਾ ਦਿਤਾ ਜਾਂਦਾ ਹੈ ਤੇ ਇਸ ਦੇ ਇਲਾਜ ਲਈ ਗੁਲੂਕੋਜ਼ ਲਾਉਣਾ ਜ਼ਰੂਰੀ ਦਸਿਆ ਜਾਂਦਾ ਹੈ ਜੋ ਸ਼ਰੇਆਮ ਧੋਖਾਧੜੀ ਹੈ, ਲੁੱਟ ਹੈ। ਇਸ ਖੇਡ ’ਚ ਗਲੀ-ਮੁਹੱਲੇ ’ਚ ਬੈਠੇ ਡਾਕਟਰ ਅਤੇ ਦਵਾਈਆਂ ਦੀਆਂ ਦੁਕਾਨਾਂ ਚਲਾਉਣ ਵਾਲੇ ਕਈ ਕੈਮਿਸਟ ਬਹੁਤ ਸਾਰੇ ਬਾਕਾਇਦਾ ਮੈਡੀਕਲ ਦੀ ਪੜ੍ਹਾਈ ਕਰੀ ਫਿਰਦੇ ‘ਡਾਕਟਰ’ ਵੀ ਸ਼ਾਮਲ ਹਨ ਕਿਉਂਕਿ ਇਸ ’ਚ ਕਮਾਈ ਚੰਗੀ-ਮੋਟੀ ਹੈ ਤੇ ਖ਼ਤਰਾ ਵੀ ਕੋਈ ਨਹੀਂ। ਸਾਰੇ ਰੋਗੀ ਜਿਨ੍ਹਾਂ ਦੇ ਸੈੱਲ ਘੱਟ ਹੋਣ ਦੀ ਰੀਪੋਰਟ ਆਉਂਦੀ ਹੈ, ਨੂੰ ਡੇਂਗੂ ਦਾ ਨਾਂ ਲੈ ਕੇ ਡਰਾ ਦਿਤਾ ਜਾਂਦੈ।
ਸੈੱਲ ਭਾਵ ਪਲੇਟਲੈੱਟ ਨਾ ਸਿਰਫ਼ ਡੇਂਗੂ ਵਿਚ ਸਗੋਂ ਹੋਰ ਬਹੁਤ ਸਾਰੇ ਬੁਖ਼ਾਰ ’ਚ ਵੀ ਘੱਟ ਹੋ ਜਾਂਦੇ ਹਨ ਜਿਨ੍ਹਾਂ ’ਚ ਚਿਕਨਗੁਨੀਆ ਬੁਖ਼ਾਰ, ਖਸਰਾ, ਚਿਕਨਪਾਕਸ ਟਾਈਫ਼ਾਇਡ ਤੇ ਹੋਰ ਕਈ ਕਿਸਮ ਦੇ ਵਾਇਰਲ ਬੁਖ਼ਾਰ ਸ਼ਾਮਲ ਹਨ। ਇਥੋਂ ਤਕ ਕਿ ਬਹੁਤ ਸਾਰੇ ਮਾਮਲਿਆਂ ’ਚ ਤਾਂ ਇਕ ਆਮ ਜੁਕਾਮ ਵੀ ‘ਸੈੱਲ’ ਘੱਟ ਕਰ ਸਕਦੈ। ਇਸ ਲਈ ‘ਸੈੱਲ’ ਘੱਟ ਹੋਣ ਦਾ ਮਤਲਬ ਡੇਂਗੂ ਬਿਲਕੁਲ ਵੀ ਨਹੀਂ ਹੈ। ਹੋਰ ਤਾਂ ਹੋਰ, ਸੈੱਲ ਘੱਟ ਹੋਣ ਦੇ ਬਹੁਤ ਘੱਟ ਮਾਮਲਿਆਂ ’ਚ ਹੀ ਰੋਗੀ ਨੂੰ ਡੇਂਗੂ ਹੁੰਦਾ ਹੈ। ਬੁਖ਼ਾਰ ਦੇ ਹਰ ਰੋਗੀ ਦਾ ਤਾਂ ਟੈਸਟ ਕਰਵਾਉਣਾ ਵੀ ਜ਼ਰੂਰੀ ਨਹੀਂ ਹੁੰਦਾ, ਇਕ ਬਾਕਾਇਦਾ ਕੁਆਲੀਫ਼ਾਈਡ ਡਾਕਟਰ ਸੌਖ ਨਾਲ ਜਾਣ ਲੈਂਦਾ ਹੈ ਕਿ ਕਿਹੜੇ-ਕਿਹੜੇ ਰੋਗੀ ਨੂੰ ਟੈਸਟ ਦੀ ਜ਼ਰੂਰਤ ਹੈ, ਕਦੋਂ ਜ਼ਰੂਰਤ ਹੈ ਤੇ ਕਿੰਨੀ ਵਾਰ ਟੈਸਟ ਕਰਵਾਉਣ ਦੀ ਜ਼ਰੂਰਤ ਹੈ। ਅਸਲ ’ਚ ਡੇਂਗੂ ਦੇ ਸੀਜਨ ’ਚ ਟੈਸਟ ਕਰਵਾਉਣ ਪਿੱਛੇ ਮੈਡੀਕਲ ਲੋੜ ਘੱਟ, ਰੋਗੀ ਨੂੰ ਡਰਾਉਣ ਤੇ ਨੋਟ ਕਮਾਉਣ ਦੀ ਲੋੜ ਵਧੇਰੇ ਹੁੰਦੀ ਹੈ। ਵੈਸੇ ਵੀ, ਡਾਕਟਰਾਂ ਦਾ ਲੈਬੋਰਟਰੀ ਨਾਲ ਅੱਧੋ-ਅੱਧ ਹਿੱਸਾ ਹੁੰਦਾ ਹੈ, ਭਾਵ ਜੇ ਟੈਸਟ ਦੀ ਕੀਮਤ 160 ਰੁਪਏ ਹੈ ਤਾਂ 80 ਲੈਬੋਰਟਰੀ ਦੇ ਤੇ 80 ਭੇਜਣ ਵਾਲੇ ਡਾਕਟਰ ਦੇ, ਤਾਂ ਫਿਰ ਕਿਉਂ ਨਾ ਹਰ ਰੋਗੀ ਦਾ ਟੈਸਟ ਕਰਵਾ ਹੀ ਲਿਆ ਜਾਵੇ! ਆਮ ਦੇਖਣ ’ਚ ਆਉਂਦਾ ਮਾਮਲਾ ਟਾਈਫ਼ਾਇਡ ਦੇ ਇਕ ਟੈਸਟ, ਜਿਸ ਦਾ ਨਾਮ ‘ਵਿਡਾਲ ਟੈਸਟ” (Widal test) ਹੈ, ਦਾ ਵੀ ਹੈ। ਜਿਸ ਦੀ ਰੀਪੋਰਟ ਅਕਸਰ ਪਾਜ਼ਿਟਿਵ ਆ ਜਾਂਦੀ ਹੈ ਤੇ ਇਕ ਵਾਰ ਟਾਈਫ਼ਾਇਡ ਹੋਣ ’ਤੇ ਲੰਮੇ ਸਮੇਂ ਤਕ, ਇਥੋਂ ਤਕ ਕਿ ਇਕ ਸਾਲ ਤਕ ਵੀ, ਪਾਜ਼ਿਟਿਵ ਬਣੀ ਰਹਿੰਦੀ ਹੈ। ਇੰਨਾ ਹੀ ਨਹੀਂ, ਭਾਰਤ ’ਚ ਬਹੁਤ ਸਾਰੇ ਲੋਕਾਂ ’ਚ ਇਹ ਟੈਸਟ ਬੁਖ਼ਾਰ ’ਚ ਐਵੇਂ ਪਾਜ਼ਿਟਿਵ ਆ ਜਾਂਦੈ। ਇਹ ਟੈਸਟ ਪਾਜ਼ਿਟਿਵ ਆਉਣ ’ਤੇ ਮਹਿੰਗੇ ਤੇ ਗ਼ੈਰ-ਜ਼ਰੂਰੀ ਟੀਕੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ।
ਡੇਂਗੂ ਦੇ ਲੱਛਣ : ਅਗੱਸਤ-ਨਵੰਬਰ ਦੌਰਾਨ ਹੋਣ ਵਾਲੇ ਸਾਰੇ ਬੁਖ਼ਾਰ ਡੇਂਗੂ ਨਹੀਂ ਹੁੰਦੇ, ਇਨ੍ਹਾਂ ’ਚੋਂ ਬਹੁਤ ਥੋੜੇ ਹੀ ਡੇਂਗੂ ਦੇ ਮਸਲੇ ਹੁੰਦੇ ਹਨ। ਬਾਕੀ ਬੁਖ਼ਾਰ ਤੇ ਕਈ ਕਿਸਮ ਦੇ ਵਾਇਰਲ ਬੁਖ਼ਾਰ ਹੁੰਦੇ ਹਨ ਤੇ ਮਜ਼ਦੂਰ-ਗ਼ਰੀਬ ਇਲਾਕਿਆਂ ’ਚ ਟਾਈਫ਼ਾਇਡ ਤੇ ਮਲੇਰੀਆ ਵੀ ਬੁਖ਼ਾਰ ਦਾ ਕਾਰਨ ਹੋ ਸਕਦੇ ਹਨ। ਡੇਂਗੂ ਬੁਖ਼ਾਰ ਇਕ ਕਿਸਮ ਦੇ ਮੱਛਰ ਦੇ ਡੰਗਣ ਨਾਲ ਹੁੰਦੈ ਜੋ ਦਿਨ ਸਮੇਂ ਲੜਦਾ ਹੈ ਤੇ ਸਾਫ਼ ਰੁਕੇ ਹੋਏ ਪਾਣੀ ’ਤੇ ਪਲਦੈ। ਇਸ ਦੇ ਲੱਛਣ ਹੁੰਦੇ ਹਨ, ਸਿਰ ਦਰਦ ਤੇ ਖ਼ਾਸ ਤੌਰ ’ਤੇ ਅੱਖਾਂ ਪਿੱਛੇ ਹੋਣ ਵਾਲਾ ਸਿਰ ਦਰਦ, ਤੇਜ਼ ਬੁਖ਼ਾਰ, ਕਈ ਵਾਰ ਅੱਖਾਂ ਲਾਲ ਹੋਣਾ, ਸਰੀਰ ਦਰਦ ਬਹੁਤ ਜ਼ਿਆਦਾ ਹੋਣਾ, ਖ਼ਾਸ ਕਰ ਕੇ ਪਿੱਠ ’ਚ ਜਿਸ ਨੂੰ ‘ਹੱਡੀਆਂ ਤੋੜਨ ਵਾਲਾ’ ਦਰਦ ਕਿਹਾ ਜਾਂਦੈ। ਬੁਖ਼ਾਰ ਦੇ ਸੱਤਵੇਂ ਦਿਨ ਚਮੜੀ ’ਤੇ ਇਕ ਖ਼ਾਸ ਕਿਸਮ ਦੇ ਛੋਟੇ-ਛੋਟੇ ਲਾਲ ਧੱਬੇ ਬਣਨਾ ਜੋ ਪੇਟ ਤੋਂ ਸ਼ੁਰੂ ਹੁੰਦੇ ਹਨ ਤੇ ਲੱਤਾਂ, ਬਾਹਾਂ ਅਤੇ ਚਿਹਰੇ ’ਤੇ ਫੈਲ ਜਾਂਦੇ ਹਨ। ਜਿੱਥੇ ਵੀ ਡੇਂਗੂ ਹੋਣ ਦਾ ਸ਼ੱਕ ਹੁੰਦਾ ਹੈ, ਉਸ ਰੋਗੀ ਦਾ ਡੇਂਗੂ ਟੈਸਟ ਕਰਵਾਉਣਾ ਪੈਂਦੈ ਤਾਕਿ ਇਹ ਤੈਅ ਹੋ ਸਕੇ ਕਿ ਰੋਗੀ ਨੂੰ ਡੇਂਗੂ ਹੈ ਜਾਂ ਨਹੀਂ। ਪਰ ਇਥੇ ਉਲਟਾ ਹੁੰਦੈ। ਅਕਸਰ ਡੇਂਗੂ ਟੈਸਟ ਕਰਵਾਇਆ ਨਹੀਂ ਜਾਂਦਾ, ਸਿਰਫ਼ ਪਲੇਟਲੈੱਟਸ ਟੈਸਟ ਕਰਵਾ ਕੇ ਡੇਂਗੂ ਹੋਣ ਦਾ ਐਲਾਨ ਕਰ ਦਿਤਾ ਜਾਂਦੈ। ਦੂਜਾ, ਡੇਂਗੂ ਬੁਖ਼ਾਰ ਦਾ ਖ਼ਤਰਾ ਸੈੱਲ ਘੱਟ ਹੋਣਾ ਨਹੀਂ ਸਗੋਂ ਇਸ ਦਾ ਖ਼ਤਰਾ ਇਹ ਹੈ ਕਿ ਡੇਂਗੂ ਦੇ ਕੁੱਝ ਮਾਮਲੇ ਡੇਂਗੂ ਹੈਮੋਰੇਜਿਕ ਫ਼ੀਵਰ ਤੇ ਡੇਂਗੂ ਸ਼ਾਕ ਸਿੰਡ੍ਰੋਮ ਤਕ ਚਲੇ ਜਾਂਦੇ ਹਨ। ਅਜਿਹੇ ਰੋਗੀਆਂ ’ਚ ਚਮੜੀ ਦੇ ਹੇਠਾਂ, ਅੰਤੜੀਆਂ ’ਚ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ’ਚ ਖ਼ੂਨ ਰਿਸਣਾ ਸ਼ੁਰੂ ਹੋ ਜਾਂਦੈ। ਅਜਿਹੇ ਰੋਗੀਆਂ ਨੂੰ ਡਾਕਟਰ ਅਪਣੇ ਕਲੀਨਿਕ ’ਚ ਹੀ ‘ਟਾਰਨੀਕਿਊਏਟ ਟੈਸਟ’ ਜਾਂ ਫਿਰ ਚਮੜੀ ’ਤੇ ਪਏ ਲਾਲ ਧੱਬਿਆਂ ਤੋਂ ਦੀ ਕੁੱਝ ਹੱਦ ਤਕ ਪਹਿਚਾਣ ਸਕਦਾ ਹੈ। ਜ਼ਿਆਦਾ ਗੰਭੀਰ ਮਾਮਲਿਆਂ ’ਚ ਖ਼ੂਨ ਦਾ ਦਬਾਅ (ਬਲੱਡ-ਪ੍ਰੈਸ਼ਰ) ਘਟਣਾ, ਨਬਜ਼ ਤੇਜ਼ ਚਲਣੀ, ਫੇਫੜਿਆਂ ਤੇ ਪੇਟ ’ਚ ਪਾਣੀ ਭਰਨਾ, ਜਿਗਰ ਦਾ ਵੱਡਾ ਹੋ ਜਾਣਾ, ਚਮੜੀ ਦੇ ਥੱਲੇ ਖ਼ੂਨ ਰਿਸਣ ਨਾਲ ਵੱਡੇ-ਵੱਡੇ ਧੱਬੇ ਬਣਨਾ, ਅੰਤੜੀਆਂ ’ਚੋਂ ਖ਼ੂਨ ਦਾ ਵਹਿਣਾ ਸ਼ਾਮਲ ਹਨ। ਅਜਿਹੇ ਮਰੀਜ਼ਾਂ ਨੂੰ ਹੀ ਗੁਲੂਕੋਜ਼ ਦੀ ਜ਼ਰੂਰਤ ਹੁੰਦੀ ਹੈ ਤੇ ਨਾਲ ਹੀ ਆਕਸੀਜਨ ਤੇ ਹੋਰ ਡਾਕਟਰੀ ਸਾਂਭ-ਸੰਭਾਲ ਦੀ ਵੀ ਜ਼ਰੂਰਤ ਹੁੰਦੀ ਹੈ ਜੋ ਚੰਗੇ-ਵੱਡੇ ਹਸਪਤਾਲ ’ਚ ਹੀ ਸੰਭਵ ਹੁੰਦੀ ਹੈ।
ਜਿਸ ਮਰੀਜ਼ ’ਚ ਡੇਂਗੂ ਦੇ ਲੱਛਣ ਨਹੀਂ ਹਨ ਤੇ ਹਲਕਾ ਜਾਂ ਥੋੜ੍ਹਾ ਜ਼ਿਆਦਾ ਸਿਰ ਦਰਦ, ਸਰੀਰ ਦਰਦ, ਬੁਖ਼ਾਰ ਤੇ ਜੁਕਾਮ ਹੋਵੇ ਅਤੇ ਜਾਂ ਫਿਰ ਡੇਂਗੂ ਹੈਮੋਰੇਜਿਕ ਫ਼ੀਵਰ ਤੇ ਡੇਂਗੂ ਸ਼ਾਕ ਸਿੰਡ੍ਰਾਮ ਤੋਂ ਬਿਨਾਂ ਡੇਂਗੂ ਹੋਵੇ ਤਾਂ ਆਮ ਤੌਰ ’ਤੇ ਸਿਰਫ਼ ਕ੍ਰੋਸੀਨ ਦੀ ਗੋਲੀ ਨਾਲ ਹੀ ਕੰਮ ਚੱਲ ਜਾਂਦਾ ਹੈ। ਨਾਲ ਹੀ ਆਰਾਮ, ਚੰਗਾ ਭੋਜਨ ਤੇ ਕਾਫ਼ੀ ਮਾਤਰਾ ’ਚ ਨਿੰਬੂ ਪਾਣੀ ਜ਼ਰੂਰੀ ਹੁੰਦਾ ਹੈ। ਸੈੱਲਾਂ ਦੀ ਸੰਖਿਆ 50,000 ਤੋਂ ਉਪਰ ਹੋਵੇ ਤਾਂ ਇੰਨੇ ਇਲਾਜ ਨਾਲ ਰੋਗੀ ਠੀਕ ਹੋ ਜਾਂਦੈ। ਸੈੱਲ ਘੱਟ ਹੋਣ ’ਤੇ ਸਿਰ ਦਰਦ ਤੇ ਸਰੀਰ ਦਰਦ ਲਈ ਆਮ ਵਰਤੋਂ ਵਿਚ ਆਉਂਦੀਆਂ ਦਰਦ ਨਿਵਾਰਕ ਜਿਵੇਂ ਡਿਸਪਰਿਨ, ਵੋਵਰਨ ਬਰੂਫ਼ੇਨ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ।
ਜਦੋਂ ਰੋਗੀ ਨੂੰ ਗੁਲੂਕੋਜ਼ ਲਾਉਣ ਦੀ ਲੋੜ ਪਵੇਗੀ ਤਾਂ ਅਜਿਹੀਆਂ ਥਾਵਾਂ ’ਤੇ ਗੰਭੀਰ ਮਰੀਜ਼ ਦਾ ਇਲਾਜ ਸੰਭਵ ਨਹੀਂ ਹੈ ਕਿਉਂਕਿ ਮਰੀਜ਼ ਨੂੰ ਗੁਲੂਕੋਜ਼ ਤੋਂ ਬਿਨਾਂ ਹੋਰ ਵੀ ਬਹੁਤ ਸਾਰੀ ਡਾਕਟਰੀ ਸੰਭਾਲ ਤੇ ਦੇਖ-ਰੇਖ ਦੀ ਲੋੜ ਹੁੰਦੀ ਹੈ ਜੋ ਇਹ ਲੋਕ ਰੋਗੀ ਨੂੰ ਨਹੀਂ ਦੇ ਸਕਦੇ। ਇਸ ਤਰ੍ਹਾਂ ਇਨ੍ਹਾਂ ਲੋਕਾਂ ਦੁਆਰਾ ਡੇਂਗੂ ਦੇ ਨਾਮ ’ਤੇ ਗੁਲੂਕੋਜ਼ ਲਗਾਉਣਾ ਪੂਰੀ ਤਰ੍ਹਾਂ ਲੁੱਟ ਦਾ ਧੰਦਾ ਹੈ। ਗੁਲੂਕੋਜ਼ ਆਮ ਤੌਰ ’ਤੇ ਸਿਰਫ਼ ਉਦੋਂ ਲਾਇਆ ਜਾਂਦੈ ਜਦੋਂ ਆਦਮੀ ਦਾ ਖ਼ੂਨ ਦਾ ਦਬਾਅ (ਬਲੱਡ-ਪ੍ਰੈੱਸ਼ਰ) ਇੰਨਾ ਘੱਟ ਹੋਵੇ ਕਿ ਓ.ਆਰ.ਐੱਸ ਘੋਲ ਜਾਂ ਫਿਰ ਘਰ ’ਚ ਬਣਾਏ ਜਾ ਸਕਣ ਵਾਲੇ ਚੀਨੀ-ਨਮਕ ਦੇ ਘੋਲ ਨਾਲ ਨਾ ਵੱਧ ਸਕਦਾ ਹੋਵੇ, ਰੋਗੀ ਬੇਹੋਸ਼ ਹੋਵੇ ਜਾਂ ਬਹੁਤ ਜ਼ਿਆਦਾ ਉਲਟੀਆਂ ਕਰ ਰਿਹਾ ਹੋਵੇ ਜਿਸ ਕਾਰਨ ਉਸ ਨੂੰ ਮੂੰਹ ਰਾਹੀਂ ਕੁੱਝ ਖਾਣ-ਪੀਣ ’ਚ ਦਿੱਕਤ ਆ ਰਹੀ ਹੋਵੇ। ਅਸਲ ’ਚ ਗੁਲੂਕੋਜ਼ ਬਾਰੇ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ ਕਿ ਇਹ ਹੈ ਕੀ? ਗੁਲੂਕੋਜ਼ ਹੋਰ ਕੁੱਝ ਨਹੀਂ, ਸਿਰਫ਼ ਨਮਕ-ਚੀਨੀ ਦੀ ਖ਼ਾਸ ਮਾਤਰਾ (ਕਈ ਵਾਰ ਤਾਂ ਸਿਰਫ਼ ਚੀਨੀ ਹੀ) ਦਾ ਪਾਣੀ ਦੀ ਖ਼ਾਸ ਮਾਤਰਾ ’ਚ ਬਣਾਇਆ ਘੋਲ ਹੈ ਜੋ ਬੋਤਲ ’ਚ ਪੈਕ ਹੁੰਦਾ ਹੈ। ਇਸ ਤੋਂ ਬਿਨਾਂ, ਗੁਲੂਕੋਜ਼ ਦੀ ਇਕ ਕਿਸਮ ’ਚ ਨਿੰਬੂ ਵਿਚ ਮਿਲਣ ਵਾਲਾ ਪੋਟਾਸ਼ੀਅਮ ਹੁੰਦਾ ਹੈ।
ਸਰਕਾਰਾਂ ਡੇਂਗੂ ਦੀ ਬਿਮਾਰੀ ਤੇ ਨਾਲ ਹੀ ਇਸ ਦਾ ਡਰ ਫੈਲਾਉਣ ’ਚ ਤੇ ਡਾਕਟਰਾਂ ਦੀ ਕਮਾਈ ਵਧਾਉਣ ’ਚ ਉਨ੍ਹਾਂ ਦੀ ਖ਼ੂਬ ਮਦਦ ਕਰਦੀ ਹੈ ਕਿਉਂਕਿ ਸਰਕਾਰ ਦਾ ਕੰਮ ਹੈ ਕਿ ਉਹ ਲੋਕਾਂ ਨੂੰ ਬਿਮਾਰੀ ਬਾਰੇ ਸਹੀ ਜਾਣਕਾਰੀ ਦੇਵੇ ਤੇ ਬਿਮਾਰ ਹੋਣੋਂ ਰੋਕਣ ਲਈ ਪ੍ਰਬੰਧ ਕਰੇ ਪਰ ਸਰਕਾਰਾਂ ਇਨ੍ਹਾਂ ’ਚੋਂ ਕੋਈ ਵੀ ਕੰਮ ਨਹੀਂ ਕਰਦੀਆਂ। ਕੁੱਝ ਪਰਚੇ ਇੱਧਰ-ਉਧਰ ਦੋ-ਚਾਰ ਥਾਵਾਂ ’ਤੇ ਚਿਪਕਾ ਦਿਤੇ ਜਾਂਦੇ ਹਨ ਤੇ ਉਹ ਜਾਣਕਾਰੀ ਇੰਨੇ ਬਰੀਕ ਅੱਖਰਾਂ ’ਚ ਹੁੰਦੀ ਹੈ ਕਿ ਨੇੜਿਉਂ ਹੀ ਪਤਾ ਲਗਦੈ ਕਿ ਇਹ ਤਾਂ ਡੇਂਗੂ ਬਾਰੇ ‘ਸਰਕਾਰੀ’ ਜਾਣਕਾਰੀ ਹੈ!! ਮੱਛਰ ਮਾਰਨ ਲਈ ਦਵਾਈ ਦਾ ਛਿੜਕਾਅ ਕਰਨਾ ਤਾਂ ਸਰਕਾਰ ਭੁੱਲ ਹੀ ਚੁੱਕੀ ਹੈ, ਬਿਮਾਰੀ ਫੈਲਣ ’ਤੇ ਇਸ ਨਾਲ ਨਿਬੜਨ ਲਈ ਆਰਜ਼ੀ ਕਲੀਨਿਕ, ਡਿਸਪੈਂਸਰੀ ਤੇ ਡੇਂਗੂ ਤੇ ਪਲੇਟਲੈੱਟ ਟੈਸਟ ਕਰਨ ਦੀ ਸਸਤੀ ਜਾਂ ਮੁਫ਼ਤ ਸੁਵਿਧਾ ਦੇਣ ਲਈ ਆਰਜ਼ੀ ਲੈਬੋਰਟਰੀ ਬਣਾਈ ਜਾ ਸਕਦੀ ਹੈ ਤੇ ਪ੍ਰਭਾਵਤ ਇਲਾਕਿਆਂ ’ਚ ਡਾਕਟਰ ਤੇ ਹੋਰ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਵੀ ਲਗਣੀ ਚਾਹੀਦੀ ਹੈ।
(For more news apart from Decreasing cells with dengue in rainy season News in Punjabi, stay tuned to Rozana Spokesman)