
ਹਰ ਸਾਲ 42 ਲੱਖ ਤੋਂ ਵੱਧ ਲੋਕ ਹਵਾ ਪ੍ਰਦੂਸ਼ਣ ਦੇ ਬਰੀਕ ਕਣਾਂ ਦੇ ਲੰਬੇ ਸਮੇਂ ਤੱਕ ਸੰਪਰਕ ਵਿਚ ਰਹਿਣ ਕਾਰਨ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ।
ਟੋਰਾਂਟੋ - ਹਵਾ ਪ੍ਰਦੂਸ਼ਣ ਦਿਨੋ ਦਿਨ ਵਧਦਾ ਜਾ ਰਿਹਾ ਹੈ, ਇਸ ਕਾਰਨ ਕਈ ਮੌਤਾਂ ਵੀ ਹੁੰਦੀਆਂ ਹਨ। ਇਕ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਦੁਨੀਆ ਭਰ ਵਿਚ ਹਰ ਸਾਲ 15 ਲੱਖ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਲਈ ਫਾਈਨ ਪਾਰਟੀਕੁਲੇਟ ਮੈਟਰ (ਪੀਐਮ 2.5) ਜ਼ਿੰਮੇਵਾਰ ਹੋ ਸਕਦਾ ਹੈ। ਇੱਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਦਾ ਘੱਟ ਪੱਧਰ ਜਿੰਨਾ ਅਸੀਂ ਸੋਚਦੇ ਹਾਂ ਉਸ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਇੱਕ ਤਾਜ਼ਾ ਮੁਲਾਂਕਣ ਦੇ ਅਨੁਸਾਰ ਹਰ ਸਾਲ 42 ਲੱਖ ਤੋਂ ਵੱਧ ਲੋਕ ਹਵਾ ਪ੍ਰਦੂਸ਼ਣ ਦੇ ਬਰੀਕ ਕਣਾਂ ਦੇ ਲੰਬੇ ਸਮੇਂ ਤੱਕ ਸੰਪਰਕ ਵਿਚ ਰਹਿਣ ਕਾਰਨ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ।
‘ਸਾਇੰਸ ਐਡਵਾਂਸ’ ਜਰਨਲ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਹ ਕਿਹਾ ਗਿਆ ਹੈ ਕਿ ਹਰ ਸਾਲ ਪ੍ਰਦੂਸ਼ਣ ਦੇ ਇਨ੍ਹਾਂ ਸੂਖਮ ਕਣਾਂ ਦੇ ਸੰਪਰਕ ਵਿਚ ਆਉਣ ਕਾਰਨ ਦੁਨੀਆ ਭਰ ਵਿਚ ਹੋਣ ਵਾਲੀਆਂ ਮੌਤਾਂ ਉਮੀਦ ਤੋਂ ਕਿਤੇ ਵੱਧ ਹੋ ਸਕਦੀਆਂ ਹਨ। ਇਹ ਕਣ, ਜੋ ਸਿਰਫ਼ ਮਾਈਕ੍ਰੋਸਕੋਪ ਦੇ ਹੇਠਾਂ ਦੇਖੇ ਜਾ ਸਕਦੇ ਹਨ, ਦਿਲ ਅਤੇ ਸਾਹ ਦੀਆਂ ਬਿਮਾਰੀਆਂ ਅਤੇ ਕੈਂਸਰ ਦਾ ਕਾਰਨ ਬਣ ਸਕਦੇ ਹਨ। ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਮੁੱਖ ਖੋਜੀ ਸਕਾਟ ਵਿਚੈਂਥਲ ਨੇ ਕਿਹਾ ਕਿ ਅਸੀਂ ਪਾਇਆ ਕਿ ਬਾਹਰੀ PM 2.5 ਹਰ ਸਾਲ ਦੁਨੀਆ ਭਰ ਵਿਚ 15 ਲੱਖ ਵਾਧੂ ਮੌਤਾਂ ਲਈ ਜ਼ਿੰਮੇਵਾਰ ਹੋ ਸਕਦਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਹਵਾ ਪ੍ਰਦੂਸ਼ਣ ਰੋਕਣ ਲਈ ਦਰਜ ਕੀਤੀ ਪਟੀਸ਼ਨ ਤੋਂ ਤੁਰੰਤ ਸੁਣਵਾਈ ਤੋਂ ਵੀ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਐੱਨਸੀਆਰ ਵਿਚ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਾਵਾਂ ਅਤੇ ਪਰਾਲੀ ਸਾੜਨ 'ਤੇ ਪੂਰਨ ਪਾਬੰਦੀ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਸੁਣਵਾਈ ਤੋਂ ਤੁਰੰਤ ਇਨਕਾਰ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਮੁੱਦੇ ਨਿਆਂਪਾਲਿਕਾ ਦੇ ਘੇਰੇ ਵਿਚ ਨਹੀਂ ਆਉਂਦੇ ਹਨ।