ਹਾਰੇ ਵਿਚ ਕੜ੍ਹਿਆ ਕਾੜ੍ਹਨੀ ਵਾਲਾ ਦੁੱਧ ਵੀ ਹੁੰਦਾ ਸੀ ਸੰਤੁਲਿਤ ਖ਼ੁਰਾਕ

By : GAGANDEEP

Published : Jan 18, 2023, 11:21 am IST
Updated : Jan 18, 2023, 11:21 am IST
SHARE ARTICLE
photo
photo

ਹਰ ਘਰ ਦੁਧਾਰੂ ਪਸ਼ੂ ਸਿਰਫ਼ ਤੇ ਸਿਰਫ਼ ਘਰੇ ਦੁੱਧ ਪੀਣ ਲਈ ਅਤੇ ਲੱਸੀ ਮੱਖਣ ਲਈ ਹੀ ਰਖਦੇ ਸਨ।

ਮੁਹਾਲੀ: ਹਰ ਘਰ ਦੁਧਾਰੂ ਪਸ਼ੂ ਸਿਰਫ਼ ਤੇ ਸਿਰਫ਼ ਘਰੇ ਦੁੱਧ ਪੀਣ ਲਈ ਅਤੇ ਲੱਸੀ ਮੱਖਣ ਲਈ ਹੀ ਰਖਦੇ ਸਨ। ਹੱਲ ਵਾਹੀ ਲਈ ਬਲਦ ਜਾਂ ਊਠ ਰੱਖਣ ਦਾ ਰਿਵਾਜ ਵੀ ਸਿਖਰਾਂ ’ਤੇ ਹੁੰਦਾ ਸੀ। ਸਾਰੇ ਘਰ ਦੇ ਆਪੋ-ਅਪਣੇ ਹਿੱਸੇ ਦਾ ਕੰਮ ਅਪਣੇ ਹੱਥੀਂ ਕਰਿਆ ਕਰਦੇ ਸਨ। ਬੀਬੀਆਂ ਭੈਣਾਂ ਨੇ ਪਸ਼ੂ ਡੰਗਰ ਸਾਂਭਣੇ ਤੇ ਵੀਰਾਂ ਨੇ ਖੇਤਾਂ ਦਾ ਸਾਰਾ ਕੰਮ ਧੰਦਾ ਸੰਭਾਲਣਾ। ਜਦੋਂ ਵੀ ਹਾਲੀਆਂ ਨੇ ਖੇਤਾਂ ਵਿਚੋਂ ਘਰ ਆਉਣਾ ਤਾਂ ਆਉਣ ਸਾਰ ਹੀ ਕਾੜ੍ਹਨੀ ਵਾਲੇ ਦੁੱਧ ਦਾ ਕੰਗਣੀ ਵਾਲਾ ਪਿੱਤਲ ਦਾ ਗਲਾਸ ਭਰ ਕੇ ਪੀਣ ਲਈ ਅੱਗੇ ਕਰ ਦੇਣਾ ਤੇ ਨਾਲ ਹੀ ਗੁੜ ਦਾ ਡਲਾ ਫੜਾ ਦੇਣਾ। ਚਾਹ ਉਨ੍ਹਾਂ ਸਮਿਆਂ ਵਿਚ ਕਿਸੇ ਟਾਂਵੇ ਟਾਂਵੇ ਘਰ ਹੀ ਬਣਦੀ ਸੀ। ਸਵੇਰੇ ਉਠ ਕੇ ਜਦੋਂ ਵੀਰਾਂ ਨੇ ਖੇਤਾਂ ਨੂੰ ਜਾਣ ਦੀ ਤਿਆਰੀ ਕਰਨੀ ਉਦੋਂ ਤੋਂ ਹੀ ਘਰੇਲੂ ਬੀਬੀਆਂ ਨੇ ਧਾਰਾਂ ਕਢਣੀਆਂ, ਪੱਠੇ ਪਾਉਣੇ, ਗੋਹਾ ਕੂੜਾ ਹੱਥੀਂ ਚੁਕਣਾ। ਸਿਆਲ ਹੋਣਾ ਤਾਂ ਪਸ਼ੂਆਂ ਥੱਲੇ ਸੁਕ ਪਾਉਣੀ।

ਜੇ ਗਰਮੀ ਦਾ ਮਹੀਨਾ ਹੋਣਾ ਤਾਂ ਮੱਛਰ ਤੋਂ ਬਚਾਉਣ ਲਈ ਧੂਣੀ ਕਰਨੀ ਤਾਕਿ ਪਸ਼ੂਆਂ ਨੂੰ ਮੱਛਰ ਨਾ ਕੱਟੇ। ਮੱਝਾਂ ਅਤੇ ਗਾਈਆਂ ਦੋਵੇਂ ਹੀ ਰਖਦੇ ਸਨ ਕਈ ਕਈ ਘਰ ਤੇ ਕਈ ਘਰ ਇਕੱਲੀਆਂ ਮੱਝਾਂ ਹੀ ਰੱਖਣ ਨੂੰ ਪਹਿਲ ਦਿਆ ਕਰਦੇ ਸਨ। ਧਾਰਾਂ ਕੱਢ ਕੇ ਬੀਬੀਆਂ ਭੈਣਾਂ ਨੇ ਹਾਰੇ ਵਿਚ ਦੁੱਧ ਕੜ੍ਹਨਾ ਧਰ ਦੇਣਾ ਜੋ ਸ਼ਾਮ ਤਕ ਕੜ੍ਹ ਕੜ੍ਹ ਕੇ ਲਾਲ ਹੋ ਜਾਂਦਾ ਸੀ। ਕਈ ਘਰ ਤਾਂ ਸ਼ਾਮ ਨੂੰ ਮੱਝਾਂ ਗਾਵਾਂ ਦੀਆਂ ਧਾਰਾਂ ਕੱਢ ਕੇ ਕੱਚਾ ਤੇ ਪੱਕਾ ਮਤਲਬ ਕਾੜ੍ਹਨੀ ਵਾਲਾ ਦੁੱਧ ਅਤੇ ਤਾਜ਼ਾ ਚੋਇਆ ਦੁੱਧ ਰਲਾ ਕੇ ਪੀਂਦੇ ਸਨ ਤੇ ਕਈ ਘਰ ਸਿਰਫ਼ ਕੱਚਾ ਹੀ ਪੀਆ ਕਰਦੇ ਸਨ। ਰੋਟੀ ਤੋਂ ਬਾਅਦ ਸਾਰੇ ਹੀ ਪ੍ਰਵਾਰ ਦੇ ਜੀਆਂ ਨੂੰ ਹਿੱਸੇ ਆਉਂਦਾ ਦੁੱਧ ਮਿਲਦਾ ਸੀ। ਪੜ੍ਹਨ ਗਏ ਬੱਚਿਆਂ ਨੂੰ ਵੀ ਆਉਣ ਸਾਰ ਹੀ ਕਾੜ੍ਹਨੀ ਵਾਲੇ ਦੁੱਧ ਦਾ ਗਲਾਸ ਦਿਤਾ ਜਾਂਦਾ ਰਿਹਾ ਹੈ ਤੇ ਨਾਲ ਹੀ ਗੁੜ ਸਾਰੇ ਖ਼ੁਸ਼ੀ ਨਾਲ ਪੀਂਦੇ ਰਹੇ ਹਨ। ਉਨ੍ਹਾਂ ਸਮਿਆਂ ਵਿਚ ਸਿਹਤ ਪੱਖੋਂ ਪੰਜਾਬ ਵਾਸੀ ਸੱਭ ਤੋਂ ਅੱਗੇ ਭਾਵ ਬਹੁਤ ਵਧੀਆ ਜੁੱਸੇ ਵਾਲੇ ਹੋਇਆ ਕਰਦੇ ਸਨ।

ਉਨ੍ਹਾਂ ਸਮਿਆਂ ਵਿਚ ਪਿੰਡਾਂ ’ਚ ਜ਼ਿਆਦਾਤਰ ਡਾਕਟਰ ਨਹੀਂ ਸਨ ਹੋਇਆ ਕਰਦੇ। ਵੈਦ ਹੀ ਜ਼ਿਆਦਾ ਹੁੰਦੇ ਸਨ ਜੋ ਕਈ ਵਾਰ ਕਿਸੇ ਬੀਮਾਰ ਬੱਚੇ ਜਾਂ ਵੱਡੇ ਨੂੰ ਦਵਾਈ ਦੀਆਂ ਪੁੜੀਆਂ ਵੀ ਕਾੜ੍ਹਨੀ ਦੇ ਦੁੱਧ ਨਾਲ ਹੀ ਦੇਣ ਲਈ ਪ੍ਰੇਰਦੇ ਸਨ। ਕਾੜ੍ਹਨੀ ਦੇ ਦੁੱਧ ਉਪਰੋਂ ਮਲਾਈ ਪਾਸੇ ਕਰ ਕੇ ਤੇ ਥੋੜ੍ਹੀ ਜਿਹੀ ਤਰੌਟ ਭਾਵ ਥਿੰਦਾ ਪਨ ਪਾਸੇ ਕਰ ਕੇ ਦਵਾਈ ਦੇਣ ਨਾਲ ਸਰੀਰ ਜਿਥੇ ਤੰਦਰੁਸਤ ਹੋ ਜਾਇਆ ਕਰਦਾ ਸੀ ਉਥੇ ਕੈਸਟਰੋਲ ਵਗ਼ੈਰਾ ਵੀ ਕਦੇ ਨਹੀਂ ਸੀ ਵਧਦਾ। ਵੈਸੇ ਕੈਸਟਰੋਲ ਤਾਂ ਨਵੇਂ ਜ਼ਮਾਨੇ ਦਾ ਹੀ ਸ਼ਬਦ ਹੈ। ਉਦੋਂ ਚਰਬੀ ਨਹੀਂ ਵਧਦੀ ਕਿਹਾ ਜਾਂਦਾ ਰਿਹਾ ਹੈ। ਪੱਕੇ ਭਾਵ ਕਾੜ੍ਹਨੀ ਵਾਲਾ ਦੁੱਧ ਪੀਣ ਦੇ ਹੋਰ ਵੀ ਬਹੁਤ ਫ਼ਾਇਦੇ ਹੋਇਆ ਕਰਦੇ ਸਨ। ਹਲਕਾ ਕਰ ਕੇ ਇਹ ਪਚ ਵੀ ਜਲਦੀ ਜਾਂਦਾ ਸੀ। ਇਸੇ ਤਰ੍ਹਾਂ ਕੱਚਾ ਤੇ ਪੱਕਾ ਦੁੱਧ ਰਲਾ ਕੇ ਰੋਟੀ ਨਾਲ ਵੀ ਘੁੱਟੋ ਬਾਟੀ ਪੀ ਲਈਦਾ ਸੀ। ਕਦੇ ਕਦੇ ਦੋ ਲੱਤਾਂ ਵਾਲੇ ਬਿੱਲੇ ਵੀ ਦੁੱਧ ਨੂੰ ਰਗੜਾ ਲਾ ਜਾਂਦੇ ਸਨ।

ਮਤਲਬ ਕਈ ਵਾਰ ਮੇਰੇ ਵਰਗੇ ਨੇ ਸਕੂਲੋਂ ਆ ਕੇ ਸਿੱਧਾ ਹੀ ਮੂੰਹ ਹੱਥ ਧੋਣ ਤੋਂ ਬਿਨਾਂ ਹੀ ਕਾੜ੍ਹਨੀ ਵਿਚੋਂ ਸਣੇ ਮਲਾਈ ਗਲਾਸ ਭਰ ਕੇ ਪੀ ਕੇ ਮੂੰਹ ਨੂੰ ਸਾਫ਼ ਕਰ ਲੈਣਾ ਤੇ ਫਿਰ ਮੰਨੀਦਾ ਵੀ ਨਹੀਂ ਸੀ ਕਿ ਮੈਂ ਪੀਤਾ ਹੈ। ਹਾਂ ਸੱਚ ਗੁੜ ਦਾ ਡਲਾ ਤਾਂ ਦਰੀ ਦੇ ਝੋਲੇ ਵਿਚ ਹੀ ਰੱਖੀ ਦਾ ਸੀ ਕੋਈ ਮਤਲਬ ਹੀ ਨਹੀਂ ਸੀ ਕਿਸੇ ਨੂੰ ਪਤਾ ਵੀ ਲੱਗ ਜਾਵੇ। ਅਜਿਹੀ ਹੋਇਆ ਕਰਦੀ ਸੀ ਹੱਥ ਦੀ ਸਫ਼ਾਈ। ਉਸੇ ਨੂੰ ਹੀ ਕਹੀਦਾ ਸੀ ਕਿ ਦੋ ਲੱਤਾਂ ਵਾਲਾ ਬਿੱਲਾ ਪੀ ਗਿਆ ਹੋਵੇਗਾ। ਸੋ ਗੱਲ ਤਾਂ ਸਮੇਂ ਸਮੇਂ ਦੀ ਹੁੰਦੀ ਹੈ। ਇਹ ਸਾਰੇ ਸਮੇਂ ਦਾਸ ਨੇ ਵੇਖੇ ਵੀ ਨੇ ਤੇ ਬਿੱਲਾ ਬਣ ਕੇ ਦੁੱਧ ਵੀ ਪੀਂਦੇ ਰਹੇ ਹਾਂ। ਕੱਚੀਆਂ ਕੰਧਾਂ ਹੁੰਦੀਆਂ ਸਨ। ਉਨ੍ਹਾਂ ਵਿਚ ਹੀ ਹਾਰੇ ਬਣੇ ਹੁੰਦੇ ਸਨ ਪਰ ਉਸ ਨੂੰ ਬਣਾਉਂਦੀਆਂ ਸਨ ਸਿਆਣੀਆਂ ਸਵਾਣੀਆਂ ਹੀ। ਹਰ ਬੀਬੀ ਭੈਣ ਨੂੰ ਇਹ ਹਾਰੇ ਨਹੀਂ ਸੀ ਬਣਾਉਣੇ ਆਉਂਦੇ। ਅਜੋਕੇ ਸਮਿਆਂ ਵਿਚ ਸਾਡੇ ਵਿਰਸੇ ਤੇ ਅਤੀਤ ਨੂੰ ਅਸੀਂ ਭੁਲਦੇ ਜਾ ਰਹੇ ਹਾਂ ਕਿਉਂਕਿ ਘਰਾਂ ਵਿਚ ਪਸ਼ੂਆਂ ਦੇ ਝੰਜਟ ਤੋਂ ਅਸੀਂ ਡਰਦੇ ਹਾਂ ਤੇ ਮੁੱਲ ਦਾ ਦੁੱਧ ਲੈ ਕੇ ਚਾਹ ਬਣਾਉਣ ਤੇ ਪੀਣ ਲਈ ਵਰਤਦੇ ਹਾਂ।

ਕੀ ਸਾਨੂੰ ਅਪਣੇ ਘਰ ਦੇ ਦੁੱਧ ਜਿਹਾ ਉਹ ਮੁੱਲ ਦਾ ਦੁੱਧ ਮਿਲਦਾ ਹੋਵੇਗਾ? ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹੁਣ ਤਾਂ ਲੱਸੀ ਦੇ ਵੀ ਪੈਕਟ ਆ ਰਹੇ ਹਨ ਅਤੇ ਅਸੀਂ ਖ਼ੁਸ਼ੀ ਖ਼ਸ਼ੀ ਉਹ ਵਰਤ ਵੀ ਰਹੇ ਹਾਂ। ਅਬਲਾ ਸਬਲਾ ਖਾਣ ਪੀਣ ਨਾਲ ਅਸੀਂ ਅਪਣੀ ਸਿਹਤ ਨਾਲ ਖਿਲਵਾੜ ਤਾਂ ਕਰਦੇ ਹੀ ਹਾਂ ਸਗੋਂ ਬੇ ਫ਼ਾਇਦਾ ਗੋਗੜਾਂ ਵਧਾ ਰਹੇ ਹਾਂ ਅਤੇ ਡਾਕਟਰਾਂ ਦੇ ਘਰ ਵੀ ਭਰ ਰਹੇ ਹਾਂ। ਹੱਥੀਂ ਕੰਮ ਕਰਨ ਤੋਂ ਕੰਨੀ ਕਤਰਾਉਣ ਲੱਗ ਪਏ ਹਾਂ, ਹੁਕਮ ਚਲਾਉਂਦੇ ਹਾਂ। ਪਰ ਜੋ ਪੌਸ਼ਟਿਕ ਭੋਜਨ ਦੁੱਧ ਦਹੀਂ ਲੱਸੀ ਪੁਰਾਤਨ ਸਮਿਆਂ ਵਿਚ ਸਨ ਅੱਜ ਅਸੀਂ ਉਸ ਤੋਂ ਵਿਰਵਾ ਹੋ ਗਏ ਹਾਂ, ਭਾਵ ਤਰਸ ਰਹੇ ਹਾਂ। ਉਹ ਗੱਲ ਵਖਰੀ ਹੈ ਕੋਈ ਮੰਨੇ ਭਾਵੇਂ ਨਾ ਮੰਨੇ ਇਹ ਹਕੀਕੀ ਗੱਲਾਂ ਨੇ। ਕੋਈ ਵੱਡੀ ਗੱਲ ਨਹੀਂ ਜੇਕਰ ਚਾਹੀਏ ਤਾਂ ਹੁਣ ਵੀ ਇਕ ਇਕ ਦੁਧਾਰੂ ਪਸ਼ੂ ਆਪਾਂ ਘਰਾਂ ਵਿਚ ਰੱਖ ਸਕਦੇ ਹਾਂ, ਪਰ ਕੰਮ ਹੱਥੀਂ ਕੌਣ ਕਰੇ? ਇਥੇ ਆ ਕੇ ਹੀ ਅਸੀ ਮਾਰ ਖਾ ਜਾਂਦੇ ਹਾਂ। ਸਮੇਂ ਨਾਲ ਬਦਲਣਾ ਹਰ ਇਨਸਾਨ ਲਈ ਬਿਲਕੁਲ ਜ਼ਰੂਰੀ ਹੈ,ਪਰ ਅਪਣੀ ਸਿਹਤ ਦਾ ਖ਼ਿਆਲ ਤਾਂ ਖ਼ੁਦ ਆਪਾਂ ਆਪ ਹੀ ਰੱਖਣਾ ਹੈ ਇਹ ਕਿਸੇ ਤੀਜੇ ਨੇ ਆ ਕੇ ਨਹੀਂ ਰਖਣਾ। ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁੱਝ ਨਹੀਂ ਵਿਗਾੜਿਆ ਕੋਸ਼ਿਸ਼ ਕਰੇ ਇਨਸਾਨ ਤਾਂ ਮਦਦ ਕਰਦੈ ਭਗਵਾਨ।
-ਜਸਵੀਰ ਸ਼ਰਮਾ ਦੱਦਾਹੂਰ, 
ਸ੍ਰੀ ਮੁਕਤਸਰ ਸਾਹਿਬ। 95691-49556
   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement