Punjabi Culture: ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਇਆ
Published : Sep 7, 2024, 8:24 am IST
Updated : Sep 7, 2024, 8:24 am IST
SHARE ARTICLE
Disappeared from Punjabi culture
Disappeared from Punjabi culture

Punjabi Culture: ਸੰਦੂਕ ਅਕਸਰ ਵਧੀਆ ਅਤੇ ਮਜ਼ਬੂਤ ਲੱਕੜੀ ਦਾ ਕਿਸੇ ਮਾਹਰ ਕਾਰੀਗਰ ਵਲੋਂ ਤਿਆਰ ਕੀਤਾ ਜਾਂਦਾ ਸੀ

 

Punjabi Culture:  ਸੰਦੂਕ ਪੰਜਾਬੀ ਸਭਿਆਚਾਰ ਦਾ ਮਹੱਤਵਪੂਰਨ ਚਿੰਨ੍ਹ ਹੈ। ਇਕ ਸਮਾਂ ਅਜਿਹਾ ਵੀ ਸੀ ਜਦੋਂ ਹਰ ਘਰ ਵਿਚ ਸੰਦੂਕ ਦੀ ਸਰਦਾਰੀ ਹੁੰਦੀ ਸੀ। ਪ੍ਰੰਤੂ ਸਮੇਂ ਦੇ ਨਾਲ ਸੰਦੂਕ ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋ ਰਿਹਾ ਹੈ। ਦਰਅਸਲ ਸੰਦੂਕ ਲੱਕੜੀ ਦਾ ਬਣਿਆ ਇਕ ਵਰਗਾਕਾਰ ਬਕਸਾ ਹੁੰਦਾ ਹੈ। ਭਾਵੇਂ ਅੱਜ-ਕਲ ਕੁੜੀ ਨੂੰ ਦਾਜ ਵਿਚ ਲੋਹੇ ਦੀ ਪੇਟੀ ਜਾਂ ਅਲਮਾਰੀ ਦਿਤੀ ਜਾਂਦੀ ਹੈ ਪ੍ਰੰਤੂ ਪੁਰਾਣੇ ਸਮੇਂ ਵਿਚ ਸੰਦੂਕ ਦਾਜ ਵਿਚ ਦੇਣ ਵਾਲੀ ਇਕ ਅਹਿਮ ਵਸਤੂ ਹੁੰਦਾ ਸੀ।

ਉਥੇ ਹੀ ਇਕ ਜ਼ਰੂਰੀ ਘਰੇਲੂ ਵਸਤੂ ਵੀ ਸੀ, ਜਿਸ ਵਿਚ ਸੁਆਣੀਆਂ ਅਪਣੇ ਪਾਉਣ ਵਾਲੇ ਕਪੜੇ, ਫੁਲਕਾਰੀਆਂ, ਪੱਖੀਆਂ, ਭਾਂਡੇ, ਬਿਸਤਰੇ, ਝੋਲੇ, ਦਰੀਆਂ ਅਤੇ ਹਾਰ-ਸ਼ਿੰਗਾਰ ਆਦਿ ਦਾ ਸਾਮਾਨ ਰਖਦੀਆਂ ਸਨ। ਸੰਦੂਕ ਅਕਸਰ ਵਧੀਆ ਅਤੇ ਮਜ਼ਬੂਤ ਲੱਕੜੀ ਦਾ ਕਿਸੇ ਮਾਹਰ ਕਾਰੀਗਰ ਵਲੋਂ ਤਿਆਰ ਕੀਤਾ ਜਾਂਦਾ ਸੀ, ਇਸ ਲਈ ਕਾਲੀ ਟਾਹਲੀ, ਨਿੰਮ ਜਾਂ ਕਿੱਕਰ ਦੀ ਲੱਕੜ ਵਰਤੀ ਜਾਂਦੀ ਸੀ। ਸੰਦੂਕ ਲਈ ਕਾਲੀ ਟਾਹਲੀ ਦੀ ਲੱਕੜ ਸੱਭ ਤੋਂ ਉਤਮ ਮੰਨੀ ਜਾਂਦੀ ਸੀ ਪਰ ਟਾਹਲੀ ਨੂੰ ਕਾਲੀ ਹੋਣ ’ਤੇ ਬਹੁਤ ਸਮਾਂ ਲਗਦਾ ਸੀ। ਇਸ ਲਈ ਇਹ ਲੱਕੜ ਬਹੁਤ ਮੁਸ਼ਕਲ ਨਾਲ ਮਿਲਦੀ ਸੀ।

ਇਸ ਤੋਂ ਬਣੇ ਸੰਦੂਕ ਬਹੁਤ ਸੋਹਣੇ, ਚਮਕਦਾਰ ਤੇ ਮਜ਼ਬੂਤ ਹੁੰਦੇ ਸਨ।
ਲੱਕੜੀ ਦੇ ਕੰਮ ਵਿਚ ਨਿਪੁੰਨ ਕਾਰੀਗਰ ਸੰਦੂਕ ਨੂੰ ਬੜੀਆਂ ਰੀਝਾਂ ਨਾਲ ਬਣਾਉਂਦੇ ਸਨ। ਜਦੋਂ ਸੰਦੂਕ ਦਾਜ ਵਿਚ ਦੇਣ ਲਈ ਤਿਆਰ ਕਰਨਾ ਹੁੰਦਾ ਸੀ ਤਾਂ ਵਿਆਹ ਤੋਂ ਦੋ-ਤਿੰਨ ਮਹੀਨੇ ਪਹਿਲਾਂ ਮਾਹਰ ਤਰਖਾਣ ਨੂੰ ਘਰ ਬਿਠਾਇਆ ਜਾਂਦਾ ਸੀ। ਤਰਖਾਣ ਕਾਰੀਗਰ ਅਪਣੀ ਪੂਰੀ ਕਲਾ ਕਿਰਤ ਅਤੇ ਮੀਨਾਕਾਰੀ ਰਾਹੀਂ ਸੰਦੂਕ ਤਿਆਰ ਕਰਦੇ ਸਨ। ਸੰਦੂਕ ਦਾ ਪਿਛਲਾ ਹਿੱਸਾ ਬਿਲਕੁਲ ਸਾਫ਼ ਅਤੇ ਸਾਧਾਰਣ ਰਖਿਆ ਜਾਂਦਾ ਸੀ। ਸਾਹਮਣੇ ਵਾਲੇ ਪਾਸੇ ਅਤੇ ਪਾਸਿਆਂ ਵਾਲੇ ਹਿੱਸੇ ’ਤੇ ਵਰਗਾਕਾਰ ਡੱਬੇ ਬਣਾਏ ਜਾਂਦੇ ਸਨ। ਸੰਦੂਕ ਨੂੰ ਹੋਰ ਸ਼ਿੰਗਾਰਨ ਲਈ ਕਾਰੀਗਰ ਪਿੱਤਲ ਦੀਆਂ ਮੇਖਾਂ, ਸ਼ੀਸ਼ਿਆਂ ਦੇ ਟੁਕੜੇ ਅਤੇ ਰੰਗਾਂ ਦਾ ਪ੍ਰਯੋਗ ਵੀ ਕਰਦੇ ਸਨ।

ਸੰਦੂਕਾਂ ਉਪਰ ਹਾਰ-ਸ਼ਿੰਗਾਰ ਲਈ ਵੱਡਾ ਸ਼ੀਸ਼ਾ ਵੀ ਫਿੱਟ ਕਰ ਦਿਤਾ ਜਾਂਦਾ ਸੀ। ਸੰਦੂਕ ਦੀ ਪਾਵਿਆਂ ਸਮੇਤ ਉਚਾਈ ਲਗਭਗ 6 ਫੁੱਟ ਹੁੰਦੀ ਹੈ ਅਤੇ ਲੰਬਾਈ-ਚੌੜਾਈ ਕ੍ਰਮਵਾਰ 5-6 ਤੇ 3-4 ਫ਼ੁਟ ਹੁੰਦੀ ਸੀ। ਸੰਦੂਕ ਦੇ ਸਾਹਮਣੇ ਵਾਲੇ ਹਿੱਸੇ ਵਿਚ 7-8 ਕੁ ਇੰਚ ਦੇ ਡੱਬੇ ਬਣੇ ਹੁੰਦੇ ਸਨ। ਦੋ ਛੱਤਾਂ ਵਾਲੇ ਸੰਦੂਕ ਦੇ ਅੰਦਰ ਵਿਚਕਾਰ ਇਕ ਫੱਟਾ ਲਾ ਦਿਤਾ ਜਾਂਦਾ ਸੀ ਤੇ ਦੋ ਟਾਕੀਆਂ ਲਾ ਦਿਤੀਆਂ ਜਾਂਦੀਆਂ ਸਨ। ਦੋ ਛੱਤੇ ਸੰਦੂਕਾਂ ਦੇ ਹੇਠਲੇ ਪਾਸੇ ਬਿਸਤਰੇ ਜਿਵੇਂ ਦਰੀਆਂ, ਖੇਸ, ਰਜਾਈਆਂ, ਗਦੇਲੇ ਰੱਖੇ ਜਾਂਦੇ ਸਨ। ਉਪਰਲੇ ਖਾਨੇ ਵਿਚ ਘਰ ਜਾਂ ਔਰਤ ਦੇ ਨਿਤ ਵਰਤੋਂ ਦਾ ਸਾਮਾਨ ਸਾਂਭਿਆ ਜਾਂਦਾ ਸੀ।

ਸੰਦੂਕ ਵਿਚ ਇਕ-ਦੋ ਸ਼ੈਲਫ਼ਾਂ ਵੀ ਪਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਫੱਟੀਆਂ ਕਿਹਾ ਜਾਂਦਾ ਸੀ। ਇਨ੍ਹਾਂ ਫੱਟੀਆਂ ਉਪਰ ਪੰਜਾਬਣ ਮੁਟਿਆਰ ਅਪਣੇ ਹਾਰ-ਸ਼ਿੰਗਾਰ ਦਾ ਸਾਮਾਨ ਰਖਦੀ ਸੀ, ਜਿਸ ਵਿਚ ‘ਸੁਹਾਗ ਪਿਟਾਰੀ’ ਦਾ ਅਹਿਮ ਸਥਾਨ ਸੀ। ਸੁਹਾਗ ਪਿਟਾਰੀ ਅੱਜਕਲ ਦੇ ‘ਮੇਕਅੱਪ ਬਾਕਸ’ ਵਾਂਗ ਲੱਕੜੀ ਦਾ ਇਕ ਢੱਕਣ ਵਾਲਾ ਡੱਬਾ ਹੁੰਦਾ ਸੀ, ਜਿਸ ਨੂੰ ਗੋਟੇ-ਕਿਨਾਰੀਆਂ ਤੇ ਰੰਗਦਾਰ ਕਪੜੇ ਖ਼ਾਸ ਕਰ ਕੇ ਲਾਲ-ਸੂਹੇ ਨਾਲ ਸ਼ਿੰਗਾਰਿਆ ਹੁੰਦਾ ਸੀ। ਇਸ ਵਿਚਕਾਰ ਢੱਕਣ ਦੇ ਅੰਦਰਲੇ ਪਾਸੇ ਇਕ ਸ਼ੀਸ਼ਾ ਜੜਤ ਹੁੰਦਾ ਸੀ। ਇਨ੍ਹਾਂ ਫੱਟੀਆਂ ਉਪਰ ਨਾਲੇ, ਪਰਾਂਦੀਆਂ, ਚੂੜੀਆਂ, ਗਹਿਣੇ, ਦੰਦਾਸਾ, ਮਹਿੰਦੀ ਅਤੇ ਸੁਰਮੇਦਾਨੀ ਵਰਗੇ ਸ਼ਿੰਗਾਰ ਸਾਧਨ ਰੱਖੇ ਹੁੰਦੇ ਸਨ।

ਸੰਦੂਕ ਨੂੰ ਕਮਰੇ ਦੇ ਦਰਵਾਜ਼ੇ ਵਾਂਗ ਨਿੱਕੇ ਤਖ਼ਤਿਆਂ ਵਾਲਾ ਇਕ ਦਰਵਾਜ਼ਾ ਲੱਗਾ ਹੁੰਦਾ ਸੀ, ਜਿਸ ਨੂੰ ਲੋਹੇ ਦਾ ਇਕ ਕੁੰਡਾ ਲਾਇਆ ਜਾਂਦਾ ਸੀ। ਪੁਰਾਤਨ ਸੰਦੂਕਾਂ ਨੂੰ ਆਮ ਕਰ ਕੇ ਮੁੱਠੀਨੁਮਾ ਜਿੰਦੇ ਲਾਏ ਜਾਂਦੇ ਸਨ ਜਿਸ ਦੀ ਚਾਬੀ ਮਾਲਕਣ ਅਪਣੀ ਨਿਗਰਾਨੀ ਹੇਠ ਰਖਦੀ ਸੀ। ਕਦੇ-ਕਦੇ ਸੁਆਣੀਆਂ ਚਾਬੀ ਅਪਣੀ ਪਰਾਂਦੀ ਨਾਲ ਹੀ ਬੰਨ੍ਹ ਲੈਂਦੀਆਂ ਸਨ। ਸੰਦੂਕ ਹਰ ਵਸਦੇ-ਰਸਦੇ ਘਰ ਦੀ ਨਿਸ਼ਾਨੀ ਹੁੰਦੇ ਸਨ। ਵੱਡੇ ਕੱਚੀ ਸਬਾਤ ਵਿਚ ਪਏ ਸੰਦੂਕ ਘਰ ਦਾ ਸ਼ਿੰਗਾਰ ਮੰਨੇ ਜਾਂਦੇ ਸਨ। ਜਿਵੇਂ ਪੁਰਾਤਨ ਬਰਾਤਾਂ ਤੇ ਮੇਲ ਊਠ ਗੱਡੀਆਂ ਜਾਂ ਬੈਲ ਗੱਡੀਆਂ ’ਤੇ ਹੀ ਆਉਂਦਾ ਸੀ। ਇਸ ਤਰ੍ਹਾਂ ਵਿਆਹ ਸਮੇਂ ਦਾਜ ਦਾ ਸਾਮਾਨ ਵੀ ਇਨ੍ਹਾਂ ਗੱਡੀਆਂ ਉਪਰ ਹੀ ਲਿਆਂਦਾ ਜਾਂਦਾ ਸੀ।

ਵਿਆਹੀ ਕੁੜੀ ਜਦੋਂ ਅਪਣੇ ਲੋੜੀਂਦੇ ਸਾਮਾਨ ਸਹਿਤ ਸਹੁਰੇ ਘਰ ਪਹੁੰਚਦੀ ਹੈ ਤਾਂ ਉਸ ਦੀ ਨਨਾਣ ਵਲੋਂ ‘ਸੰਦੂਕ ਖੁਲ੍ਹਵਾਈ’ ਦੀ ਰਸਮ ਕੀਤੀ ਜਾਂਦੀ ਹੈ। ਨਨਾਣ ਅਪਣੀ ਭਰਜਾਈ ਦਾ ਸੰਦੂਕ ਖੋਲ੍ਹ ਕੇ ਉਸ ’ਚੋਂ ਇਕ ਸੂਟ ਅਪਣੇ ਸਿਵਾਉਣ ਲਈ ਕੱਢ ਲੈਂਦੀ ਹੈ। ਭਾਵ ਇਹ ਰਸਮ ਨਨਾਣ-ਭਰਜਾਈ ਦੇ ਮਿਲਵਰਤਣ ਦਾ ਪ੍ਰਤੀਕ ਹੈ।

ਇਕ ਸਮੇਂ ਸੰਦੂਕ ਨਾਲ ਪੰਜਾਬਣ ਦਾ ਨਹੁੰ-ਮਾਸ ਦਾ ਰਿਸ਼ਤਾ ਰਿਹਾ ਹੈ। ਸਹੁਰੇ ਘਰ ਜੇ ਕੋਈ ਚੀਜ਼ ਉਸ ਦੀ ਅਪਣੀ ਹੁੰਦੀ ਸੀ ਤਾਂ ਉਹ ਸੀ ਪੇਕਿਆਂ ਵਲੋਂ ਦਿਤਾ ਸੰਦੂਕ ਜਿਸ ਨੂੰ ਖੋਲ੍ਹਦੀ ਉਹ ਪੇਕਿਆਂ ਦੀਆਂ ਅਤੀਤ ਦੀਆਂ ਯਾਦਾਂ ਵਿਚ ਗੁੰਮ ਜਾਂਦੀ ਸੀ। ਪਰ ਹੁਣ ਸਮਾਂ ਬਦਲ ਚੁੱਕਾ ਹੈ। ਹੁਣ ਨਾ ਤਾਂ ਸੰਦੂਕ ਦੀ ਸਰਦਾਰੀ ਰਹੀ ਅਤੇ ਨਾ ਹੀ ਇਹ ਘਰਾਂ ਦਾ ਸ਼ਿੰਗਾਰ ਹਨ। ਹੁਣ ਸੰਦੂਕ ਦੀ ਥਾਂ ਪੇਟੀਆਂ ਅਤੇ ਅਲਮਾਰੀਆਂ ਨੇ ਲੈ ਲਈ ਹੈ। ਕੋਈ ਵਿਰਲਾ ਹੀ ਘਰ ਹੋਵੇਗਾ ਜਿਥੇ ਸੰਦੂਕ ਅਜੇ ਵੀ ਸੰਭਾਲੇ ਹੋਏ ਹਨ। ਆਉਣ ਵਾਲੀਆਂ ਪੀੜ੍ਹੀਆਂ ਤਾਂ ਸ਼ਾਇਦ ਸੰਦੂਕ ਸ਼ਬਦ ਤੋਂ ਵੀ ਅਣਜਾਣ ਹੀ ਹੋਣਗੀਆਂ। ਭਾਵੇਂ ਅੱਜ ਦੀ ਨੌਜਵਾਨ ਪੀੜ੍ਹੀ ਸੰਦੂਕ ਦੀ ਮਹੱਤਤਾ ਤੋਂ ਜਾਣੂ ਨਹੀਂ। ਲੋੜ ਹੈ ਇਨ੍ਹਾਂ ਨੂੰ ਝਾੜ-ਪੂੰਝ ਕੇ ਇਨ੍ਹਾਂ ਦੀ ਸਿਰਜਣਾਤਮਕ ਅਤੇ ਕਲਾਤਮਕ ਦਿਖ ਦੇਖਣ ਦੀ। 
-ਮਾਸਟਰ ਪ੍ਰੇਮ ਸਰੂਪ ਛਾਜਲੀ, (ਸੰਗਰੂਰ)

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement