
ਜੇਕਰ ਤੁਸੀਂ ਅਪਣੀ ਰਸੋਈ ਵਿਚੋਂ ਕਾਕਰੋਚਾਂ ਨੂੰ ਭਜਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਿੱਟੀ ਦੇ ਤੇਲ ਭਾਵ ਕੈਰੋਸਿਨ ਦੀ ਮਦਦ ਲੈ ਸਕਦੇ ਹੋ
ਕਾਕਰੋਚਾਂ ਦਾ ਰਸੋਈ ਵਿਚ ਮੌਜੂਦ ਹੋਣਾ ਚੰਗਾ ਸੰਕੇਤ ਨਹੀਂ ਹੈ ਕਿਉਂਕਿ ਇਹ ਨਾਲੀ ਤੋਂ ਲੈ ਕੇ ਤੁਹਾਡੇ ਖਾਣੇ ਤਕ ਘੁੰਮਦਾ ਰਹਿੰਦਾ ਹੈ। ਕਾਕਰੋਚ ਤੁਹਾਨੂੰ ਬੀਮਾਰ ਕਰ ਸਕਦੇ ਹਨ। ਜੇਕਰ ਤੁਹਾਡੀ ਰਸੋਈ ਵਿਚ ਕਾਕਰੋਚ ਹਨ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਹਾਲਾਂਕਿ ਤੁਹਾਨੂੰ ਜ਼ਿਆਦਾ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਅੱਜ ਅਸੀ ਤੁਹਾਨੂੰ ਕਾਕਰੋਚਾਂ ਨੂੰ ਭਜਾਉਣ ਲਈ ਕੁੱਝ ਘਰੇਲੂ ਨੁਸਖ਼ੇ ਦਸਦੇ ਹਾਂ:
- ਜੇਕਰ ਤੁਸੀਂ ਅਪਣੀ ਰਸੋਈ ਵਿਚੋਂ ਕਾਕਰੋਚਾਂ ਨੂੰ ਭਜਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਿੱਟੀ ਦੇ ਤੇਲ ਭਾਵ ਕੈਰੋਸਿਨ ਦੀ ਮਦਦ ਲੈ ਸਕਦੇ ਹੋ। ਕਾਕਰੋਚਾਂ ਨੂੰ ਭਜਾਉਣ ਲਈ ਸੱਭ ਤੋਂ ਪਹਿਲਾਂ ਰਸੋਈ ’ਚ ਉਨ੍ਹਾਂ ਘੇਰਿਆਂ ਨੂੰ ਚਿੰਨਹਿਤ ਕਰ ਲਉ। ਜਿਥੇ ਕਾਕਰੋਚ ਜ਼ਿਆਦਾ ਦਿਖਾਈ ਦਿੰਦੇ ਹਨ। ਫਿਰ ਉਥੇ ਕੈਰੋਸਿਨ ਦਾ ਸਪ੍ਰੇਅ ਕਰ ਦਿਉ। ਕੈਰੋਸਿਨ ਦੀ ਬਦਬੂ ਨਾਲ ਰਸੋਈ ਵਿਚੋਂ ਕਾਕਰੋਚ ਭੱਜ ਜਾਣਗੇ। ਹਾਲਾਂਕਿ ਇਹ ਧਿਆਨ ਰੱਖੋ ਕਿ ਜਦੋਂ ਤੁਸੀਂ ਕੈਰੋਸਿਨ ਦੀ ਸਪ੍ਰੇਅ ਕਰੋ ਤਾਂ ਅਪਣੀ ਚਮੜੀ ਨੂੰ ਢੱਕ ਲਉ।
- ਕਾਕਰੋਚ ਨੂੰ ਘਰ ਵਿਚੋਂ ਭਜਾਉਣ ਦਾ ਇਕ ਹੋਰ ਕਮਾਲ ਦਾ ਤਰੀਕਾ ਹੈ। ਤੁਸੀਂ ਇਹ ਤਾਂ ਜਾਣਦੇ ਹੋਵੋਗੇ ਕਿ ਨਿੰਮ ਦੇ ਦਰਖ਼ੱਤ ਦੇ ਕਈ ਫ਼ਾਇਦੇ ਹੁੰਦੇ ਹਨ। ਜੇਕਰ ਤੁਸੀਂ ਕਾਕਰੋਚਾਂ ਨੂੰ ਘਰ ਵਿਚੋਂ ਭਜਾਉਣਾ ਚਾਹੁੰਦੇ ਹੋ ਤਾਂ ਨਿੰਮ ਤੁਹਾਡੇ ਬਹੁਤ ਕੰਮ ਆ ਸਕਦੀ ਹੈ। ਕਾਕਰੋਚਾਂ ਨੂੰ ਭਜਾਉਣ ਲਈ ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਬਾਲ ਲਉ ਅਤੇ ਫਿਰ ਉਸ ਨਿੰਮ ਦੇ ਪਾਣੀ ਨੂੰ ਕਾਕਰੋਚ ਵਾਲੀ ਥਾਂ ’ਤੇ ਛਿੜਕ ਦਿਉ। ਇਸ ਨੂੰ ਅਪਣਾਉਣ ਨਾਲ ਕਾਕਰੇਚ ਰਸੋਈ ਵਿਚੋਂ ਚਲੇ ਜਾਣਗੇ।
ਕਾਕਰੋਚਾਂ ਨੂੰ ਘਰ ਤੋਂ ਭਜਾਉਣ ਵਿਚ ਬੇਕਿੰਗ ਸੋਡਾ ਵੀ ਤੁਹਾਡੇ ਬਹੁਤ ਕੰਮ ਆ ਸਕਦਾ ਹੈ।
ਕਾਕਰੋਚ ਜੇਕਰ ਤੁਹਾਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ ਤਾਂ ਬੇਕਿੰਗ ਸੋਡੇ ਵਿਚ ਸ਼ੱਕਰ ਮਿਲਾ ਕੇ ਇਕ ਮਿਸ਼ਰਣ ਬਣਾ ਲਉ। ਇਸ ਤੋਂ ਬਾਅਦ ਕਾਕਰੇਚ ਜਿਥੇ ਜ਼ਿਆਦਾ ਜਾਂਦੇ ਹਨ ਉਥੇ ਇਹ ਮਿਸ਼ਰਣ ਪਾ ਦਿਉ। ਖੰਡ ਕਾਕਰੋਚ ਨੂੰ ਆਕਰਸ਼ਿਤ ਕਰੇਗੀ। ਪਰ ਬੇਕਿੰਗ ਸੋਡਾ ਦੇ ਨਾਲ ਇਸ ਦਾ ਮਿਸ਼ਰਨ ਉਨ੍ਹਾਂ ਲਈ ਜ਼ਹਿਰ ਦਾ ਤਰ੍ਹਾਂ ਕੰਮ ਕਰੇਗਾ ਅਤੇ ਉਹ ਮਰ ਜਾਣਗੇ। ਇਸ ਨਾਲ ਤੁਹਾਨੂੰ ਕਾਕਰੋਚ ਤੋਂ ਛੁਟਕਾਰਾ ਮਿਲ ਜਾਵੇਗਾ।