ਬੱਚਿਆਂ ਨੂੰ ਇਤਰਾਜਯੋਗ ਸਮੱਗਰੀ ਦੇਖਣ ਤੋਂ ਰੋਕਣਾ ਮਾਪਿਆਂ ਲਈ ਬਣਿਆ ਚੁਨੌਤੀ
ਨਵੀਂ ਦਿੱਲੀ: ਇਕ ਨਵੇਂ ਸਰਵੇਖਣ ਤੋਂ ਪਤਾ ਲੱਗਾ ਹੈ ਕਿ 12 ਸਾਲ ਤਕ ਦੇ ਘੱਟੋ-ਘੱਟ 42 ਫ਼ੀ ਸਦੀ ਬੱਚੇ ਰੋਜ਼ਾਨਾ ਔਸਤਨ ਦੋ ਤੋਂ ਚਾਰ ਘੰਟੇ ਤਕ ਅਪਣੇ ਸਮਾਰਟਫੋਨ ਜਾਂ ਟੈਬਲੇਟ ਨਾਲ ਚਿਪਕੇ ਰਹਿੰਦੇ ਹਨ, ਜਦਕਿ ਇਸ ਤੋਂ ਵੱਡੀ ਉਮਰ ਦੇ ਬੱਚੇ ਹਰ ਰੋਜ਼ ਦਿਨ 47 ਫ਼ੀ ਸਦੀ ਸਮਾਂ ਮੋਬਾਈਲ ਫੋਨ ਦੀ ਸਕ੍ਰੀਨ ’ਤੇ ਬਿਤਾਉਂਦੇ ਹਨ।
ਵਾਈ-ਫ਼ਾਈ ’ਤੇ ਚੱਲ ਰਹੇ ‘ਟ੍ਰੈਫ਼ਿਕ’ ’ਤੇ ਨਜ਼ਰ ਰੱਖਣ ਵਾਲੀ ‘ਹੈਪੀਨੇਟਜ਼’ ਕੰਪਨੀ ਵਲੋਂ ਕੀਤੇ ਗਏ ਸਰਵੇਖਣ ਅਨੁਸਾਰ ਜਿਨ੍ਹਾਂ ਘਰਾਂ ਵਿਚ ਕਈ ਉਪਕਰਨ ਹਨ, ਉਥੇ ਮਾਪਿਆਂ ਲਈ ਅਪਣੇ ਬੱਚਿਆਂ ਦੇ ਸਕ੍ਰੀਨ ’ਤੇ ਬਿਤਾਉਣ ਵਾਲੇ ਸਮੇਂ ਨੂੰ ਕੰਟਰੋਲ ਕਰਨਾ ਅਤੇ ਉਨ੍ਹਾਂ ਨੂੰ ਇਤਰਾਜਯੋਗ ਸਮੱਗਰੀ ਦੇਖਣ ਤੋਂ ਰੋਕਣਾ ਇਕ ਚੁਨੌਤੀ ਹੈ। ਇਹ ਸਰਵੇਖਣ 1,500 ਮਾਪਿਆਂ ਵਿਚਕਾਰ ਕੀਤਾ ਗਿਆ ਅਤੇ ਪਾਇਆ ਗਿਆ ਕਿ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ 69 ਪ੍ਰਤੀਸ਼ਤ ਬੱਚਿਆਂ ਕੋਲ ਅਪਣੇ ਟੈਬਲੇਟ ਜਾਂ ਸਮਾਰਟਫੋਨ ਹਨ ਜਿਸ ਨਾਲ ਉਹ ਇੰਟਰਨੈਟ ’ਤੇ ਬਿਨਾਂ ਕਿਸੇ ਪਾਬੰਦੀ ਦੇ ਕੁਝ ਵੀ ਦੇਖ ਸਕਦੇ ਹਨ।
ਸਰਵੇਖਣ ਰਿਪੋਰਟ ਵਿਚ ਕਿਹਾ ਗਿਆ ਹੈ, “...ਉਨ੍ਹਾਂ ਵਿਚੋਂ 74 ਫ਼ੀ ਸਦੀ ਬੱਚੇ ਯੂ-ਟਿਊਬ ਦੀ ਦੁਨੀਆਂ ਵਿਚ ਗੁਆਚ ਜਾਂਦੇ ਹਨ ਜਦੋਂ ਕਿ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ 61 ਫ਼ੀ ਸਦੀ ਬੱਚੇ ਗੇਮਿੰਗ ਵੱਲ ਆਕਰਸ਼ਿਤ ਹੁੰਦੇ ਹਨ।’’ ਇਸ ਵਿਚ ਕਿਹਾ ਗਿਆ ਹੈ, “ਸਕ੍ਰੀਨ-ਅਧਾਰਿਤ ਮਨੋਰੰਜਨ ਕਾਰਨ ਉਨ੍ਹਾਂ ਦਾ ਸਕ੍ਰੀਨ ’ਤੇ ਬਿਤਾਇਆ ਸਮਾਂ ਵੱਧ ਜਾਂਦਾ ਹੈ ਜਿਸ ਨਾਲ 12 ਸਾਲ ਤੋਂ ਘੱਟ ਉਮਰ ਦੇ 42 ਪ੍ਰਤੀਸ਼ਤ ਬੱਚੇ ਹਰ ਰੋਜ਼ ਔਸਤਨ ਦੋ ਤੋਂ ਚਾਰ ਘੰਟੇ ਸਕ੍ਰੀਨ ਬਿਤਾਉਂਦੇ ਹਨ, ਅਤੇ 12 ਸਾਲ ਤੋਂ ਵੱਧ ਉਮਰ ਦੇ ਬੱਚੇ ਹਰ ਦਿਨ 47 ਪ੍ਰਤੀਸ਼ਤ ਸਮਾਂ ਸਕ੍ਰੀਨ ’ਤੇ ਬਿਤਾਉਂਦੇ ਹਨ। ’’
ਹੈਪੀਨੇਟਜ਼ ਦੇ ਸਹਿ-ਸੰਸਥਾਪਕ ਅਤੇ ਸੀਈਓ ਰਿਚਾ ਸਿੰਘ ਨੇ ਕਿਹਾ, “ਜਦੋਂ ਸਿਖਿਆ ਤੋਂ ਲੈ ਕੇ ਮਨੋਰੰਜਨ ਤਕ ਸਭ ਕੱੁਝ ਡਿਜੀਟਲ ਹੋ ਰਿਹਾ ਹੈ ਤਾਂ ਸਮਾਰਟ ਡਿਵਾਈਸ ਅੱਜ ਬੱਚਿਆਂ ਲਈ ਇਕ ਮਦਦਗਾਰ ਬਣ ਗਿਆ ਹੈ। ਬੱਚੇ ਅਪਣੇ ਗੈਜੇਟਸ ’ਤੇ ਬਹੁਤ ਸਾਰਾ ਸਮਾਂ ਬਿਤਾਉਂਦੇ ਹਨ ਭਾਵੇਂ ਉਹ ਸਕੂਲ ਦਾ ਹੋਮਵਰਕ ਕਰਨਾ ਹੋਵੇ, ਦੋਸਤਾਂ ਜਾਂ ਪ੍ਰਵਾਰਕ ਮੈਂਬਰਾਂ ਨਾਲ ਗੱਲਬਾਤ ਚੈਟ ਕਰਨਾ ਹੋਵੇ ਜਾਂ ਪੜ੍ਹਾਈ ਲਈ ਐਪਸ ਦੀ ਵਰਤੋਂ ਕਰਨਾ ਹੋਵੇ।’’ ਹੈਪੀਨੇਟਜ਼ ਇਕ ‘ਪੇਰੈਂਟਲ ਕੰਟਰੋਲ ਫਿਲਟਰ ਬਾਕਸ’ ਪ੍ਰਦਾਨ ਕਰਦਾ ਹੈ ਜੋ ਨਿਯਮਿਤ ਤੌਰ ’ਤੇ 11 ਕਰੋੜ ਤੋਂ ਵੱਧ ਵੈੱਬਸਾਈਟਾਂ ਅਤੇ ਐਪਸ ਦੀ ਨਿਗਰਾਨੀ ਕਰਦਾ ਹੈ ਅਤੇ 2.2 ਕਰੋੜ ਤੋਂ ਵੱਧ ਇਤਰਾਜਯੋਗ ਵੈੱਬਸਾਈਟਾਂ ਅਤੇ ਐਪਸ ’ਤੇ ਸਥਾਈ ਤੌਰ ’ਤੇ ਪਾਬੰਦੀ ਲਗਾਈ ਹੈ।