
ਸਿਆਲੀ ਕਪੜਾ ਰਜਾਈਆਂ, ਤਲਾਈਆਂ ਪੇਟੀ ਦੇ ਵਿਚ ਸੁਰੱਖਿਅਤ ਅਤੇ ਸਾਂਭੀਆਂ ਰਹਿੰਦੀਆਂ ਸੀ।
ਜਦੋਂ ਅਸੀਂ ਛੋਟੇ ਹੁੰਦੇ ਸੀ ਦਾਜ ਦੇ ਵਿਚ ਕੁੜੀ ਵਾਲੇ ਸਿਆਲੀ ਕਪੜੇ ਪਾਉਣ ਲਈ ਪੇਟੀ ਜ਼ਰੂਰ ਦਿੰਦੇ ਸੀ। ਸਾਡੀ ਬੀਜੀ ਮੇਰੀਆਂ ਗਰਮ ਵਰਦੀਆਂ, ਗਰਮ ਜਰਸੀ, ਸਿਵਲ ਗਰਮ ਪੈਂਟ ਕੋਟ, ਕਮੀਜ਼ਾਂ ਜੈਕਟਾਂ ਪੇਟੀ ਵਿਚ ਗਰਮੀਆਂ ਵਿਚ ਸਾਂਭ ਕੇ ਰਖਦੇ ਸਨ। ਦੁਨੀਆਂ ਭਰ ਦਾ ਸਮਾਨ ਪੇਟੀ ਵਿਚ ਆ ਜਾਂਦਾ ਸੀ। ਸਿਆਲ ਵਾਲੀਆਂ ਰਜਾਈਆਂ ਜਦੋਂ ਗਰਮੀ ਆ ਜਾਂਦੀ ਸੀ ਬੀਜੀ ਫਰਨੈਲ ਦੀਆਂ ਗੋਲੀਆਂ ਭਰ ਕੇ ਪੇਟੀ ਵਿਚ ਰੱਖ ਦਿੰਦੇ ਸੀ। ਸਿਆਲੀ ਕਪੜਾ ਰਜਾਈਆਂ, ਤਲਾਈਆਂ ਪੇਟੀ ਦੇ ਵਿਚ ਸੁਰੱਖਿਅਤ ਅਤੇ ਸਾਂਭੀਆਂ ਰਹਿੰਦੀਆਂ ਸੀ।
ਮੈਂ ਇਥੇ ਗੱਲ ਰਜਾਈ ਦੀ ਕਰ ਰਿਹਾ ਹਾਂ। ਰਜਾਈ, ਤਲਾਈ ਇਕ ਖ਼ਾਸ ਕਿਸਮ ਦਾ ਗਰਮ ਬਿਸਤਰਾ ਹੁੰਦਾ ਹੈ। ਰਜਾਈ ਸਿਆਲ ਵਿਚ ਉਪਰ ਸੌਣ ਲਗਿਆਂ ਲਈ ਦੀ ਹੈ ਤੇ ਤਲਾਈ ਬਿਸਤਰੇ ਦੇ ਥੱਲੇ ਸਰੀਰ ਨੂੰ ਥੱਲਿਉਂ ਗਰਮ ਰੱਖਣ ਲਈ ਵਿਛਾਈ ਜਾਂਦੀ ਹੈ। ਰਜਾਈ ਵਿਚ ਰੂੰ ਮਸ਼ੀਨ ਤੋਂ ਪਿੰਜ ਕੇ ਭਰਿਆ ਜਾਂਦਾ ਹੈ। ਰੂੰ ਦੀ ਪੰਜਾਈ ਮਸ਼ੀਨੀ ਤਰੀਕੇ ਨਾਲ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਰਜਾਈ ਦੇ ਗ਼ਲਾਫ ਨੂੰ ਪੁੱਠਾ ਕਰ ਕੇ ਉਸ ਉਤੇ ਪਿੰਜੀ ਹੋਈ ਰੂੰ ਨੂੰ ਸੋਟੀਆਂ ਸਹਾਰੇ ਗੋਲ ਕਰ ਲਿਆ ਜਾਂਦਾ ਹੈ। ਗੋਲ ਹੋਣ ’ਤੇ ਉਸ ਦਾ ਖੁਲ੍ਹਾ ਸਿਰਾ ਸੂਈ ਜਾਂ ਕਦੂੰਈ ਨਾਲ ਸਿਉਂ ਲਿਆ ਜਾਂਦਾ ਹੈ। ਉਸ ਤੋਂ ਬਾਅਦ ਉਸ ਨੂੰ ਸਮਤੁਲ ਕਰਨ ਲਈ ਸੋਟੇ ਨਾਲ ਕੁੱਟਿਆ ਜਾਂਦਾ ਹੈ, ਤਾਂ ਜੋ ਰੂੰ ਰਜਾਈ ਦੇ ਚਾਰ ਕੋਨਿਆਂ ਤਕ ਚਲਾ ਜਾਵੇ। ਨਗੰਦੇ ਪਾਉਣ ਦੀ ਵੀ ਅਲੱਗ ਕਲਾ ਹੈ।
ਨਗੰਦਿਆਂ ਦੀਆਂ ਕਈ ਕਿਸਮਾਂ ਤੇ ਡਿਜ਼ਾਇਨ ਹਨ। ਜਿਵੇਂ ਸਿੱਧੀ ਕਢਾਈ ਆਦਿ ਹਨ। ਇਹ ਰਜਾਈ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੇ ਹਨ। ਰਜਾਈ ਨੂੰ ਨਗੰਦੇ ਪਾਉਂਦੇ ਸਮੇਂ ਸੂਈ, (ਕਦੂੰਈ) ਤੇ ਰੰਗਦਾਰ ਅੱਟੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਨਗੰਦੇ ਪਾਉਂਦੇ ਸਮੇਂ ਉਂਗਲ ਵਿਚ ਚਮੜੇ ਦਾ ਛੱਲਾ ਵੀ ਪਾਇਆ ਜਾਂਦਾ ਹੈ, ਤਾਂ ਜੋ ਉਂਗਲਾਂ ਨੂੰ ਸੂਈ ਨਾ ਵੱਜੇ। ਕਈ ਮਾਹਰ ਔਰਤਾਂ ਛੱਲਿਆਂ ਤੋਂ ਬਗ਼ੈਰ ਵੀ ਨਗੰਦੇ ਪਾ ਦਿੰਦੀਆਂ ਹਨ। ਇਕ ਸਿੰਗਲ ਰਜਾਈ ਵਿਚ ਸਾਢੇ ਤਿੰਨ ਤੋਂ ਚਾਰ ਕਿਲੋਗ੍ਰਾਮ ਕਰੀਬ ਰੂੰ ਪਾਇਆ ਜਾਂਦਾ ਹੈ। ਉਸ ਵੇਲੇ ਡਬੱਲ ਬੈੱਡ ਨਹੀਂ ਹੁੰਦੇ ਸੀ। ਵਾਣੇ ਮੰਜੇ ਜਾਂ ਨਵਾਰੀ ਹੁੰਦੇ ਸਨ। ਅਸੀਂ ਸਿਆਲ ਵਿਚ ਮੰਜੇ ਤੇ ਤਲਾਈ ਦੇ ਉਪਰ ਚਾਦਰ ਵਿਛਾ ਦੋ-ਦੋ ਜਣੇ ਰਜਾਈ ਵਿਚ ਸੌ ਜਾਂਦੇ ਸੀ। ਰਜਾਈ ਵਿਚ ਰੂੰ ਹੋਣ ਕਾਰਨ ਕਾਫ਼ੀ ਨਿੱਘ ਹੁੰਦਾ ਸੀ।
ਬਰਾਤਾਂ ਵਾਸਤੇ ਵੀ ਮੰਜੇ ’ਤੇ ਗਰਮ ਬਿਸਤਰੇ ਰਜਾਈ ਤਲਾਈ ਨਾਲ ਦਿਤੇ ਜਾਂਦੇ ਸੀ। ਜਦੋਂ ਸਾਡੇ ਘਰ ਛੁੱਟੀ ਵਿਚ ਪ੍ਰਾਹੁਣੇ ਦਿੱਲੀ, ਯੂ.ਪੀ. ਤੋਂ ਆਉਂਦੇ ਸਨ ਬੀਜੀ ਉਨ੍ਹਾਂ ਨੂੰ ਪੇਟੀ ਵਿਚੋਂ ਕੱਢ ਨਵੀਆਂ ਰਜਾਈਆਂ ਦਿੰਦੇ ਸਨ। ਹੁਣ ਨਾ ਹੀ ਮੰਜੇ ਬਿਸਤਰੇ ਰਹੇ ਹਨ ਨਾ ਹੀ ਤਲਾਈਆਂ, ਰਜਾਈਆਂ, ਡਬਲ ਬੈੱਡ ਆ ਗਏ ਹਨ ਉਸ ਤੇ ਗੱਦਾ ਰੱਖ ਚਾਦਰ ਵਿਛਾ ਦਿਤੀ ਜਾਂਦੀ ਹੈ। ਰਜਾਈ, ਤਲਾਈ ਦੀ ਥਾਂ ਰਜਾਈਨੁਮਾ ਕੰਬਲ ਆ ਗਏ ਹਨ। ਉਸ ਵਿਚ ਉਹ ਨਿੱਘ ਨਹੀਂ ਜੋ ਰੂੰ ਦੀਆਂ ਰਜਾਈਆਂ ਵਿਚ ਸੀ। ਹੁਣ ਨਾ ਹੀ ਪੇਟੀਆਂ ਰਹੀਆਂ ਹਨ, ਨਾ ਹੀ ਰਜਾਈਆਂ ਰਹੀਆਂ ਹਨ। ਪੇਟੀ ਤੋਂ ਮੈਨੂੰ ਗੱਲ ਚੇਤੇ ਆ ਗਈ ਪਿੰਡ ਵਿਚ ਰਾਸਧਾਰੀਏ ਰਾਸ ਪਾ ਰਹੇ ਸੀ। ਸਾਰਾ ਪਿੰਡ ਰਾਸ ਦੇਖਣ ਆਇਆ ਸੀ। ਰਾਸਧਾਰੀਆਂ ਦੇ ਵਿਚੋਂ ਹੀ ਬੰਦੇ ਕਿਸੇ ਘਰ ਚੋਰੀ ਕਰਨ ਗਏ। ਉਨ੍ਹਾਂ ਨੇ ਪੇਟੀ ਵਿਚੋਂ ਸਮਾਨ ਚੋਰੀ ਕਰਨ ਲਈ ਪੇਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਨਹੀਂ ਟੁਟੀ ਇਕ ਜਣਾ ਆ ਕੇ ਰਾਸ ਵਿਚ ਗਾਣਾ ਬੋਲਣ ਲੱਗ ਪਿਆ:
ਪੇਟੀ ਨਹੀਂ ਟੁਟਦੀ ਜਾਨ ਨਹੀਂ ਛੁਟਦੀ।
ਜੋ ਰਾਸ ਦਾ ਮੁਖੀਆ ਸੀ ਲੈ ਵਿਚ ਬੋਲਿਆ
ਲੈ ਜਾਉ ਰਾਮ ਦੇ ਹਲਾਰੇ ਪੇਟੀ ਰੇੜ ਰਾੜ ਕੇ।
ਸਾਡੀ ਨੌਜਵਾਨ ਪੀੜ੍ਹੀ ਅਪਣੇ ਸਭਿਆਚਾਰ ਤੋਂ ਅਨਜਾਨ ਹਨ। ਅਖ਼ਬਾਰਾਂ ਅਪਣੇ ਪੁਰਾਣੇ ਸਭਿਆਚਾਰ ਨੂੰ ਜਿਊਂਦਾ ਰੱਖਣ ਲਈ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ। ਨੌਜਵਾਨ ਪੀੜ੍ਹੀ ਜੋ ਅਖ਼ਬਾਰਾਂ, ਕਿਤਾਬਾਂ ਅਪਣਾ ਇਤਿਹਾਸ ਨਹੀਂ ਪੜ੍ਹਦੀ ਨੂੰ ਪੜ੍ਹ ਅਪਣੇ ਸਭਿਆਚਾਰ ਨਾਲ ਜੁੜਨਾ ਚਾਹੀਦਾ ਹੈ। ਜਿਹੜੇ ਵੀ ਆਲਾ ਅਫ਼ਸਰ ਬਣਦੇ ਹਨ ਉਹ ਅਖ਼ਬਾਰਾਂ ਕਿਤਾਬਾਂ ਦੀ ਹੀ ਦੇਣ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ। 9878600221