Punjab Culture: ਲਾਲਟੈਨ ਨੂੰ ਆਵਾਜਾਈ ਦੇ ਸਾਧਨਾਂ ਵਾਸਤੇ ਵੀ ਵਰਤਿਆ ਜਾਂਦਾ ਸੀ
Gone is the lighting device lantern Punjab Culture: ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਪਿੰਡਾਂ ’ਚ ਬਿਜਲੀ ਨਹੀਂ ਸੀ ਹੁੰਦੀ। ਸਾਰਾ ਕੰਮਕਾਰ ਲਾਲਟੈਨ ਜਗਾ ਕੇ ਕੀਤਾ ਜਾਂਦਾ ਸੀ। ਅਸੀਂ ਸਕੂਲ ਦਾ ਕੰਮ ਵੀ ਸਾਰੇ ਬੱਚੇ ਇਕੱਠੇ ਹੋ ਕੇ ਲਾਲਟੈਨ ਜਗਾ ਕੇ ਕਰਦੇ ਸਾਂ। ਲਾਲਟੈਨ ਨਾਲ ਹੀ ਉਸ ਸਮੇਂ ਪੜ੍ਹ ਬੱਚੇ ਚੰਗੇ ਅਹੁਦਿਆਂ ’ਤੇ ਪਹੁੰਚੇ ਹਨ। ਲਾਲਟੈਨ ਵਿਚ ਮਿੱਟੀ ਦਾ ਤੇਲ ਪਾ ਕੇ ਇਸ ਦੇ ਲੈਂਪ ਨੂੰ ਜਗਾਇਆ ਜਾਂਦਾ ਸੀ। ਇਸ ਦਾ ਪ੍ਰਯੋਗ ਸਿਗਨਲ ਵਾਸਤੇ ਵੀ ਕੀਤਾ ਜਾਂਦਾ ਸੀ। ਇਸ ਨੂੰ ਹੁਣ ਦੀ ਟਾਰਚ ਵਾਂਗ ਪ੍ਰਯੋਗ ਕੀਤਾ ਜਾਂਦਾ ਸੀ।
ਲਾਲਟੈਨ ਨੂੰ ਆਵਾਜਾਈ ਦੇ ਸਾਧਨਾਂ ਵਾਸਤੇ ਵੀ ਵਰਤਿਆ ਜਾਂਦਾ ਸੀ। ਰੇਲ ਗੱਡੀਆਂ ਵਿਚ ਇਸ ਦੀ ਅਹਿਮ ਭੂਮਿਕਾ ਸੀ। ਇਸ ਦੀ ਬਣਤਰ ਇਸ ਤਰ੍ਹਾਂ ਦੀ ਬਣੀ ਹੁੰਦੀ ਸੀ ਕਿ ਹਵਾ ਦੇ ਆਉਣ ਨਾਲ ਵੀ ਲਾਲਟੈਨ ਬੁਝਦੀ ਨਹੀਂ ਸੀ। ਲਾਲਟੈਨ ਦੇ ਹੇਠਲੇ ਹਿੱਸੇ ਵਿਚ ਮਿੱਟੀ ਦੇ ਤੇਲ ਵਾਲੀ ਛੋਟੀ ਜਿਹੀ ਗੋਲ ਟੈਂਕੀ ਹੁੰਦੀ ਸੀ। ਟੈਂਕੀ ਦੇ ਉਪਰਲੇ ਹਿੱਸੇ ਤੇ ਗਲੀ ਭਾਵ ਸੁਰਾਖ ਹੁੰਦਾ ਸੀ।
ਉਪਰਲੇ ਹਿੱਸੇ ਵਿਚ ਬੱਤੀ ਪਾ ਕੇ ਉਸ ਗਲੀ, ਸੁਰਾਖ਼ ਵਿਚ ਫਿੱਟ ਕਰ ਦਿਤਾ ਜਾਂਦਾ ਸੀ ਤਾਂ ਜੋ ਉਹ ਤੇਲ ਨਾਲ ਭਿੱਜ ਸਕੇ। ਟੈਂਕੀ ਦੇ ਉਪਰ ਫ਼ਰੇਮ ਬਣਾ ਕੇ ਲਾਲਟੈਨ ਚੁਕਣ ਲਈ ਇਕ ਕੁੰਡਾ ਲਗਾਇਆ ਜਾਂਦਾ ਸੀ। ਫ਼ਰੇਮ ਦੇ ਉਪਰ ਲੋਹੇ ਦੀਆਂ ਤਾਰਾਂ ਦਾ ਜਾਲੀਦਾਰ ਫ਼ਰੇਮ ਬਣਾਇਆ ਜਾਂਦਾ ਹੈ, ਜਿਸ ਵਿਚ ਚਿਮਨੀ ਪਾਈ ਹੁੰਦੀ ਸੀ। ਜਦੋਂ ਅਸੀਂ ਦਾਣੇ ਮੰਡੀ ਗੱਡੇ ’ਤੇ ਖੜਦੇ ਸੀ, ਗੱਡੇ ਦੇ ਅੱਗੇ ਅਤੇ ਪਿੱਛੇ ਲਾਲਟੈਣ ਬੰਨ੍ਹੀ ਹੁੰਦੀ ਸੀ। ਰੋਟੀ ਚੌਂਕੇ ਵਿਚ ਬੀਜੀ ਲਾਲਟੈਨ ਦੀ ਰੋਸ਼ਨੀ ਨਾਲ ਬਣਾਉਂਦੇ ਸੀ। ਸਾਡੇ ਭਾਪਾ ਜੀ ਚੁੱਲੇ੍ਹ ਵਿਚ ਨਾਲ-ਨਾਲ ਅੱਗ ਬਾਲੀ ਜਾਂਦੇ ਸੀ ਨਾਲੇ ਚੁੱਲ੍ਹੇ ਵਿਚ ਅੱਗ ਸੇਕੀ ਜਾਂਦੇ ਸਨ।
ਸਾਡੇ ਬੀਜੀ ਲਾਲਟੈਨ ਨੂੰ ਪੂਰੀ ਤਰ੍ਹਾਂ ਲਿਸ਼ਕਾ ਕੇ ਰਖਦੇ ਸੀ। ਮੇਰੇ ਹੁੰਦਿਆਂ ਹੀ ਸੱਭ ਤੋਂ ਪਹਿਲਾ ਸਾਡੇ ਤੇ ਫ਼ੋਰਮੈਨਾਂ ਦੇ ਘਰ ਬਿਜਲੀ ਆਈ ਸੀ। ਬਿਜਲੀ ਆਉਣ ’ਤੇ ਵੀ ਸਾਡੀ ਬੀਜੀ ਨੇ ਲਾਲਟੈਨ ਨੂੰ ਸੰਭਾਲ ਕੇ ਰਖਿਆ ਸੀ। ਜਦੋਂ ਬਿਜਲੀ ਚਲੀ ਜਾਂਦੀ ਸੀ ਤਾਂ ਲਾਲਟੈਨ ਦੀ ਵਰਤੋਂ ਕਰ ਲੈਂਦੇ ਸੀ। ਹੁਣ ਮੈਂ ਇਕ ਦਿਨ ਦੀ ਗੱਲ ਕਰ ਰਿਹਾ ਹਾਂ ਬਿਜਲੀ ਦਾ ਕੱਟ ਲੱਗ ਗਿਆ ਤੇ ਇੰਨਵਰਟਰ ਵੀ ਜਵਾਬ ਦੇ ਗਏ, ਫਿਰ ਲਾਲਟੈਨ ਦੀ ਯਾਦ ਆਈ ਜੋ ਅਲੋਪ ਹੋ ਗਈ ਹੈ, ਸਾਡੀ ਬੀਜੀ ਜਦੋਂ ਬਿਜਲੀ ਚਲੀ ਜਾਂਦੀ ਸੀ, ਇਸ ਨੂੰ ਇਸਤੇਮਾਲ ਕਰਦੀ ਸੀ। ਪਰ ਹੁਣ ਇਹ ਅਜਾਇਬ ਘਰਾਂ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ। ਨੌਜਵਾਨ ਪੀੜ੍ਹੀ ਇਸ ਤੋਂ ਬਿਲਕੁਲ ਅਣਜਾਣ ਹੈ।
-ਗੁਰਮੀਤ ਸਿੰਘ ਵੇਰਕਾ ਸੇਵਾ ਮੁਕਤ ਇੰਸਪੈਕਟਰ ਪੁਲਿਸ ਐਮਏ ਪੁਲਿਸ ਐਡਮਨਿਸਟਰੇਸ਼ਨ, 8600221