
ਲਗਭਗ ਢਾਈ ਕਰੋੜ ਲੋਕਾਂ ਕੋਲ ਹਨ ਪੇਟੀਐਮ. ਦੇ ਫ਼ਾਸਟੈਗ
Paytm Invalid for FASTag: ਨਵੀਂ ਦਿੱਲੀ: ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੀ ਟੋਲ ਕੁਲੈਕਸ਼ਨ ਇਕਾਈ ਇੰਡੀਅਨ ਹਾਈਵੇ ਮੈਨੇਜਮੈਂਟ ਕੰਪਨੀ ਲਿਮਟਿਡ (IHMCL) ਨੇ ਹਾਈਵੇਅ ਉਪਭੋਗਤਾਵਾਂ ਨੂੰ ਪ੍ਰੇਸ਼ਾਨੀ ਤੋਂ ਬਚਣ ਲਈ PayTM ਪੇਮੈਂਟਸ ਬੈਂਕ ਤੋਂ ਇਲਾਵਾ 32 ਅਧਿਕਾਰਤ ਬੈਂਕਾਂ ਤੋਂ ਫਾਸਟੈਗ ਸੇਵਾਵਾਂ ਲੈਣ ਦੀ ਸਲਾਹ ਦਿਤੀ ਹੈ।
IHMCL ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਅਪਣਾ ‘Fastag’ 32 ਅਧਿਕਾਰਤ ਬੈਂਕਾਂ ਤੋਂ ਖਰੀਦੋ। ਇਨ੍ਹਾਂ 32 ਅਧਿਕਾਰਤ ਬੈਂਕਾਂ ’ਚ ਏਅਰਟੈੱਲ ਪੇਮੈਂਟਸ ਬੈਂਕ, ਇਲਾਹਾਬਾਦ ਬੈਂਕ, ਬੈਂਕ ਆਫ ਬੜੌਦਾ, ਐਚ.ਡੀ.ਐਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਡੀ.ਬੀ.ਆਈ. ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਯੈੱਸ ਬੈਂਕ ਸ਼ਾਮਲ ਹਨ।
ਐਨ.ਐਚ.ਏ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਭਾਰਤ ਵਿਚ 8 ਕਰੋੜ ਤੋਂ ਜ਼ਿਆਦਾ ਫਾਸਟੈਗ ਉਪਭੋਗਤਾ ਹਨ ਅਤੇ ਪੇਟੀਐਮ ਪੇਮੈਂਟਸ ਬੈਂਕ (ਪੀ.ਪੀ.ਬੀ.ਐਲ.) ਦੀ ਬਾਜ਼ਾਰ ਹਿੱਸੇਦਾਰੀ ਲਗਭਗ 30 ਫੀ ਸਦੀ ਹੈ। ਇਸ ਤੋਂ ਪਹਿਲਾਂ, ਆਈ.ਐਚ.ਐਮ.ਸੀ.ਐਲ. ਨੇ 19 ਜਨਵਰੀ 2024 ਨੂੰ ਇਕ ਚਿੱਠੀ ’ਚ ਪੇਟੀਐਮ ਪੇਮੈਂਟਸ ਬੈਂਕ ਨੂੰ ਨਵੇਂ ‘ਫਾਸਟੈਗ’ ਜਾਰੀ ਕਰਨ ਤੋਂ ਰੋਕ ਦਿਤਾ ਸੀ।
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ 31 ਜਨਵਰੀ ਨੂੰ ਪੇਟੀਐਮ ਦੀ ਇਕਾਈ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ (ਪੀ.ਪੀ.ਬੀ.ਐਲ.) ਨੂੰ ਹੁਕਮ ਦਿਤਾ ਸੀ ਕਿ ਉਹ 29 ਫ਼ਰਵਰੀ, 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਉਤਪਾਦਾਂ, ਵਾਲੇਟਾਂ ਅਤੇ ਫਾਸਟੈਗ ’ਚ ਜਮ੍ਹਾਂ ਜਾਂ ਟਾਪ-ਅੱਪ ਮਨਜ਼ੂਰ ਨਾ ਕਰਨ। ਹਾਲਾਂਕਿ, ਕੋਈ ਵੀ ਵਿਆਜ ਕਿਸੇ ਵੀ ਸਮੇਂ ‘ਕੈਸ਼ਬੈਕ’ ਜਾਂ ‘ਰਿਫੰਡ’ ਨਾਲ ਗਾਹਕਾਂ ਦੇ ਖਾਤਿਆਂ ’ਚ ਵਾਪਸ ਜਮ੍ਹਾਂ ਕੀਤਾ ਜਾ ਸਕਦਾ ਹੈ। ਕੇਂਦਰੀ ਬੈਂਕ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਲਗਾਤਾਰ ਪਾਲਣਾ ਨਾ ਕਰਨ ਤੋਂ ਬਾਅਦ ਹੁਕਮ ਦਿਤੇ ਗਏ ਸਨ।
ਆਈ.ਐਚ.ਐਮ.ਸੀ.ਐਲ. ਨੇ ਕਿਹਾ ਕਿ ਉਹ ਫਾਸਟੈਗ ਉਪਭੋਗਤਾਵਾਂ ਨੂੰ ਆਰ.ਬੀ.ਆਈ. ਦੀਆਂ ਹਦਾਇਤਾਂ ਅਨੁਸਾਰ ਨਵੀਨਤਮ ਫਾਸਟੈਗ ਕੇ.ਵਾਈ.ਸੀ. (ਅਪਣੇ ਗਾਹਕ ਨੂੰ ਜਾਣੋ) ਪ੍ਰਕਿਰਿਆ ਨੂੰ ਪੂਰਾ ਕਰਨ ਲਈ ਉਤਸ਼ਾਹਤ ਕਰ ਰਿਹਾ ਹੈ। ਯੂਨੀਅਨ ਬੈਂਕ ਆਫ ਇੰਡੀਆ, ਤ੍ਰਿਸੂਰ ਜ਼ਿਲ੍ਹਾ ਸਹਿਕਾਰੀ ਬੈਂਕ, ਸਾਊਥ ਇੰਡੀਅਨ ਬੈਂਕ, ਸਾਰਸਵਤ ਬੈਂਕ, ਨਾਗਪੁਰ ਨਾਗਰਿਕ ਸਹਿਕਾਰੀ ਬੈਂਕ, ਕੋਟਕ ਮਹਿੰਦਰਾ ਬੈਂਕ, ਕਰੂਰ ਵਿਆਸ ਬੈਂਕ, ਜੇ ਐਂਡ ਕੇ ਬੈਂਕ, ਇੰਡਸਇੰਡ ਬੈਂਕ, ਇੰਡੀਅਨ ਬੈਂਕ, ਆਈ.ਡੀ.ਐਫਸੀ ਫਸਟ ਬੈਂਕ, ਫਿਨੋ ਬੈਂਕ, ਇਕੁਇਟੇਬਲ ਸਮਾਲ ਫਾਈਨਾਂਸ ਬੈਂਕ, ਕਾਸਮੋਸ ਬੈਂਕ, ਸਿਟੀ ਯੂਨੀਅਨ ਬੈਂਕ ਲਿਮਟਿਡ, ਸੈਂਟਰਲ ਬੈਂਕ ਆਫ ਇੰਡੀਆ, ਕੇਨਰਾ ਬੈਂਕ, ਬੈਂਕ ਆਫ ਮਹਾਰਾਸ਼ਟਰ, ਏਯੂ ਸਮਾਲ ਫਾਈਨਾਂਸ ਬੈਂਕ ਅਤੇ ਐਕਸਿਸ ਬੈਂਕ ‘ਫਾਸਟੈਗ’ ਸੇਵਾ ਪ੍ਰਦਾਨ ਕਰਨ ਲਈ ਅਧਿਕਾਰਤ ਹੋਰ ਬੈਂਕ ਹਨ।
ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰ.ਐਫ.ਆਈ.ਡੀ.) ਤਕਨਾਲੋਜੀ ਨਾਲ ਲੈਸ, ਫਾਸਟੈਗ ਉਪਭੋਗਤਾਵਾਂ ਨੂੰ ਸਿੱਧੇ ਲਿੰਕ ਕੀਤੇ ਬੈਂਕ ਖਾਤਿਆਂ ਤੋਂ ਹਾਈਵੇ ਟੋਲ ਚਾਰਜ ਦਾ ਭੁਗਤਾਨ ਕਰਨ ਦੀ ਸੇਵਾ ਪ੍ਰਦਾਨ ਕਰਦਾ ਹੈ।