
ਅੱਜ ਦੀ ਨਵੀਂ ਪੀੜ੍ਹੀ ਲਈ ਆਰਗੈਨਿਕ ਖੇਤੀ ਅਜੂਬਾ ਜਾਂ ਕੋਈ ਨਵੀਂ ਚੀਜ਼ ਹੈ
ਆਰਗੈਨਿਕ ਖੇਤੀ ਨੂੰ ਪੁਰਾਤਨ ਖੇਤੀ ਕਹਿ ਦੇਈਏ ਤਾਂ ਗ਼ਲਤ ਨਹੀਂ ਹੋਵੇਗਾ। ਅੱਜ ਦੀ ਨਵੀਂ ਪੀੜ੍ਹੀ ਲਈ ਆਰਗੈਨਿਕ ਖੇਤੀ ਅਜੂਬਾ ਜਾਂ ਕੋਈ ਨਵੀਂ ਚੀਜ਼ ਹੈ ਪਰ ਪੁਰਾਣੇ ਸਮੇਂ ’ਚ ਇਹ ਚੀਜ਼ ਆਮ ਤੇ ਜ਼ਿੰਦਗੀ ਦਾ ਅਟੁੱਟ ਹਿੱਸਾ ਸੀ। ਅੱਜ ਆਰਗੈਨਿਕ ਖ਼ੁਰਾਕੀ ਵਸਤਾਂ ਦੀ ਖ਼ਰੀਦ ਲਈ ਵਿਰਲੀਆਂ ਦੁਕਾਨਾਂ ਹਨ। ਅਸਲ ’ਚ ਪੁਰਾਤਨ ਖੇਤੀ ਸ਼ੁੱਧ ਖੇਤੀ ਸੀ ਜਿਸ ’ਚ ਜ਼ਹਿਰੀਲੇ ਤੱਤ ਨਹੀਂ ਸਨ, ਲੋਕ ਸ਼ੁੱਧ ਤੇ ਤਾਕਤਵਰ ਖੁਰਾਕ ਖਾਂਦੇ ਸਨ ਅਤੇ ਸਿਹਤਮੰਦ ਰਹਿੰਦੇ ਸਨ। ਉਸ ਸਮੇਂ ਲੋਕ ਬਿਮਾਰੀਆਂ ਤੋਂ ਰਹਿਤ ਸਨ ਤੇ ਉਹ ਸਰੀਰਕ ਤੌਰ ’ਤੇ ਮਜ਼ਬੂਤ ਵੀ ਸਨ।
ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਮਨੁੱਖ ਨੇ ਵਧੀ ਆਬਾਦੀ ਦੀਆਂ ਲੋੜਾਂ ਮੁਤਾਬਕ ਅਨਾਜ, ਸਬਜ਼ੀਆਂ ਤੇ ਫਲਾਂ ਦੀ ਪੈਦਾਵਾਰ ਤਾਂ ਵਧਾ ਲਈ ਹੈ ਪਰ ਸਾਰਾ ਖਾਣ-ਪੀਣ ਜ਼ਹਿਰੀਲਾ ਕਰ ਲਿਆ ਹੈ। ਅੱਜ ਹਸਪਤਾਲਾਂ ਦੀ ਭਰਮਾਰ ਹੈ ਤੇ ਫਿਰ ਵੀ ਹਸਪਤਾਲਾਂ ’ਚ ਭੀੜ ਹੈ, ਡਾਕਟਰ ਪੂਰੇ ਨਹੀਂ ਆ ਰਹੇ, ਮੈਡੀਕਲ ਕਾਲਜ ਵੱਧ ਰਹੇ ਹਨ। ਵਿਦੇਸ਼ਾਂ ’ਚੋਂ ਨੌਜਵਾਨ ਡਾਕਟਰੀ ਦੀਆਂ ਪੜ੍ਹਾਈਆਂ ਕਰ ਰਹੇ ਹਨ। ਇਸ ਦੇ ਬਾਵਜੂਦ ਡਾਕਟਰ ਘੱਟ ਤੇ ਮਰੀਜ਼ ਜ਼ਿਆਦਾ ਹਨ। ਪੀਜੀਆਈ ਦਿੱਲੀ ਤੇ ਚੰਡੀਗੜ੍ਹ ਵਰਗੇ ਹਸਪਤਾਲਾਂ ’ਚ ਤਾਂ ਲੋਕ ਅੱਧੀ ਰਾਤ ਨੂੰ ਹੀ ਕਤਾਰਾਂ ’ਚ ਲੱਗ ਜਾਂਦੇ ਹਨ। ਬਿਨਾਂ ਸ਼ੱਕ ਸਰਕਾਰ ਮੈਡੀਕਲ ਸਹੂਲਤਾਂ ਦੇ ਕੇ ਅਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ।
ਪਰ ਇਹ ਤਾਂ ਲੋਕਾਂ ਨੂੰ ਵੀ ਸੋਚਣਾ ਪਵੇਗਾ ਕਿ ਆਖ਼ਰ ਬਿਮਾਰੀਆਂ ਦੇ ਵਾਧੇ ਲਈ ਲੋਕਾਂ ਦੀ ਅਪਣੀ ਕਿੰਨੀ ਕੁ ਭੂਮਿਕਾ ਹੈ। ਸ੍ਰੀਰਕ ਕੰਮਕਾਜ ਨਹੀਂ ਰਿਹਾ, ਉੱਤੋਂ ਜ਼ਹਿਰੀਲੀ ਖੁਰਾਕ ਨੇ ਸਰੀਰ ਨੂੰ ਖੋਖਲਾ ਕਰ ਦਿਤਾ ਹੈ। ਇਸ ਲਈ ਜ਼ਰੂਰੀ ਹੈ ਲੋਕ ਅਪਣੇ ਵਿਰਸੇ ਨਾਲ ਜ਼ਹਿਰ ਮੁਕਤ ਖੇਤੀ ਤੇ ਖ਼ੁਰਾਕੀ ਪਦਾਰਥਾਂ ਨਾਲ ਜੁੜਨ। ਕਿਸਾਨ ਘੱਟੋ-ਘੱਟ ਅਪਣੇ ਪ੍ਰਵਾਰਾਂ ਲਈ ਤਾਂ ਜ਼ਹਿਰ ਮੁਕਤ ਖੇਤੀ ਕਰਨ। ਅਸਲ ’ਚ ਜ਼ਹਿਰ ਮੁਕਤ ਖੇਤੀ ਦੇਸ਼ ਦੀ ਆਰਥਕਤਾ ਨੂੰ ਵੀ ਮਜ਼ਬੂਤ ਕਰਨ ’ਚ ਵੱਡਾ ਰੋਲ ਨਿਭਾ ਸਕਦੀ ਹੈ। ਜਿੰਨੀ ਬਿਮਾਰੀ ਘੱਟ ਹੋਵੇਗੀ, ਓਨਾ ਹੀ ਲੋਕਾਂ ਦੀ ਜੇਬ੍ਹ ’ਚ ਪੈਸਾ ਵੱਧ ਹੋਵੇਗਾ।
ਆਰਗੈਨਿਕ ਖੇਤੀ ਜਿਨਸਾਂ ਦੀ ਕੌਮਾਂਤਰੀ ਬਜ਼ਾਰਾਂ ’ਚ ਮੰਗ ਜ਼ਿਆਦਾ ਹੈ। ਜ਼ਹਿਰ ਮੁਕਤ ਖ਼ੁਰਾਕ ਸਿਹਤਮੰਤ ਖਿਡਾਰੀ, ਸਿਹਤਮੰਦ ਮੁਲਾਜ਼ਮ ਪੈਦਾ ਕਰੇਗੀ ਜੋ ਰਾਸ਼ਟਰ ਦੇ ਨਿਰਮਾਣ ’ਚ ਵਧੀਆ ਭੂਮਿਕਾ ਨਿਭਾਉਣਗੇ। ਜਦੋਂ ਤੋਂ ਦੇਸ਼ ’ਚ ਬਹੁ ਰਾਸ਼ਟਰੀ ਕੰਪਨੀਆਂ ਦਾ ਦਬਦਬਾ ਵਧਿਆ ਹੈ, ਉਦੋਂ ਤੋਂ ਖੇਤੀ ਤੇ ਬਾਗ਼ਬਾਨੀ ਲਈ ਕੀਟਨਾਸ਼ਕਾਂ ਦੀਆਂ ਵਿਦੇਸ਼ੀ ਦਵਾਈਆਂ ਦੀ ਵਰਤੋਂ ਜ਼ਿਆਦਾ ਹੋਣ ਲੱਗੀ ਹੈ।
ਸਿੱਕਮ ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਗੁਜਰਾਤ, ਤਾਮਿਲਨਾਡੂ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੇ ਇਸ ਦਿਸ਼ਾ ’ਚ ਸਫ਼ਲ ਪ੍ਰਯੋਗ ਕੀਤੇ ਹਨ। ਇਸ ’ਚ ਕੀਟਨਾਸ਼ਕਾਂ ਦੀ ਥਾਂ ਤਿੰਨ ਦਿਨ ਪੁਰਾਣੀ ਲੱਸੀ ਦਾ ਛਿੜਕਾਅ, ਨਿੰਮ ਦੀਆਂ ਪੱਤੀਆਂ ਦੀ ਵਰਤੋਂ ਕਾਫ਼ੀ ਲਾਹੇਵੰਦ ਸਾਬਤ ਹੋਈ। ਆਂਧਰਾ ਪ੍ਰਦੇਸ਼ ਦੇ 19 ਜ਼ਿਲ੍ਹਿਆਂ ’ਚ ਕਿਸਾਨਾਂ ਨੇ ਕੀਟਨਾਸ਼ਕਾਂ ਤੋਂ ਬਿਨਾਂ ਆਰਗੈਨਿਕ ਦੀ ਸਫ਼ਲ ਖੇਤੀ ਕਰ ਕੇ ਤੇ ਪੈਦਾਵਾਰ ਪਹਿਲਾਂ ਤੋਂ ਵੀ ਵਧਾ ਕੇ ਇਹ ਸਾਬਤ ਕਰ ਦਿਤਾ ਕਿ ਕੀਟਨਾਸ਼ਕ ਦਵਾਈਆਂ ਤੋਂ ਬਿਨਾ ਵੀ ਖੇਤੀ ਕੀਤੀ ਜਾ ਸਕਦੀ ਹੈ।
- ਵਿਜੈ ਗਰਗ ਰਿਟਾਇਰਡ ਪਿ੍ਰੰਸੀਪਲ ਐਜੂਕੇਸਨਲ ਕਾਲਮਨਿਸਟ ਮਲੋਟ।