
ਆਓ ਜਾਣੀਏ ਪਾਲਕ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ-
ਸਰਦੀਆਂ ਦਾ ਮੌਸਮ ਆ ਰਿਹਾ ਹੈ, ਅਤੇ ਇਸ ਮੌਸਮ 'ਚ ਮਿਲਣ ਵਾਲੀ ਪਾਲਕ ਸਿਹਤ ਲਈ ਬੜੀ ਗੁਣਕਾਰੀ ਹੈ। ਪਾਲਕ ਵਿਟਾਮਿਨ-ਏ, ਬੀ, ਸੀ, ਆਇਰਨ, ਕੈਲਸ਼ੀਅਮ, ਪ੍ਰੋਟੀਨ, ਫ਼ਾਈਬਰ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਅਤੇ ਫ਼ੋਲਿਕ ਐਸਿਡ ਵਰਗੇ ਤੱਤਾਂ ਨਾਲ ਭਰਪੂਰ ਹੁੰਦੀ ਹੈ। ਪਾਲਕ ਦਾ ਜੂਸ ਜਿੱਥੇ ਪਾਚਨ ਤੰਤਰ ਦੀ ਸਫ਼ਾਈ ਲਈ ਕਾਰਗਰ ਹੁੰਦਾ ਹੈ, ਉਥੇ ਹੀ ਇਹ ਕੀਟਾਣੂਆਂ ਤੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਵੀ ਸ਼ਰੀਰ ਦੀ ਰੱਖਿਆ ਕਰਦਾ ਹੈ। ਆਓ ਜਾਣੀਏ ਪਾਲਕ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ-
ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਸਹਾਇਕ
ਪਾਲਕ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਬਹੁਤ ਫ਼ਾਇਦੇਮੰਦ ਹੈ। ਇਹ ਸਰੀਰ ਵਿਚ ਕੈਲਸ਼ੀਅਮ ਨੂੰ ਸੋਖਦੀ ਹੈ, ਜਿਸ ਨਾਲ ਸਰੀਰ ਵਿਚੋਂ ਜ਼ਰੂਰੀ ਕੈਲਸ਼ੀਅਮ ਬਾਹਰ ਨਹੀਂ ਨਿੱਕਲਦਾ। ਬੱਚਿਆਂ ਦੀ ਖੁਰਾਕ 'ਚ ਪਾਲਕ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦੰਦਾਂ ਨਾਲ ਜੁੜੀਆਂ ਪਰੇਸ਼ਾਨੀਆਂ ਹੋਣ 'ਤੇ ਖਾਲੀ ਪੇਟ ਪਾਲਕ ਦੇ ਰਸ ਦਾ ਸੇਵਨ ਬਹੁਤ ਲਾਭ ਦਿੰਦਾ ਹੈ।
ਬਲੱਡ ਪ੍ਰੈਸ਼ਰ ਕੰਟਰੋਲ
ਪਾਲਕ ਵਿਚ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ, ਜਿਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਰਹਿੰਦਾ ਹੈ।
ਪਾਚਨ ਕਿਰਿਆ ਮਜ਼ਬੂਤ ਕਰਦੀ ਹੈ
ਪੇਟ ਖ਼ਰਾਬ ਹੋਵੇ ਤਾਂ ਸ਼ਰੀਰ ਨੂੰ ਬੀਮਾਰੀਆਂ ਛੇਤੀ ਘੇਰ ਲੈਂਦੀਆਂ ਹਨ। ਪਾਲਕ ਦੀ ਨਿਯਮਿਤ ਵਰਤੋਂ ਨਾਲ ਪਾਚਨ ਕਿਰਿਆ 'ਚ ਮਜ਼ਬੂਤੀ ਆਉਂਦੀ ਹੈ।
ਅੱਖਾਂ ਲਈ ਫ਼ਾਇਦੇਮੰਦ
ਪਾਲਕ ਵਿੱਚ ਵਿਟਾਮਿਨ ਏ ਭਰਪੂਰ ਹੁੰਦਾ ਹੈ, ਜੋ ਅੱਖਾਂ ਨੂੰ ਤੰਦਰੁਸਤ ਰੱਖਦਾ ਹੈ। ਗਾਜਰ ਤੇ ਟਮਾਟਰ ਦੇ ਜੂਸ ਨਾਲ ਪਾਲਕ ਦਾ ਜੂਸ ਮਿਲਾ ਕੇ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।
ਖ਼ੂਨ ਦੀ ਕਮੀ ਦੂਰ ਕਰਦੀ ਹੈ
ਆਇਰਨ ਦੀ ਘਾਟ ਕਾਰਨ ਸ਼ਰੀਰ ’ਚ ਖੂਨ ਦੀ ਕਮੀ ਹੋ ਜਾਂਦੀ ਹੈ। ਪਾਲਕ ’ਚ ਆਇਰਨ ਦੀ ਮਾਤਰਾ ਬਹੁਤ ਹੁੰਦੀ ਹੈ, ਜੋ ਹੀਮੋਗਲੋਬਿਨ ਵਧਾਉਣ 'ਚ ਮਦਦ ਕਰਦੀ ਹੈ। ਅਨੀਮੀਆ ਦੇ ਸ਼ਿਕਾਰ ਮਰੀਜ਼ ਦੀ ਖੁਰਾਕ ’ਚ ਪਾਲਕ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਗਰਭਵਤੀ ਔਰਤਾਂ ਦੇ ਸ਼ਰੀਰ ’ਚ ਆਇਰਨ ਦੀ ਘਾਟ ਪੂਰੀ ਕਰਨ ਲਈ ਪਾਲਕ ਬੜੀ ਕਾਰਗਰ ਹੈ।
ਮਾਸਪੇਸ਼ੀਆਂ ਦੀ ਮਜ਼ਬੂਤੀ
ਪਾਲਕ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਪ੍ਰੋਟੀਨ ਮਾਸਪੇਸ਼ੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਇਸ ਦੀ ਵਰਤੋਂ ਨਾਲ ਨਾਲ ਸ਼ਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ। ਇਹ ਭੁੱਖ ਵਧਾਉਣ ਵਿਚ ਸਹਾਇਕ ਹੈ।
ਮੋਟਾਪਾ ਘੱਟ ਕਰਦੀ ਹੈ
ਮੋਟਾਪੇ ਤੋਂ ਮੁਕਤੀ ਲਈ ਪਾਲਕ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਪਾਲਕ ਵਿਚ ਗਾਜਰ ਦਾ ਜੂਸ ਮਿਲਾ ਕੇ ਪੀਣ ਨਾਲ ਸ਼ਰੀਰ ਨੂੰ ਅਹਿਮ ਪੋਸ਼ਕ ਤੱਤਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਸ਼ਰੀਰ ਦੀ ਵਾਧੂ ਚਰਬੀ ਘਟਣ ਲੱਗਦੀ ਹੈ ਅਤੇ ਕਮਜ਼ੋਰੀ ਵੀ ਨਹੀਂ ਆਉਂਦੀ।
ਚਮੜੀ ਦੀ ਰੰਗਤ ਵਿਚ ਨਿਖਾਰ
ਜੇ ਤੁਸੀਂ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਪਾਲਕ ਦੇ ਜੂਸ ਦਾ ਸੇਵਨ ਕਰੋ। ਇਸ ਨਾਲ ਸਰੀਰ ਵਿਚ ਖੂਨ ਸੰਚਾਰ ਤੇਜ਼ ਹੁੰਦਾ ਹੈ, ਜਿਸ ਨਾਲ ਚੁਸਤੀ-ਫੁਰਤੀ ਦਾ ਅਹਿਸਾਸ ਹੁੰਦਾ ਹੈ ਤੇ ਚਿਹਰੇ 'ਤੇ ਲਾਲੀ ਆਉਂਦੀ ਹੈ। ਚਮੜੀ ਦੀ ਖ਼ੁਸ਼ਕੀ ਨੂੰ ਵੀ ਪਾਲਕ ਦੂਰ ਕਰਦੀ ਹੈ।
ਵਾਲ਼ਾਂ ਦਾ ਝੜਨਾ ਰੋਕਦੀ ਹੈ
ਵਾਲ਼ ਝੜਨ ਦਾ ਇੱਕ ਪ੍ਰਮੁੱਖ ਕਾਰਨ ਹੈ ਸ਼ਰੀਰ 'ਚ ਆਇਰਨ ਦੀ ਕਮੀ ਹੋਣਾ। ਪਾਲਕ ਦੇ ਸੇਵਨ ਨਾਲ ਸ਼ਰੀਰ ਆਇਰਨ ਤੇ ਵਿਟਾਮਿਨ ਏ ਦੀ ਕਮੀ ਪੂਰੀ ਹੁੰਦੀ ਹੈ। ਇਸ ਨਾਲ ਵਾਲ਼ਾਂ ਨੂੰ ਪੋਸ਼ਣ ਮਿਲਦਾ ਹੈ।