
ਪਰ ਪਿਛਲੇ ਕੁੱਝ ਸਾਲਾਂ ਵਿਚ ਹੋਈਆਂ ਵਿਗਿਆਨਕ ਖੋਜਾਂ ਨੇ ਮਨੁੱਖ ਨੂੰ ਅਪਣੀ ਸੋਚ ਬਦਲਣ ਲਈ ਪ੍ਰੇਰਤ ਕੀਤਾ ਹੈ।
Role of Insects in Human Life: ਕਦੇ ਅਜਿਹਾ ਵੀ ਸਮਾਂ ਹੋਇਆ ਕਰਦਾ ਸੀ ਜਦੋਂ ਅਸਮਾਨ ਵਿਚ ਚੱਕਰ ਲਗਾਉਂਦੀਆਂ ਇਲਾਂ ਦੇ ਝੁੰਡ ਨੂੰ ਮਾੜਾ ਮੰਨਿਆ ਜਾਂਦਾ ਸੀ। ਇਹ ਮਰੇ ਹੋਏ ਪਸ਼ੂਆਂ ਦਾ ਗਲਿਆ ਸੜਿਆ ਮਾਸ ਖਾਂਦੀਆਂ ਹਨ, ਇਸ ਲਈ ਲੋਕਾਂ ਵਲੋਂ ਇਨ੍ਹਾਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਪਰ ਪਿਛਲੇ ਕੁੱਝ ਸਾਲਾਂ ਵਿਚ ਹੋਈਆਂ ਵਿਗਿਆਨਕ ਖੋਜਾਂ ਨੇ ਮਨੁੱਖ ਨੂੰ ਅਪਣੀ ਸੋਚ ਬਦਲਣ ਲਈ ਪ੍ਰੇਰਤ ਕੀਤਾ ਹੈ।
ਇਨ੍ਹਾਂ ਖੋਜਾਂ ਨੇ ਵਾਤਾਵਰਨ ਮਾਹਰਾਂ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ ਕਿ ਇਹ ਮਾਸ ਖੋਰੇ ਪੰਛੀ ਸ਼ਹਿਰਾਂ ਅਤੇ ਪਿੰਡਾਂ ਦੇ ਬਾਹਰ ਖੁੱਲ੍ਹੀਆਂ ਥਾਵਾਂ ਖ਼ਾਸ ਕਰ ਕੇ ਹੱਡਾਂ-ਰੋੜੀ ਉੱਤੇ ਮਰੇ ਹੋਏ ਪਸ਼ੂਆਂ ਦਾ ਮਾਸ ਖਾ ਕੇ ਸਾਡੇ ਵਾਤਾਵਰਨ ਨੂੰ ਸਾਫ਼ ਹੀ ਨਹੀਂ ਕਰਦੇ ਸਗੋਂ ਕੁਦਰਤੀ ਵਿਭਿੰਨਤਾ ਦੇ ਸੰਤੁਲਨ ਨੂੰ ਵੀ ਬਣਾਈ ਰਖਦੇ ਹਨ। ਦਸਣਯੋਗ ਹੈ ਕਿ ਸੰਨ 1980 ਤਕ ਇਕੱਲੇ ਭਾਰਤ ਵਿਚ ਹੀ ਇੱਲਾਂ ਦੀ ਅੰਦਾਜ਼ਨ ਗਿਣਤੀ 40 ਮਿਲੀਅਨ ਦੇ ਕਰੀਬ ਸੀ ਜੋ ਕਿ 2007 ਵਿਚ ਘੱਟ ਕੇ ਇਕ ਲੱਖ ਦੇ ਕਰੀਬ ਰਹਿ ਗਈ ਸੀ।
ਇਕ ਘਟਨਾ ਜਿਸ ਨੇ ਵਾਤਾਵਰਨ ਵਿਗਿਆਨੀਆਂ ਨੂੰ ਸੁਚੇਤ ਕੀਤਾ ਉਹ ਰਾਜਸਥਾਨ ਦੇ ਇਲਾਕੇ ਭਰਤਪੁਰ ਦੀ ਹੈ। ਇਥੋਂ ਦੇ ਮਸ਼ਹੂਰ ਕੀਓਲਾਡੋ ਕੌਮੀ ਪਾਰਕ ਦੇ ਇਕ ਪ੍ਰਮੁੱਖ ਵਿਗਿਆਨੀ ਨੇ ਨੋਟ ਕੀਤਾ ਕਿ ਪਾਰਕ ਵਿਚਲੇ ਸਾਢੇ ਤਿੰਨ ਸੌ ਦੇ ਕਰੀਬ ਪੰਛੀ ਥੋੜ੍ਹੇ ਹੀ ਸਮੇਂ ਵਿਚ ਸਾਰੇ ਦੇ ਸਾਰੇ ਬਿਨਾਂ ਕਿਸੇ ਕਾਰਨ ਮਰ ਗਏ ਸਨ।
ਕੰਨ ਖੜੇ ਕਰ ਦੇਣ ਵਾਲੀ ਇਸ ਘਟਨਾ ਨੇ ਦੇਸ਼ ਭਰ ਦੇ ਵਿਗਿਆਨੀਆਂ ਦਾ ਧਿਆਨ ਇੱਲਾਂ ਦੀ ਲਗਾਤਾਰ ਘੱਟ ਰਹੀ ਆਬਾਦੀ ਵਲ ਆਕਰਸ਼ਿਤ ਕਰ ਲਿਆ। ਮਾਸ-ਖੋਰੇ ਇਨ੍ਹਾਂ ਪੰਛੀਆਂ ਦੀ ਤੇਜ਼ੀ ਨਾਲ ਘੱਟ ਰਹੀ ਆਬਾਦੀ ਮਾਹਰਾਂ ਦੀ ਸਮਝ ਤੋਂ ਪਰੇ ਸੀ। ਲੰਮੇ ਸਮੇਂ ਤਕ ਕੀਤੀਆਂ ਖੋਜਾਂ ਤੋਂ ਪਤਾ ਲੱਗਾ ਕਿ ਜਿਨ੍ਹਾਂ ਪਸ਼ੁੂਆਂ ਨੂੰ ਮਰਨ ਤੋਂ ਪਹਿਲਾਂ ਇਲਾਜ ਦੌਰਾਨ ਡਾਈਕਲੋਫਿਨੇਕ ਨਾਂ ਦੀ ਦਵਾਈ ਦਿਤੀ ਗਈ ਸੀ ਤੇ ਉਨ੍ਹਾਂ ਦਾ ਮਾਸ ਖਾਣ ਕਰ ਕੇ ਇੱਲਾਂ ਮਰ ਜਾਂਦੀਆਂ ਸਨ।
ਇਹੋ ਹੀ ਇਨ੍ਹਾਂ ਦੀ ਆਬਾਦੀ ਦੇ ਘਟਣ ਦਾ ਵੱਡਾ ਕਾਰਨ ਸੀ। ਸੰਨ 1992 ਤੋਂ 2007 ਤਕ ਪੰਦਰਾਂ ਸਾਲਾਂ ਦੇ ਸਮੇਂ ਦੇ ਕੀਤੇ ਗਏ ਇਕ ਸਰਵੇ ਅਨੁਸਾਰ ਇੱਲਾਂ ਦੀ ਕੁੱਲ ਆਬਾਦੀ ਦਾ 97 ਫ਼ੀ ਸਦ ਹਿੱਸਾ ਮੌਤ ਦੇ ਮੂੰਹ ਵਿਚ ਜਾ ਚੁੱਕਾ ਸੀ।
ਭਾਰਤ ਵਿਚ ਮਿਲਦੀਆਂ ਨੌਂ ਪ੍ਰਜਾਤੀਆਂ ਵਿਚੋਂ ਲੰਮੀ ਚੁੰਝ ਵਾਲੀ, ਪਤਲੀ ਚੁੰਝ ਵਾਲੀ ਅਤੇ ਚਿੱਟੀ ਗਰਦਨ ਵਾਲੀਆਂ ਤਿੰਨ ਪ੍ਰਜਾਤੀਆਂ ਦੀ ਗਿਣਤੀ ਤਾਂ ਖ਼ਤਰਨਾਕ ਪੱਧਰ ਤਕ ਡਿੱਗ ਚੁਕੀ ਸੀ। ਵਾਤਰਵਰਨ ਨੂੰ ਸਵੱਛ ਰੱਖਣ ਵਿਚ ਇਨ੍ਹਾਂ ਇੱਲਾਂ ਦੇ ਯੋਗਦਾਨ ਨੂੰ ਹੁਣ ਤਕ ਕੋਈ ਮਹੱਤਤਾ ਨਹੀਂ ਦਿਤੀ ਜਾਂਦੀ ਰਹੀ ਸੀ ਪਰ ਹੁਣ ਉਨ੍ਹਾਂ ਵਲੋਂ ਪਾਏ ਯੋਗਦਾਨ ਦੀ ਸਮਝ ਆਉਣ ਲੱਗੀ ਹੈ।
ਇੱਥੇ ਇਹ ਵੀ ਜਾਣਨਯੋਗ ਹੈ ਕਿ ਪਾਰਸੀ ਸਮਾਜ ਦੇ ਲੋਕ ਮਰਨ ਤੋਂ ਬਾਅਦ ਮਿ੍ਰਤਕ ਦੇਹਾਂ ਨੂੰ ਇੱਲਾਂ ਦੇ ਹਵਾਲੇ ਖਾਣ ਲਈ ਛੱਡ ਦਿੰਦੇ ਹਨ। ਮਾਸ ਖੋਰੇ ਪੰਛੀਆਂ ਦੀ ਗਿਣਤੀ ਘਟਣ ਨਾਲ ਉਨ੍ਹਾਂ ਲਈ ਵੀ ਮਨੁੱਖ ਦੇ ਮਰਨ ਤੋਂ ਬਾਅਦ ਦੀਆਂ ਰਸਮਾਂ ਨਿਭਾਉਣਾ ਮੁਸ਼ਕਲ ਹੋ ਚੁਕਾ ਹੈ।
ਵਿਸ਼ੇਸ਼ ਧਿਆਨ ਦੇਣ ਯੋਗ ਹੈ ਕਿ ਹੱਡਾਂ-ਰੋੜੀ ਉੱਤੇ ਖਿਲਰਿਆ ਹੋਇਆ ਪਸ਼ੂਆਂ ਦਾ ਗਲਿਆ-ਸੜਿਆ ਮਾਸ ਅੰਥਰੈਕਸ, ਹੈਜ਼ਾ, ਟੀ.ਬੀ., ਹਲਕਾ ਅਤੇ ਭੋਜਨ ਨੂੰ ਜ਼ਹਿਰੀਲਾ ਬਣਾਉਣ ਵਾਲੇ ਕੀਟਾਣੂਆਂ ਨਾਲ ਭਰਪੂਰ ਹੁੰਦਾ ਹੈ ਜਿਸ ਨੂੰ ਖ਼ਤਮ ਕਰਨ ਲਈ ਲੋੜੀਂਦੇ ਤੇਜ਼ਾਬ ਇੱਲਾਂ ਦੇ ਢਿੱਡ ਵਿਚ ਕੁਦਰਤੀ ਤੌਰ ’ਤੇ ਮੌਜੂਦ ਹੁੰਦੇ ਹਨ।
ਇਸ ਤਰ੍ਹਾਂ ਇਹ ਮਾਸ ਨੂੰ ਖਾ ਕੇ ਅਪਣੀ ਭੁੱਖ ਵੀ ਮਿਟਾਉਂਦੀਆਂ ਹਨ ਅਤੇ ਵਾਤਾਵਰਨ ਨੂੰ ਉਕਤ ਭਿਆਨਕ ਬਿਮਾਰੀਆਂ ਤੋਂ ਮੁਕਤ ਵੀ ਕਰਦੀਆਂ ਹਨ। ਇਨ੍ਹਾਂ ਦੀ ਆਬਾਦੀ ਘਟਣ ਨਾਲ ਹਿੰਸਕ ਕੁੱਤਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਕਾਰਨ ਕੁੱਤਿਆਂ ਵਲੋਂ ਮਨੁੱਖਾਂ ਉਤੇ ਹਮਲਾ ਕਰਨ ਦੀਆਂ ਘਟਨਾਵਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ।
ਕਈ ਵਾਰ ਤਾਂ ਇਨ੍ਹਾਂ ਵਲੋਂ ਬੱਚਿਆਂ ਨੂੰ ਨੋਚ-ਖਾਣ ਦੀਆਂ ਦਿਲ ਕੰਬਾਉਣ ਵਾਲੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹਨ। ਇਥੇ ਇਹ ਵੀ ਜਾਣਨਯੋਗ ਹੈ ਕਿ ਪਾਗਲ ਕੁੱਤਿਆਂ ਦੁਆਰਾ ਕੱਟੇ ਜਾਣ ਨਾਲ ਹਲਕਾਅ ਦੀਆਂ ਘਟਨਾਵਾਂ ਵੀ ਪਹਿਲੇ ਨਾਲੋਂ ਕਿਤੇ ਜ਼ਿਆਦਾ ਵਧ ਗਈਆਂ ਹਨ। ਇਕ ਸਰਵੇ ਅਨੁਸਾਰ ਸੰਨ 1992 ਅਤੇ ਸੰਨ 2006 ਦੇ ਸਮੇਂ ਦੌਰਾਨ ਤਕਰੀਬਨ 48,000 ਲੋਕਾਂ ਦੀਆਂ ਹਲਕਾਅ ਕਾਰਨ ਹੀ ਮੌਤਾਂ ਹੋਈਆਂ ਹਨ ਜਿਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ।
ਵਿਸ਼ਵ ਭਰ ਦੇ ਵਿਗਿਆਨੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਹੱਡਾਂ-ਰੋੜੀ ਨੂੰ ਖ਼ਤਮ ਕਰਨ ਵਾਲੀਆਂ ਇੱਲਾਂ ਦੀ ਆਬਾਦੀ ਘੱਟਣ ਕਰ ਕੇ ਮਨੁੱਖ ਵੱਸੋਂ ਵਿਚ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ ਜੋ ਕਿ ਕਿਸੇ ਵੇਲੇ ਵੀ ਮਹਾਂਮਾਰੀ ਦਾ ਰੂਪ ਧਾਰਨ ਕਰ ਸਕਦੀਆਂ ਹਨ। ਜਾਨਵਰਾਂ ਤੋਂ ਮਨੁੱਖ ਤਕ ਫੈਲਣ ਵਾਲੀਆਂ ਬਿਮਾਰੀਆਂ ਦੀ ਗੱਲ ਕਰਦਿਆਂ ਕੋਰੋਨਾ ਮਹਾਂਮਾਰੀ ਨੂੰ ਵੀ ਇਸ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਯਾਦ ਰੱਖਣ ਯੋਗ ਹੈ ਕਿ ਕੋਰੋਨਾ ਬਿਮਾਰੀ ਵੀ ਜਾਨਵਰਾਂ ਤੋਂ ਹੀ ਮਨੁੱਖ ਤਕ ਫੈਲੀ ਸੀ।
ਸੰਸਾਰ ਭਰ ਦੇ ਵਿਗਿਆਨੀ ਅਤੇ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਇਸ ਗੱਲ ਨੂੰ ਲੈ ਕੇ ਬੇਹੱਦ ਚਿੰਤਤ ਹਨ ਕਿ ਜੇਕਰ ਇੱਲਾਂ ਦੀ ਆਬਾਦੀ ਇਸੇ ਤਰੀਕੇ ਨਾਲ ਘਟਦੀ ਰਹੀ ਤਾਂ ਪਸ਼ੂਆਂ ਦੇ ਗਲੇ-ਸੜੇ ਮਾਸ ਤੋਂ ਅੰਥਰੈਕਸ, ਟੀ.ਬੀ. ਅਤੇ ਬਰੂਸੈਲੋਸਿਸ ਵਰਗੀਆਂ ਬਿਮਾਰੀਆਂ ਭਿਆਨਕ ਰੂਪ ਧਾਰਨ ਕਰ ਸਕਦੀਆਂ ਹਨ। ਇਸ ਤੋਂ ਸਾਡੇ ਪਸ਼ੂਧਨ ਨੂੰ ਵੀ ਖ਼ਤਰਾ ਬਣਿਆ ਰਹੇਗਾ ਅਤੇ ਮਨੁੱਖੀ ਆਬਾਦੀ ਵੀ ਇਸ ਦੇ ਕੁਚੱਕਰ ਵਿਚ ਫਸ ਸਕਦੀ ਹੈ।
ਸਮੁੱਚੇ ਵਿਸ਼ਵ ਦੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਇਸ ਗੰਭੀਰ ਸਮੱਸਿਆ ਪ੍ਰਤੀ ਫ਼ਿਕਰਮੰਦ ਹਨ। ਭਾਰਤ ਸਰਕਾਰ ਨੇ ਵੀ ਸਥਿਤੀ ਦੀ ਸੰਜੀਦਗੀ ਨੂੰ ਵੇਖਦਿਆਂ ਹੋਇਆਂ ਦੇਸ਼ ਵਿਚ ਸੰਨ 2006 ਤੋਂ ਹੀ ਪਸ਼ੂਆਂ ਦੇ ਇਲਾਜ ਲਈ ਵਰਤੀ ਜਾਂਦੀ ਡਾਈਕਲੋਫ਼ਿਨੇਕ ਦਵਾਈ ਦਾ ਉਤਪਾਦਨ ਅਤੇ ਵਰਤੋਂ ਉਤੇ ਰੋਕ ਲਗਾ ਦਿਤੀ ਸੀ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਫ਼ਰਵਰੀ 2020 ਵਿਚ ‘ਸੇਵ’ ਪ੍ਰੋਗਰਾਮ ਤਹਿਤ ਇੱਲਾਂ ਦੇ ਬਚਾਅ ਲਈ ਇਕ ਯੋਜਨਾ ਅਮਲ ਵਿਚ ਲਿਆਂਦੀ ਗਈ ਹੈ ਜਿਸ ਦੇ ਤਹਿਤ ਇਨ੍ਹਾਂ ਕੁਦਰਤੀ ਸਫ਼ਾਈ ਸੇਵਕਾਂ ਭਾਵ ਇੱਲਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲੀਆਂ ਦਵਾਈਆਂ ਤੇ ਰੋਕ ਲਾਉਣਾ ਅਤੇ ਇਨ੍ਹਾਂ ਪੰਛੀਆਂ ਲਈ ‘ਬਚਾਅ ਕੇਂਦਰ’ ਖੋਲ ਕੇ ਸੁਰੱਖਿਅਤ ਕਰਨ ਦੀ ਯੋਜਨਾ ਹੈ ਭਾਵੇਂ ਕਿ ਇਹ ਦੇਰ ਨਾਲ ਹੀ ਚੁਕਿਆ ਗਿਆ ਕਦਮ ਹੈ ਪਰ ਇਹ ਸਹੀ ਦਿਸ਼ਾ ਵਲ ਇਕ ਵਧੀਆ ਕਦਮ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਕੁਦਰਤੀ ਸਫ਼ਾਈ ਸੇਵਕ ਇਕ ਵਾਰ ਫਿਰ ਖੁੱਲ੍ਹੀ ਹਵਾ ਵਿਚ ਉਡਾਰੀਆਂ ਭਰਨਗੇ ਅਤੇ ਮਨੁੱਖਤਾ ਨੂੰ ਬਚਾਈ ਰੱਖਣ ਵਿਚ ਵੱਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ।