
67% ਲੋਕਾਂ ਨੇ ਆਊਟੇਜ ਟਰੈਕਿੰਗ ਕੰਪਨੀ ਡਾਊਨ ਡਿਟੈਕਟਰ ਨੂੰ ਸੰਦੇਸ਼ ਭੇਜਣ ਵਿਚ ਮੁਸ਼ਕਲ ਹੋਣ ਦੀ ਰਿਪੋਰਟ ਕੀਤੀ ਹੈ।
ਨਵੀਂ ਦਿੱਲੀ: ਸੋਸ਼ਲ ਮੈਸੇਜਿੰਗ ਐਪ ਵਟਸਐਪ ਦੀ ਸੇਵਾ ਅਚਾਨਕ ਠੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਪਹਿਰ ਪੌਣੇ ਇਕ ਵਜੇ ਅਚਾਨਕ ਸਰਵਰ ਡਾਊਨ ਹੋਣ ਕਾਰਨ ਯੂਜ਼ਰਸ ਨਾ ਤਾਂ ਮੈਸੇਜ ਭੇਜ ਸਕਦੇ ਹਨ ਅਤੇ ਨਾ ਹੀ ਰਿਸੀਵ ਕਰ ਪਾ ਰਹੇ ਹਨ, ਜਿਸ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ WhatsApp ਸਰਵਰ ਡਾਊਨ ਹੋ ਗਿਆ ਹੈ। ਬਹੁਤ ਸਾਰੇ ਯੂਜ਼ਰਸ ਨੇ ਮੈਟਾ-ਮਾਲਕੀਅਤ ਵਾਲੀ WhatsApp ਸੇਵਾ ਵਿਚ ਵਿਘਨ ਦੀ ਸ਼ਿਕਾਇਤ ਕੀਤੀ ਹੈ। 67% ਲੋਕਾਂ ਨੇ ਆਊਟੇਜ ਟਰੈਕਿੰਗ ਕੰਪਨੀ ਡਾਊਨ ਡਿਟੈਕਟਰ ਨੂੰ ਸੰਦੇਸ਼ ਭੇਜਣ ਵਿਚ ਮੁਸ਼ਕਲ ਹੋਣ ਦੀ ਰਿਪੋਰਟ ਕੀਤੀ ਹੈ। ਵਟਸਐਪ ਦੇ ਕੰਮ ਨਾ ਕਰਨ ਦੀ ਖਬਰ ਟਵਿਟਰ 'ਤੇ ਵੀ ਟ੍ਰੈਂਡ ਕਰ ਰਹੀ ਹੈ।
ਇਸ ਤੋਂ ਪਹਿਲਾਂ ਦਿੱਲੀ, ਲਖਨਊ, ਕੋਲਕਾਤਾ, ਮੁੰਬਈ ਸਮੇਤ ਕਈ ਸ਼ਹਿਰਾਂ ਦੇ ਉਪਭੋਗਤਾਵਾਂ ਨੇ ਵੀ ਮੈਸੇਜਿੰਗ ਸੇਵਾ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ ਸੀ। ਕਈ ਉਪਭੋਗਤਾਵਾਂ ਨੇ ਮੈਸੇਜਿੰਗ ਪਲੇਟਫਾਰਮ 'ਤੇ ਸੰਦੇਸ਼ ਭੇਜਣ ਜਾਂ ਪ੍ਰਾਪਤ ਕਰਨ ਵਿਚ ਸਮੱਸਿਆ ਦੀ ਰਿਪੋਰਟ ਕੀਤੀ।
ਵਟਸਐਪ ਦੀ ਪੇਰੈਂਟ-ਕੰਪਨੀ ਮੇਟਾ ਦੇ ਬੁਲਾਰੇ ਨੇ ਕਿਹਾ, "ਸਾਨੂੰ ਪਤਾ ਹੈ ਕਿ ਕੁਝ ਲੋਕਾਂ ਨੂੰ ਵਟਸਐਪ ਰਾਹੀਂ ਮੈਸੇਜ ਕਰਨ ਵਿਚ ਮੁਸ਼ਕਲ ਆ ਰਹੀ ਹੈ ਅਤੇ ਅਸੀਂ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਸੰਭਵ ਹੋ ਸਕੇ, ਇਸ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾ ਸਕੇ।"