ਬਾਈ ਸਪੀਕਰ ਵਾਲੇ ਦੀ ਵੀ ਪੂਰੀ ਟੌਹਰ ਹੁੰਦੀ ਸੀ ਸਾਡੇ ਸਮਿਆਂ ਵਿਚ
Published : Mar 3, 2021, 2:53 pm IST
Updated : Mar 3, 2021, 2:53 pm IST
SHARE ARTICLE
speaker
speaker

ਸਸਤੇ ਸਮੇਂ ਕਰ ਕੇ ਇਸ ਕੰਮ ਨਾਲ ਹੀ ਅਪਣੇ ਪ੍ਰਵਾਰ ਪਾਲਦੇ ਰਹੇ ਹਨ ਇਹ ਸਪੀਕਰਾਂ ਵਾਲੇ ਬਾਈ।

ਮੰਜੇ   ਜੋੜ   ਸਪੀਕਰ   ਲਗਣੇ   ਨਹੀਂ। 
ਜਿਹੜੇ ਵਾਜੇ ਵੱਜਗੇ ਮੁੜ ਕੇ ਵਜਣੇ ਨਹੀਂ।
ਉਪਰਲੇ ਕਥਨ ਵਿਚ ਸੌ ਫ਼ੀ ਸਦੀ ਸੱਚਾਈ ਹੈ। ਇਸੇ ਨੂੰ ਸਥਾਈ ਬਣਾ ਕੇ ਗੁਰਦਾਸ ਮਾਨ ਨੇ ਵੀ ਇਹ ਗੀਤ ਗਾਇਆ ਹੈ। ਗੱਲ ਸਮੇਂ ਸਮੇਂ ਦੀ ਹੁੰਦੀ ਹੈ, ਜੇਕਰ ਤਿੰਨ ਚਾਰ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਇਨ੍ਹਾਂ ਸਪੀਕਰ ਵਾਲੇ ਵੀਰਾਂ ਨੂੰ ਈਦ ਦੇ ਚੰਨ ਵਾਂਗੂੰ ਉਡੀਕਿਆ ਜਾਂਦਾ ਰਿਹਾ ਹੈ। ਕਿਸੇ ਘਰ ਮੰਗਣਾ (ਰੋਪਣਾ) ਪੈਣੀ ਹੁੰਦੀ, ਕਿਸੇ ਘਰ ਅਖੰਡ ਪਾਠ ਆਰੰਭ ਹੋਣਾ ਹੁੰਦਾ ਜਾਂ ਫਿਰ ਮੁੰਡੇ ਦਾ ਵਿਆਹ ਹੁੰਦਾ ਤਾਂ ਦੋ-ਦੋ ਦਿਨ ਪਹਿਲਾਂ ਹੀ ਸਪੀਕਰ ਵਾਲਾ ਵੀਰ ਆ ਜਾਂਦਾ ਸੀ। ਜੇਕਰ ਇਨ੍ਹਾਂ ਦੇ ਮਿਹਨਤਾਨੇ ਦੀ ਗੱਲ ਕਰੀਏ ਤਾਂ ਚਾਰ ਪੰੰਜ ਸੌ ਰੁਪਏ ਜਾਂ ਫਿਰ ਦੋ ਤਿੰਨ ਦੀ ਮਿਹਨਤ ਸਿਰਫ਼ ਹਜ਼ਾਰ ਕੁ ਰੁਪਏ ਹੀ ਹੋਇਆ ਕਰਦੀ ਸੀ। 

speaker hadspeaker 

ਆਉਣ ਸਾਰ ਹੀ ਬਾਈ ਜੀ ਨੂੰ ਲੱਡੂ, ਜਲੇਬੀਆਂ, ਮਖਾਣਿਆਂ ਨਾਲ ਚਾਹ ਪਾਣੀ ਪਿਆਉਣੀ, ਫਿਰ ਨਾਲ ਦੀ ਨਾਲ ਹੀ ਕੋਠੇ ’ਤੇ ਦੋ ਮੰਜੇ ਪੈਂਦ ਵਾਲਾ ਪਾਸਾ ਉਪਰ ਨੂੰ ਕਰ ਕੇ ਦੌਣ ਨੂੰ ਉਧੇੜ ਕੇ ਮੰਜਿਆਂ ਦੇ ਸੇਰੂਆਂ ਨਾਲ ਬੰਨ੍ਹ ਦਿਤਾ ਜਾਂਦਾ ਤੇ ਨਾਲ ਹੀ ਦੋ ਹਾਰਨ ਬੰਨ੍ਹ ਦਿੰਦੇ। ਦੋਹਾਂ ਹਾਰਨਾਂ ਦੇ ਮਗਰ ਦੋ ਯੂਨਿਟਾਂ ਕਸ ਦੇਣੀਆਂ, ਲੰਮੀ ਤਾਰ ਜੋੜ ਕੇ ਥੱਲੇ ਸੁੱਟ ਦੇਣੀ। ਕਿਸੇ ਨੇੜੇ ਦੇ ਬਿਜਲੀ ਦੇ ਪਲੱਗ ਵਿਚੋਂ ਤਾਰ ਲਾ ਕੇ, ਤਵਿਆਂ ਵਾਲੀ ਮਸ਼ੀਨ ਵਿਚ ਕਰੰਟ ਚੈੱਕ ਕਰ ਕੇ ਸਪੀਕਰ ਲਾ ਦੇਣਾ। ਸੱਭ ਤੋਂ ਪਹਿਲਾਂ ਲਾਲ ਚੰਦ ਯਮਲਾ ਜੱਟ ਜੀ ਦਾ ਗੀਤ :
“ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, 
ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਐ’’

speaker speaker

ਇਹ ਲਗਣਾ। ਦੋਸਤੋ ਇਸ ਗੀਤ ਨੂੰ ਅੱਜ ਵੀ ਓਨਾ ਹੀ ਸੁਣਿਆ ਜਾਂਦਾ ਹੈ ਜਿੰਨਾ ਉਨ੍ਹਾਂ ਸਮਿਆਂ ਵਿਚ ਸੁਣਿਆ ਜਾਂਦਾ ਸੀ। ਜਦੋਂ ਬਾਈ ਸਪੀਕਰ ਵਾਲੇ ਨੇ ਅਪਣਾ ਕੰਮ ਸ਼ੁਰੂ ਕਰਨਾ ਤਾਂ ਛੋਟੇ-ਛੋਟੇ ਬੱਚਿਆਂ ਨੇ ਉਸ ਦੇ ਦੁਆਲੇ ਆ ਕੇ ਬੈਠ ਜਾਣਾ। ਪੱਥਰ ਦੇ ਤਵਿਆਂ ਨੂੰ ਮਸ਼ੀਨ ਵਿਚ ਰੱਖ ਦੇਣਾ। ਇਕ ਦੋ ਰਿਕਾਰਡ ਲਾਉਣ ਤੋਂ ਬਾਅਦ ਸੂਈ ਬਦਲੀ ਜਾਂਦੀ ਕਰ ਕੇ ਬੱਚਿਆਂ ਨੂੰ ਉਹ ਘਸੀ ਹੋਈ ਸੂਈ ਚੱਕਣ ਦੀ ਆਦਤ ਸੀ। ਇਸੇ ਝਾਕ ਨੂੰ ਹੀ ਅਸੀਂ ਸ਼ਾਮਾਂ ਤਕ ਬਾਈ ਸਪੀਕਰ ਵਾਲੇ ਕੋਲ ਬੈਠੇ ਰਹਿਣਾ। ਸ਼ਾਮ ਨੂੰ ਪੈਗ ਸ਼ੈਗ ਵੀ ਬੜੇ ਆਦਰ ਸਤਿਕਾਰ ਨਾਲ ਦਿਤਾ ਜਾਂਦਾ ਸੀ ਸਪੀਕਰ ਵਾਲੇ ਨੂੰ।

ਜੇਕਰ ਉਨ੍ਹਾਂ ਸਮਿਆਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਲਾਲ ਚੰਦ ਯਮਲਾ ਜੱਟ, ਚਾਂਦੀ ਰਾਮ ਵਲੀ ਪੁਰੀਆ, ਰਜਬ ਅਲੀ, ਸਾਬਰ ਹੁਸੈਨ ਸਾਬਰ, ਸੋਹਨ ਸਿੰਘ ਸੀਤਲ, ਅਜੈਬ ਰਾਏ, ਨਜ਼ੀਰ ਮੁਹੰਮਦ, ਸੁਖਦੇਵ ਸਫ਼ਰੀ, ਆਸਾ ਸਿੰਘ ਮਸਤਾਨਾ, ਪੂਰਨ ਜਲਾਲਾਬਾਦੀ, ਸੁਦੇਸ਼ ਕੁਮਾਰੀ, ਨਰਿੰਦਰ ਬੀਬਾ, ਸੀਮਾ, ਹਰਚਰਨ ਗਰੇਵਾਲ, ਦੀਦਾਰ ਸੰਧੂ ਆਦਿ ਗੀਤਕਾਰ ਤੇ ਗਾਇਕ ਮੰਨੇ ਪ੍ਰਮੰਨੇ ਸਨ ਤੇ ਇਨ੍ਹਾਂ ਦੀ ਪੰਜਾਬੀ ਗੀਤਾਂ ਤੇ ਗੀਤਕਾਰੀ ਵਿਚ ਤੂਤੀ ਬੋਲਦੀ ਸੀ। ਉਨ੍ਹਾਂ ਸਮਿਆਂ ਵਿਚ ਜਿਹੜੇ ਗੀਤ ਜ਼ਿਆਦਾ ਚਲਿਆ ਕਰਦੇ ਸਨ, ਉਨ੍ਹਾਂ ਦੇ ਕੁੱਝ ਕੁ ਮੁਖੜੇ ਸਨ: ਮੇਰੀ ਡਿੱਗ ਪਈ ਚਰ੍ਹੀ ਦੇ ਵਿਚ ਗਾਨੀ ਚੱਕ ਲਿਆ ਮੋਰ ਬਣ ਕੇ, ਤੇਰਾ ਰੂਪ ਬੱਦਲਾਂ ਦਾ ਪਰਛਾਵਾਂ ਗੋਰੀਏ ਗੁਮਾਨ ਨਾ ਕਰੀਂ, ਗੱਡੀ ਲੈ ਕਲਕੱਤੇ ਵੜਦਾ ਮੁੜ ਕੇ ਪਤਾ ਨਹੀਂ ਲੈਂਦਾ ਘਰ ਦਾ, ਕੱਢਦੀ ਰੁਮਾਲ ਉਤੇ ਬਾਰਾਂ ਵਜੇ ਬੂਟੀਆਂ, ਭਾਖੜੇ ਤੋਂ ਆਉਂਦੀ ਇਕ ਮੁਟਿਆਰ ਨੱਚਦੀ, ਚਾਅ ਦਿਲਾਂ ਦੇ ਦਿਲਾਂ ਵਿਚ ਰਹਿ ਗਏ, ਟੁਟੇ ਦਿਲ ਨਹੀਂ ਜੁੜਦੇ ਕਦੇ ਵੀ ਤੋੜੀਂ ਨਾ, ਤੇਰੀ ਲੰਬੜਦਾਰਾਂ ਦੇ ਨਾਲ ਯਾਰੀ, ਮਾਹੀ ਅੱਖ ਦਾ ਬਣਾ ਲਿਆ ਤਾਰਾ, ਸਬੱਬੀਂ ਹੋਗੇ ਮੇਲੇ ਵੇ ਖੜਾ ਰਹਿ ਜ਼ਾਲਮਾਂ, ਰਾਤੀਂ ਸੀ ਉਡੀਕਾਂ ਤੇਰੀਆਂ, ਹੱਥੀਂ ਤੋਰੇ ਸੱਜਣਾਂ ਨੂੰ, ਕੁੜਤੀ ਮਲਮਲ ਦੀ ਅਤੇ ਹੋਰ ਵੀ ਅਨੇਕਾਂ ਅਜਿਹੇ ਗੀਤ ਸਨ ਜਿਨ੍ਹਾਂ ਨੂੰ ਫ਼ਰਮਾਇਸ਼ ’ਤੇ ਸੁਣਿਆ ਜਾਂਦਾ ਰਿਹਾ ਹੈ। ਇਥੇ ਮੈਂ ਅਪਣੇ ਵਿਆਹ ਦੇ ਸਮੇਂ ਦੀ ਵੀ ਗੱਲ ਜ਼ਰੂਰ ਸਾਂਝੀ ਕਰਦਾ ਹਾਂ। ਇਹ ਸਨ ਛਿਅੱਤਰ ਦੀ ਗੱਲ ਹੈ, ਉਦੋਂ ਦੀਦਾਰ ਸੰਧੂ ਦਾ ਗੀਤ ਨਵਾਂ ਨਵਾਂ ਆਇਆ ਸੀ ‘‘ਕੁੜਤੀ ਮਲਮਲ ਦੀ ਵਿਚ ਭਾਫਾਂ ਛੱਡੇ ਸਰੀਰ’’ ਤੇ ਇਹੀ ਗੀਤ ਮੇਰੇ ਇਕ ਦੋਸਤ ਨੇ ਵਾਰ-ਵਾਰ ਮੋੜ ਕੇ ਬਹੁਤ ਵਾਰ ਲੁਆਇਆ ਤੇ ਬਾਈ ਸਪੀਕਰ ਵਾਲਾ ਵੀ ਅੱਕ ਗਿਆ ਸੀ। ਇਸ ਤੋਂ ਇਲਾਵਾ ਅਮਰ ਸਿੰਘ ਸੌਂਕੀ ਦੀਆਂ ਵਾਰਾਂ ਨੂੰ ਸਾਡੇ ਪੁਰਖੇ ਬਹੁਤ ਹੀ ਨੀਝ ਨਾਲ ਸੁਣਿਆ ਕਰਦੇ ਸਨ।

ਜੇਕਰ ਅਖੰਡ ਪਾਠ ਵਾਲੇ ਘਰ ਸਪੀਕਰ ਲਗਣਾ ਤਾਂ ਭੋਗ ਤੋਂ ਬਾਅਦ ਜੇ ਉਸੇ ਘਰ ਮੁੰਡੇ ਦਾ ਵਿਆਹ ਹੋਣਾ ਤਾਂ ਮਾਣ ਸਤਿਕਾਰ ਨਾਲ ਬਾਈ ਸਪੀਕਰ ਵਾਲੇ ਨੂੰ ਬਰਾਤ ਵੀ ਲੈ ਕੇ ਜਾਣਾ ਤੇ ਉਥੇ ਵੀ ਬਰਾਤੀਆਂ ਨੇ ਉਸ ਨੂੰ ਵੇਲ ਦੇਣੀ ਭਾਵ ਫ਼ਰਮਾਇਸ਼ ਤੇ ਰਿਕਾਰਡ ਲਵਾਉਣੇ ਤੇ ਖ਼ੁਸ਼ ਹੋ ਕੇ ਪੈਸੇ ਦੇਣ ਨੂੰ ਵੇਲ ਕਿਹਾ ਜਾਂਦਾ ਸੀ, ਬਾਈ ਨੇ ਖ਼ੁਸ਼ ਹੋ ਜਾਣਾ ਤੇ ਉਥੋਂ ਵਿਆਹ ਵਾਲੇ ਘਰੋਂ ਭਾਵ ਵਿਆਂਦੜ ਦੇ ਸਹੁਰਿਆਂ ਤੋਂ ਖੇਸ ਕੰਬਲ ਵੀ ਸਤਿਕਾਰ ਵਜੋਂ ਦਿਵਾਉਣਾ। ਜਦੋਂ ਬਾਈ ਨੇ ਅਪਣੇ ਪਿੰਡ ਤੋਂ ਆਉਣਾ ਤਾਂ ਲੱਕੜ ਦੀ ਪੇਟੀ, ਦੋ ਮਾਈਕ, ਬੈਟਰੀ, ਬਕਸੇ ਵਿਚ ਤਵਿਆਂ ਵਾਲੀ ਮਸ਼ੀਨ ਤੇ ਅਣਗਿਣਤ ਹੀ ਪੱਥਰ ਦੇ ਤਵੇ ਹੋਇਆ ਕਰਦੇ ਸਨ ਜਿਨ੍ਹਾਂ ਵਿਚ ਉਪਰੋਕਤ ਗਾਇਕਾਂ ਤੇ ਗੀਤਕਾਰਾਂ ਦੇ ਤਵਿਆਂ ਦਾ ਜਮਾਵੜਾ ਹੁੰਦਾ ਸੀ। ਸਾਈਕਲ ਦੀ ਪਿਛਲੀ ਕਾਠੀ ਕਾਫ਼ੀ ਵੱਡੀ ਲੁਆ ਕੇ ਉਸ ਉਪਰ ਲੱਕੜ ਦੀ ਪੇਟੀ ਰੱਖ ਕੇ ਸਾਈਕਲ ਦੀ ਪੁਰਾਣੀ ਟਿਊਬ ਨਾਲ ਬੰਨ੍ਹ ਕੇ ਕਰੀਬ ਦਸ ਦਸ, ਪੰਦਰਾਂ ਪੰਦਰਾਂ ਕੋਹ ਦੂਰ ਤਕ ਪਹੁੰਚ ਜਾਂਦੇ ਸਨ, ਬਾਈ ਸਪੀਕਰਾਂ ਵਾਲੇ। ਬਹੁਤ ਸਾਰੇ ਅਜਿਹੇ ਬਾਈ ਸਨ ਜਿਨ੍ਹਾਂ ਨੂੰ ਇਸ ਕੰਮ ਦਾ ਸਿਰਫ਼ ਸ਼ੌਕ ਹੀ ਹੁੰਦਾ ਸੀ ਤੇ ਕਈ ਅਪਣੀ ਕਬੀਲਦਾਰੀ ਵੀ ਇਸੇ ਕਾਰਜ ਨਾਲ ਹੀ ਤੋਰਦੇ ਹਨ। ਸਸਤੇ ਸਮੇਂ ਕਰ ਕੇ ਇਸ ਕੰਮ ਨਾਲ ਹੀ ਅਪਣੇ ਪ੍ਰਵਾਰ ਪਾਲਦੇ ਰਹੇ ਹਨ ਇਹ ਸਪੀਕਰਾਂ ਵਾਲੇ ਬਾਈ।

ਇਹ ਗੱਲ ਸਾਡੀ ਅਜੋਕੀ ਪੀੜ੍ਹੀ ਨੂੰ ਬਹੁਤ ਹੀ ਹੈਰਾਨੀ ਵਾਲੀ ਲਗਦੀ ਹੋਵੇਗੀ ਪਰ ਇਹ 100 ਫ਼ੀ ਸਦੀ ਸੱਚ ਹੈ। ਸੋ ਦੋਸਤੋ ਗੱਲ ਤਾਂ ਸਮੇਂ-ਸਮੇਂ ਦੀ ਹੀ ਹੈ ਉਦੋਂ ਇਨ੍ਹਾਂ ਸਪੀਕਰ ਵਾਲੇ ਵੀਰਾਂ ਦੀ ਬਹੁਤ ਪੁਛਗਿਛ ਅਤੇ ਇੱਜ਼ਤ ਮਾਣ ਤੇ ਸਤਿਕਾਰ ਹੋਇਆ ਕਰਦਾ ਸੀ। ਪਰ ਬਦਲੇ ਸਮੀਕਰਣਾਂ ਤੇ ਬਦਲੇ ਸਮਿਆਂ ਵਿਚ ਇਨ੍ਹਾਂ ਦੀ ਕਿਸੇ ਪਾਸੇ ਵੀ ਕੋਈ ਪੁਛ ਦਸ ਨਹੀਂ ਰਹਿ ਗਈ। ਇਨ੍ਹਾਂ ਦਾ ਇਹ ਧੰਦਾ ਚੌਪਟ ਹੋ ਗਿਆ ਹੈ। ਅਜੋਕੇ ਬਦਲੇ ਸਮਿਆਂ ਵਿਚ ਇਨ੍ਹਾਂ ਦੀ ਥਾਂ ਡੀਜੇ ਵਾਲਿਆਂ ਨੇ ਲੈ ਲਈ ਹੈ। ਉਨ੍ਹਾਂ ਦੇ ਸ਼ੋਰ ਸ਼ਰਾਬੇ ਵਿਚ ਸਾਡਾ ਪੁਰਾਤਨ ਮਾਣਮੱਤਾ ਵਿਰਸਾ ਸਭਿਆਚਾਰ ਦਬਿਆ ਗਿਆ ਹੈ। ਹੁਣ ਮੀਡੀਆ ਦੇ ਯੁਗ ਵਿਚ ਪੈਨ ਡਰਾਈਵ, ਵਿਚ ਹਜ਼ਾਰਾਂ ਗੀਤ ਸਮਾ ਜਾਂਦੇ ਹਨ ਤੇ ਹੋਰ ਪਤਾ ਨਹੀਂ ਕੀ ਕੀ ਚਲ ਪਿਆ ਹੈ। ਇਸ ਲਈ ਬਾਈ ਸਪੀਕਰ ਵਾਲਿਆਂ ਦੀ ਕੋਈ ਵੁਕਤ ਨਹੀਂ ਰਹਿ ਗਈ। ਪਰ ਕਈ ਵੀਰਾਂ ਨੇ ਇਸ ਸ਼ੌਕ ਨੂੰ ਹਾਲੇ ਵੀ ਬਰਕਰਾਰ ਰਖਿਆ ਹੋਇਆ ਹੈ, ਜੋ ਪੰਜਾਬ ਦੇ ਖ਼ਾਸ ਮੇਲਿਆਂ ਤੇ ਅਪਣੇ ਇਸ ਪੁਰਾਤਨ ਵਿਰਸੇ ਨੂੰ ਲੋਕਾਂ ਦੇ ਸਨਮੁਖ ਕਰਨ ਲਈ ਯਤਨਸ਼ੀਲ ਹਨ ਤੇ ਨਾਮਣਾ ਖੱਟ ਰਹੇ ਹਨ। ਵਾਹਿਗੁਰੂ ਅੱਗੇ ਅਰਦਾਸ ਬੇਨਤੀ ਹੈ ਕਿ ਉਹ ਸਾਡੀ ਇਸ ਪੁਰਾਤਨ ਵਿਰਾਸਤ ਨੂੰ ਸਾਂਭ ਕੇ ਰੱਖਣ ਤੇ ਸਮੇਂ ਸਮੇਂ ਤੇ ਲੁਕਾਈ ਦੇ ਸਨਮੁਖ ਕਰਦੇ ਰਹਿਣ ਤਾਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਪਣਾ ਅਤੀਤ ਯਾਦ ਰਹਿ ਸਕੇ।
-ਜਸਵੀਰ ਸ਼ਰਮਾ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ    
ਮੋਬਾਈਲ ਨੰ: 95691-49556

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement