ਪਿੰਨ ਘਾਟੀ ਦੀ ਜੀਵਨ ਦਾਤੀ ਪਿੰਨ ਨਦੀ 

By : KOMALJEET

Published : May 7, 2023, 11:37 am IST
Updated : May 7, 2023, 11:38 am IST
SHARE ARTICLE
representational Image
representational Image

ਸਿੱਧੀਆਂ ਚੜ੍ਹਾਈਆਂ ਚੜ੍ਹ ਕੇ ਵੱਡੇ ਵੱਡੇ ਪੱਥਰਾਂ ਅਤੇ ਗਲੇਸ਼ੀਅਰਾਂ ਨੂੰ ਪਾਰ ਕਰ ਕੇ ਤਕਰੀਬਨ 5350 ਮੀਟਰ ਦੀ ਉਚਾਈ ’ਤੇ ਸਥਿਤ ਹੈ ਪਿੰਨ ਪਾਰਵਤੀ ਦੱਰਾ।

ਸਿੱਧੀਆਂ ਚੜ੍ਹਾਈਆਂ ਚੜ੍ਹ ਕੇ ਵੱਡੇ ਵੱਡੇ ਪੱਥਰਾਂ ਅਤੇ ਗਲੇਸ਼ੀਅਰਾਂ ਨੂੰ ਪਾਰ ਕਰ ਕੇ ਤਕਰੀਬਨ 5350 ਮੀਟਰ ਦੀ ਉਚਾਈ ’ਤੇ ਸਥਿਤ ਹੈ ਪਿੰਨ ਪਾਰਵਤੀ ਦੱਰਾ। ਇਹ ਖ਼ਤਰਨਾਕ ਦੱਰਾ ਪਿੰਨ ਘਾਟੀ ਅਤੇ ਪਾਰਵਤੀ ਘਾਟੀ ਦੋਹਾਂ ਨੂੰ ਆਪਸ ਵਿਚ ਜੋੜਦਾ ਹੈ। ਇਸ ਨੂੰ ਪਾਰ ਕਰ ਕੇ ਤੁਸੀਂ ਪਾਰਵਤੀ ਘਾਟੀ ਵਿਚ ਦਾਖ਼ਲ ਹੋ ਜਾਂਦੇ ਹੋ। ਦੱਰੇ ਦੇ ਸਿਖਰ ਉੱਤੇ ਖਲੋ ਕੇ ਦੋਵੇਂ ਪਾਸੇ ਦਾ ਜੋ ਦਿ੍ਰਸ਼ ਨਜ਼ਰ ਆਉਂਦਾ ਹੈ, ਉਸ ਨੂੰ ਤਕ ਕੇ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ ਨੇ। ਇਕ ਪਾਸੇ ਪਾਰਵਤੀ ਘਾਟੀ ਵਲ ਬਰਫ਼ਾਂ ਲੱਦੇ ਪਹਾੜ ਅਤੇ ਦੂਜੇ ਪਾਸੇ ਪਿੰਨ ਘਾਟੀ ਦੇ ਵੀਰਾਨ ਮਟਮੈਲੇ ਜਿਹੇ ਪਹਾੜ। 

ਅੱਜਕੱਲ ਏਹੋ ਜਿਹੀਆਂ ਥਾਵਾਂ ਵਿਰਲੀਆਂ ਈ ਬਚੀਆਂ ਹਨ ਜਿੱਥੇ ਜਾ ਕੇ ਬੰਦਾ ਕੁਦਰਤ ਨੂੰ ਖੁੱਲ੍ਹ ਕੇ ਜਾਣਦਾ ਤੇ ਮਾਣਦਾ ਹੈ। ਜਿੱਥੇ ਪਹੁੰਚ ਕੇ ਇਹ ਮਹਿਸੂਸ ਹੁੰਦਾ ਹੈ ਜਿਵੇਂ ਸੱਚਮੁੱਚ ਕੁਦਰਤ ਦੀ ਗੋਦ ਦਾ ਨਿੱਘ ਮਾਣ ਰਹੇ ਹੋਈਏ। ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਜ਼ਿਲ੍ਹੇ ਲਾਹੌਲ ਸਪਿਤੀ ਵਿਚ ਵਸੀ ਪਿੰਨ ਘਾਟੀ ਇਨ੍ਹਾਂ ਵਿਰਲੀਆਂ ਥਾਵਾਂ ਵਿਚੋਂ ਹੀ ਇਕ ਹੈ। ਇਥੇ ਜਾ ਕੇ ਕੁਦਰਤ ਪ੍ਰੇਮੀ ਅਤੇ ਮਨ ਮੌਜੀ ਘੁਮੱਕੜਾਂ ਦੇ ਮਨ ਨੂੰ ਸੱਚਮੁੱਚ ਤਿ੍ਰਪਤੀ ਮਿਲਦੀ ਹੈ। ਆਧੁਨਿਕਤਾ ਦੀ ਚਕਾਚੌਂਧ ਤੋਂ ਦੂਰ ਪਿੰਨ ਘਾਟੀ ਇਕ ਠੰਢਾ ਤੇ ਖ਼ੁਸ਼ਕ ਮਾਰੂਥਲ ਹੈ ਜੋ ਇਕ ਵਖਰੀ ਜਿਹੀ ਦੁਨੀਆਂ ਦਾ ਅਹਿਸਾਸ ਕਰਾਉਂਦਾ ਹੈ।

ਚਾਰੇ ਪਾਸਿਉਂ ਕਲ-ਕਲ ਵਹਿੰਦੇ ਨਦੀਆਂ ਨਾਲਿਆਂ, ਰੰਗ ਬਿਰੰਗੇ ਪਹਾੜਾਂ ਅਤੇ ਅਸਮਾਨ ਛੂੰਹਦੇ ਹਿੰਮ ਸਿਖਰਾਂ ਵਿਚਕਾਰ ਘਿਰੀ ਪਿੰਨ ਘਾਟੀ ਅਪਣੀ ਬੇਮਿਸਾਲ ਖ਼ੂਬਸੂਰਤੀ ਅਤੇ ਕੁਦਰਤੀ ਵੰਨ ਸੁਵੰਨਤਾ ਲਈ ਜਾਣੀ ਜਾਂਦੀ ਹੈ। ਕਲ-ਕਲ ਵਗਦੀ ਪਿੰਨ ਨਦੀ ਪੂਰੀ ਘਾਟੀ ਨੂੰ ਇਕ ਸੂਤਰ ’ਚ ਪਰੋਂਦੀ ਹੈ। ਘਾਟੀ ਦੇ ਸਾਰੇ ਪਿੰਡ ਪਿੰਨ ਨਦੀ ਦੇ ਇਰਦ ਗਿਰਦ ਹੀ ਵਸੇ ਹੋਏ ਹਨ। ਇਸੇ ਕਰ ਕੇ ਤਾਂ ਇਸ ਖੇਤਰ ਨੂੰ ਪਿੰਨ ਘਾਟੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਪਿੰਨ ਘਾਟੀ ਦੀ ਵੰਨ ਸੁਵੰਨਤਾ ਕੁਦਰਤ ਪ੍ਰੇਮੀਆਂ, ਸਾਹਸੀ ਘੁਮੱਕੜਾਂ, ਟ੍ਰੈਕਰਾਂ, ਪਰਬਤਾਰੋਹੀਆਂ, ਜੰਗਲੀ ਜੀਵ ਪ੍ਰੇਮੀਆਂ ਅਤੇ ਫ਼ੋਟੋਗ੍ਰਾਫ਼ੀ ਦੇ ਸ਼ੌਕੀਨਾਂ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਹੈ। ਇਥੋਂ ਦਾ ਸ਼ਾਂਤ ਆਲਾ ਦੁਆਲਾ, ਝਰਨਿਆਂ ਦੀ ਛਣ-ਛਣ, ਨਦੀਆਂ ਦੀ ਕਲ-ਕਲ, ਹਿੰਮ ਸਿਖਰਾਂ ਦੀ ਚਮਕ ਅਤੇ ਪਿੰਡਾਂ ਦੀ ਖ਼ੂਬਸੂਰਤੀ, ਲੋਕਾਂ ਦੇ ਭੋਲੇ ਭਾਲੇ ਚਿਹਰੇ ਸਦਾ ਲਈ ਹਰ ਇਕ ਦੇ ਦਿਲੋ ਦਿਮਾਗ਼ ਉਤੇ ਅਪਣੀ ਛਾਪ ਛੱਡ ਜਾਂਦੇ ਹਨ।

ਪਿੰਨ ਨਦੀ ਬਾਰੇ ਗੱਲ ਕਰੀਏ ਤਾਂ ਇਹ ਸਪਿਤੀ ਨਦੀ ਦੀ ਮੁੱਖ ਸਹਾਇਕ ਨਦੀ ਹੈ। ਇਹ ਪਿੰਨ ਪਾਰਵਤੀ ਦੱਰੇ ਕੋਲੋਂ ਨਿਕਲ ਕੇ ਸ਼ਿਚਲਿੰਗ ਤੇ ਧੰਕਰ ਪਿੰਡ ਕੋਲ ਆ ਕੇ ਸਪਿਤੀ ਨਦੀ ਵਿਚ ਵਿਲੀਨ ਹੋ ਜਾਂਦੀ ਹੈ। ਦੋਵਾਂ ਨਦੀਆਂ ਦੇ ਸੰਗਮ ਵਾਲੀ ਥਾਂ ਬੜੀ ਖੁੱਲ੍ਹੀ ਡੁੱਲ੍ਹੀ ਹੈ, ਇਕ ਵੱਡੇ ਮੈਦਾਨ ਵਾਂਗ। ਇਥੇ ਆ ਕੇ ਦੋਹਾਂ ਨਦੀਆਂ ਦਾ ਪਾਣੀ ਅਨੇਕ ਧਾਰਾਵਾਂ ’ਚ ਵੰਡਿਆ ਜਾਂਦਾ ਹੈ। ਇਹ ਵੱਖ-ਵੱਖ ਧਾਰਾਵਾਂ ਅੱਗੇ ਜਾ ਕੇ ਇਕੱਠੀਆਂ ਹੋ ਕੇ ਸਪਿਤੀ ਨਦੀ ਦਾ ਰੂਪ ਧਾਰ ਲੈਂਦੀਆਂ ਹਨ। ਸਪਿਤੀ ਨਦੀ ਫਿਰ ਹੋਰ ਨਦੀਆਂ ਨਾਲਿਆਂ ਨੂੰ ਅਪਣੇ ਅੰਦਰ ਸਮੋਂਦੀ ਹੋਈ ਅੱਗੇ ਜਾ ਕੇ ਕਿਨੌਰ ਜ਼ਿਲ੍ਹੇ ਦੇ ਖਾਬ ਲਾਗੇ ਤਿੱਬਤ ਵੰਨੀਉਂ ਆਉਂਦੇ ਸਤਲੁਜ ਦਰਿਆ ’ਚ ਮਿਲ ਜਾਂਦੀ ਹੈ। ਇਹਨਾਂ ਦੋਵਾਂ ਦੇ ਮਿਲਾਪ ਵਾਲੀ ਥਾਂ ਨੂੰ ਖ਼ਾਬ ਸੰਗਮ ਕਿਹਾ ਜਾਂਦਾ ਹੈ।

ਪਿੰਨ ਨਦੀ ਹਿਮਾਲਿਆ ਦੀ ਸ੍ਰੀ ਖੰਡ ਪਰਬਤ ਮਾਲਾ ਵਿਚ ਸਥਿਤ ਤਕਰੀਬਨ 5350 ਮੀਟਰ ਉੱਚੇ ਪਿੰਨ ਪਾਰਵਤੀ ਦੱਰੇ ਕੋਲ ਫੈਲੇ ਵਿਸ਼ਾਲ ਗਲੇਸ਼ੀਅਰ ਤੋਂ ਨਿਕਲਣ ਵਾਲੀਆਂ ਕਈ ਛੋਟੀਆਂ ਛੋਟੀਆਂ ਧਾਰਾਵਾਂ ਦੇ ਰੂਪ ’ਚ ਜਨਮ ਲੈਂਦੀ ਹੈ। ਕਿਸੇ ਇਕ ਧਾਰਾ ਦਾ ਪਤਾ ਲਗਾਉਣਾ ਮੁਸ਼ਕਲ ਹੈ ਜਿਥੋਂ ਨਦੀ ਜਨਮ ਲੈਂਦੀ ਹੈ। ਇਹ ਵੱਖ-ਵੱਖ ਜਲ ਧਾਰਾਵਾਂ ਅੱਗੇ ਜਾ ਕੇ ਇਕੱਠੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਪਿੰਨ ਨਦੀ ਦਾ ਰੂਪ ਲੈ ਲੈਂਦੀਆਂ ਹਨ। ਸਪਿਤੀ ਨਦੀ ਵਿਚ ਮਿਲਣ ਤੋਂ ਪਹਿਲਾਂ ਇਹਦੇ ਵਿਚ ਕਈ ਨਦੀਆਂ ਨਾਲੇ ਵੱਖ-ਵੱਖ ਥਾਵਾਂ ਤੇ ਆ ਕੇ ਮਿਲਦੇ ਹਨ। ਸੱਜੇ ਪਾਸੇ ਤੋਂ ਇਸ ਵਿਚ ਪੋਲਦਰ ਚਿਨ, ਪੋਲਦਰ ਚਮ ਤੇ ਸਾਂਗ ਨਾਲਾ ਆ ਕੇ ਮਿਲਦੇ ਹਨ। ਖੱਬੇ ਪਾਸਿਉਂ ਪਾਗਲ ਨਾਲਾ, ਕਾਰਵੇ, ਲਵਰੰਗ, ਮੁਦ, ਮਡੰਗ, ਸਗੁਰਾਓ, ਬਰਾਕੁਟ, ਗੁਲਿੰਗ ਅਤੇ ਸੀਲਿੰਗ ਨਾਲੇ ਪਿੰਨ ਨਦੀ ’ਚ ਆ ਕੇ ਮਿਲਦੇ ਹਨ। ਪੈਰਾਹੀਉ ਨਦੀ ਇਸ ਦੀ ਮੁੱਖ ਸਹਾਇਕ ਨਦੀ ਹੈ। ਲਾਰੰਗ ਪਾਸ ਜੋ 6375 ਮੀਟਰ ਉੱਚਾ ਹੈ, ਦੇ ਨਾਲ ਇਕ ਉੱਚੀ ਚੋਟੀ ਉੱਤੇ ਪਈ ਬਰਫ਼ ਖੁਰ ਕੇ ਦੋ ਵਿਰੋਧੀ ਦਿਸ਼ਾਵਾਂ ਵਲ ਵਹਿ ਤੁਰਦੀ ਹੈ। ਇਕ ਧਾਰਾ ਬੇਸ ਕੈਂਪ ਕੋਲ ਆ ਕੇ ਪਿੰਨ ਨਦੀ ’ਚ ਮਿਲ ਜਾਂਦੀ ਹੈ ਤੇ ਦੂਜੀ ਧਾਰਾ ਹੋਰ ਛੋਟੇ ਵੱਡੇ ਨਾਲਿਆਂ ਤੇ ਝਰਨਿਆਂ ਦੇ ਪਾਣੀ ਨੂੰ ਅਪਣੇ ਨਾਲ ਵਹਾਉਂਦੀ ਹੋਈ ਪੈਰਾਹੀਉ ਨਦੀ ਨੂੰ ਜਨਮ ਦਿੰਦੀ ਹੈ।

ਇਸ ਤਰ੍ਹਾਂ ਗਲੇਸ਼ੀਅਰਾਂ ਤੇ ਬਰਫ਼ੀਲੀਆਂ ਚੋਟੀਆਂ ਤੋਂ ਆਉਂਦੇ ਪਾਣੀਆਂ ਸੰਗ ਗਲਵਕੜੀ ਪਾਉਂਦੇ ਹੋਏ ਪਿੰਨ ਪਾਰਵਤੀ ਬੇਸ ਕੈਂਪ ਤਕ ਆ ਕੇ ਪਿੰਨ ਨਦੀ ਇਕ ਨਵਜੰਮੇ ਬੱਚੇ ਤੋਂ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਦਾ ਰੂਪ ਧਾਰ ਲੈਂਦੀ ਹੈ। ਇਥੇ ਆ ਕੇ ਲਾਰੰਗ ਪਾਸ ਤੋਂ ਆਉਂਦਾ ਨਾਲਾ ਵੀ ਪਿੰਨ ਨਦੀ ਵਿਚ ਆ ਡਿਗਦਾ ਹੈ ਤੇ ਥੋੜੀ ਵੱਡੀ ਹੋ ਕੇ ਹਾਈ ਸਕੂਲ ਵਿਚ ਪੈਰ ਧਰ ਲੈਂਦੀ ਹੈ। ਰਸਤੇ ’ਚ ਹੋਰ ਕਿੰਨੇ ਹੀ ਝਰਨੇ ਇਧਰੋਂ ਉਧਰੋਂ ਆ ਕੇ ਪਿੰਨ ਨਦੀ ਨੂੰ ਵੱਡੀ ਹੋਣ ਵਿਚ ਮਦਦ ਕਰਦੇ ਹਨ। ਮੁਧ ਤਕ ਪਹੁੰਚਦਿਆਂ ਭਾਵ ਪਾਸ ਵਲੋਂ ਆਉਂਦੇ ਨਾਲੇ, ਪਾਗਲ ਨਾਲੇ ਤੇ ਇਕ ਦੋ ਹੋਰ ਨਾਲਿਆਂ ਦੇ ਇਸ ਵਿਚ ਆ ਕੇ ਸਮਾ ਜਾਣ ਨਾਲ ਇਹ ਜਵਾਨ ਹੋ ਕੇ ਕਾਲਜ ’ਚ ਦਾਖ਼ਲਾ ਲੈਣ ਜੋਗੀ ਹੋ ਜਾਂਦੀ ਹੈ।

ਅੱਗੇ ਫਿਰ ਘਾਟੀ ਦੇ ਮੁੱਖ ਪਿੰਡ ਸਗਨਮ ਤੋਂ ਪੈਰਾਹੀਉ ਨਦੀ ਇਸ ਵਿਚ ਆ ਮਿਲਦੀ ਹੈ। ਸਗਨਮ ਪਿੰਨ ਘਾਟੀ ਦਾ ਮੁੱਖ ਪਿੰਡ ਹੋਣ ਦੇ ਨਾਲ ਨਾਲ ਸੱਭ ਤੋਂ ਖ਼ੂਬਸੂਰਤ ਪਿੰਡ ਵੀ ਹੈ। ਇਸ ਦਾ ਨਾਂ ‘ਸੰਗਮ’ ਸ਼ਬਦ ਤੋਂ ਵਿਗੜ ਕੇ ਹੀ ਸਗਨਮ ਪਿਆ ਹੈ ਕਿਉਂਕਿ ਇਥੇ ਪਿੰਨ ਨਦੀ ਤੇ ਇਹਦੀ ਮੁੱਖ ਸਹਾਇਕ ਨਦੀ ਪੈਰਾਹੀਉ ਦਾ ਸੰਗਮ ਜੋ ਹੁੰਦਾ ਹੈ। ਪਿੰਨ ਨਦੀ ਸਗਨਮ ਤਕ ਉੱਤਰ ਦਿਸ਼ਾ ’ਚ ਵਗਦੀ ਏ। ਸਗਨਮ ਆ ਕੇ ਜਦੋਂ ਪਰਾਹੀਉ ਨਦੀ ਇਸ ’ਚ ਮਿਲ ਜਾਂਦੀ ਹੈ ਤਾਂ ਇਹ ਪੂਰਬ ਦਿਸ਼ਾ ਵਲ ਵਗਣ ਲਗਦੀ ਹੈ।

ਪਿੰਨ ਨਦੀ ਦੀ ਲੰਬਾਈ ਦੀ ਗੱਲ ਕਰੀਏ ਤਾਂ ਇਹ ਕੋਈ ਬਹੁਤਾ ਲੰਮਾ ਪੈਂਡਾ ਤੈਅ ਨਹੀਂ ਕਰਦੀ। ਅਪਣੇ ਜਨਮ ਸਥਾਨ ਪਿੰਨ ਪਾਰਵਤੀ ਪਾਸ ਤੋਂ ਸਪਿਤੀ ਨਦੀ ਵਿਚ ਵਿਲੀਨ ਹੋਣ ਤਕ ਇਹ ਸਿਰਫ਼ ਪੰਜਾਹ ਕੁ ਕਿਲੋਮੀਟਰ ਦਾ ਪੈਂਡਾ ਤੈਅ ਕਰਦੀ ਹੈ। ਪਰ ਏਨੇ ਛੋਟੇ ਸਫ਼ਰ ਦੌਰਾਨ ਹੀ ਇਹ ਪਿੰਨ ਘਾਟੀ ਦੀ ਖ਼ੂਬਸੂਰਤ ਦੁਨੀਆਂ ਨੂੰ ਜੀਵਨ ਦਾਨ ਬਖ਼ਸ਼ਦੀ ਹੈ। ਇਸ ਠੰਢੇ ਰੇਗਿਸਤਾਨ ਵਿਚ ਪਿੰਨ ਨਦੀ ਦੀ ਬਦੌਲਤ ਹੀ ਜ਼ਿੰਦਗੀ ਫਲਦੀ ਫੁਲਦੀ ਤੇ ਮੌਲਦੀ ਹੈ ਅਤੇ ਇਸ ਵੀਰਾਨੇ ਵਿਚ ਰੌਣਕਾਂ ਪਸਰਦੀਆਂ ਹਨ। ਪਿੰਨ ਨਦੀ ਇਸ ਘਾਟੀ ਲਈ ਇਕ ਜੀਵਨ ਦਾਤੀ ਹੈ। ਇਥੋਂ ਦੇ ਲੋਕ, ਡੰਗਰ ਪਸ਼ੂ, ਫਲਾਂ ਦੇ ਬਗ਼ੀਚੇ, ਫ਼ਸਲ ਬਾੜੀ, ਜੰਗਲੀ ਜੀਵਨ ਅਤੇ ਕੁਦਰਤੀ ਸੁੰਦਰਤਾ ਆਦਿ ਸੱਭ ਪਿੰਨ ਨਦੀ ਦੀ ਬਦੌਲਤ ਹੀ ਹਨ। ਪਿੰਨ ਨਦੀ ਨਾ ਹੁੰਦੀ ਤਾਂ ਇਸ ਵਿਰਾਨ ਬਰਫ਼ੀਲੇ ਮਾਰੂਥਲ ’ਚ ਜੀਵਨ ਹੋਣਾ ਅਸੰਭਵ ਸੀ।
ਪਿੰਨ ਘਾਟੀ ਦਾ ਆਖ਼ਰੀ ਪਿੰਡ ਮੁਧ ਵੀ ਖ਼ੂਬਸੂਰਤੀ ਦਾ ਉੱਤਮ ਨਮੂਨਾ ਹੈ। ਜੇਕਰ ਘਾਟੀ ਦਾ ਅਸਲੀ ਸੁਹੱਪਣ ਵੇਖਣਾ ਹੋਵੇ ਤਾਂ ਪਿੰਨ ਨਦੀ ਦੇ ਨਾਲ ਨਾਲ ਮੁਧ ਤੋਂ ਵੀ ਅੱਗੇ ਨੂੰ ਜਾਣਾ ਪੈਂਦਾ ਹੈ। ਪਿੰਨ ਘਾਟੀ ਨੂੰ ਪਿੰਨ ਨਦੀ ਨਾਲੋਂ ਅਲੱਗ ਕਰ ਕੇ ਵੇਖਿਆ ਹੀ ਨਹੀਂ ਜਾ ਸਕਦਾ ਕਿਉਂਕਿ ਦੋਵੇਂ ਇਕ ਦੂਜੇ ਨਾਲ ਜੁੜੀਆਂ ਹੋਈਆਂ ਹਨ।

ਸੋ ਪਿੰਨ ਨਦੀ ਜਿੰਨੀ ਸੋਹਣੀ ਹੋਵੇਗੀ ਪਿੰਨ ਘਾਟੀ ਦਾ ਸੁਹੱਪਣ ਵੀ ਉਵੇਂ ਹੀ ਨਿਖਰਦਾ ਜਾਵੇਗਾ। ਮੁਧ ਤੋਂ ਅੱਗੇ ਪੰਦਰਾਂ ਕਿਲੋਮੀਟਰ ਤਕ ਪਹਾੜ ਨੂੰ ਖੋਦ-ਖੋਦ ਕੇ ਰਾਹ ਬਣ ਚੁੱਕਿਆ ਹੈ। ਪਰ ਗੱਡੀਆਂ ਜਾਂ ਬਾਈਕ ਅੱਠ ਕਿਲੋਮੀਟਰ ਦੂਰ ਤਕ ਹੀ ਜਾ ਸਕਦੇ ਹਨ। ਇਸ ਤੋਂ ਅੱਗੇ ਤੁਰ ਕੇ ਹੀ ਜਾਇਆ ਜਾ ਸਕਦਾ ਹੈ। ਜੇਕਰ ਇਥੋਂ ਪੈਦਲ ਮਨੀਕਰਨ ਸਾਹਿਬ ਜਾਣਾ ਹੋਵੇ ਤਾਂ ਪਿੰਨ ਪਾਰਵਤੀ ਦੱਰੇ ਨੂੰ ਪਾਰ ਕਰ ਕੇ ਪਹੁੰਚ ਸਕਦੇ ਹਾਂ। ਇਸ ਦੇ ਲਈ ਅੱਠ ਦਸ ਦਿਨ ਟਰੈਕ ਕਰਨਾ ਪੈਂਦਾ ਹੈ। ਇਸ ਰਸਤੇ ਬੰਦਾ ਖ਼ੁਦ ਨੂੰ ਕੁਦਰਤ ਦੇ ਇੰਨਾ ਕਰੀਬ ਮਹਿਸੂਸ ਕਰਦਾ ਹੈ ਕਿ ਸੱਭ ਕੱੁਝ ਭੁੱਲ ਕੇ ਸਿਰਫ਼ ਕੁਦਰਤ ਦਾ ਹੋ ਕੇ ਰਹਿ ਜਾਂਦਾ ਹੈ। ਰੰਗ ਬਰੰਗੇ ਪਹਾੜਾਂ ਦੀਆਂ ਖ਼ੂਬਸੂਰਤ ਪਰਤਾਂ ਵੇਖ ਕੇ ਅੱਖਾਂ ਦੰਗ ਰਹਿ ਜਾਂਦੀਆਂ ਹਨ। ਨਾ ਕੋਈ ਮੋਬਾਈਲ ਨੈੱਟਵਰਕ, ਨਾ ਬਿਜਲੀ, ਨਾ ਕੋਈ ਘਰ ਜਾਂ ਦੁਕਾਨ, ਨਾ ਹੀ ਸ਼ੋਰ ਸ਼ਰਾਬਾ, ਬੱਸ ਬੰਦਾ ਸਿਰਫ਼ ਕੁਦਰਤ ਨਾਲ ਹੀ ਗੱਲਾਂ ਕਰਦਾ ਹੈ। ਪਿੰਨ ਪਾਰਵਤੀ ਦੱਰੇ ਤਕ ਜਾਣ ਲਈ ਕਈ ਨਾਲਿਆਂ ਨੂੰ ਪਾਰ ਕਰਨਾ ਪੈਂਦਾ ਹੈ। ਇਨ੍ਹਾਂ ਨਾਲਿਆਂ ਵਿਚ ਰੁੜ੍ਹਨ ਦਾ ਡਰ ਤਾਂ ਰਹਿੰਦਾ ਹੀ ਹੈ ਪਰ ਉਸ ਤੋਂ ਵੀ ਜ਼ਿਆਦਾ ਬਰਫ਼ੀਲਾ ਪਾਣੀ ਤੰਗ ਕਰਦਾ ਹੈ। ਠੰਢੇ ਪਾਣੀ ’ਚ ਉਤਰ ਕੇ ਇਕ ਵਾਰ ਤਾਂ ਲੱਤਾਂ ਤੇ ਪੈਰ ਮੁਰਦਾ ਹੀ ਹੋ ਜਾਂਦੇ ਹਨ।

ਅਕਾਰ ਦੀ ਘਾਟੀ ਵਿਚ ਪਿੰਨ ਨਦੀ ਦੇ ਕੰਢੇ ਕੰਢੇ ਤੁਰਦਿਆਂ ਮੁਧ ਤੋਂ ਤੀਹ ਬੱਤੀ ਕਿਲੋਮੀਟਰ ਜਾ ਕੇ ਪਿੰਨ ਪਾਰਵਤੀ ਬੇਸ ਕੈਂਪ ਆਉਂਦਾ ਹੈ। ਇਥੇ ਆ ਕੇ ਘਾਟੀ ਕਾਫ਼ੀ ਖੁੱਲ੍ਹ ਜਾਂਦੀ ਹੈ। ਗਰਮੀਆਂ ਵਿਚ ਇਥੇ ਗੱਦੀ ਚਰਵਾਹੇ ਅਪਣੇ ਆਰਜ਼ੀ ਡੇਰੇ ਬਣਾ ਲੈਂਦੇ ਹਨ। ਇਨ੍ਹਾਂ ਪਹਾੜਾਂ ਦੀਆਂ ਢਲਾਨਾਂ ਉੱਤੇ ਖ਼ੂਬਸੂਰਤ ਚਰਗਾਹਾਂ ਫੈਲੀਆਂ ਹਨ, ਜੋ ਭੇਡ ਬੱਕਰੀਆਂ ਨੂੰ ਚਾਰਨ ਲਈ ਕੰਮ ਆਉਂਦੀਆਂ ਹਨ। ਬੇਸ ਕੈਂਪ ਸਮੁੰਦਰ ਤਲ ਤੋਂ ਤਕਰੀਬਨ 4400 ਮੀਟਰ ਦੀ ਉਚਾਈ ਤੇ ਸਥਿਤ ਹੈ। ਇਥੋਂ ਸਿੱਧੀਆਂ ਚੜ੍ਹਾਈਆਂ ਚੜ੍ਹ ਕੇ ਵੱਡੇ ਵੱਡੇ ਪੱਥਰਾਂ ਅਤੇ ਗਲੇਸ਼ੀਅਰਾਂ ਨੂੰ ਪਾਰ ਕਰ ਕੇ ਤਕਰੀਬਨ 5350 ਮੀਟਰ ਦੀ ਉਚਾਈ ’ਤੇ ਸਥਿਤ ਹੈ ਪਿੰਨ ਪਾਰਵਤੀ ਦੱਰਾ।

ਇਹ ਖ਼ਤਰਨਾਕ ਦੱਰਾ ਪਿੰਨ ਘਾਟੀ ਅਤੇ ਪਾਰਵਤੀ ਘਾਟੀ ਦੋਹਾਂ ਨੂੰ ਆਪਸ ਵਿਚ ਜੋੜਦਾ ਹੈ। ਇਸ ਨੂੰ ਪਾਰ ਕਰ ਕੇ ਤੁਸੀਂ ਪਾਰਵਤੀ ਘਾਟੀ ਵਿਚ ਦਾਖ਼ਲ ਹੋ ਜਾਂਦੇ ਹੋ। ਦੱਰੇ ਦੇ ਸਿਖਰ ਉੱਤੇ ਖਲੋ ਕੇ ਦੋਵੇਂ ਪਾਸੇ ਦਾ ਜੋ ਦਿ੍ਰਸ਼ ਨਜ਼ਰ ਆਉਂਦਾ ਹੈ, ਉਸ ਨੂੰ ਤਕ ਕੇ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ ਨੇ। ਇਕ ਪਾਸੇ ਪਾਰਵਤੀ ਘਾਟੀ ਵਲ ਬਰਫ਼ਾਂ ਲੱਦੇ ਪਹਾੜ ਅਤੇ ਦੂਜੇ ਪਾਸੇ ਪਿੰਨ ਘਾਟੀ ਦੇ ਵੀਰਾਨ ਮਟਮੈਲੇ ਜਿਹੇ ਪਹਾੜ। ਕੁਦਰਤ ਦੇ ਇਨ੍ਹਾਂ ਅਲੱਗ ਅਲੱਗ ਰੰਗਾਂ ਨੂੰ ਵੇਖਦਿਆਂ ਮੂਹੋਂ ਆਪ ਮੁਹਾਰੇ ਨਿਕਲਦਾ ਹੈ -
‘ਬਲਿਹਾਰੀ ਕੁਦਰਤਿ ਵਸਿਆ
ਤੇਰਾ ਅੰਤੁ ਨਾ ਜਾਈ ਲਖਿਆ।’’

ਹਰਜਿੰਦਰ ਸਿੰਘ ਅਨੂਪਗੜ੍ਹ
- ਪਿੰਡ ਅਨੂਪਗੜ੍ਹ 
ਜ਼ਿਲ੍ਹਾ ਤੇ ਤਹਿ ਮਾਨਸਾ
ਮੋ. 95018-62600

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement