
ਟੇਸਲਾ ਦੇ ਸੰਸਥਾਪਕ ਐਲੋਨ ਮਸਕ ਨੇ ਟਵਿਟਰ ਇੰਕ ਨੂੰ 41.39 ਅਰਬ ਡਾਲਰ (ਕਰੀਬ 3.2 ਲੱਖ ਕਰੋੜ ਰੁਪਏ) ਵਿਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ।
ਨਵੀਂ ਦਿੱਲੀ: ਟੇਸਲਾ ਦੇ ਸੰਸਥਾਪਕ ਐਲੋਨ ਮਸਕ ਨੇ ਟਵਿਟਰ ਇੰਕ ਨੂੰ 41.39 ਅਰਬ ਡਾਲਰ (ਕਰੀਬ 3.2 ਲੱਖ ਕਰੋੜ ਰੁਪਏ) ਵਿਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਲਈ ਮਸਕ 54.20 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਨਕਦ ਭੁਗਤਾਨ ਕਰਨ ਲਈ ਤਿਆਰ ਹਨ। ਜਦੋਂ ਮਸਕ ਨੇ ਟਵਿਟਰ ਦੇ ਸ਼ੇਅਰ ਖਰੀਦਣੇ ਸ਼ੁਰੂ ਕੀਤੇ ਸੀ, ਉਸ ਦੀ ਤੁਲਨਾ ਵਿਚ ਇਹ ਕੀਮਤ 54% ਪ੍ਰੀਮੀਅਮ 'ਤੇ ਹੈ। ਮਸਕ ਨੇ ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਕੋਲ ਫਾਈਲਿੰਗ ਵਿਚ ਪ੍ਰਸਤਾਵ ਦੀ ਜਾਣਕਾਰੀ ਦਿੱਤੀ।
ਐਲੋਨ ਮਸਕ ਨੇ ਕਿਹਾ, "ਮੈਂ ਟਵਿਟਰ ਵਿਚ ਨਿਵੇਸ਼ ਕੀਤਾ ਕਿਉਂਕਿ ਮੇਰਾ ਮੰਨਣਾ ਹੈ ਕਿ ਇਸ ਵਿਚ ਫ੍ਰੀ ਸਪੀਚ ਲਈ ਇਕ ਵਿਸ਼ਵਵਿਆਪੀ ਪਲੇਟਫਾਰਮ ਬਣਨ ਦੀ ਸਮਰੱਥਾ ਹੈ, ਅਤੇ ਮੇਰਾ ਮੰਨਣਾ ਹੈ ਕਿ ਇਕ ਕਾਰਜਸ਼ੀਲ ਲੋਕਤੰਤਰ ਲਈ ਸੁਤੰਤਰ ਭਾਸ਼ਣ ਇਕ ਸਮਾਜਿਕ ਲੋੜ ਹੈ। ਹਾਲਾਂਕਿ ਮੇਰੇ ਨਿਵੇਸ਼ ਤੋਂ ਬਾਅਦ ਮੈਂ ਹੁਣ ਮਹਿਸੂਸ ਕੀਤਾ ਹੈ ਕਿ ਕੰਪਨੀ ਆਪਣੇ ਮੌਜੂਦਾ ਰੂਪ ਵਿਚ ਨਾ ਤਾਂ ਪ੍ਰਫੁੱਲਤ ਹੋਵੇਗੀ ਅਤੇ ਨਾ ਹੀ ਇਸ ਸਮਾਜਿਕ ਲੋੜ ਨੂੰ ਪੂਰਾ ਕਰੇਗੀ। ਟਵਿਟਰ ਨੂੰ ਇਕ ਪ੍ਰਾਈਵੇਟ ਕੰਪਨੀ ਵਿਚ ਬਦਲਣ ਦੀ ਲੋੜ ਹੈ”।
ਉਹਨਾਂ ਕਿਹਾ ਕਿ ਇਸ ਲਈ ਮੈਂ ਨਿਵੇਸ਼ ਸ਼ੁਰੂ ਕਰਨ ਤੋਂ ਇਕ ਦਿਨ ਪਹਿਲਾਂ ਟਵਿਟਰ ਵਿਚ 100% ਹਿੱਸੇਦਾਰੀ $54.20 ਪ੍ਰਤੀ ਸ਼ੇਅਰ ਕੀਮਤ ਦੇ 54% ਪ੍ਰੀਮੀਅਮ 'ਤੇ ਖਰੀਦਣ ਦੀ ਪੇਸ਼ਕਸ਼ ਕਰ ਰਿਹਾ ਹਾਂ। ਮੇਰੀ ਪੇਸ਼ਕਸ਼ ਮੇਰੀ ਸਭ ਤੋਂ ਵਧੀਆ ਅਤੇ ਅੰਤਿਮ ਪੇਸ਼ਕਸ਼ ਹੈ ਅਤੇ ਜੇਕਰ ਇਹ ਸਵੀਕਾਰ ਨਹੀਂ ਕੀਤੀ ਜਾਂਦੀ ਹੈ, ਤਾਂ ਮੈਨੂੰ ਇਕ ਸ਼ੇਅਰਧਾਰਕ ਵਜੋਂ ਆਪਣੀ ਸਥਿਤੀ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੋਵੇਗੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਟਵਿਟਰ ਦਾ ਸਟਾਕ ਪ੍ਰੀ-ਮਾਰਕੀਟ ਟ੍ਰੇਡਿੰਗ 'ਚ ਕਰੀਬ 18 ਫੀਸਦੀ ਵਧਿਆ ਹੈ। ਬੁੱਧਵਾਰ ਨੂੰ ਕੰਪਨੀ ਦੇ ਸ਼ੇਅਰ 3.10% ਵੱਧ ਕੇ $45.85 'ਤੇ ਸਨ। ਐਲੋਨ ਮਸਕ ਦੀ ਇਸ ਸਮੇਂ ਟਵਿਟਰ ਵਿਚ 9.2% ਹਿੱਸੇਦਾਰੀ ਹੈ।