
ਅੱਜ ਅਸੀਂ ਤੁਹਾਨੂੰ ਔਰਤਾਂ ਵਿਚ ਮੋਟਾਪੇ ਦੀ ਸਮੱਸਿਆ ਦੇ ਕਾਰਨਾਂ ਅਤੇ ਹੱਲ ਬਾਰੇ ਦਸਾਂਗੇ
ਔਰਤਾਂ ਵਿਚ ਮੋਟਾਪੇ ਦੀ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਔਰਤਾਂ ਵਿਚ ਸਰੀਰਕ ਮੁਸ਼ੱਕਤ ਹੋਰ ਵੀ ਘੱਟ ਦੇਖਣ ਨੂੰ ਮਿਲਦੀ ਹੈ। ਇਸ ਨਾਲ ਹੀ ਹੋਰ ਕਈ ਸਾਰੇ ਫ਼ੈਕਟਰ ਹਨ ਜੋ ਔਰਤਾਂ ਵਿਚ ਮੋਟਾਪੇ ਦੀ ਸਮੱਸਿਆ ਨੂੰ ਪੈਦਾ ਕਰਦੇ ਹਨ। ਮੋਟਾਪਾ ਬਿਨਾਂ ਸ਼ੱਕ ਸਮੱਸਿਆ ਇਸ ਲਈ ਹੈ ਕਿਉਂਕਿ ਇਹ ਬਹੁਤ ਸਾਰੀਆਂ ਬੀਮਾਰੀਆਂ ਦੀ ਵਜ੍ਹਾ ਬਣਦਾ ਹੈ। ਅੱਜ ਅਸੀਂ ਤੁਹਾਨੂੰ ਔਰਤਾਂ ਵਿਚ ਮੋਟਾਪੇ ਦੀ ਸਮੱਸਿਆ ਦੇ ਕਾਰਨਾਂ ਅਤੇ ਹੱਲ ਬਾਰੇ ਦਸਾਂਗੇ:
ਮੋਟਾਪਾ ਇਕ ਤਰ੍ਹਾਂ ਨਾਲ ਵਾਧੂ ਭਾਰ ਹੈ। ਵਾਧੂ ਭਾਰ ਕਿਉਂ ਪੈਦਾ ਹੁੰਦਾ ਹੈ, ਇਸ ਸਵਾਲ ਦਾ ਸਿੱਧਾ ਜਿਹਾ ਉਤਰ ਹੈ ਕਿ ਜਦ ਸਰੀਰ ਵਿਚ ਕੁੱਝ ਲੋੜ ਤੋਂ ਵਧੇਰੇ ਪੈਦਾ ਹੋਵੇ। ਅਸੀਂ ਜਦ ਭੋਜਨ ਖਾਂਦੇ ਹਾਂ ਤਾਂ ਸਾਨੂੰ ਇਸ ਤੋਂ ਕੈਲਰੀਜ਼ ਮਿਲਦੀਆਂ ਹਨ। ਇਨ੍ਹਾਂ ਕੈਲਰੀਜ਼ ਦੀ ਵਰਤੋਂ ਸਾਡਾ ਸਰੀਰ ਕਿਰਿਆ ਕਰਨ ਲਈ ਕਰਦਾ ਹੈ। ਪਰ ਜਦ ਇਹ ਕੈਲਰੀਜ਼ ਦੀ ਮਾਤਰਾ ਉਪਯੋਗ ਤੋਂ ਵਧੇਰੇ ਹੋ ਜਾਵੇ ਤਾਂ ਇਨਸਾਨ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਭਾਰ ਦੇ ਇਸ ਵਾਧੇ ਉਤੇ ਕੰਟਰੋਲ ਨਾ ਕੀਤਾ ਜਾਵੇ ਤਾਂ ਮੋਟਾਪਾ ਹੋ ਜਾਂਦਾ ਹੈ।
ਔਰਤਾਂ ਵਿਚ ਮੋਟਾਪੇ ਦਾ ਇਕ ਵੱਡਾ ਕਾਰਨ ਗਰਭ ਅਵਸਥਾ ਦੌਰਾਨ ਵਜ਼ਨ ਵਧਣਾ ਹੈ। ਗਰਭ ਅਵਸਥਾ ਦੇ ਦਿਨਾਂ ਵਿਚ ਬਹੁਤ ਸਾਰੀਆਂ ਔਰਤਾਂ ਸਰੀਰਕ ਕਿਰਿਆ ਬਹੁਤ ਹੀ ਘਟਾ ਦਿੰਦੀਆਂ ਹਨ ਤੇ ਦੂਜੇ ਪਾਸੇ ਉਹ ਰੁਟੀਨ ਨਾਲੋਂ ਵਧੇਰੇ ਚੰਗੀ ਡਾਇਟ ਲੈਣਾ ਸ਼ੁਰੂ ਕਰ ਦਿੰਦੀਆਂ ਹਨ। ਦੂਜੇ ਪਾਸੇ ਗਰਭ ਅਵਸਥਾ ਦੌਰਾਨ ਕਈ ਤਰ੍ਹਾਂ ਦੇ ਹਾਰਮੋਨਲ ਬਦਲਾਅ ਵੀ ਵਾਪਰਦੇ ਹਨ ਜੋ ਕਿ ਸਰੀਰਕ ਭਾਰ ਦੇ ਵਾਧੇ ਲਈ ਜ਼ਿੰਮੇਵਾਰ ਬਣ ਜਾਂਦੇ ਹਨ। ਅਜਿਹੀ ਸਥਿਤੀ ਵਿਚ ਬੱਚੇ ਦੇ ਜਨਮ ਤੋਂ ਬਾਅਦ ਭਾਰ ਵਧਣ ਲਗਦਾ ਹੈ। ਇਸ ਸਮੇਂ ਜੇਕਰ ਔਰਤਾਂ ਅਪਣੇ ਭਾਰ ਨੂੰ ਸਹੀ ਰੱਖਣ ਲਈ ਵਿਸ਼ੇਸ਼ ਯਤਨ ਨਹੀਂ ਕਰਦੀਆਂ ਤਾਂ ਉਨ੍ਹਾਂ ਨੂੰ ਮੋਟਾਪਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਮਰ, ਪੀਸੀਓਐਸ ਡਿਸਆਡਰ, ਜੈਨਟਿਕਸ ਆਦਿ ਹੋਰ ਵੀ ਕਈ ਸਾਰੇ ਕਾਰਨ ਮੋਟਾਪੇ ਲਈ ਜ਼ਿੰਮੇਵਾਰ ਹੁੰਦੇ ਹਨ।
ਮੋਟਾਪੇ ਤੋਂ ਬਚਣ ਦਾ ਸੱਭ ਤੋਂ ਕਾਰਗਰ ਤਰੀਕਾ ਹੈ ਕਿ ਸਾਨੂੰ ਅਪਣੀ ਜੀਵਨ ਸ਼ੈਲੀ ਸੁਸਤ ਤੇ ਵਿਹਲੜਾਂ ਵਾਲੀ ਨਹੀਂ ਬਣਾਉਣੀ ਚਾਹੀਦੀ, ਬਲਕਿ ਚੁਸਤ ਜੀਵਨ ਸ਼ੈਲੀ ਚੁਣਨਾ ਚਾਹੀਦਾ ਹੈ। ਜੇਕਰ ਤੁਸੀਂ ਕੰਮ ਕਰਨ ਵਾਲੀ ਔਰਤ ਹੋ ਤੇ ਤੁਹਾਡੇ ਵਧੇਰੇ ਕੰਮ ਕੁਰਸੀ ਉਤੇ ਬੈਠ ਕੇ ਹੁੰਦੇ ਹਨ ਤਾਂ ਤੁਹਾਨੂੰ ਰੋਜ਼ਾਨਾ ਕੁੱਝ ਸਮਾਂ ਸਰੀਰਕ ਕਸਰਤ ਉਤੇ ਲਗਾਉਣਾ ਚਾਹੀਦਾ ਹੈ। ਤੁਹਾਨੂੰ ਅਪਣੇ ਕੱਦ, ਉਮਰ ਆਦਿ ਦੇ ਹਿਸਾਬ ਨਾਲ ਅਪਣੀ ਕੈਲਰੀ ਇਨਟੇਕ ਜਾਣਨੀ ਚਾਹੀਦੀ ਹੈ ਤੇ ਉਸ ਹਿਸਾਬ ਨਾਲ ਡਾਇਟ ਪਲਾਨ ਕਰਨੀ ਚਾਹੀਦੀ ਹੈ। ਇਕ ਆਮ ਔਰਤ ਨੂੰ ਦਿਨ ਵਿਚ 1200 ਤੋਂ 1500 ਕੈਲਰੀਜ਼ ਦੀ ਲੋੜ ਹੁੰਦੀ ਹੈ। ਸ਼ੂਗਰ ਭਰਪੂਰ ਡਿ੍ਰੰਕ, ਕੈਫ਼ੀਨ, ਫ਼ਾਸਟ ਫ਼ੂਡ, ਪ੍ਰੋਸੈਸਡ ਫ਼ੂਡ ਮੋਟਾਪੇ ਨੂੰ ਵਧਾਉਣ ਵਾਲੇ ਭੋਜਨ ਹਨ। ਇਨ੍ਹਾਂ ਦਾ ਤਿਆਗ ਕਰ ਕੇ ਚੰਗੀ ਡਾਇਟ ਜਿਵੇਂ ਹਰੀਆਂ ਸਬਜ਼ੀਆਂ, ਫਲ, ਲੀਨ ਪ੍ਰੋਟੀਨ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।