
ਜੇਕਰ ਤੁਹਾਨੂੰ ਵੀ ਏਸੀ ’ਚ ਬੈਠ ਕੇ ਘੱਟ ਪਿਆਸ ਲਗਦੀ ਹੈ ਤਾਂ ਤੁਸੀਂ ਸਰੀਰ ਵਿਚ ਪਾਣੀ ਦੀ ਕਮੀ ਨੂੰ ਹੋਰ ਤਰੀਕਿਆਂ ਨਾਲ ਪੂਰਾ ਕਰ ਸਕਦੇ ਹੋ।
ਜ਼ਿਆਦਾ ਦੇਰ ਤਕ ਏ.ਸੀ. ਵਿਚ ਰਹਿਣ ਕਾਰਨ ਸਰੀਰ ਵਿਚੋਂ ਪਸੀਨਾ ਨਹੀਂ ਨਿਕਲਦਾ। ਉੱਥੇ ਹੀ ਏਸੀ ਦੀ ਠੰਢੀ ਹਵਾ ਕਾਰਨ ਸਰੀਰ ਦਾ ਤਾਪਮਾਨ ਵੀ ਘੱਟ ਜਾਂਦਾ ਹੈ ਜਿਸ ਕਾਰਨ ਪਿਆਸ ਘੱਟ ਲਗਦੀ ਹੈ। ਪਰ ਸਰੀਰ ਵਿਚ ਪਾਣੀ ਦੀ ਪੂਰਤੀ ਨੂੰ ਬਣਾਈ ਰਖਣਾ ਵੀ ਜ਼ਰੂਰੀ ਹੈ ਤਾਂ ਜੋ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਨਾ ਹੋਣ। ਮਾਹਰਾਂ ਅਨੁਸਾਰ ਹਰ ਮੌਸਮ ’ਚ ਹਰ ਵਿਅਕਤੀ ਲਈ ਘੱਟੋ-ਘੱਟ 8 ਗਲਾਸ ਯਾਨੀ 2 ਲੀਟਰ ਪਾਣੀ ਪੀਣਾ ਜ਼ਰੂਰੀ ਹੈ। ਅਜਿਹੇ ਵਿਚ ਜੇਕਰ ਤੁਹਾਨੂੰ ਵੀ ਏਸੀ ’ਚ ਬੈਠ ਕੇ ਘੱਟ ਪਿਆਸ ਲਗਦੀ ਹੈ ਤਾਂ ਤੁਸੀਂ ਸਰੀਰ ਵਿਚ ਪਾਣੀ ਦੀ ਕਮੀ ਨੂੰ ਹੋਰ ਤਰੀਕਿਆਂ ਨਾਲ ਪੂਰਾ ਕਰ ਸਕਦੇ ਹੋ।
ਸਰੀਰ ਵਿਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਦਾ ਸੱਭ ਤੋਂ ਵਧੀਆ ਤਰੀਕਾ ਹੈ ਫਲ ਖਾਣਾ। ਗਰਮੀਆਂ ਵਿਚ ਬਹੁਤ ਸਾਰੇ ਜੂਸੀ ਫ਼ਰੂਟ ਆਉਂਦੇ ਹਨ ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੇ ’ਚ ਸਰੀਰ ਵਿਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਤਰਬੂਜ਼, ਸਟ੍ਰਾਬੇਰੀ, ਖਰਬੂਜ਼ਾ, ਆੜੂ, ਅਨਾਨਾਸ ਵਰਗੇ ਫਲ ਖਾ ਸਕਦੇ ਹੋ।
ਸਵੇਰ ਦੀ ਚਾਹ ਦੀ ਬਜਾਏ ਗ੍ਰੀਨ ਟੀ ਨੂੰ ਅਪਣੀ ਰੁਟੀਨ ਦਾ ਹਿੱਸਾ ਬਣਾਉ। ਇਸ ਨਾਲ ਸਰੀਰ ’ਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਸਰੀਰ ਦੇ ਜ਼ਹਿਰੀਲੇ ਤੱਤ ਵੀ ਬਾਹਰ ਨਿਕਲ ਜਾਂਦੇ ਹਨ। ਦੁਪਹਿਰ ਦੇ ਖਾਣੇ ਵਿਚ ਸਲਾਦ ਖਾਉ ਜਿਸ ’ਚ ਟਮਾਟਰ, ਹਰੇ ਪੱਤੇ, ਖੀਰਾ, ਤਰ ਆਦਿ ਸ਼ਾਮਲ ਹਨ। ਇਸ ਵਿਚ 95 ਫ਼ੀ ਸਦੀ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਹਾਈਡਰੇਟ ਰਖਦਾ ਹੈ। ਇਸ ਤੋਂ ਇਲਾਵਾ ਤੁਸੀਂ ਤੰਦਰੁਸਤ ਵੀ ਰਹਿੰਦੇ ਹੋ। ਦਹੀਂ ਵਿਚ 85 ਫ਼ੀ ਸਦੀ ਪਾਣੀ ਅਤੇ ਜ਼ਰੂਰੀ ਪ੍ਰੋਬਾਇਉਟਿਕਸ ਹੁੰਦੇ ਹਨ ਜੋ ਡੀਹਾਈਡਰੇਸ਼ਨ ਨੂੰ ਰੋਕਦੇ ਹਨ। ਇਸ ਨਾਲ ਹੀ ਇਹ ਗਰਮੀਆਂ ਦੀ ਐਲਰਜੀ ਤੋਂ ਬਚਣ ਦਾ ਵੀ ਵਧੀਆ ਤਰੀਕਾ ਹੈ। ਇਸ ਤੋਂ ਇਲਾਵਾ ਸਰੀਰ ਵਿਚ ਪ੍ਰੋਟੀਨ, ਵਿਟਾਮਿਨ ਬੀ ਅਤੇ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਹੈ।
ਸਵੇਰੇ ਜਾਂ ਸ਼ਾਮ ਨੂੰ 1 ਗਲਾਸ ਫਲਾਂ ਅਤੇ ਸਬਜ਼ੀਆਂ ਨਾਲ ਬਣਿਆ ਜੂਸ ਜ਼ਰੂਰ ਪੀਉ। ਸਰੀਰ ਵਿਚ ਪਾਣੀ ਦੀ ਕਮੀ ਵੀ ਨਹੀਂ ਹੋਵੇਗੀ। ਗਰਮੀਆਂ ਵਿਚ ਡੀਹਾਈਡ੍ਰੇਸ਼ਨ ਤੋਂ ਬਚਣ ਦਾ ਸੱਭ ਤੋਂ ਵਧੀਆ ਤਰੀਕਾ ਹੈ ਗੰਨੇ ਦਾ ਜੂਸ ਪੀਣਾ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਸਰੀਰ ਨੂੰ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।