
ਨਵੀਂ ਦਿੱਲੀ, 1 ਨਵੰਬਰ : ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਅਖਰੋਟ ਸਾਰਾ ਸਾਲ ਖਾਣ ਲਈ ਆਦਰਸ਼ ਹੈ। ਮਾਹਰਾਂ ਮੁਤਾਬਕ ਸਿਰਫ਼ ਸਰਦੀਆਂ ਵਿਚ ਨਹੀਂ ਸਗੋਂ ਗਰਮੀਆਂ ਵਿਚ ਵੀ ਅਖਰੋਟ ਖਾਣ ਨਾਲ ਫ਼ਾਇਦਾ ਹੁੰਦਾ ਹੈ। 'ਰੋਗਾਂ ਦੀ ਰੋਕਥਾਮ ਅਤੇ ਸਿਹਤ ਲਈ ਅਖਰੋਟ ਦੇ ਫ਼ਾਇਦੇ' ਵਿਸ਼ੇ 'ਤੇ ਇਥੇ ਸੈਮੀਨਾਰ ਹੋਇਆ। ਮਾਹਰਾਂ ਨੇ ਕਿਹਾ ਕਿ ਅਖਰੋਟ ਦੀ ਵਰਤੋਂ ਦਿਲ ਦੇ ਰੋਗਾਂ, ਕੈਂਸਰ, ਉਮਰ ਨਾਲ ਜੁੜੀਆਂ ਬੀਮਾਰੀਆਂ ਅਤੇ ਸ਼ੂਗਰ ਜਿਹੀਆਂ ਸਮੱÎਸਆਵਾਂ ਦੇ ਮਾਮਲੇ ਵਿਚ ਹਾਂਪੱਖੀ ਨਤੀਜੇ ਦਿੰਦੀ ਹੈ। ਮਾਹਰਾਂ ਮੁਤਾਬਕ ਅਖਰੋਟ ਵਿਚ ਵੱਖ ਵੱਖ ਕਿਸਮ ਦੇ ਪੌਸ਼ਟਿਕ ਤੱਤ ਹੁੰਦੇ ਹਨ ਜਿਨ੍ਹਾਂ ਸਦਕਾ ਇਹ ਸਾਰਾ ਸਾਲ ਵਰਤੋਂ ਲਈ ਮੇਵਾ ਹੈ।
ਕਾਰਡੀਓਲੋਜੀਕਲ ਸੁਸਾਇਟੀ ਆਫ਼ ਇੰਡੀਆ ਦੇ ਸਾਬਕਾ ਪ੍ਰਧਾਨ ਡਾ. ਐਚ. ਕੇ. ਚੋਪੜਾ ਨੇ ਕਿਹਾ, 'ਇਸ ਸੰਮੇਲਨ ਨੇ ਅਧਿਐਨ ਦੇ ਨਵੇਂ ਖੇਤਰਾਂ ਨੂੰ ਜਾਣਨ, ਸਿਹਤ ਸਬੰਧੀ ਚਿੰਤਾਵਾਂ ਬਾਰੇ ਚਰਚਾ ਕਰਨ ਅਤੇ ਭਾਰਤੀਆਂ ਦੀ ਸਿਹਤ ਜੀਵਨ ਸ਼ੈਲੀ ਵਿਚ ਅਖਰੋਟ ਦੇ ਯੋਗਦਾਨ ਬਾਰੇ ਵਿਚਾਰ ਕਰਨ ਲਈ ਗਤੀ ਪ੍ਰਦਾਨ ਕੀਤੀ ਹੈ।' ਉਨ੍ਹਾਂ ਦਸਿਆ ਕਿ ਅਖਰੋਟ ਇਕੋ ਇਕ ਅਜਿਹਾ ਸੁੱਕਾ ਮੇਵਾ ਹੈ ਜਿਸ ਵਿਚ ਬਹੁਤ ਸਾਰੇ ਫ਼ਾਇਦੇਮੰਦ ਤੱਤ ਹੁੰਦੇ ਹਨ ਜਿਵੇਂ ਪ੍ਰੋਟੀਨ, ਫ਼ਾਇਬਰ, ਮੈਗਨੀਸ਼ੀਅਮ ਆਦਿ। ਪੋਸ਼ਕ ਤੱਤਾਂ ਦੀ ਵੰਨ-ਸੁਵੰਨਤਾ ਅਤੇ ਮੁੱਖ ਖਾਣਿਆਂ ਵਿਚ ਮਿਸ਼ਰਣ ਦੀ ਯੋਗਤਾ ਨਾਲ ਅਖਰੋਟ ਪੂਰੇ ਸਾਲ ਵਰਤੋਂ ਲਈ ਆਦਰਸ਼ ਹੈ। (ਏਜੰਸੀ)