
ਵਾਈ.ਆਰ. 4 ਦੇ ਧਰਤੀ ਨਾਲ ਟਕਰਾਉਣ ’ਤੇ ਹੋ ਸਕਦੇ ਹਨ ਕਈ ਸ਼ਹਿਰ ਤਬਾਹ
ਨਵੀਂ ਦਿੱਲੀ, : ਤੁਸੀਂ ਧਰਤੀ ਦੇ ਵਿਨਾਸ਼ ਦੀਆਂ ਕਈ ਭਵਿੱਖਬਾਣੀਆਂ ਸੁਣੀਆਂ ਹੋਣਗੀਆਂ ਪਰ ਇਹ ਕੋਈ ਭਵਿੱਖਬਾਣੀ ਨਹੀਂ ਹੈ, ਇਹ ਸੱਚ ਹੈ। ਵਿਗਿਆਨੀ ਦਾ ਦਾਅਵਾ ਹੈ ਕਿ ਐਸਟੇਰੋਇਡ 2024 ਵਾਈ.ਆਰ4 ਨਾਮ ਦਾ ਇਕ ਐਸਟਰਾਇਡ ਪੁਲਾੜ ਤੋਂ ਆ ਰਿਹਾ ਹੈ, ਜੋ ਕਿ 100 ਮੀਟਰ ਤਕ ਚੌੜਾ ਹੈ। ਇਹ ਦਸੰਬਰ 2032 ਵਿਚ ਧਰਤੀ ਦੇ ਬਹੁਤ ਨੇੜੇ ਤੋਂ ਲੰਘੇਗਾ ਅਤੇ ਇਸ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਹੈ। ਫਿਰ ਇਸ ਦੀ ਸਪੀਡ 38000 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਜੇਕਰ ਇਹ ਧਰਤੀ ਨਾਲ ਟਕਰਾਉਂਦਾ ਹੈ, ਤਾਂ ਇਹ ਬਹੁਤ ਸਾਰੇ ਸ਼ਹਿਰਾਂ ਨੂੰ ਤਬਾਹ ਕਰ ਦੇਵੇਗਾ। ਇਸ ਲਈ ਇਸ ਦੀ ਟੱਕਰ ਨੂੰ ਰੋਕਣ ਲਈ ਚੀਨ ਨੇ ‘ਫ਼ੌਜ’ ਤਾਇਨਾਤ ਕਰਨੀ ਸ਼ੁਰੂ ਕਰ ਦਿਤੀ ਹੈ। ਇਹ ਆਰਮੀ ਸਪੇਸ ਇੰਜੀਨੀਅਰਾਂ ਦਾ ਹੋਵੇਗਾ, ਜੋ ਐਸਟਰਾਇਡ ਨੂੰ ਦੂਰ ਲਿਜਾਣ ਦੀ ਕੋਸ਼ਿਸ਼ ਕਰੇਗਾ।
ਵਿਗਿਆਨੀ ਮੁਤਾਬਕ ਪਹਿਲਾਂ ਇਸ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਸਿਰਫ਼ 1.3 ਫ਼ੀ ਸਦੀ ਸੀ ਪਰ ਹੁਣ ਇਸ ਨੂੰ ਵਧਾ ਕੇ 2.3 ਫ਼ੀ ਸਦੀ ਕਰ ਦਿਤਾ ਗਿਆ ਹੈ। ਫ਼ਿਲਹਾਲ ਇਹ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੈ, ਇਸ ਲਈ ਜਿਵੇਂ-ਜਿਵੇਂ ਇਹ ਨੇੜੇ ਆਉਂਦਾ ਹੈ, ਖ਼ਤਰਾ ਹੋਰ ਵਧਣ ਦੀ ਸੰਭਾਵਨਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਟਕਰਾਉਣ ਨਾਲ ਮੱਧ ਹਵਾ ’ਚ ਭਿਆਨਕ ਧਮਾਕਾ ਹੋਵੇਗਾ। ਉਸ ਤੋਂ ਬਾਅਦ, ਲਗਭਗ 8 ਮਿਲੀਅਨ ਟਨ ਟੀਐਨਟੀ ਊਰਜਾ ਛੱਡੀ ਜਾਵੇਗੀ ਜੋ ਹੀਰੋਸ਼ੀਮਾ-ਨਾਗਾਸਾਕੀ ’ਤੇ ਸੁੱਟੇ ਗਏ ਪਰਮਾਣੂ ਬੰਬਾਂ ਨਾਲੋਂ 500 ਗੁਣਾ ਜ਼ਿਆਦਾ ਤਬਾਹੀ ਦਾ ਕਾਰਨ ਬਣੇਗੀ। ਕਰੀਬ 50 ਕਿਲੋਮੀਟਰ ਦੇ ਖੇਤਰ ਵਿਚ ਸੱਭ ਕੁਝ ਸੜ ਕੇ ਸੁਆਹ ਹੋ ਜਾਵੇਗਾ।
ਨਾਸਾ ਦੇ ਕੈਟਾਲੀਨਾ ਸਕਾਈ ਸਰਵੇਖਣ ਪ੍ਰਾਜੈਕਟ ਦੇ ਇੰਜੀਨੀਅਰ ਡੇਵਿਡ ਰੈਂਕਿਨ ਵਰਗੇ ਕੁਝ ਮਾਹਰਾਂ ਨੇ ਸੰਭਾਵਿਤ ਜਗ੍ਹਾ ਦੀ ਪਛਾਣ ਕੀਤੀ ਹੈ ਜਿਥੇ ਇਹ ਗ੍ਰਹਿ ਡਿੱਗ ਸਕਦਾ ਹੈ। ਉਨ੍ਹਾਂ ਅਨੁਸਾਰ ਇਹ ਗ੍ਰਹਿ ਉੱਤਰੀ ਦੱਖਣੀ ਅਮਰੀਕਾ ਤੋਂ ਲੈ ਕੇ ਪ੍ਰਸ਼ਾਂਤ ਮਹਾਸਾਗਰ, ਦੱਖਣੀ ਏਸ਼ੀਆ, ਅਰਬ ਸਾਗਰ ਅਤੇ ਅਫ਼ਰੀਕਾ ਤਕ ਫੈਲੇ ਖੇਤਰ ਦੇ ਕਿਸੇ ਵੀ ਖੇਤਰ ਵਿਚ ਡਿੱਗ ਸਕਦਾ ਹੈ। ਭਾਰਤ, ਪਾਕਿਸਤਾਨ, ਬੰਗਲਾਦੇਸ਼, ਇਥੋਪੀਆ, ਸੂਡਾਨ, ਨਾਈਜੀਰੀਆ, ਵੈਨੇਜ਼ੁਏਲਾ, ਕੋਲੰਬੀਆ ਅਤੇ ਇਕਵਾਡੋਰ ਵਰਗੇ ਦੇਸ਼ ਇਸ ਦੇ ਦਾਇਰੇ ਵਿਚ ਹਨ। ਭਾਵ ਇਹ ਭਾਰਤ ਦੇ ਕਿਸੇ ਵੀ ਸ਼ਹਿਰ ’ਤੇ ਵੀ ਡਿੱਗ ਸਕਦਾ ਹੈ।
ਇਸ ਤੋਂ ਪਹਿਲਾਂ 2029 ਵਿਚ ਐਪੋਫ਼ਸ ਨਾਮਕ ਇਕ ਹੋਰ ਐਸਟਰਾਇਡ ਦੇ ਧਰਤੀ ਨਾਲ ਟਕਰਾਉਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਬਾਅਦ ਵਿਚ ਕੱੁਝ ਤਬਦੀਲੀਆਂ ਕਾਰਨ ਇਸ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਨੂੰ ਜ਼ੀਰੋ ਮੰਨਿਆ ਗਿਆ। ਹੁਣ ਕਿਹਾ ਜਾ ਰਿਹਾ ਹੈ ਕਿ ਇਹ ਧਰਤੀ ਦੇ ਨੇੜਿਉਂ ਲੰਘੇਗਾ ਪਰ ਟਕਰਾਏਗਾ ਨਹੀਂ। ਫਿਰ ਵੀ ਨਾਸਾ ਸਮੇਤ ਦੁਨੀਆਂ ਭਰ ਦੇ ਵਿਗਿਆਨੀ ਇਸ ’ਤੇ ਨਜ਼ਰ ਰੱਖ ਰਹੇ ਹਨ।
ਚੀਨ ਨੂੰ ਅਹਿਸਾਸ ਹੋ ਗਿਆ ਹੈ ਕਿ ਉਹ ਧਰਤੀ ਨਾਲ ਟਕਰਾਏਗਾ, ਇਸ ਲਈ ਉਸ ਨੇ ਪਹਿਲਾਂ ਹੀ ਪੁਲਾੜ ਮਾਹਰਾਂ ਦੀ ਫ਼ੌਜ ਬਣਾਉਣੀ ਸ਼ੁਰੂ ਕਰ ਦਿਤੀ ਹੈ। ਇਹ ਪੁਲਾੜ ਤੋਂ ਆਉਣ ਵਾਲੇ ਅਜਿਹੇ ਖ਼ਤਰਿਆਂ ਨਾਲ ਨਜਿੱਠਣ ਲਈ ਕੰਮ ਕਰੇਗਾ ਅਤੇ ਧਰਤੀ ਨੂੰ ਬਚਾਉਣ ਦਾ ਰਸਤਾ ਲੱਭੇਗਾ। ਚੀਨ ਵੀ ਅਜਿਹੇ ਗ੍ਰਹਿਆਂ ਦੀ ਦਿਸ਼ਾ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਐਸਟੇਰੋਇਡ ਵਾਰਨਿੰਗ ਨੈੱਟਵਰਕ ਬਣਾਇਆ ਹੈ, ਜੋ ਪਲ-ਪਲ ਅਜਿਹੀਆਂ ਚੀਜ਼ਾਂ ’ਤੇ ਨਜ਼ਰ ਰਖਦਾ ਹੈ। ਚੀਨ ਅਪਣਾ ਡਾਟਾ ਪੂਰੀ ਦੁਨੀਆਂ ਨਾਲ ਸਾਂਝਾ ਕਰਦਾ ਹੈ। (ਏਜੰਸੀ)