
ਜਿਹੜੀ ਤੜਕੇ ਉਠ ਕੇ ਕੀਤੀ ਜਾਵੇ ਉਸ ਵਰਗੀ ਸੈਰ ਨਹੀਂ, ਮਣਿਆਂ ਦੀ ਬੇਰੀ ਤੋਂ ਮਿੱਠੇ ਹੁੰਦੇ ਬੇਰ ਨਹੀਂ।
ਜਿਹੜੀ ਤੜਕੇ ਉਠ ਕੇ ਕੀਤੀ ਜਾਵੇ ਉਸ ਵਰਗੀ ਸੈਰ ਨਹੀਂ, ਮਣਿਆਂ ਦੀ ਬੇਰੀ ਤੋਂ ਮਿੱਠੇ ਹੁੰਦੇ ਬੇਰ ਨਹੀਂ। ਇਨ੍ਹਾਂ ਸਤਰਾਂ ਵਿਚ ਭਾਵੇਂ ਕਿ ਇਕ ਕਰੜੀ ਸੱਚਾਈ ਛੁਪੀ ਹੋਈ ਹੈ ਪ੍ਰੰਤੂ ਸਮੇਂ ਦੀ ਰਫ਼ਤਾਰ ਨੇ ਸਾਨੂੰ ਇਸ ਕਦਰ ਆਧੁਨਿਕਤਾ ਦੇ ਦੌਰ ਵਿਚ ਲਿਆ ਕੇ ਖੜਾ ਕਰ ਦਿਤਾ ਹੈ ਕਿ ਅਸੀਂ ਅਪਣੇ ਪੁਰਾਣੇ ਸਮੇਂ ਨੂੰ ਵਿਸਾਰਦੇ ਜਾ ਰਹੇ ਹਾਂ।
ਅੱਜ ਗੱਲ ਕਰਨ ਜਾ ਰਹੇ ਹਾਂ ਪੁਰਾਣੇ ਸਮਿਆਂ ਵਿਚ ਮਿਲਣ ਵਾਲੇ ਉਨ੍ਹਾਂ ਜੰਗਲੀ ਬੇਰਾਂ ਦੀ, ਜੋ ਸ਼ਾਇਦ ਸਮੇਂ ਦੀ ਗੋਦ ਵਿਚ ਕਿਤੇ ਅਲੋਪ ਹੋ ਗਏ ਹਨ। ਬੀਤੇ ਵੇਲੇ ਦੌਰਾਨ ਜਦੋਂ ਪੁਰਾਣੇ ਬਜ਼ੁਰਗ ਅਪਣੇ ਮਵੇਸ਼ੀਆਂ ਨੂੰ ਚਰਾਉਣ ਲਈ ਜਾਂਦੇ ਸਨ ਜਾਂ ਅਪਣੇ ਘਰ ਵਿਚ ਬਾਲਣ ਲਈ ਲੱਕੜਾਂ ਲਿਆਉਣ ਲਈ ਜੰਗਲਾਂ ਵਿਚ ਜਾਂਦੇ ਸਨ ਤਾਂ ਉਹ ਆਮ ਤੌਰ ’ਤੇ ਜੰਗਲਾਂ ਵਿਚ ਲੱਗਣ ਵਾਲੇ ਜੰਗਲੀ ਬੇਰਾਂ ਨੂੰ ਤੋੜ ਕੇ ਉਨ੍ਹਾਂ ਦਾ ਆਨੰਦ ਮਾਣਦੇ ਸੀ ਜੋ ਕਿ ਅਨੇਕ ਤੱਤਾਂ ਨਾਲ ਭਰਪੂਰ ਹੁੰਦੇ ਸਨ। ਪੁਰਾਣੇ ਸਮਿਆਂ ਦੌਰਾਨ ਅੰਮ੍ਰਿਤ ਦੇ ਸਮਾਨ ਲੱਗਣ ਵਾਲੇ ਇਹ ਖੱਟੇ ਮਿੱਠੇ ਜੰਗਲੀ ਬੇਰ ਉਸ ਸਮੇਂ ਆਮ ਤੌਰ ’ਤੇ ਸਾਡੀਆਂ ਕੱਚੀਆਂ ਰਾਹਾਂ ਦੇ ਆਲੇ ਦੁਆਲੇ ਲੱਗੇ ਮਿਲ ਜਾਂਦੇ ਸਨ।
ਪ੍ਰੰਤੂ ਸਮੇਂ ਦੀ ਚਾਲ ਨੇ ਇਸ ਕਦਰ ਬਦਲਾਅ ਲਿਆਉਂਦੇ ਕਿ ਵਧਦੀ ਹੋਈ ਆਬਾਦੀ ਕਰਨ ਲੋਕਾਂ ਨੂੰ ਅਪਣਾ ਰਹਿਣ ਬਸੇਰਾ ਬਣਾਉਣ ਲਈ ਇਨ੍ਹਾਂ ਜੰਗਲੀ ਕੁਦਰਤੀ ਜੜ੍ਹੀ ਬੂਟੀਆਂ ਦਾ ਨਾਸ਼ ਕਰ ਕੇ ਅਪਣੇ ਮਹਿਲ ਮੁਨਾਰੇ ਖੜੇ ਕਰ ਲਏ ਹਨ। ਪਰੰਤੂ ਕਿਤੇ ਨਾ ਕਿਤੇ ਅਸੀਂ ਉਨ੍ਹਾਂ ਕੁਦਰਤੀ ਖ਼ਜ਼ਾਨਿਆਂ ਨੂੰ ਅਪਣੇ ਹੱਥੀਂ ਖ਼ਤਮ ਕਰ ਦਿਤਾ ਜੋ ਕਿ ਸ਼ਾਇਦ ਮਾਨਵਤਾ ਲਈ ਪ੍ਰਮਾਤਮਾ ਦੀ ਦਿਤੀ ਹੋਈ ਇੱਕ ਵੱਡੀ ਦਾਤ ਸੀ। ਅੱਜ ਅਚਾਨਕ ਜਦੋਂ ਸਾਡੀ ਟੀਮ ਨੇ ਖੇਤਰ ਦੇ ਪਿੰਡ ਨੂਰਪੁਰ ਖ਼ੁਰਦ ਜਿਸ ਨੂੰ ਕਿ ਉਪਰਲਾ ਨੂਰਪੁਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਉਥੇ ਦਾ ਦੌਰਾ ਕੀਤਾ ਤਾਂ ਸੜਕ ਕਿਨਾਰੇ ਅਚਾਨਕ ਹੀ ਨਜ਼ਰ ਪਈ ਤਾਂ ਉਹ ਪੁਰਾਣੀਆਂ ਜੰਗਲੀ ਬੇਰਾਂ ਦੀਆਂ ਝਾੜੀਆਂ ਦੇਖਣ ਨੂੰ ਮਿਲੀਆਂ।
ਇਸ ਮੌਕੇ ਪਿੰਡ ਦੇ ਹੀ ਵਸਨੀਕ ਡਾਕਟਰ ਧਰਮਿੰਦਰ ਗੋਨੀ ਦੇ ਨਾਲ ਜਾ ਕੇ ਅਸੀਂ ਉਨ੍ਹਾਂ ਝਾੜੀਆਂ ਵਿਚੋਂ ਬੇਰ ਤੋੜ ਕੇ ਖਾ ਕੇ ਪੁਰਾਣੇ ਸਮਿਆਂ ਨੂੰ ਯਾਦ ਕੀਤਾ। ਇਸ ਮੌਕੇ ਗੱਲ ਕਰਦਿਆਂ ਡਾਕਟਰ ਧਰਮਿੰਦਰ ਨੇ ਦਸਿਆ ਕਿ ਬੀਤੇ ਸਮੇਂ ਦੌਰਾਨ ਉਨ੍ਹਾਂ ਦੇ ਬਜ਼ੁਰਗ ਜਦੋਂ ਜੰਗਲ ਵਿਚ ਪਸ਼ੂਆਂ ਨੂੰ ਚਰਾਉਣ ਜਾਂ ਲੱਕੜੀਆਂ ਲਿਆਉਣ ਲਈ ਜਾਂਦੇ ਸਨ ਤਾਂ ਅਸੀਂ ਵੀ ਬਚਪਨ ਵਿਚ ਉਨ੍ਹਾਂ ਨਾਲ ਜੰਗਲ ਵਿਚ ਜਾ ਕੇ ਇਨ੍ਹਾਂ ਜੰਗਲੀ ਬੇਰਾਂ ਦਾ ਆਨੰਦ ਮਾਣਦੇ ਸਨ। ਉਸ ਸਮੇਂ ਜੋ ਅਨੰਦ ਪ੍ਰਾਪਤ ਹੁੰਦਾ ਸੀ। ਅੱਜ ਬੱਚਿਆਂ ਨੇ ਨਾ ਉਹ ਚੀਜ਼ਾਂ ਕਦੇ ਦੇਖਣੀਆਂ ਨਾ ਹੀ ਉਹ ਪੁਰਾਣਾ ਸਮਾਂ ਉਨ੍ਹਾਂ ਦੇ ਹੱਥ ਆਉਣਾ ਹੈ।
ਉਨ੍ਹਾਂ ਨੇ ਦਸਿਆ ਕਿ ਇਨ੍ਹਾਂ ਜੰਗਲੀ ਬੇਰਾਂ ਵਿਚ ਅਨੇਕਾਂ ਅਜਿਹੇ ਤੱਤ ਮਿਲ ਜਾਂਦੇ ਹਨ ਜਿਸ ਨਾਲ ਕਿ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਨਾਸ਼ ਹੁੰਦਾ ਹੈ। ਡਾਕਟਰ ਧਰਮਿੰਦਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਪਣੇ ਪੁਰਾਣੇ ਸਮੇਂ ਤੇ ਪੁਰਾਣੇ ਵਿਰਸੇ ਨੂੰ ਸੰਭਾਲਣ ਦੀ ਮੁੜ ਤੋਂ ਲੋੜ ਹੈ ਕਿਉਂਕਿ ਜਿਸ ਕਦਰ ਅੱਜ ਦੇ ਦੌਰ ਵਿਚ ਅਸੀਂ ਜ਼ਹਿਰੀ ਚੀਜ਼ਾਂ ਖਾ ਕੇ ਬਿਮਾਰ ਹੁੰਦੇ ਜਾ ਰਹੇ ਹਨ ਉਥੇ ਹੀ ਭਵਿੱਖ ਵਿਚ ਸਾਨੂੰ ਇਹ ਕੁਦਰਤੀ ਤੱਤ ਤੇ ਪ੍ਰਮਾਤਮਾ ਵਲੋਂ ਬਖ਼ਸ਼ੀਆਂ ਹੋਈਆਂ ਦਾਤਾਂ ਹੀ ਅਸਲ ਜੀਵਨ ਪ੍ਰਦਾਨ ਕਰ ਸਕਦੀਆਂ ਹਨ। -ਦਿਨੇਸ਼ ਹੱਲਣ