
ਇਕ ਤੰਦਰੁਸਤ ਵਿਅਕਤੀ ਦੇ ਸ੍ਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਰੱਖਣ ਵਿਚ ਵੀ ਸਹਾਈ ਹੁੰਦੀ ਹੈ
ਪਿਆਰੇ ਬਾਲ ਸਾਥੀਉ, ਸ਼ਰੀਰ ਚਮੜੀ ਨਾਲ ਢਕਿਆ ਹੋਇਆ ਹੈ। ਇਹ ਸਾਡੇ ਸ਼ਰੀਰ ਦਾ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਭਾਗ ਹੈ ਜੋ ਸਾਨੂੰ ਭਿਆਨਕ ਬੈਕਟੀਰੀਆ, ਵਾਇਰਸ ਤੇ ਸੂਰਜ ਦੀ ਤਪਸ਼ ਤੋਂ ਬਚਾਉਂਦੀ ਹੈ। ਚਮੜੀ ਸਾਡੇ ਸ਼ਰੀਰਕ ਤਾਪਮਾਨ ਨੂੰ ਸਹੀ ਰੱਖਣ ਵਿਚ ਮਦਦ ਕਰਦੀ ਹੈ ਇਹ ਸਾਨੂੰ ਦਬਾਅ, ਦਰਦ ਤੇ ਗਰਮੀ ਸਰਦੀ ਦਾ ਅਹਿਸਾਸ ਵੀ ਕਰਵਾਉਂਦੀ ਹੈ। ਇਕ ਤੰਦਰੁਸਤ ਵਿਅਕਤੀ ਦੇ ਸ਼ਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਰੱਖਣ ਵਿਚ ਵੀ ਸਹਾਈ ਹੁੰਦੀ ਹੈ। ਜੇਕਰ ਸਾਡਾ ਸ਼ਰੀਰ ਬੁਖ਼ਾਰ ਜਾਂ ਕਿਸੇ ਹੋਰ ਕਾਰਨ ਕਰ ਕੇ ਗਰਮ ਹੋ ਜਾਵੇ ਤਾਂ ਚਮੜੀ ਵਿਚ ਮੌਜੂਦ ਪਸੀਨੇ ਦੀਆਂ ਗ੍ਰੰਥੀਆਂ ਵਿਚੋਂ ਪਸੀਨਾ ਵਹਿਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਸਾਡੇ ਸ਼ਰੀਰ ਦਾ ਤਾਪਮਾਨ ਡਿੱਗ ਕੇ ਠੀਕ ਹੋ ਜਾਂਦਾ ਹੈ।
ਚਮੜੀ ਦੀ ਬਨਾਵਟ : ਚਮੜੀ ਦੀਆਂ ਦੋ ਮੁੱਖ ਪਰਤਾਂ ਹੁੰਦੀਆਂ ਹਨ। ਬਾਹਰਲੀ ਨੂੰ ਐਪੀਡਰਮਿਸ ਤੇ ਅੰਦਰਲੀ ਪਰਤ ਨੂੰ ਡਰਮਿਸ ਕਹਿੰਦੇ ਹਨ। ਡਰਮਿਸ ਵਿਚ ਲਹੂ ਨਾੜੀਆਂ ਤੋਂ ਵਸੂਲਕ ਵਰਗੇ ਢਾਂਚੇ ਹੁੰਦੇ ਹਨ। ਡਰਮਿਸ ਦੇ ਹੇਠ ਫ਼ੈਟ ਸੈੱਲਾਂ ਦਾ ਭੰਡਾਰ ਹੁੰਦਾ ਹੈ ਤੇ ਇਹ ਸਾਡੇ ਸ਼ਰੀਰ ਨੂੰ ਗਰਮ ਰੱਖਣ ਵਿਚ ਮਦਦ ਕਰਦੀ ਹੈ।
ਐਪੀਡਰਮਿਸ ਦੀਆਂ ਕਈ ਪਰਤਾਂ ਹੁੰਦੀਆਂ ਹਨ। ਸੱਭ ਤੋਂ ਉਪਰਲੀ ਪਰਤ ਕਿਨਾਰਾ ਪਰਤ ਮੁਰਦਾ ਚਮੜੀ ਸੈੱਲਾਂ ਦੀ ਬਣੀ ਹੁੰਦੀ ਹੈ ਜਿਸ ਨੂੰ ਕੈਰਾਟਿਨ ਕਿਹਾ ਜਾਂਦਾ ਹੈ ਜਿਹੜੀ ਸਖ਼ਤ ਵਾਟਰ ਪਰੂਫ ਪ੍ਰੋਟੀਨ ਨਾਲ ਭਰੀ ਹੁੰਦੀ ਹੈ। ਇਹ ਸੈੱਲ ਲਗਾਤਾਰ ਘਸਦੇ ਰਹਿੰਦੇ ਹਨ ਤੇ ਹੇਠਲੀ ਪਰਤ ਤੋਂ ਸੈੱਲਾਂ ਨਾਲ ਬਦਲਦੇ ਰਹਿੰਦੇ ਹਨ।
ਚਮੜੀ ਅੰਦਰ ਬਹੁਤ ਸਾਰੀਆਂ ਖ਼ੂਨ ਨਾੜੀਆਂ ਦੇ ਨਾਲ-ਨਾਲ ਡਰਮਿਸ ਹੋਰ ਵੀ ਕਈ ਢਾਚੇ ਰਖਦਾ ਹੈ ਇਹ ਚਮੜੀ ਲਈ ਕੰਮ ਕਰਦੇ ਹਨ। ਛੂਹਣ ਦੇ ਵਸੂਲਕ ਜਿਨ੍ਹਾਂ ਨੂੰ ਮੈਲਸ਼ਨਰ ਦੇ ਕਾਰਪਸਲਜ਼ ਕਿਹਾ ਜਾਂਦਾ ਹੈ, ਜਦੋਂ ਵੀ ਤੁਹਾਡੀ ਚਮੜੀ ਕਿਸੇ ਵਸਤੂ ਨੂੰ ਛੂਹੰਦੀ ਹੈ ਤਾਂ ਇਹ ਦਿਮਾਗ਼ ਨੂੰ ਤਰੰਗਾਂ ਭੇਜਦਾ ਹੈ। ਦਰਦ ਵਸੂਲਕ ਉਦੋਂ ਦਿਮਾਗ਼ ਨੂੰ ਤਰੰਗਾਂ ਭੇਜਦੇ ਹਨ ਜਦੋਂ ਕੋਈ ਉਤੇਜਨ ਜਿਵੇਂ ਕਿ ਗਰਮੀ ਤੇਦਬਾਅ ਬਹੁਤ ਜ਼ਿਆਦਾ ਬਣ ਜਾਵੇ। ਤੁਹਾਡਾ ਦਿਮਾਗ਼ ਇਨ੍ਹਾਂ ਤਿਰੰਗਾਂ ਨੂੰ ਦਰਦ ਦੇ ਰੂਪ ਵਿਚ ਜਾਣਦਾ ਹੈ।
ਸੇਬਾਸੀਅਸ ਗ੍ਰੰਥੀਆਂ : ਇਹ ਗ੍ਰੰਥੀਆਂ ਇਕ ਤੇਲ ਪੈਦਾ ਕਰਦੀਆਂ ਹਨ ਜਿਸ ਨੂੰ ਸੇਬਮ ਕਿਹਾ ਜਾਂਦਾ ਹੈ ਇਹ ਸਾਡੀ ਚਮੜੀ ਤੇ ਵਾਲਾਂ ਨੂੰ ਵਾਟਰ ਪਰੂਫ ਤੇ ਮੁਲਾਇਮ ਰਹਿਣ ਵਿਚ ਮਦਦ ਕਰਦਾ ਹੈ।
-ਮੁਹੰਮਦ ਇਕਬਾਲ ਫਲੌਂਡ,
ਮੋਬਾਈਲ : 94786-55572