
ਸਿਹਤ ਮਾਹਰਾਂ ਮੁਤਾਬਕ ਭੋਜਨ ਵਿਚ ਜ਼ਿਆਦਾ ਪ੍ਰੋਟੀਨ ਲੈਣ ਨਾਲ ਯੂਰਿਕ ਐਸਿਡ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ।
ਭਾਰਤ ਵਿਚ ਦਾਲ-ਚੌਲ ਖਾਣਾ ਮੁੱਖ ਭੋਜਨ ਵਜੋਂ ਮੰਨਿਆ ਜਾਂਦਾ ਹੈ। ਬੇਸ਼ੱਕ ਪੰਜਾਬ ਵਿਚ ਲੋਕ ਚੌਲਾਂ ਨਾਲੋਂ ਰੋਟੀ ਖਾਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਪਰ ਬਾਕੀ ਭਾਰਤ ਵਿਚ ਜ਼ਿਆਦਾਤਰ ਚੌਲ ਹੀ ਖਾਧੇ ਜਾਂਦੇ ਹਨ। ਸਿਹਤ ਮਾਹਰਾਂ ਮੁਤਾਬਕ ਰਾਤ ਨੂੰ ਦਾਲ-ਚੌਲ ਖਾਣ ਨਾਲ ਯੂਰਿਕ ਐਸਿਡ ਵਧ ਜਾਂਦਾ ਹੈ। ਦਰਅਸਲ ਤੁਹਾਡੇ ਖਾਣ-ਪੀਣ ਨਾਲ ਜੁੜੀਆਂ ਕੁੱਝ ਆਦਤਾਂ ਕਾਰਨ ਇਹ ਯੂਰਿਕ ਐਸਿਡ ਦੀ ਬੀਮਾਰੀ ਵਧਦੀ-ਘਟਦੀ ਰਹਿੰਦੀ ਹੈ।
ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਵੀ ਦੇਰ ਰਾਤ ਹਾਈ ਪ੍ਰੋਟੀਨ ਵਾਲੀ ਖ਼ੁਰਾਕ ਜਾਂ ਦਾਲ ਚੌਲ ਖਾਂਦੇ ਹੋ ਤਾਂ ਤੁਸੀਂ ਵੀ ਹਾਈ ਯੂਰਿਕ ਐਸਿਡ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਸਿਹਤ ਮਾਹਰਾਂ ਮੁਤਾਬਕ ਭੋਜਨ ਵਿਚ ਜ਼ਿਆਦਾ ਪ੍ਰੋਟੀਨ ਲੈਣ ਨਾਲ ਯੂਰਿਕ ਐਸਿਡ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ।
ਦਸਣਯੋਗ ਹੈ ਕਿ ਯੂਰਿਕ ਐਸਿਡ ਸਾਡੇ ਸਰੀਰ ’ਚ ਬਣਿਆ ਟੌਕਸਿਨ ਹੈ, ਜੋ ਪਿਊਰੀਨ ਆਹਾਰ ਦੀ ਜ਼ਿਆਦਾ ਮਾਤਰਾ ਲੈਣ ਨਾਲ ਵਧਦਾ ਹੈ। ਜੇਕਰ ਪਿਸ਼ਾਬ ਰਾਹੀਂ ਇਹ ਪਦਾਰਥ ਸਰੀਰ ਵਿਚੋਂ ਬਾਹਰ ਨਾ ਨਿਕਲ ਸਕੇ ਤਾਂ ਇਹ ਬਹੁਤ ਨੁਕਸਾਨਦਾਇਕ ਸਾਬਤ ਹੁੰਦਾ ਹੈ। ਜਦੋਂ ਸਾਡੇ ਸਰੀਰ ਵਿਚ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ ਤਾਂ ਗਠੀਏ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਗਠੀਏ ਦੀ ਸਮੱਸਿਆ ਕਾਰਨ ਪੈਰਾਂ ਤੇ ਹੱਥਾਂ ਦੇ ਜੋੜਾਂ ਤੇ ਉਂਗਲਾਂ ਵਿਚ ਬਹੁਤ ਦਰਦ ਤੇ ਸੋਜ ਰਹਿੰਦੀ ਹੈ। ਦਸਣਯੋਗ ਹੈ ਕਿ ਦਾਲ-ਚੌਲ ਦਾ ਸੇਵਨ ਖ਼ਾਸ ਤੌਰ ’ਤੇ ਦੇਰ ਰਾਤ ਤਕ ਕਰਨ ਨਾਲ ਸਰੀਰ ਵਿਚ ਯੂਰਿਕ ਐਸਿਡ ਦਾ ਪੱਧਰ ਤੇਜ਼ੀ ਨਾਲ ਵਧ ਸਕਦਾ ਹੈ। ਆਯੁਰਵੈਦ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਰਾਤ ਦੇ ਖਾਣੇ ਵਿਚ ਚੌਲ ਤੇ ਦਾਲ ਨਹੀਂ ਖਾਣੀ ਚਾਹੀਦੀ। ਦਰਅਸਲ ਉੱਚ ਪ੍ਰੋਟੀਨ ਵਾਲੀਆਂ ਦਾਲਾਂ ਉਂਗਲਾਂ ਤੇ ਜੋੜਾਂ ਵਿਚ ਗਠੀਏ ਦੇ ਦਰਦ ਨੂੰ ਵਧਾ ਸਕਦੀਆਂ ਹਨ। ਇਸ ਨਾਲ ਹੀ ਰਾਤ ਨੂੰ ਛਿਲਕੇ ਵਾਲੀਆਂ ਦਾਲਾਂ ਦੇ ਸੇਵਨ ਤੋਂ ਵੀ ਪ੍ਰਹੇਜ਼ ਕਰਨਾ ਜ਼ਰੂਰੀ ਹੈ।