 
          	ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਹੈ ਕਿ ਰਾਜ ਦੀਆਂ 426 ਗਊਸ਼ਾਲਾਵਾਂ ਅਤੇ 20 ਕੈਟਲ ਪੌਂਡਾਂ ਨੂੰ ਆਤਮ ਨਿਰਭਰ ਬਣਾਉਣ ਲਈ ਗਊ ਸੇਵਾ
ਪਟਿਆਲਾ- ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਹੈ ਕਿ ਰਾਜ ਦੀਆਂ 426 ਗਊਸ਼ਾਲਾਵਾਂ ਅਤੇ 20 ਕੈਟਲ ਪੌਂਡਾਂ ਨੂੰ ਆਤਮ ਨਿਰਭਰ ਬਣਾਉਣ ਲਈ ਗਊ ਸੇਵਾ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸ਼ਰਮਾ ਨੇ ਪਟਿਆਲਾ ਦੇ ਫੋਕਲ ਪੁਆਇੰਟ ਸਥਿਤ ਸੰਨੀ ਇੰਜੀਨੀਅਰਿੰਗ ਵਰਕਸ ਦਾ ਦੌਰਾ ਕੀਤਾ, ਜਿੱਥੇ ਕਿ ਗੋਹੇ ਤੋਂ ਲੱਕੜੀ ਸਮੇਤ ਆਰਗੈਨਿਕ ਖਾਦ, ਧੂਫ਼ ਅਤੇ ਹਵਨ ਸਮੱਗਰੀ ਤਿਆਰ ਕਰਨ ਵਾਲੀ ਮਸ਼ੀਨਰੀ ਤਿਆਰ ਕੀਤੀ ਜਾਂਦੀ ਹੈ।
 File Photo
File Photo
ਸਚਿਨ ਸ਼ਰਮਾ ਨੇ ਕਿਹਾ ਕਿ ਗਊ ਸੇਵਾ ਕਮਿਸ਼ਨ ਅਧੀਨ ਆਉਂਦੀ ਪੰਜਾਬ ਦੀ ਹਰ ਗਊਸ਼ਾਲਾ ਵਿਖੇ ਅਜਿਹੀਆਂ ਮਸ਼ੀਨਾਂ ਦਾ ਪ੍ਰਾਜੈਕਟ ਲਗਾਇਆ ਜਾਵੇਗਾ ਤਾਂ ਕਿ ਦੁੱਧ ਨਾ ਵੀ ਦੇਣ ਵਾਲੇ ਗਊਧਨ ਦੇ ਗੋਹੇ ਦੀ ਵਰਤੋਂ ਕੀਤੀ ਜਾ ਸਕੇ ਅਤੇ ਉਸਨੂੰ ਦੁੱਧ ਨਾ ਦੇਣ ਕਰਕੇ ਭਾਰ ਨਾ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਗਊਆਂ ਦੇ ਗੋਹੇ ਤੋਂ ਲੱਕੜ, ਆਰਗੈਨਿਕ ਖਾਦ, ਧੂਫ਼, ਹਵਨ ਸਮੱਗਰੀ ਆਦਿ ਬਣਾਈ ਜਾਣੀ ਸ਼ੁਰੂ ਹੋ ਗਈ ਹੈ
 Cow
Cow
ਅਤੇ ਇਸਨੂੰ ਪੰਜਾਬ ਦੀ ਹਰ ਗਊਸ਼ਾਲਾ ‘ਚ ਲਗਾ ਕੇ ਗੋਹੇ ਅਤੇ ਹੋਰ ਰਹਿੰਦ ਖੂੰਹਦ ਦਾ ਰੂਪ ਬਦਲਕੇ ਉਸ ਤੋਂ ਲਾਭ ਕਮਾਇਆ ਜਾ ਸਕੇਗਾ। ਸ਼ਰਮਾ ਨੇ ਕਿਹਾ ਕਿ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਵੀ ਲਿਖਿਆ ਜਾਵੇਗਾ ਕਿ ਅਜਿਹੀਆਂ ਮਸ਼ੀਨਾਂ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਸਬਸਿਡੀ ਪ੍ਰਦਾਨ ਕੀਤੀ ਜਾਵੇ ਤਾਂ ਕਿ ਗੋਹੇ ਦੀ ਲੱਕੜ ਬਣਾ ਕੇ ਇਸ ਨੂੰ ਬਾਲਣ ਸਮੇਤ ਹੋਰ ਵਸਤਾਂ ਬਣਾਉਣ ਲਈ ਵਰਤਿਆ ਜਾ ਸਕੇ ਤੇ ਨੌਜਵਾਨ ਇਸਨੂੰ ਰੋਜ਼ਗਾਰ ਅਤੇ ਆਪਣੀ ਆਮਦਨ ਦਾ ਸਾਧਨ ਬਣਾ ਸਕਣ।
 Cow
Cow
ਸ਼ਰਮਾ ਨੇ ਕਿਹਾ ਕਿ ਰਾਜ ਦੇ ਹਰ ਪਸ਼ੂ ਦੀ ਟੈਗਿੰਗ ਕਰਕੇ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸੜਕਾਂ ‘ਤੇ ਘੁੰਮਣ ਵਾਲੇ ਪਸ਼ੂ ਦੇ ਕਿਸੇ ਮਾਲਕ ਅਤੇ ਗਊਸ਼ਾਲਾ ਤੋਂ ਹੋਣ ਬਾਰੇ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ ਤਾਂ ਕਿ ਕਾਓ ਸੈਸ ਦੀ ਸਦਵਰਤੋਂ ਯਕੀਨੀ ਬਣਾਈ ਜਾ ਸਕੇ।
 Cow
Cow
ਉਨ੍ਹਾਂ ਕਿਹਾ ਕਿ ਸਨਾਤਨ ਸਮੇਂ ਤੋਂ ਲੈ ਕੇ ਗਊ ਨੂੰ ਅੱਜ ਤੱਕ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ ਇਸ ਲਈ ਆਮ ਲੋਕਾਂ ਤੇ ਸਮਾਜ ਸੇਵੀ ਜਥੇਬੰਦੀਆਂ ਵੀ ਇਨ੍ਹਾਂ ਦੀ ਸੰਭਾਲ ਲਈ ਅੱਗੇ ਆਉਣ। ਇਸ ਮੌਕੇ ਸੰਨੀ ਇੰਜੀਨੀਅਰਿੰਗ ਵਰਕਸ ਦੇ ਮਾਲਕ ਸ੍ਰੀ ਭਜਨ ਸਿੰਘ ਪਾਲ ਅਤੇ ਉਨ੍ਹਾਂ ਦੇ ਸਪੁੱਤਰ ਇੰਜੀਨੀਅਰ ਕਾਰਤਿਕ ਪਾਲ, ਜਿਸਨੇ ਗੋਹੇ ਦੀਆਂ ਵਸਤਾਂ ਬਣਾਉਣ ਵਾਲੀ ਇਹ ਕਾਢ ਕੱਢੀ ਹੈ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਗੁਰਦੇਵ ਸ਼ਕਤੀ ਦੁਆਰਾ ਬਣਾਈਆਂ ਮਸ਼ੀਨਾਂ ਨਾਲ ਗੋਹੇ ਤੋਂ ਬਣੀ ਲੱਕੜੀ ਸਮਸ਼ਾਨ ਘਾਟ ਵਿਖੇ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਲੱਕੜ ਦੀ ਥਾਂ ਵਰਤਿਆ ਜਾ ਸਕਦਾ ਹੈ ਜਿਸ ਨਾਲ ਰੁੱਖਾਂ ਨੂੰ ਕੱਟਣ ਦੀ ਥਾਂ ਗੋਹੇ ਦੀ ਵਰਤੋਂ ਕੀਤੀ ਜਾ ਸਕਦੀ ਹੈ।
 
 
                     
                
 
	                     
	                     
	                     
	                     
     
     
     
     
     
                     
                     
                     
                     
                    