
ਤਿੰਨ ਕੁ ਸਾਲ ਪਹਿਲਾਂ ਅਸੀਂ ਇਸ ਕੁਦਰਤ ਰੂਪੀ ਸਥਾਨ...
ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਕੁੱਝ ਸਮਾਂ ਨਿਜਾਤ ਪਾ ਕੇ ਪਹਾੜਾਂ ਦੀ ਗੋਦ ਵਿਚ ਜਾ ਕੇ ਕੁਦਰਤ ਨਾਲ ਗੱਲਾਂ ਕਰਨ ਦਾ ਵੀ ਅਪਣਾ ਹੀ ਅਨੰਦ ਹੁੰਦਾ ਹੈ। ਪਰ ਜਿਥੇ ਅਸੀਂ ਹਰ ਤਰ੍ਹਾਂ ਦੁਨੀਆ ਨਾਲੋਂ ਟੁੱਟ ਕੇ ਉਨ੍ਹਾਂ ਥਾਵਾਂ 'ਤੇ ਚਲੇ ਜਾਈਏ, ਜਿਥੇ ਕਾਇਨਾਤ ਝਾਤੀਆਂ ਪਾ ਰਹੀ ਹੋਵੇ ਤੇ ਸਾਨੂੰ ਅਪਣੇ ਕੋਲ ਰਹਿਣ ਲਈ ਮਜ਼ਬੂਰ ਕਰ ਦੇਵੇ ਤਾਂ ਉਹ ਬਿਆਨ ਤੋਂ ਪਰੇ ਹੋ ਜਾਂਦਾ ਹੈ। ਗੁਰੂ ਸਾਹਿਬ ਵੀ ਕੁਦਰਤ ਦੀ ਵਡਿਆਈ ਕਰਦੇ ਹਨ :
Manish Tiwari
ਬਲਿਹਾਰੀ ਕੁਦਰਤਿ ਵਸਿਆ
ਤੇਰਾ ਅੰਤੁ ਨਾ ਜਾਈ ਲਖਿਆ।
Travel
ਤਿੰਨ ਕੁ ਸਾਲ ਪਹਿਲਾਂ ਅਸੀਂ ਇਸ ਕੁਦਰਤ ਰੂਪੀ ਸਥਾਨ ਦਾ ਅਨੰਦ ਲੈਣ ਲਈ ਕਿਸੇ ਇਕਾਂਤ ਤੇ ਰਮਣੀਕ ਸਥਾਨ 'ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਸਾਡੇ ਇਕ ਮਿੱਤਰ ਨੇ ਸਾਨੂੰ ਟ੍ਰੈਕਿੰਗ ਬਾਰੇ ਜਾਣਕਾਰੀ ਦਿਤੀ ਕਿ 'ਯੂਥ ਹੋਸਟਲਜ਼ ਐਸੋਸੀਏਸ਼ਨ ਆਫ਼ ਇੰਡੀਆ' (ਵਾਈ.ਐਚ.ਏ.ਆਈ.) ਨਾਮੀ ਸੰਸਥਾ ਮਈ-ਜੂਨ ਦੇ ਮਹੀਨੇ ਪਹਾੜਾਂ ਦੀ ਟ੍ਰੈਕਿੰਗ ਕਰਵਾਉਂਦੀ ਹੈ। ਉਸ ਨੇ ਇਹ ਵੀ ਦਸਿਆ ਕਿ ਨਵੇਂ ਟ੍ਰੈਕਰਜ਼ ਲਈ 'ਸਰਪਾਸ' ਦੀ ਟ੍ਰੇਨਿੰਗ ਠੀਕ ਰਹਿੰਦੀ ਹੈ।
vd
ਅਸੀ ਵਾਈ.ਐਚ.ਏ.ਆਈ. ਦੀ ਮੈਂਬਰਸ਼ਿਪ ਲੈ ਲਈ ਜਿਸ ਦੀ ਫ਼ੀਸ 1500 ਰੁਪਏ ਸਾਲ ਦੀ ਸੀ ਅਤੇ 4500 ਰੁਪਏ 'ਸਰਪਾਸ' ਟ੍ਰੇਨਿੰਗ ਦੇ ਸਨ। ਸਾਡੀ 11 ਤੋਂ 20 ਜੂਨ ਤਕ ਦੀ ਬੂਕਿੰਗ ਹੋ ਗਈ। 'ਸਰਪਾਸ' 'ਸਰ' ਦਾ ਲੋਕਲ ਭਾਸ਼ਾ ਵਿਚ ਭਾਵ ਝੀਲ ਹੈ। ਟ੍ਰੈਕਿੰਗ ਦੌਰਾਨ ਲੋਟਨੀ ਤੋਂ ਬਿਸਕਰੀ ਪੁੱਲ ਪਾਰ ਕਰਨ ਸਮੇਂ, ਜੰਮੀ ਹੋਈ ਝੀਲ ਪਾਰ ਕਰਨੀ ਪੈਂਦੀ ਹੈ। ਇਸ ਕਰ ਕੇ ਇਸ ਦਾ ਨਾਂ ਸਰਪਾਸ ਟ੍ਰੈਕਿੰਗ ਪੈ ਗਿਆ ਹੈ।
Travel
'ਪਾਸ' ਤੋਂ ਭਾਵ ਦੱਰਾ ਹੁੰਦਾ ਹੈ। ਇਹ ਤਾਂ ਮੈਨੂੰ ਪਤਾ ਸੀ ਕਿ ਮੁਗ਼ਲ ਬਾਦਸ਼ਾਹ ਬਾਬਰ ਨੇ 'ਖ਼ੈਬਰ ਦੱਰੇ' ਨੂੰ ਪਾਰ ਕਰ ਕੇ ਭਾਰਤ ਪ੍ਰਵੇਸ਼ ਕੀਤਾ ਸੀ ਜੋ ਕਿ ਕਾਫ਼ੀ ਜੋਖ਼ਮ ਭਰਿਆ ਕੰਮ ਸੀ। ਸਾਡੇ ਬਹੁਤੇ ਲੋਕ 'ਦਰੇ' ਨੂੰ ਦਰਿਆ ਹੀ ਸਮਝਦੇ ਹਨ ਪਰ ਅਜਿਹਾ ਨਹੀਂ ਹੁੰਦਾ। ਇਹ ਪਹਾੜੀ ਖੇਤਰ ਵਿਚ ਇਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਲਾਂਘਾ ਹੁੰਦਾ ਹੈ, ਜਿਸ ਨੂੰ ਪਾਰ ਕਰਨਾ ਕਾਫ਼ੀ ਜੋਖਮ ਭਰਿਆ ਕੰਮ ਹੁੰਦਾ ਹੈ। ਚਸ਼ਮੇ, ਨਦੀਆਂ, ਚਟਾਨਾਂ, ਗਲੇਸ਼ੀਅਰਾਂ ਨੂੰ ਪਾਰ ਕਰ ਕੇ ਹੀ 'ਦੱਰੇ' ਨੂੰ ਪਾਰ ਕੀਤਾ ਜਾ ਸਕਦਾ ਹੈ।
Travel
ਟ੍ਰੈਕਿੰਗ 'ਤੇ ਜਾਣ ਲਈ ਇਕ ਸ਼ਰਤ ਇਹ ਵੀ ਹੁੰਦੀ ਹੈ ਕਿ ਤੁਸੀ ਸਰੀਰਕ ਤੌਰ 'ਤੇ ਤੰਦਰੁਸਤ ਹੋਣੇ ਚਾਹੀਦੇ ਹੋ। ਇਸ ਸਬੰਧੀ ਅਧਿਕਾਰਤ ਡਾਕਟਰ ਤੋਂ ਮੈਡੀਕਲ ਫ਼ਿਟਨੈੱਸ ਸਰਟੀਫ਼ਿਕੇਟ ਲੈਣਾ ਜ਼ਰੂਰੀ ਹੁੰਦਾ ਹੈ। ਰੇਨ ਕੋਟ, ਮੋਟੀ ਜੀਨਜ਼ ਪੈਂਟ, ਕੋਟ, ਬਰਫ਼ੀਲੇ ਬੂਟ, ਟਾਰਚ, ਰੱਸੀ ਵਗੈਰਾ ਅਪਣੇ ਨਾਲ ਰਖਣੇ ਜ਼ਰੂਰੀ ਹੁੰਦੇ ਹਨ ਪਰ ਇਹ ਵੀ ਧਿਆਨ ਰਖਿਆ ਜਾਵੇ ਕਿ ਨਾਲ ਭਾਰ ਘੱਟ ਤੋਂ ਘੱਟ ਲਿਆਂਦਾ ਜਾਵੇ।
Travel
ਮਿਥੇ ਸਮੇਂ 'ਤੇ 11 ਜੂਨ 2017 ਨੂੰ ਮੈਂ ਤੇ ਮੇਰਾ ਮਿੱਤਰ ਰਬਿੰਦਰ ਸਿੰਘ ਸਵੇਰੇ 6 ਵਜੇ ਮਨੀਕਰਨ ਜਾਣ ਵਾਲੀ ਬੱਸ ਚੜ੍ਹ ਗਏ। ਰੋਪੜ ਤੋਂ ਸਾਡੇ ਤਿੰਨ ਟ੍ਰੈਕਰਜ਼ ਹੋਰ ਚੜ੍ਹ ਗਏ ਤੇ ਸਾਡਾ ਗਰੁੱਪ ਬਣ ਗਿਆ। ਲਗਭਗ ਤਿੰਨ ਕੁ ਵਜੇ ਅਸੀ ਕਸੋਲ ਬੇਸ ਕੈਂਪ ਵਿਚ ਅਪਣੀ ਹਾਜ਼ਰੀ ਦੇ ਦਿਤੀ। ਕਸੋਲ ਹਿਮਾਚਲ ਪ੍ਰਦੇਸ਼ ਵਿਚ ਕੁੱਲੂ ਜ਼ਿਲ੍ਹੇ ਦੀ ਪਾਰਵਤੀ ਘਾਟੀ ਵਿਚ ਸਥਿਤ ਹੈ। ਇਸ ਤੋਂ ਅੱਗੇ ਤਿੰਨ ਕਿਲੋਮੀਟਰ 'ਤੇ ਮਨੀਕਰਨ ਹੈ, ਜਿਥੇ ਗਰਮ ਪਾਣੀ ਦੇ ਚਸ਼ਮੇ ਵਗਦੇ ਹਨ।
ਕਸੋਲ ਨੂੰ ਭਾਰਤ ਦਾ 'ਛੋਟਾ ਇਜ਼ਰਾਈਲ' ਵੀ ਕਿਹਾ ਜਾਂਦਾ ਹੈ। ਇਥੇ ਗਰਮੀਆਂ ਦੌਰਾਨ ਇਜ਼ਰਾਈਲੀ ਲੋਕ ਵੱਡੀ ਗਿਣਤੀ ਵਿਚ ਆਮ ਘੁੰਮਦੇ-ਫਿਰਦੇ ਵੇਖੇ ਜਾ ਸਕਦੇ ਹਨ। ਇਹ ਪਾਰਵਤੀ ਨਦੀ ਦੇ ਕੰਢੇ 'ਤੇ ਵਸਿਆ ਇਕ ਛੋਟਾ ਜਿਹਾ ਸਥਾਨ ਹੈ, ਜਿਥੇ ਆਮ ਘਰਾਂ ਨਾਲੋਂ ਹੋਟਲਾਂ ਦੀ ਤਾਦਾਦ ਜ਼ਿਆਦਾ ਹੈ। ਇਹ ਸਥਾਨ ਸਮੁੰਦਰ ਤਲ ਤੋਂ 7800 ਫੁੱਟ ਦੀ ਉੱਚਾਈ 'ਤੇ ਸਥਿਤ ਹੈ। ਕੁਦਰਤ ਨਾਲ ਪਿਆਰ ਕਰਨ ਵਾਲਿਆਂ ਲਈ ਇਹ ਸਵਰਗ ਰੂਪੀ ਸਥਾਨ ਹਨ।
Travel
ਇਥੇ ਟ੍ਰੈਕਿੰਗ ਮਈ ਦੇ ਮਹੀਨੇ ਸ਼ੁਰੂ ਹੋ ਜਾਂਦੀ ਹੈ। ਹਰ ਰੋਜ਼ ਇਕ ਗਰੁੱਪ ਜਿਸ ਵਿਚ 50 ਟ੍ਰੈਕਰਜ਼ ਹੁੰਦੇ ਹਨ, ਕਸੋਲ ਬੇਸ ਕੈਂਪ ਤੋਂ ਰਵਾਨਾ ਹੁੰਦਾ ਹੈ ਅਤੇ ਇਕ ਗਰੁੱਪ ਟ੍ਰੈਕਿੰਗ ਤੋਂ ਵਾਪਸ ਆ ਜਾਂਦਾ ਹੈ। ਸਾਡਾ ਆਖਰੀ ਗਰੁੱਪ ਹੋਣ ਕਰ ਕੇ ਇਸ ਵਿਚ 35 ਟ੍ਰੈਕਰਜ਼ ਹੀ ਸਨ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਾਰੇ ਟ੍ਰੈਕਰਜ਼ ਇਕੱਠੇ ਹੋ ਜਾਂਦੇ ਹਨ। ਸਰਪਾਸ ਤੋਂ ਵਾਪਸ ਆਉਣ ਵਾਲੇ ਟ੍ਰੈਕਰਜ਼ ਅਪਣੇ ਤਜਰਬੇ ਸਾਂਝੇ ਕਰਦੇ ਹਨ ਤੇ ਉਪਰ ਜਾਣ ਵਾਲਿਆਂ ਲਈ ਉਨ੍ਹਾਂ ਦੀਆਂ ਕਈ ਗੱਲਾਂ ਊਰਜਾ ਦਾ ਕੰਮ ਕਰਦੀਆਂ ਹਨ।
ਅਗਲੇ ਦੋ ਦਿਨ ਟ੍ਰੈਕਰਜ਼ ਨੂੰ ਸਰਪਾਸ ਦੇ ਵਾਤਾਵਰਣ ਅਨੁਸਾਰ ਢਲਣ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ। ਪਹਿਲੇ ਦਿਨ ਸਵੇਰੇ ਸਰੀਰਕ ਕਸਰਤ ਕਰਵਾਈ ਜਾਂਦੀ ਹੈ ਅਤੇ ਸ਼ਾਮ ਨੂੰ ਗਾਈਡ ਦੀ ਨਿਗਰਾਨੀ ਹੇਠ ਚਟਾਨ 'ਤੇ ਚੜ੍ਹਾਇਆ ਜਾਂਦਾ ਹੈ। ਦੂਸਰੇ ਦਿਨ ਤਿੰਨ ਕੁ ਕਿਲੋਮੀਟਰ ਦੀ ਪਹਾੜੀ 'ਤੇ ਟ੍ਰੈਕਿੰਗ ਕਰਵਾਈ ਜਾਂਦੀ ਹੈ। ਤਿੰਨ ਰਾਤਾਂ ਕਸੋਲ ਬੇਸ ਕੈਂਪ ਵਿਚ ਬਿਤਾਉਣ ਤੋਂ ਬਾਅਦ ਸਾਨੂੰ 8 ਵਜੇ ਬੇਸ ਕੈਂਪ ਤੋਂ ਸ਼ੁੱਭਕਾਮਨਾਵਾਂ ਸਹਿਤ ਰਾਠੌਰ ਜੀ ਅਤੇ ਬਾਕੀ ਪ੍ਰਬੰਧਕਾਂ ਨੇ ਝੰਡੀ ਦੇ ਕੇ ਰਵਾਨਾ ਕੀਤਾ।
Travel
ਪਹਿਲੇ ਦਿਨ ਦਾ ਸਫ਼ਰ 9 ਕਿਲੋਮੀਟਰ ਸੀ ਤੇ ਅੱਗੇ ਗ੍ਰਾਹਨ ਪਿੰਡ ਤੋਂ ਬਾਹਰ ਇਕ ਕੈਂਪ ਵਿਚ ਸਾਡੀ ਠਹਿਰ ਸੀ। ਇਹ ਪਹਿਲੇ ਦਿਨ ਦਾ ਸਫ਼ਰ ਹੌਲੀ-ਹੌਲੀ ਤਿੱਖਾ ਹੁੰਦਾ ਜਾ ਰਿਹਾ ਸੀ। ਇਸ ਸਫ਼ਰ ਦੌਰਾਨ ਇਕ ਨਦੀ ਆਈ ਜੋ ਲੱਕੜ ਦੇ ਡੰਡਿਆਂ ਰੂਪੀ ਪੁੱਲ ਰਾਹੀਂ ਪਾਰ ਕੀਤੀ ਗਈ। ਇਸ ਉਪਰੰਤ ਕਾਫ਼ੀ ਤਿੱਖੀ ਚੜ੍ਹਾਈ ਸੀ। ਗ੍ਰਾਹਨ ਪਿੰਡ ਨੇੜੇ ਪਹੁੰਚ ਕੇ ਸਾਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਿਆ। ਸ਼ਾਮੀ 3 ਕੁ ਵਜੇ ਅਸੀ ਗ੍ਰਾਹਨ ਕੈਂਪ ਵਿਚ ਅਪਣੀ ਹਾਜ਼ਰੀ ਲਗਵਾਈ।
ਜਾਂਦਿਆਂ ਹੀ ਸਾਨੂੰ ਊਰਜਾ ਭਰਪੂਰ ਸੂਪ ਦਿਤਾ ਗਿਆ। ਤਰੋ-ਤਾਜ਼ਾ ਹੋ ਕੇ ਅਸੀ 5 ਕੁ ਵਜੇ ਇਥੋਂ ਦੇ ਲੋਕਾਂ ਦੀ ਜ਼ਿੰਦਗੀ ਬਾਰੇ ਜਾਣਨ ਲਈ ਸਕੂਲ ਵਿਚ ਚਲੇ ਗਏ ਜਿਥੇ ਕੁੱਝ ਨੌਜਵਾਨ ਅਤੇ ਬੱਚੇ ਖੇਡ ਰਹੇ ਸਨ। ਉਨ੍ਹਾਂ ਨਾਲ ਗੱਲਬਾਤ ਤੋਂ ਪਤਾ ਲੱਗਾ ਕਿ ਸਾਡੀ ਅਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਇਥੋਂ ਦੇ ਬੱਚਿਆਂ ਨੂੰ ਅਠਵੀਂ ਦੀ ਪੜ੍ਹਾਈ ਤੋਂ ਬਾਅਦ ਅੱਗੇ ਪੜ੍ਹਨ ਲਈ 9 ਕਿਲੋਮੀਟਰ ਦੂਰ ਕਸੋਲ ਤੁਰ ਕੇ ਟ੍ਰੈਕਿੰਗ ਰਸਤੇ ਸਕੂਲ ਜਾਣਾ ਪੈਂਦਾ ਹੈ।
Travel
ਬਿਨਾਂ ਮੋਬਾਈਲ, ਬਿਨਾ ਏ.ਟੀ.ਐਮ. ਅਤੇ ਬਿਨਾਂ ਸੜਕਾਂ ਤੋਂ ਇਹ ਪਿੰਡ ਭਾਰਤ ਨਾਲੋਂ ਕਟਿਆ ਹੋਇਆ ਹੈ ਪਰ ਪਿੰਡ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਥੇ ਕੋਈ ਵਿਅਕਤੀ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕਰਦਾ ਅਤੇ ਨਾ ਹੀ ਕਿਸੇ ਨੂੰ ਕਰਵਾਇਆ ਜਾਂਦਾ ਹੈ। ਪਿੰਡ ਵਾਲਿਆਂ ਦੇ ਫ਼ੈਸਲੇ ਦੀ ਉਲੰਘਣਾ ਕਰਨ ਵਾਲਿਆਂ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ। ਇਸ ਕਰ ਕੇ ਇਸ ਪਿੰਡ ਨੂੰ 'ਦੇਵਤਿਆਂ ਦਾ ਪਿੰਡ' ਕਰ ਕੇ ਵੀ ਜਾਣਿਆ ਜਾਂਦਾ ਹੈ।
ਦੂਜੇ ਦਿਨ ਸਾਡੀ ਮੰਜ਼ਲ ਪਦਰੀ ਕੈਂਪ ਸੀ। ਇਹ ਸਫ਼ਰ ਪਿਛਲੇ ਸਫ਼ਰ ਨਾਲੋਂ ਕਾਫ਼ੀ ਤਿੱਖਾ ਸੀ। ਇਹ ਸਫ਼ਰ 6 ਕਿਲੋਮੀਟਰ ਸੀ ਤੇ ਸੰਘਣੇ ਜੰਗਲਾਂ ਰਾਹੀਂ ਤੈਅ ਕਰਨਾ ਸੀ। ਇਹ ਸਥਾਨ ਗ੍ਰਾਹਨ ਕੈਂਪ ਨਾਲੋਂ ਕਾਫ਼ੀ ਵੱਖਰਾ ਸੀ ਕਿਉਂਕਿ ਇਥੇ ਕੁਦਰਤ ਜ਼ਿਆਦਾ ਨੇੜੇ ਸੀ ਜਿਸ ਦੇ ਇਕ ਪਾਸੇ ਬਰਫ਼ ਨਾਲ ਲੱਦੀਆਂ ਚੋਟੀਆਂ ਨਜ਼ਰ ਆਉਂਦੀਆਂ ਸਨ ਅਤੇ ਬਾਕੀ ਪਾਸਿਆਂ ਤੋਂ ਉੱਚੇ ਤੇ ਬਨਸਪਤੀ ਲੱਦੇ ਹਰੇ-ਭਰੇ ਪਹਾੜ।
Travel
ਅਨੁਸਾਸ਼ਨ ਟ੍ਰੈਕਿੰਗ ਦਾ ਸੱਭ ਤੋਂ ਵੱਡਾ ਅਸੂਲ ਹੈ ਕਿ ਇਥੇ ਹਰ ਤਰ੍ਹਾਂ ਦੇ ਨਸ਼ੇ ਦੀ ਮਨਾਹੀ ਹੈ ਪਰ ਕੁੱਝ ਨੌਜਵਾਨ ਜੋ ਦੱਖਣੀ ਸੂਬਿਆਂ ਤੋਂ ਸਨ, ਨਸ਼ੇ ਦਾ ਸੇਵਨ ਕਰਦੇ ਫੜੇ ਗਏ। ਪੂਰੀ ਪੜਤਾਲ ਕਰਨ 'ਤੇ ਇਨ੍ਹਾਂ ਪੰਜ ਟ੍ਰੈਕਰਜ਼ ਨੂੰ ਪਦਰੀ ਕੈਂਪ ਤੋਂ ਹੀ ਕੱਢ ਦਿਤਾ ਗਿਆ। ਤੀਸਰੇ ਦਿਨ ਸਾਡਾ ਪੜਾਅ ਮਿਨਥਾਚ ਕੈਂਪ ਸੀ। ਇਹ ਪੈਂਡਾ ਪਿਛਲੇ ਪੈਂਡੇ ਨਾਲੋਂ ਵੀ ਕਾਫ਼ੀ ਸਖ਼ਤ ਤੇ ਜੋਖਮ ਭਰਿਆ ਸੀ। ਦਰਿਆ ਪਾਰ ਕਰਨ ਤੋਂ ਬਾਅਦ ਹੀ ਤਿੱਖੀ ਚੜ੍ਹਾਈ ਸੀ।
ਅੱਗੇ ਜਾ ਕੇ ਕੁੱਝ ਪੱਧਰੀ ਪਹਾੜੀ ਦਾ ਸਫ਼ਰ ਸੀ। ਉਸ ਉਪਰੰਤ ਰੱਸੇ ਦੀ ਮਦਦ ਨਾਲ ਕੈਂਪ ਪ੍ਰਬੰਧਕਾਂ ਵਲੋਂ ਸਾਰੇ ਟ੍ਰੈਕਰਜ਼ ਨੂੰ ਉੱਚੀ ਚਟਾਨ ਪਾਰ ਕਰਵਾਈ ਗਈ। ਇਥੇ ਨਾਲ ਹੀ ਸਾਡਾ ਕੈਂਪ ਸੀ ਅਤੇ ਇਥੇ ਠੰਢ ਬਹੁਤ ਸੀ। ਲਗਭਗ 11300 ਫੁੱਟ ਸਮੁੰਦਰ ਤਲ ਤੋਂ ਉਚਾਈ ਹੋਣ ਕਰ ਕੇ ਠੰਢ ਪੂਰੀ ਕੜਕ ਸੀ। ਅਸੀ ਰੋਟੀ ਖਾ ਕੇ ਜਲਦੀ ਹੀ ਬੋਰੀਨੁਮਾ ਬੰਦ ਰਜ਼ਾਈ ਵਿਚ ਵੜ ਕੇ ਸੌਂ ਗਏ। ਚੌਥਾ ਪੜਾਅ ਸਾਡਾ ਨਗਾਰੂ ਸੀ ਜੋ ਕਿ 'ਸਰਪਾਸ' ਤੋਂ ਪਹਿਲਾ ਤੇ ਚੜ੍ਹਾਈ ਵਲ ਜਾਂਦਿਆਂ ਆਖ਼ਰੀ ਸੀ।
Travel
ਜਿਉਂ-ਜਿਉਂ ਅਸੀ ਮੰਜ਼ਿਲ ਵਲ ਜਾ ਰਹੇ ਸੀ, ਪੈਂਡਾ ਸਖ਼ਤ ਤੇ ਜੋਖਮ ਭਰਿਆ ਹੁੰਦਾ ਜਾ ਰਿਹਾ ਸੀ। ਇਹ ਸਥਾਨ ਸਮੁੰਦਰ ਤਲ ਤੋਂ 12500 ਫੁੱਟ ਦੀ ਉੱਚਾਈ 'ਤੇ ਹੈ। ਜਦੋਂ ਅਸੀ ਮਿਨਥਾਚ ਕੈਂਪ ਵਿਖੇ ਸਵੇਰੇ ਨਾਸ਼ਤਾ ਕਰ ਰਹੇ ਸੀ ਤਾਂ ਇਕ ਜੋੜਾ ਅਪਣੇ ਗਾਈਡ ਦੇ ਨਾਲ ਨਗਾਰੂ ਤੋਂ ਵਾਪਸ ਆ ਕੇ ਸਾਡੇ ਕੋਲ ਰੁਕ ਗਿਆ। ਸਾਡੇ ਪੁੱਛਣ 'ਤੇ ਇਨ੍ਹਾਂ ਦਸਿਆ ਕਿ ਨਗਾਰੂ ਵਿਖੇ ਰਾਤ ਨੂੰ ਸਾਹ ਦੀ ਸਮੱਸਿਆ ਕਰ ਕੇ ਉਹ ਵਾਪਸ ਆ ਗਏ ਹਨ।
ਬਨਸਪਤੀ ਰਹਿਤ ਖੇਤਰ ਹੋਣ ਕਰ ਕੇ ਇਥੇ ਵਡੇਰੀ ਉਮਰ ਦੇ ਟ੍ਰੈਕਰਜ਼ ਲਈ ਕਈ ਵਾਰ ਸਾਹ ਦੀ ਸਮੱਸਿਆ ਆ ਜਾਂਦੀ ਹੈ। ਉਨ੍ਹਾਂ ਤੋਂ ਇਹ ਗੱਲ ਸੁਣ ਕੇ ਮੈਂ ਵੀ ਵਾਪਸ ਜਾਣ ਦਾ ਮਨ ਬਣਾ ਲਿਆ ਪਰ ਇਕ ਔਰਤ ਪੋਰਟਰ ਦੇ ਕਹਿਣ 'ਤੇ ਕਿ ''ਇਤਨੀ ਦੂਰ ਆਪ ਆਏ ਹੋ, ਅਬ ਏਕ ਪੜਾਅ ਔਰ ਹੈ, ਸਰਪਾਸ ਪਾਰ ਕਰ ਕੇ ਹੀ ਜਾਨਾ ਅਬ। ਯਹ ਜ਼ਿੰਦੀ ਕੀ ਯਾਦ ਹੋਗੀ।'' ਉਸ ਦੀ ਗੱਲ ਸੁਣ ਕੇ ਮੈਂ ਤੁਰਤ ਮਨ ਬਦਲ ਲਿਆ ਤੇ ਅੱਗੇ ਜਾਣਾ ਹੀ ਠੀਕ ਸਮਝਿਆ।
Travel
ਇਸ ਪੜਾਅ ਦੀ ਅਪਣੀ ਹੀ ਵਿਲੱਖਣਤਾ ਸੀ, ਜਿਥੇ ਬੱਦਲ ਸਾਡੇ ਸਰੀਰ ਨੂੰ ਛੂਹ ਕੇ ਲੰਘਦੇ ਸਨ। ਇਥੇ ਠੰਢ ਹੋਰ ਵੀ ਵਧ ਗਈ ਸੀ ਕਿਉਂਕਿ ਅਸੀ ਹੁਣ ਸਰਪਾਸ ਦੇ ਪੈਰਾਂ ਵਿਚ ਅੱਪੜ ਗਏ ਸੀ। ਰੇਂਜ ਨਾ ਹੋ ਕਾਰਨ ਪਿਛਲੇ ਤਿੰਨਾਂ ਪੜਾਵਾਂ ਦੌਰਾਨ ਅਸੀ ਮੋਬਾਈਲ ਨਾ ਵਰਤ ਸਕੇ ਤੇ ਚਾਰ ਦਿਨ ਦੁਨੀਆਂ ਨਾਲੋਂ ਕੱਟੇ ਰਹਿਣ ਤੋਂ ਬਾਅਦ ਅੱਜ ਅਸੀ ਇਸ ਸਥਾਨ ਤੋਂ ਘਰ ਗੱਲ ਕੀਤੀ।
ਰਾਤੀ ਕੈਂਪ ਲੀਡਰ ਨੇ ਸਾਨੂੰ ਮੀਂਹ ਪੈਣ ਦੀ ਚੇਤਾਵਨੀ ਦੇ ਕੇ ਸਵੇਰੇ 4 ਵਜੇ ਜਾਣ ਦਾ ਹੁਕਮ ਕੀਤਾ। ਜਦੋਂ ਸਵੇਰੇ ਅਸੀ 4 ਵਜੇ ਉੱਠੇ ਤਾਂ ਮੀਂਹ ਪੈ ਰਿਹਾ ਸੀ। ਫਿਰ ਮੀਂਹ ਬੰਦ ਹੋਣ 'ਤੇ ਅਸੀ 5 ਵਜੇ ਸਰਪਾਸ ਲਈ ਚਾਲੇ ਪਾਏ। ਦੋ ਕੁ ਘੰਟੇ ਦੀ ਟ੍ਰੈਕਿੰਗ ਮਗਰੋਂ ਸਰਪਾਸ ਦਾ ਖੇਤਰ ਸ਼ੁਰੂ ਹੋ ਗਿਆ ਜਿਥੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀ। ਅਸੀ ਸਾਰੇ ਹੀ ਟ੍ਰੈਕਰਜ਼ ਨੇ ਉਥੇ ਸਕੇਟਿੰਗ ਦਾ ਖ਼ੂਬ ਅਨੰਦ ਲਿਆ।
Travel
ਜਦੋਂ ਮੈਂ ਗਾਈਡ ਤੋਂ ਸਰਪਾਸ ਬਾਰੇ ਪੁਛਿਆ ਤਾਂ ਉਸ ਨੇ ਸਾਹਮਣੇ ਚੋਟੀ ਵਲ ਇਸ਼ਾਰਾ ਕਰ ਦਿਤਾ ਜਿਸ 'ਤੇ ਪਛਾਣ ਵਜੋਂ ਇਕ ਝੰਡਾ ਲੱਗਾ ਹੋਇਆ ਸੀ। ਫਿਰ ਅਸੀ ਅਰਾਮ ਕਰ ਕੇ ਤੇ ਬਰਫ਼ ਚਾਦਰ ਪਾਰ ਕਰ ਕੇ ਆਖਰੀ ਮੰਜ਼ਿਲ ਵਲ ਚਲ ਪਏ। ਕੁੱਝ ਹੀ ਮਿੰਟਾਂ ਵਿਚ ਅਸੀ ਸਰਪਾਸ ਚੋਟੀ 'ਤੇ ਪਹੁੰਚ ਗਏ। 15-20 ਮਿੰਟ ਉਥੇ ਅਰਾਮ ਕਰਨ ਮਗਰੋਂ ਅਸੀ ਦੂਜੇ ਖੇਤਰ ਰਾਹੀਂ ਥੱਲੇ ਉਤਰਨ ਲਈ ਰਵਾਨਾ ਹੋਏ।
ਅੱਗੇ ਸਫ਼ਰ ਨਿਵਾਣ ਵੱਲ ਸੀ। ਸਾਨੂੰ ਗਾਈਡ ਨੇ ਦਸਿਆ ਕਿ ਇਸ ਨਿਵਾਣ ਵਾਲੇ ਖੇਤਰ ਵਿਚ ਮਈ ਦੇ ਅੰਤ ਤਕ ਬਰਫ਼ ਪਈ ਹੁੰਦੀ ਹੈ ਤੇ ਇਹ ਡੇਢ-ਦੋ ਘੰਟੇ ਦਾ ਪੈਂਡਾ ਸਕੇਟਿੰਗ ਰਾਹੀਂ 10-15 ਮਿੰਟ ਵਿਚ ਹੀ ਤੈਅ ਹੋ ਜਾਂਦਾ ਹੈ। ਇਹ ਸੁਣ ਕੇ ਸਾਡੇ ਕੁੱਝ ਨੌਜਵਾਨ ਟ੍ਰੈਕਰਜ਼ ਨੂੰ ਮਾਯੂਸੀ ਹੋਈ। ਮੀਂਹ ਪੈਣ ਕਾਰਨ ਤਿਲਕਣ ਕਾਫ਼ੀ ਹੋ ਗਈ ਸੀ। ਅਸੀ ਸਰਪਾਸ ਪਾਰ ਕਰ ਕੇ ਦੋ ਕੁ ਘੰਟੇ ਮਗਰੋਂ ਬਿਸਕਰੀ ਕੈਂਪ ਪਹੁੰਚ ਗਏ ਸੀ।
Travel
ਇਸ ਸਥਾਨ ਤੋਂ ਥੱਲੇ ਆਵਾਜਾਈ ਚਲਦੀ ਦਿਸਦੀ ਸੀ। ਕੈਂਪ ਪਹੁੰਚਣ 'ਤੇ ਸਾਨੂੰ ਕੈਂਪ ਪ੍ਰਬੰਧਕਾਂ ਨੇ ਸਰਪਾਸ ਨੂੰ ਸਫ਼ਲਤਾ ਪੂਰਵਕ ਪਾਰ ਕਰਨ 'ਤੇ ਵਧਾਈ ਦਿਤੀ। ਪ੍ਰਬੰਧਕਾਂ ਨੇ ਸਾਨੂੰ ਦਸਿਆ ਕਿ ਇਹੋ ਜਿਹੇ ਐਡਵੈਂਚਰ ਸਰ ਕਰਨੇ ਹਰ ਇਕ ਦੇ ਵਸ ਦੀ ਗੱਲ ਨਹੀਂ। ਸਿਰੜੀ ਤੇ ਦਲੇਰ ਲੋਕ ਹੀ ਅਜਿਹੀਆਂ ਥਾਵਾਂ 'ਤੇ ਪਹੁੰਚ ਸਕਦੇ ਹਨ। ਪਰਮਾਤਮਾ ਦਾ ਸ਼ੁਕਰ ਕੀਤਾ ਕਿ ਅਸੀ ਵੀ ਇਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਗਏ ਹਾਂ ਤੇ ਸਾਨੂੰ ਅਪਣੇ ਆਪ 'ਤੇ ਮਾਣ ਮਹਿਸੂਸ ਹੋਣ ਲੱਗਾ।
ਹੁਣ ਇਕ ਹੋਰ ਰਾਤ ਕੁਦਰਤ ਦੀ ਗੋਦ ਵਿਚ ਬਿਤਾਉਣੀ ਬਾਕੀ ਸੀ। ਸੋ ਅਗਲੇ ਦਿਨ ਅਸੀ ਆਖਰੀ ਪੜਾਅ ਲਈ ਚਾਲੇ ਪਾਏ। ਹੁਣ ਸਾਡਾ ਆਖਰੀ ਤੇ ਅਗਲਾ ਕੈਂਪ ਬੰਧਕ ਥਾਚ ਸੀ ਜੋ ਕਿ ਬਹੁਤ ਹੀ ਹਰਿਆਵਲ ਭਰਿਆ ਤੇ ਰਮਣੀਕ ਸਥਾਨ ਹੈ। ਨਦੀ ਪਾਰ ਕਰਨ ਤੋਂ ਪਹਿਲਾਂ ਚਟਾਨ ਤੋਂ ਥੱਲੇ ਉਤਰਨਾ ਕਾਫ਼ੀ ਜੋਖ਼ਮ ਭਰਿਆ ਕੰਮ ਸੀ। ਨਦੀ ਪਾਰ ਕਰਨ ਉਪਰੰਤ ਹੀ ਬਹੁਤ ਤਿੱਖੀ ਚੜ੍ਹਾਈ ਸੀ।
Travel
ਸੋ ਤਿੰਨ ਕੁ ਵਜੇ ਅਸੀ ਕੈਂਪ ਵਿਚ ਪਹੁੰਚ ਗਏ। ਸਮਾਨ ਸੈੱਟ ਕਰ ਕੇ ਅਸੀ ਆਰਾਮ ਕੀਤਾ ਤੇ ਫਿਰ ਕੁਦਰਤ ਰੂਪੀ ਸਵਰਗ ਦਾ ਆਨੰਦ ਲੈਣ ਲਈ ਕੈਂਪ ਤੋਂ ਬਾਹਰ ਨਿਕਲ ਗਏ। ਪਾਣੀ ਦੀ ਕਿੱਲਤ ਭਾਵੇਂ ਸਾਰੇ ਕੈਂਪਾਂ ਵਿਚ ਹੀ ਸੀ ਪਰ ਇਥੇ ਕਾਫ਼ੀ ਜ਼ਿਆਦਾ ਪਾਣੀ ਸੀ। ਸ਼ਾਮ ਨੂੰ ਕਾਫ਼ੀ ਠੰੰਢ ਹੋਣ ਕਰ ਕੇ ਟ੍ਰੈਕਰਜ਼ ਅੱਗ ਬਾਲ ਕੇ ਸੇਕਦੇ ਰਹੇ। ਸਾਰੇ ਟ੍ਰੈਕਰਜ਼, ਟ੍ਰੈਕਿੰਗ ਦੀ ਸਫ਼ਲਤਾ 'ਤੇ ਖ਼ੁਸ਼ ਸਨ ਪਰ ਸਵੇਰੇ ਵਿਛੜਨ ਦੀ ਕੁੱਝ ਮਾਯੂਸੀ ਵੀ ਸੀ।
ਅਗਲੇ ਦਿਨ ਅਸੀ ਬਰਸੋਨੀ ਪਿੰਡ ਪਹੁੰਚ ਕੇ ਮਨੀਕਰਨ ਲਈ ਕਿਰਾਏ 'ਤੇ ਗੱਡੀ ਕਰ ਲਈ ਜੋ ਇਥੋਂ 12 ਕਿਲੋਮੀਟਰ ਦੀ ਦੂਰੀ 'ਤੇ ਹੈ। ਗੁਰਦਵਾਰਾ ਸਾਹਿਬ ਪਹੁੰਚ ਕੇ ਅਸੀ ਇਸ਼ਨਾਨ ਕਰ ਕੇ ਲੰਗਰ ਛਕਿਆ ਤੇ ਤਿੰਨ ਕੁ ਵਜੇ ਵਾਪਸ ਕੈਂਪ ਵਿਚ ਪਹੁੰਚ ਗਏ। ਗਿਣਤੀ ਦੇ ਹੀ ਟ੍ਰੈਕਰਜ਼ ਅੱਜ ਰਾਤ ਕੈਂਪ ਵਿਚ ਰੁਕੇ ਸਨ।
ਸ਼ਾਮ ਨੂੰ 5 ਕੁ ਵਜੇ ਅਸੀ ਮਿੰਨੀ ਇਜ਼ਰਾਈਲ ਵਿਚ ਘੁੰਮਣ ਚਲੇ ਗਏ ਤੇ ਆਨੰਦ ਮਾਣਦੇ ਰਹੇ ਅਤੇ 7 ਵਜੇ ਅਸੀ ਕੈਂਪ ਵਾਪਸ ਆ ਕੇ ਖਾਣਾ ਖਾ ਕੇ ਸੌਂ ਗਏ। ਅਗਲੀ ਸਵੇਰ 7 ਵਜੇ ਬੱਸ ਰਾਹੀਂ ਅਸੀ ਘਰ ਵਾਪਸ ਚਾਲੇ ਪਾ ਦਿਤੇ। ਮੇਰੀ ਜ਼ਿੰਦਗੀ ਵਿਚ ਇਹ ਮਾਣਮੱਤੀ ਯਾਦ ਜੁੜਨ 'ਤੇ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਿਸ ਨੇ 7 ਦਿਨ ਸਾਨੂੰ ਕੁਦਰਤ ਦੀ ਗੋਦ ਵਿਚ ਬਿਠਾਈ ਰਖਿਆ।
ਮੋਬਾਈਲ : 94634-80917