ਗਰਮ ਪਾਣੀ ਤੇ ਝਰਨਿਆਂ ਦਾ ਸ਼ਹਿਰ ਮਨੀਕਰਨ
Published : Oct 17, 2018, 6:14 pm IST
Updated : Oct 17, 2018, 6:14 pm IST
SHARE ARTICLE
Manikaran
Manikaran

ਹਿਮਾਚਲ ਪ੍ਰਦੇਸ਼ ਦਾ ਠੰਢਾ ਮੌਸਮ, ਪ੍ਰਦੂਸ਼ਣ ਰਹਿਤ ਵਾਤਾਵਰਣ, ਜੜ੍ਹੀ-ਬੂਟੀਆਂ, ਨਦੀਆਂ-ਨਾਲੇ ਤੇ ਚਸ਼ਮੇ, ਇਥੋਂ ਦੀ ਧਰਤੀ ਨੂੰ ਅਦੁਤੀ ਖ਼ੂਬਸੂਰਤੀ ਬਖ਼ਸ਼ਦੇ ਹਨ। ਮਨੀ...

ਹਿਮਾਚਲ ਪ੍ਰਦੇਸ਼ ਦਾ ਠੰਢਾ ਮੌਸਮ, ਪ੍ਰਦੂਸ਼ਣ ਰਹਿਤ ਵਾਤਾਵਰਣ, ਜੜ੍ਹੀ-ਬੂਟੀਆਂ, ਨਦੀਆਂ-ਨਾਲੇ ਤੇ ਚਸ਼ਮੇ, ਇਥੋਂ ਦੀ ਧਰਤੀ ਨੂੰ ਅਦੁਤੀ ਖ਼ੂਬਸੂਰਤੀ ਬਖ਼ਸ਼ਦੇ ਹਨ। ਮਨੀਕਰਨ ਵੀ ਅਜਿਹੇ ਸਥਾਨਾਂ ਵਿਚੋਂ ਇਕ ਹੈ। ਅਸੀ ਇਸ ਵਾਰ ਮਨੀਕਰਨ ਜਾਣ ਦਾ ਵਿਚਾਰ ਬਣਾਇਆ। ਕੀਰਤਪੁਰ ਸਾਹਿਬ ਤੋਂ ਭੁੰਤਰ ਹਵਾਈ ਅੱਡਾ 194 ਕਿ.ਮੀ. ਦੇ ਕਰੀਬ ਹੈ। ਮਨੀਕਰਨ ਕੁੱਲੂ ਜ਼ਿਲ੍ਹੇ ਵਿਚ ਪੈਂਦਾ ਹੈ। ਸਫ਼ਰ ਕਰਦੇ ਹੋਏ ਅਸੀ ਸਾਕੇਤ ਮੰਡੀ ਪਹੁੰਚੇ ਤਾਂ ਸ਼ਾਮ ਹੋ ਚੱਲੀ ਸੀ ਅਤੇ ਬੂੰਦਾ-ਬਾਂਦੀ ਵੀ ਹੋ ਰਹੀ ਸੀ, ਇਸ ਲਈ ਅਸੀ ਰਾਤ ਇਥੇ ਹੀ ਠਹਿਰਨ ਦਾ ਫ਼ੈਸਲਾ ਕੀਤਾ ਅਤੇ ਗੁਰਦਵਾਰਾ ਸਾਹਿਬ ਪਹੁੰਚ ਗਏ।

ManikaranManikaran

ਸਵੇਰੇ ਇਸ਼ਨਾਨ ਕਰ ਕੇ ਤਿਆਰ ਹੋਏ, ਮੱਥਾ ਟੇਕ ਕੇ ਲੰਗਰ ਛਕਿਆ ਅਤੇ ਅਗਲੇ ਸਫ਼ਰ ਲਈ ਚਾਲੇ ਪਾ ਦਿਤੇ। ਭੁੰਤਰ ਹਵਾਈ ਅੱਡਾ ਰਾਸ਼ਟਰੀ ਮਾਰਗ ਨੰਬਰ 21 'ਤੇ ਸਥਿਤ ਹੈ। ਇਥੋਂ ਮਨੀਕਰਨ 35 ਕਿ.ਮੀ. ਦੇ ਲਗਪਗ ਹੈ। ਭੁੰਤਰ ਵਿਖੇ ਬਹੁਤ ਵੱਡੀ ਸਬਜ਼ੀ ਮੰਡੀ ਹੈ ਜਿਥੋਂ ਹਰ ਤਰ੍ਹਾਂ ਦੇ ਫਲਾਂ, ਸੁੱਕੇ ਮੇਵਿਆਂ ਦੀ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ। ਭੁੰਤਰ ਬੇਮੌਸਮੀਆਂ ਸਬਜ਼ੀਆਂ ਦੀ ਕਾਸ਼ਤ ਲਈ ਵੀ ਪ੍ਰਸਿੱਧ ਹੈ। ਥੋੜਾ ਅੱਗੇ ਜਾਣ ਤੇ ਬਿਆਸ ਦਰਿਆ ਦਾ ਪੁਲ ਪਾਰ ਕਰ ਕੇ ਉੱਤਰ ਵਲ ਮੁੜ ਕੇ 'ਪਾਰਵਤੀ ਘਾਟੀ' ਸ਼ੁਰੂ ਹੋ ਜਾਂਦੀ ਹੈ। 'ਜਰੀ' ਭੁੰਤਰ ਤੋਂ 22 ਕਿਲੋਮੀਟਰ ਦੇ ਕਰੀਬ ਹੈ।

ਪਾਰਵਤੀ ਦਰਿਆ ਤੇ ਪਣ-ਪ੍ਰਾਜੈਕਟ ਲਗਾ ਕੇ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ। ਜਰੀ ਵਿਚ ਹਸਪਤਾਲ, ਸਕੂਲ, ਵਿਸ਼ਰਾਮਘਰ ਅਤੇ ਛੋਟਾ ਜਿਹਾ ਬਾਜ਼ਾਰ ਵੀ ਹੈ। ਜਰੀ ਨੇੜੇ 'ਪਾਬਲਾ' ਪਿੰਡ ਹੈ। 'ਕਸੌਲ' ਭੁੰਤਰ ਤੋਂ 31 ਕਿ.ਮੀ. ਹੈ। ਭੁੰਤਰ ਤੋਂ ਕਸੌਲ ਤਕ ਦਾ ਰਸਤਾ ਛਾਂਦਾਰ ਹੈ, ਜੋ ਗਰਮੀਆਂ ਵਿਚ ਸਕੂਨ ਬਖ਼ਸ਼ਦਾ ਹੈ। ਇਥੇ ਇਕ ਨਾਲਾ ਪਾਰਵਤੀ ਨਦੀ ਵਿਚ ਆ ਕੇ ਮਿਲਦਾ ਹੈ। ਕਸੌਲ ਵਿਚ 'ਨਾਗ ਧੁਨਾ ਦੇਵਤਾ' ਦਾ ਮੰਦਰ ਹੈ। ਇਥੇ ਰਹਿਣ ਲਈ ਕਮਰੇ ਅਤੇ ਖਾਣ ਪੀਣ ਲਈ ਹੋਟਲ ਮੌਜੂਦ ਹਨ। ਮਨੀਕਰਨ ਇਥੋਂ 4 ਕਿ.ਮੀ. ਰਹਿ ਜਾਂਦਾ ਹੈ। ਇਹ ਘਾਟੀ ਭੁੰਤਰ ਤੋਂ ਸੋਮਾਜੋਤ, ਪਿਨ ਪਾਰਵਤੀ ਤਕ ਫੈਲੀ ਹੋਈ ਹੈ।

ਇਸ ਘਾਟੀ ਵਿਚ ਹੀ ਪਾਰਵਤੀ ਦਰਿਆ ਵਗਦਾ ਹੈ, ਜਿਸ ਦੀ ਕੁਲ ਲੰਬਾਈ 90 ਕਿ.ਮੀ. ਦੇ ਕਰੀਬ ਹੈ। ਇਹ ਤੰਗ ਘਾਟੀ ਹੈ ਜਿਸ ਦੇ ਆਸੇ-ਪਾਸੇ ਦੇਵਦਾਰ ਦੇ ਦਰੱਖ਼ਤ ਹਨ ਜੋ ਯਾਤਰੀਆ ਦਾ ਸਵਾਗਤ ਕਰਦੇ ਹਨ। ਪਾਰਵਤੀ ਘਾਟੀ ਨੂੰ ਰੂਪਾ ਘਾਟੀ ਵੀ ਕਹਿੰਦੇ ਹਨ ਕਿਉਂਕਿ ਇਸ ਘਾਟੀ ਵਿਚ ਚਾਂਦੀ ਦੀਆਂ ਖਾਣਾਂ ਸਨ ਅਤੇ ਸੋਨੇ ਦੇ ਕਣ ਵੀ ਮਿਲਦੇ ਸਨ। ਪਾਰਵਤੀ ਦਰਿਆ ਤੇ ਗੁਰਦੁਆਰਾ ਸਾਹਿਬ ਜਾਣ ਲਈ ਪੁਲ ਬਣਿਆ ਹੋਇਆ ਹੈ। ਸਮੁੰਦਰ ਦੇ ਤਲ ਤੋਂ ਇਸ ਸਥਾਨ ਦੀ ਉੱਚਾਈ 1650 ਮੀਟਰ (5500 ਫ਼ੁਟ) ਦੇ ਕਰੀਬ ਹੈ। ਇਥੋਂ ਇਕ ਪਗਡੰਡੀ ਠੰਢੀ ਗੁਫ਼ਾ ਵਲ ਵੀ ਜਾਂਦੀ ਹੈ ਜੋ ਤਕਰੀਬਨ 7 ਕਿਲੋ ਮੀਟਰ ਚੜ੍ਹਾਈ ਚੜ੍ਹਨੀ ਪੈਂਦੀ ਹੈ।

ਰਸਤਾ ਕਾਫ਼ੀ ਉਬੜ ਖਾਬੜ ਅਤੇ ਝਾੜੀਆਂ ਵਾਲਾ ਹੈ। ਕਈ ਥਾਈਂ ਟਾਹਣੀਆਂ ਫੜ ਕੇ ਚੜ੍ਹਨਾ ਪੈਂਦਾ ਹੈ। ਠੰਢੀ ਗੁਫ਼ਾ ਦੀ ਦੇਖ-ਭਾਲ ਇਕ ਸਾਧੂ ਕਰਦਾ ਹੈ। ਇਥੇ ਚਾਹ ਦਾ ਲੰਗਰ ਚਲਦਾ ਰਹਿੰਦਾ ਹੈ। ਮਨੀਕਰਨ ਵਿਚ ਗਰਮ ਪਾਣੀ ਦੇ ਝਰਨੇ ਕਾਫ਼ੀ ਗਿਣਤੀ ਵਿਚ ਹਨ ਜਿਨ੍ਹਾਂ ਵਿਚ ਚਾਵਲ, ਛੋਲੇ ਗਰਮ ਕਰ ਕੇ ਪਕਾਏ ਜਾਂਦੇ ਹਨ। ਇਥੇ ਛੋਟਾ ਜਿਹਾ ਬਾਜ਼ਾਰ ਵੀ ਹੈ ਜਿਥੇ ਗਰਮ ਕਪੜੇ, ਸੁੱਕੇ ਮੇਵੇ, ਖਿਡੌਣੇ ਵਗ਼ੈਰਾ ਮਿਲਦੇ ਹਨ। ਬਹਿਮੰਡ ਵੇਦ ਪੁਰਾਣ ਵਿਚ ਇਸ ਥਾਂ ਦਾ ਨਾਮ 'ਹਰੀਹਰ' ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਨੂੰ 'ਅਰਥ ਨਾਰੀਸ਼ਵਰ' ਵੀ ਕਿਹਾ ਜਾਂਦਾ ਹੈ।

ਇਸ ਦਾ ਤੀਜਾ ਨਾਮ 'ਚਿੰਤਾ ਮਣੀ' ਦਸਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਸਮੇਤ 15 ਅੱਸੂ 1514 ਬਿਕ੍ਰਮੀ ਨੂੰ ਇਸ ਸਥਾਨ 'ਤੇ ਪੁੱਜੇ। ਮੈਂ ਅਤੇ ਮੇਰੇ ਸਾਥੀ ਹਰਮੇਲ ਸਿੰਘ ਮੇਲੀ, ਜਗਰੂਪ ਜੰਡੂ, ਡਾ. ਸਰਬਜੀਤ ਚੀਮਾ, ਗੁਰਮੇਲ ਮਿਸ਼ਾਲ, ਨਿਰਮਲ ਪ੍ਰੀਤ, ਗੁਰਜੰਟ ਸਿੰਘ, ਰਮੇਸ਼ ਕੁਮਾਰ ਗੋਲਾ ਅਤੇ ਸਤਪਾਲ ਸੱਤੀ ਹੋਰਾਂ ਨੇ ਤਕਰੀਬਨ ਹਫ਼ਤਾ ਮਨੀਕਰਨ ਅਤੇ ਇਸ ਦੇ ਆਸ ਪਾਸ ਦੇ ਸਥਾਨਾਂ ਦੀ ਸੈਰ ਕੀਤੀ ਅਤੇ ਵਾਪਸ ਪੰਜਾਬ ਵਲ ਚਾਲੇ ਪਾ ਦਿਤੇ। 
ਗੁਰਮੇਲ ਸਿੰਘ ਖੋਖਰ, ਪਿੰਡ ਤੇ ਡਾਕ: ਭਾਈਰੂਪਾ, ਤਹਿ. ਫੂਲ, ਬਠਿੰਡਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement