
ਕਿਸੇ ਵੀ ਮੌਸਮ ਵਿਚ ਸਨਸਕਰੀਨ ਲਗਾਏ ਬਿਨਾਂ ਨਾ ਨਿਕਲੋ
ਮੁਹਾਲੀ: ਅਕਸਰ ਅਸੀਂ ਅਪਣੀ ਚਮੜੀ ਪ੍ਰਤੀ ਲਾਪਰਵਾਹ ਰਹਿੰਦੇ ਹਾਂ ਜਿਸ ਨਾਲ ਚਮੜੀ ਜਵਾਨੀ ਵਿਚ ਹੀ ਬੇਜਾਨ ਲੱਗਣ ਲਗਦੀ ਹੈ। 20 ਤੋਂ 30 ਸਾਲ ਦੀ ਉਮਰ ਵਿਚ ਚਮੜੀ ਨੂੰ ਸੱਭ ਤੋਂ ਜ਼ਿਆਦਾ ਸੰਭਾਲ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਸ ਸਮੇਂ ਹੀ ਏਜਿੰਗ ਦੀ ਸ਼ੁਰੂਆਤ ਹੁੰਦੀ ਹੈ ਅਤੇ ਜੇਕਰ ਧਿਆਨ ਨਾ ਦਿਤਾ ਜਾਵੇ ਤਾਂ ਇਹ ਵੱਧ ਸਕਦੀ ਹੈ। ਚਿਹਰੇ ’ਤੇ ਦਾਗ਼, ਧੱਬੇ ਜਾਂ ਝੁਰੜੀਆਂ ਹੋਣਾ ਇਹ ਬਜ਼ੁਰਗੀ ਦੇ ਚਿੰਨ੍ਹ ਹਨ, ਜਿਨ੍ਹਾਂ ਨੂੰ ਸਮੇਂ ਸਿਰ ਕਾਬੂ ਕਰਨਾ ਬੜਾ ਜ਼ਰੂਰੀ ਹੈ। ਸੱਭ ਤੋਂ ਪਹਿਲਾਂ ਅਪਣੇ ਚਮੜੀ ਸੰਭਾਲ ਨਿਤਨੇਮ ਨੂੰ ਬਦਲਣ ਦੀ ਜ਼ਰੂਰਤ ਹੈ।
ਧੁੱਪ ਤੋਂ ਬਚਾਅ, ਪੌਸ਼ਟਿਕ ਖਾਣ-ਪੀਣ। ਇਹ ਵੀ ਧਿਆਨ ਰੱਖੋ ਕਿ ਕਿਸੇ ਵੀ ਮੌਸਮ ਵਿਚ ਸਨਸਕਰੀਨ ਲਗਾਏ ਬਿਨਾਂ ਨਾ ਨਿਕਲੋ। 20 -30 ਸਾਲ ਦੀ ਉਮਰ ਵਿਚ ਔਰਤਾਂ ਨੂੰ ਵਧਦੀ ਉਮਰ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ਵਿਚ ਤੁਸੀਂ ਚਮੜੀ ਦੀ ਦੇਖਭਾਲ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਇਹ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਅਕਸਰ ਸਾਨੂੰ ਚਮੜੀ ਸਮੱਸਿਆ ਹੁੰਦੀ ਹੈ ਤਾਂ ਅਸੀਂ ਬਿਨਾਂ ਸੋਚੇ ਸਮਝੇ ਮਾਰਕੀਟ ਤੋਂ ਹਜ਼ਾਰਾਂ ਪ੍ਰਾਡਕਟਸ ਖ਼੍ਰੀਦ ਕੇ ਲੈ ਆਉਂਦੇ ਹਾਂ ਜੋ ਜੇਬ ਉਤੇ ਬੋਝ ਪਾਉਣ ਦੇ ਨਾਲ ਨਾਲ ਚਮੜੀ ਲਈ ਵੀ ਫ਼ਾਇਦੇਮੰਦ ਨਹੀਂ ਹੁੰਦੇ।
ਅਜਿਹੀ ਕਰੀਮ ਲਉ ਜੋ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਏ ਅਤੇ ਮੌਇਸਚਰ ਪ੍ਰਦਾਨ ਕਰਨ ਦੇ ਨਾਲ ਚਮੜੀ ਨੂੰ ਵੀ ਸੁਧਾਰਨ ਦਾ ਕੰਮ ਕਰੇ। ਪ੍ਰਦੂਸ਼ਣ ਅਤੇ ਸੂਰਜ ਦੀਆਂ ਕਿਰਨਾਂ ਸਾਡੀ ਚਮੜੀ ਦੀਆਂ ਜ਼ਿੰਦਾ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀਆਂ ਹਨ ਜੋ ਬੁਢਾਪੇ ਦਾ ਕਾਰਨ ਬਣਦੀਆਂ ਹਨ। ਜ਼ਿਆਦਾਤਰ ਅਸੀਂ ਅਪਣੇ ਚਿਹਰੇ ਉਤੇ ਤਾਂ ਸਨਸਕਰੀਨ ਲਗਾ ਲੈਂਦੇ ਹਾਂ ਪਰ ਬਾਕੀ ਥਾਵਾਂ ’ਤੇ ਨਹੀਂ ਜਦੋਂ ਕਿ ਗਰਦਨ, ਹੱਥਾਂ, ਪੈਰਾਂ ’ਤੇ ਇਸ ਦਾ ਪ੍ਰਭਾਵ ਸੱਭ ਤੋਂ ਜ਼ਿਆਦਾ ਦਿਸਦਾ ਹੈ। ਇਸ ਲਈ ਸਨਸਕਰੀਨ ਸਾਰੇ ਥਾਂ ਅਪਲਾਈ ਕਰੋ।