
ਅਸੀ ਭਰਮੌਰ ਜਾਣ ਦਾ ਮਨ ਬਣਾਇਆ। ਮੇਰੇ ਦੋ ਦੋਸਤ ਮਨਮੋਹਨ ਧਕਾਲਵੀ ਲੇਖਕ ਤੇ ਕਿਸਾਨ ਅਤੇ ਰਾਜਪਾਲ ਸਿੰਘ ਐਡਵੋਕੇਟ, ਗੁਰਦਾਸਪੁਰ ਨੇ ਕਾਰ ਲਈ ਤੇ ਨਿਕਲ ਪਏ ਪਠਾਨਕੋਟ ਵਲ
ਅਸੀ ਇਸ ਮਹੀਨੇ ਭਰਮੌਰ ਜਾਣ ਦਾ ਮਨ ਬਣਾਇਆ। ਮੇਰੇ ਦੋ ਦੋਸਤ ਮਨਮੋਹਨ ਧਕਾਲਵੀ ਲੇਖਕ ਤੇ ਕਿਸਾਨ ਅਤੇ ਰਾਜਪਾਲ ਸਿੰਘ ਐਡਵੋਕੇਟ, ਗੁਰਦਾਸਪੁਰ ਨੇ ਕਾਰ ਲਈ ਅਤੇ ਨਿਕਲ ਪਏ ਪਠਾਨਕੋਟ ਵਲ। ਗੁਰਦਾਸਪੁਰ ਤੋਂ ਪਠਾਨਕੋਟ ਲਗਭਗ 33 ਕਿਲੋਮੀਟਰ ਦੂਰ ਹੈ। ਪਠਾਨਕੋਟ ਇਕ ‘ਤਿਕੋਣਾ-ਮਿਲਣ’ ਸ਼ਹਿਰ ਹੈ। ਇਥੋਂ ਜੰਮੂ-ਕਸ਼ਮੀਰ, ਹਿਮਾਚਲ ਦੀਆਂ ਸੜਕਾਂ ਨਿਕਲਦੀਆਂ ਹਨ।
ਪਠਾਨਕੋਟ ਤੋਂ ਅਸੀ ਡਲਹੌਜ਼ੀ ਸੜਕ ਉਪਰ ਚੜ੍ਹ ਗਏ। ਅਸੀ ਧਾਰਕਲਾਂ, ਦੁਨੇਰਾ ’ਚੋਂ ਹੁੰਦੇ ਹੋਏ ਬਨਖੇਤ ਪਹੁੰਚੇ। ਧਾਰਕਲਾਂ ਅਤੇ ਦੁਨੇਰੇ ਦਾ ਅੰਬ-ਪਾਪੜ ਬਹੁਤ ਸਵਾਦੀ ਹੁੰਦਾ ਹੈ। ਬਨੀਖੇਤ ਡਲਹੌਜ਼ੀ ਤੋਂ ਲਗਭਗ 5 ਕਿਲੋਮੀਟਰ ਪਿਛੇ ਹੈ। ਬਨੀਖੇਤ ਤੋਂ ਹੀ ਚੰਬਾ-ਭਰਮੌਰ ਨੂੰ ਬੱਸਾਂ-ਟੈਕਸੀਆਂ ਚਲਦੀਆਂ ਹਨ। ਬਨੀਖੇਤ ਬਸ ਸਟੈਂਡ ਤੋਂ ਹੀ ਸੜਕ ਜਾਂਦੀ ਹੈ ਚੰਬਾ ਨੂੰ। ਬਨੀਖੇਤ ਤੋਂ ਚੰਬਾ ਲਗਭਗ 65 ਕਿਲੋਮੀਟਰ ਦੂਰ ਹੈ। ਬਨੀਖੇਤ ਤੋਂ ਚੰਬਾ ਦੀ ਸੜਕ ਛੋਟੀ ਅਤੇ ਖ਼ਤਰਨਾਕ ਹੈ।
Photo
ਚੰਬਾ ਨੂੰ ਜਾਂਦੀ ਸੜਕ ਦੇ ਨਾਲ-ਨਾਲ ਖੱਬੇ ਪਾਸੇ ਦਰਿਆ ਅਤੇ ਨੀਲੇ ਰੰਗ ਦੀਆਂ ਸੁੰਦਰ ਨਜ਼ਾਰੇਦਾਰ ਝੀਲਾਂ ਹਨ। ਦੂਜੇ ਪਾਸੇ ਉੱਚੀਆਂ ਪਹਾੜੀਆਂ ਦੇ ਡਰਾਵਣੇ ਦਿ੍ਰਸ਼। ਬਨੀਖੇਤ ਵਿਖੇ ਰਾਜਪਾਲ ਸਿੰਘ ਐਡਵੋਕੇਟ ਦੀ ਕੋਠੀ ਹੈ, ਬਸ ਸਟੈਂਡ ਦੇ ਨਜ਼ਦੀਕ ਹੀ। ਉਥੇ ਅਸੀਂ ਕਾਰ ਖੜੀ ਕਰ ਦਿਤੀ ਅਤੇ ਬਨੀਖੇਤ ਤੋਂ ਬੱਸ ਲੈ ਲਈ ਕਿਉਂਕਿ ਚੰਬਾ ਦੀ ਖ਼ਤਰਨਾਕ ਸੜਕ ਉਪਰ ਕਾਰ ਚਲਾਉਣ ਦਾ ਤਜਰਬਾ ਘੱਟ ਸੀ।
ਇਸ ਤਰ੍ਹਾਂ ਦੇ ਰਸਤਿਆਂ ਉਪਰ ਤਜਰਬੇਕਾਰ ਡਰਾਈਕਰਾਂ (ਖ਼ੁਦ ਚਾਲਕ) ਨੂੰ ਹੀ ਗੱਡੀ ਚਲਾਉਣੀ ਚਾਹੀਦੀ ਹੈ। ਲਗਭਗ ਢਾਈ ਘੰਟਿਆਂ ਵਿਚ ਅਸੀਂ ਚੰਬਾ ਪਹੁੰਚੇ। ਪੂਰੀ ਥਕਾਵਟ ਜਿਸਮ ਵਿਚ ਉਤਰ ਚੁੱਕੀ ਸੀ। ਸਾਮ ਨੂੰ ਅਸੀਂ ਚੰਬਾ ਦੀ ਮਸ਼ਹੂਰ ਗਰਾਊਂਡ, ਬਾਜ਼ਾਰ ਅਤੇ ਧਾਰਮਕ ਸਥਾਨ ਵੇਖੇ। ਇਥੇ ਹਿਮਾਚਲ ਟੂਰਿਜ਼ਮ ਵਿਭਾਗ ਦੇ ਕਈ ਵੇਖਣਯੋਗ (ਅਜਾਇਬ ਘਰ) ਸਥਾਨ ਹਨ।
Photo
ਰਾਵੀ ਨਦੀ ਜ਼ਿਲ੍ਹਾ ਚੰਬਾ ਦੀ ਕਿਸਮਤ ਲਕਸ਼ਮੀ ਹੈ। ਚੰਬਾ ਦਾ ਸਭਿਆਚਾਰ ਅਤੇ ਖ਼ੁਸ਼ਹਾਲੀ ਰਾਵੀ ਨਦੀ ਦੀ ਦੇਣ ਹੈ। ਚੰਬਾ ਦੇ ਇਲਾਕੇ ਵਿਚ ਕਈ ਤਰ੍ਹਾਂ ਦੀ ਵਨਸਪਤੀ ਪਾਈ ਜਾਂਦੀ ਹੈ। ਰਾਤ ਨੂੰ ਅਸੀਂ ਬਸ ਸਟੈਂਡ ਦੇ ਨਜ਼ਦੀਕ, ਖੁੱਲ੍ਹੇ ਮੈਦਾਨ ਦੇ ਸਾਹਮਣੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਸਰਕਾਰੀ ਹੋਟਲ ਰਵਾਤੀ ਵਿਖੇ ਠਹਿਰੇ। ਇਥੋਂ ਦੇ ਸੀਨੀਅਰ ਮੈਨੇਜਰ ਸੁਮੀਤ ਕੌਲ ਅਤੇ ਸ਼ਰਤ ਕੁਮਾਰ ਨੂੰ ਮਿਲੇ।
ਅਸੀਂ ਉਨ੍ਹਾਂ ਨੂੰ ਦਸਿਆ ਕਿ ਸਵੇਰੇ ਅਸੀਂ ਭਰਮੌਰ ਜਾਣਾ ਹੈ। ਉਨ੍ਹਾਂ ਨੇ ਭਰਮੌਰ ਸ਼ਹਿਰ ਦੇ ਗੌਰੀ ਕੁੰਡ ਹੋਟਲ ਵਿਚ ਸਾਡਾ ਕਮਰਾ ਬੁੱਕ ਕਰਵਾ ਦਿਤਾ 1200 ਰੁਪਏ ਵਿਚ (ਇਕ ਰਾਤ ਲਈ)। ਇਹ ਹੋਟਲ ਉਨ੍ਹਾਂ ਦੇ ਅੰਤਰਗਤ ਹੀ ਆਉਂਦਾ ਹੈ। ਸਵੇਰੇ ਅਸੀਂ ਨਾਸ਼ਤਾ ਕੀਤਾ ਅਤੇ ਬਸ ਸਟੈਂਡ ਤੋਂ ਭਰਮੌਰ ਦੀ ਬੱਸ ਲੈ ਲਈ। ਚੰਬਾ ਤੋਂ ਭਰਮੌਰ ਜਾਂਦਿਆਂ ਚੜ੍ਹਾਈ ਹੀ ਚੜ੍ਹਾਈ ਹੈ। ਰਸਤੇ ਵਿਚ ਸੁੰਦਰ ਮਨਮੋਹਣੇ ਪਹਾੜੀ ਦਿ੍ਰਸ ਅਤੇ ਅਤਿਅੰਤ ਖ਼ਤਰਨਾਕ ਰਸਤਾ।
Photo
ਰਾਵੀ ਦਰਿਆ ਦੇ ਨਾਲ ਨਾਲ ਕਈ ਤਰ੍ਹਾਂ ਦੇ ਮੋੜ-ਜੋੜ-ਤੋੜ ਲੈਂਦਾ ਹੋਇਆ ਵਹਿੰਦਾ ਚਲਿਆ ਜਾਂਦਾ ਹੈ, ਸਵੱਛਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੋਇਆ। ਰਸਤੇ ਵਿਚ ਕਈ ਛੋਟੇ ਛੋਟੇ ਬਿਜਲੀ ਦੇ ਡੈਮ ਵੇਖਣ ਨੂੰ ਮਿਲਦੇ ਹਨ। ਰਾਵੀ ਦਰਿਆ ਉਪਰ ਚਮੋਰਾ ਡੈਮ ਵੀ ਆਉਂਦਾ ਹੈ। ਚਮੋਰਾ ਜਲ ਪ੍ਰਾਜੈਕਟ ਸੱਭ ਤੋਂ ਵੱਧ ਮਹੱਤਵਪੂਰਨ ਜਲ ਬਿਜਲੀ ਪ੍ਰਾਜੈਕਟ ਹੈ। ਇਹ ਯੋਜਨਾ ਕੈਨੇਡਾ (ਦੇਸ਼) ਦੀ ਮਦਦ ਨਾਲ ਦੋ ਗੇੜਾਂ ਵਿਚ ਹੈ। ਪਹਿਲੇ ਗੇੜ ਵਿਚ ਪ੍ਰਾਜੈਕਟ ਦੇ ਤਹਿਤ ਰਾਵੀ ਨਦੀ ਉਪਰ ਚੋਹੜਾ ਪਿੰਡ ਵਿਖੇ ਬੰਨ੍ਹ ਬਣਾਇਆ ਗਿਆ। ਚੋਹੜਾ ਪਿੰਡ ਕੋਲ ਸਿਊਲ ਅਤੇ ਰਾਣੀ ਨਦੀ ਦਾ ਸੰਗਮ ਹੈ। ਹੈ।
ਬੰਨ੍ਹ ਰਾਹੀਂ ਇਨ੍ਹਾਂ ਦੋਹਾਂ ਨਦੀਆਂ ਦੇ ਪਾਣੀ ਨੂੰ ਰੋਕਿਆ ਗਿਆ ਹੈ। ਫਿਰ ਸਥਾਨ ਨੂੰ ਸੁਰੰਗ ਖੈਰੀ ਪਿੰਡ ਵਿਚ ਭੂਮੀਗਤ ਪਾਵਰ ਹਾਊਸ ਬਣਾਇਆ ਗਿਆ ਹੈ। ਇਸ ਪ੍ਰਾਜੈਕਟ ਉਪਰ 540 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਪ੍ਰਾਜੈਕਟ ਉਪਰ ਲਗਭਗ 2300 ਕਰੋੜ ਰੁਪਏ ਦੀ ਰਕਮ ਖ਼ਰਚ ਹੋਈ ਹੈ। ਇਸ ਪ੍ਰਾਜੈਕਟ ਨਾਲ ਹਿਮਾਚਲ ਪ੍ਰਦੇਸ਼ ਨੂੰ 12 ਫ਼ੀ ਸਦੀ ਬਿਜਲੀ ਰਾਇਲਟੀ ਪ੍ਰਾਪਤ ਹੋ ਰਹੀ ਹੈ। ਦੂਜੇ ਗੇੜ ’ਚ ਪ੍ਰਾਜੈਕਟਟ ਚੰਬਾ ਤੋਂ ਭਰਮੌਰ ਮਾਰਗ ਉਪਰ ਰਾਖ ਪਿੰਡ ਵਿਖੇ ਰਾਵੀ ਨਦੀ ਉਪਰ ਬਨ੍ਹ ਬਣਾਇਆ ਗਿਆ ਹੈ। ਇਥੇ ਵੀ ਸੁਰੰਗ ਬਣਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਪ੍ਰਾਜੈਕਟ ਉਪਰ 1393.19 ਕਰੋੜ ਰੁਪਏ ਦੀ ਰਕਮ ਖ਼ਰਚ ਆਇਆ ਹੈ।
Photo
ਰਾਵੀ ਨਦੀ ਮਣੀਮਹੇਸ਼ ਤੋਂ ਨਿਕਲਦੀ ਹੈ। ਰਸਤੇ ਵਿਚ ਦੁਨਾਲੀ ਪਿੰਡ ਵਿਚ ਵੀ ਇਕ ਛੋੜ ਬਿਜਲੀ ਡੈਮ ਹੈ। ਇਥੇ ਪਾਣੀ ਪਹਾੜਾਂ ਤੋਂ ਹੇਠਾਂ ਲਿਆ ਕੇ ਡੈਮ ਬਣਾਇਆ ਗਿਆ ਹੈ। ਖੜਾ ਮੁੱਖ ਪਿੰਡ ਤੋਂ ਦੋ ਕਿਲੋਮੀਟਰ ਪਹਿਲਾਂ ਤਿੰਨ ਕਿਲੋਮੀਟਰ ਲੰਮੀ ਸੁਰੰਗ ਆਉਂਦੀ ਹੈ ਜੋ ਸੜਕ ਦੇ ਰੂਪ ਵਿਚ ਨਿਕਲਦੀ ਹੈ। ਇਥੋਂ ਦੀ ਗੱਡੀਆਂ ਆਉਂਦੀਆਂ-ਜਾਂਦੀਆਂ ਹਨ। ਇਸ ਇਲਾਕੇ ਵਲ ਕਈ ਸੁਰੰਗਾਂ ਨਿਰਮਾਣ ਅਧੀਨ ਹਨ।
ਪਿੰਡ ਖੜਾ ਮੁੱਖ ਉੱਚੇ ਪਹਾੜਾਂ ’ਤੇ ਹੋਣ ਕਰ ਕੇ ਗਰਮੀਆਂ ਦੇ ਦਿਨਾਂ ਵਿਚ ਵੀ ਠੰਢੀਆਂ ਹਵਾਵਾਂ ਜੰਨਤ ਦੇ ਦੁਆਰ ਖੋਲ੍ਹਦੀਆਂ ਹਨ। ਖੜਾ ਮੁੱਖ ਤੋਂ ਭਰਮੌਰ 13 ਕਿਲੋਮੀਟਰ ਦੂਰ ਹੈ। ਸੜਕ ਤੋਂ ਖੱਡ ਦੇ ਪਾਰ ਛੋਟੇ-ਛੋਟੇ ਖੇਤ ਪੌੜੀਆਂ ਦੀ ਤਰਜ਼ ਵਿਚ ਸੋਹਣੇ ਲਗਦੇ ਹਨ। ਜਿਸ ਤਰ੍ਹਾਂ ਖਰਬੂਜ਼ੇ ਦੀਆਂ ਥਾਰੀਆਂ ਵਿਚ ਖੇਤ ਉਗਾਏ ਹੋਣ। ਇਥੇ ਚੌੜਾ ਦਾ ਡੈਮ ਵੀ ਹੈ। ਭਰਮੌਰ ਤੋਂ ਦੋ ਕਿਲੋਮੀਟਰ ਪਹਿਲਾਂ ਇਸ ਸ਼ਹਿਰ ਦਾ ਦਿ੍ਰਸ਼ ਗਿਰਿਸ਼ਿਖਰ ਦੇ ਨਜ਼ਾਰੇ ਯਾਦਗੀਰੀ ਹੁੰਦੇ ਚਲੇ ਜਾਂਦੇ ਹਨ।
Photo
ਭਰਮੌਰ ਜਾਂ ਬ੍ਰਹਮਪੁਰ ਚੰਬਾ ਰਾਜ ਦੀ ਮੂਲ ਰਾਜਧਾਨੀ ਸੀ। ਇਹ ਨਗਰ ਬੁੱਢਲ ਨਦੀ ਦੇ ਖੱਬੇ ਕਿਨਾਰੇ ਉਤੇ ਨਦੀ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਉਚਾਈ ’ਤੇ ਸਥਿਤ ਹੈ। ਬੁੱਢਲ ਦਾ ਪ੍ਰਾਚੀਨ ਨਾਂ ਭੁਜਰਾਨਦੀ ਸੀ। ਇਸ ਨਗਰ ਦੇ ਪੂਰਬ ਵਿਚ ਮਣੀਮਹੇਸ਼ ਪਰਬਤ ਸਿਖਰ ਲਗਭਗ 27 ਕਿਲੋਮੀਟਰ ਦੀ ਦੂਰੀ ’ਤੇ ਮਨਮੋਹਕ ਦਿ੍ਰਸ਼ ਪੇਸ਼ ਕਰਦਾ ਹੈ। ਦੱਖਣ ਵਿਚ ਭਰਮਾਣੀ ਪਰਬਤ ਸ਼ਿਖਰ ਹੈ। ਇਸ ਨੂੰ ਸਥਾਨਕ ਲੋਕ ਪਾਨ ਪੱਤਾ ਦੇ ਨਾਂ ਨਾਲ ਪੁਕਾਰਦੇ ਹਨ। ਪੱਛਮ ਵਿਚ ਕੁੰਦਾਧਾਰ ਅਤੇ ਸਛੂਈ ਪਿੰਡ ਅਤੇ ਉੱਤਰ ਵਿਚ ਗਹਿਰੀ-ਤੰਗ ਖਾਈ ਵਿਚ ਕਲ-ਕਲ ਕਰਦੀ ਬੁੱਢਲ ਨਦੀ ਅਤੇ ਨਦੀ ਦੇ ਸੱਜੇ ਕਿਨਾਰੇ ਅਤੇ ਢਾਣੀ ਪਰਬਤ ਸ਼੍ਰੇਣੀ ਵਿਚ ਸਥਿਤ ਪਾਲਿਨ-ਪੁਲਿਨ ਪਿੰਡ ਹੈ। ਭਰਮੌਰ ਦੇ ਪੂਰਬ ਵਿਚ ਚੋਪੀਆ ਨਾਲਾ ਸਾਂਦੀ ਨਾਮਕ ਸਥਾਨ ’ਤੇ ਬੁੱਢਲ ਨਦੀ ਵਿਚ ਪ੍ਰਵੇਸ਼ ਕਰਦਾ ਹੈ।
ਭਰਮੌਰ, ਚੰਬਾ ਨਗਰ ਤੋਂ 64 ਕਿਲੋਮੀਟਰ ਦੂਰੀ ਉਪਰ ਸਮੁੰਦਰ ਤਲ ਤੋਂ 2195 ਮੀਟਰ ਦੀ ਉਚਾਈ ਉਪਰ ਸਥਿਤ ਹੈ। ਭਰਮਾਣੀ ਮਾਤਾ ਦੇ ਆਂਚਲ ਵਿਚ ਵਸੇ ਇਸ ਪ੍ਰਾਚੀਨ ਨਗਰ ਨੂੰ ਚੌਕਸੀ ਸਿੱਧਾਂ ਦੀ ਤਪੋਭੂਮੀ ਕਾਰਨ ਚੌਰਾਸੀ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਭਰਮਾਣੀ ਮਾਤਾ ਜਾਂ ਬ੍ਰਾਹਮਣੀ ਮਾਤਾ ਦਾ ਮੂਲ ਮੰਦਰ ਨਗਰ ਦੇ ਦੱਖਣ ਵਿਚ ਲਗਭਗ ਦੋ ਕਿਲੋਮੀਟਰ ਦੀ ਉਚਾਈ ਉਪਰ ਮਲਕੌਤਾ ਪਿੰਡ ਵਿਚ ਸਥਿਤ ਹੈ।
Photo
ਪੂਰਬ-ਦੱਖਣ ਵਿਚ ਗੁਪਤਗੰਗਾ ਜਲ ਸਰੋਤ ਹੈ। ਇਸ ਨੂੰ ਸਥਾਨਕ ਲੋਕ ਕੁਫ਼ਰੀ ਜਾਂ ‘ਅਰਧਗਯਾ ਕੁੰਡ’ ਕਹਿੰਦੇ ਹਨ। ਮਣੀਮਹੇਸ਼ ਯਾਤਰਾ ਦਾ ਪ੍ਰਥਮ ਸਥਾਨ ਇਸ ਕੁਫ਼ਰੀ ਜਾਂ ਗੁਪਤ ਗੰਗਾ ਵਿਚੋਂ ਕੀਤਾ ਜਾਦਾ ਹੈ। ਇਥੇ ਇਕ ਪ੍ਰਾਚੀਨ ਸ਼ਹਿਤੂਤ ਦਾ ਰੁੱਖ ਵੀ ਹੈ। ਇਸ ਨੂੰ ਸਥਾਨਕ ਭਾਸ਼ਾ ਵਿਚ ‘ਕਹੂੰ’ ਕਹਿੰਦੇ ਹਨ।
ਭਰਮੌਰ ਇਲਾਕਾ ਲੂਗਾ ਨਾਮਕ ਸਥਾਨ ਤੋਂ ਸ਼ੁਰੂ ਹੋ ਜਾਂਦਾ ਹੈ। ਇਥੇ ਹੌਲੀ ਉਪ-ਤਹਿਸੀਲ ਵਿਖੇ ਕੁਲੇਠ ਪਿੰਡ ਵਿਚ ਕੀਰਤੀਕੇਯ ਸਵਾਮੀ ਦਾ ਪ੍ਰਾਚੀਨ ਮੰਦਰ ਹੈ। ਇਸ ਮੰਦਰ ਵਿਚ ਛੇ ਮੁੱਖ ਵਾਲੀ ਕੀਰਤੀਕੇਯ ਦੀ ਮੂਰਤੀ ਸਥਾਪਤ ਹੈ। ਖੜਾ ਮੁੱਖ ਨਗਰ ਸਥਾਨ ਦਾ ਸਬੰਧ ਵੀ ਕੀਰਤੀਕੇਯ ਸਵਾਮੀ ਨਾਲ ਮੰਨਿਆ ਜਾਂਦਾ ਹੈ। ਜਨਮਤ ਅਨੁਸਾਰ ਸਵਾਮੀ ਦਾ ਜਨਮ ਰਾਵੀ ਅਤੇ ਬੁੱਢਲ ਨਦੀਆਂ ਦੇ ਸੰਗਮ ਸਥਾਨ ਖੜਾ ਮੁੱਖ ਵਿਖੇ ਹੋਇਆ।
Photo
ਜਿਥੋਂ ਤਕ ਭਰਮੌਰ ਵਿਖੇ ਪ੍ਰਾਚੀਨ ਰਾਜਧਾਨੀ ਦਾ ਸਬੰਧ ਹੈ, ਵਰਤਮਾਨ ਵਿਚ ਇਸ ਨਗਰ ’ਚ ਅਜਿਹਾ ਕੋਈ ਸਬੂਤ ਨਹੀਂ। ਜੋ ਦਸਤਾਵੇਜ਼ ਭਗਨਾਵੇਸ਼ ਦੁਰਗ ਵਿਚ ਸਨ, ਉਨ੍ਹਾਂ ਨੂੰ ਚੰਬਾ ਨਗਰ ਦੇ ਭੂਰੀ ਸਿੰਘ ਸੰਗ੍ਰਹਿ ਘਰ ਵਿਚ ਸੁਰੱਖਿਅਤ ਰਖਿਆ ਗਿਆ ਹੈ। ਪਰ ਅਪਣੇ ਅਲੌਕਿਕ ਭੂਗੋਲਿਕ ਸਰੂਪ ਅਤੇ ਚੌਰਾਸੀ ਧਾਮ ਕਰ ਕੇ ਗਦੀਯਾਰ ਅਤੇ ਗੱਦੀਆਂ ਦੀ ਇਹ ਪਵਿੱਤਰ ਭੂਮੀ ਅੱਜ ਵੀ ਪ੍ਰਾਚੀਨ ਇਤਿਹਾਸ ਦੀ ਗਵਾਹੀ ਹੈ। ਕਣਕ, ਮਾਸ, ਰਾਜਮਾਂਹ ਆਦਿ ਫ਼ਸਲਾਂ ਲਈ ਪ੍ਰਸਿੱਧ ਇਸ ਸ਼ਿਵਧਾਮ ਉਪਰ ਕਿ੍ਰਸ਼ਨ ਜਨਮਾਸ਼ਟਮੀ ਤੋਂ ਲੈ ਕੇ ਗੋਪਾਸ਼ਟਮੀ ਤਕ ਸ਼ਰਧਾਲੂਆਂ ਦਾ ਮੇਲਾ ਲੱਗਾ ਰਹਿੰਦਾ ਹੈ।
Photo
ਭਰਮੌਰ ਇਲਾਕੇ ਵਲ ਕਈ ਕਿਸਮ ਦੀਆਂ ਜੜੀ-ਬੂਟੀਆਂ ਵੀ ਪਾਈਆਂ ਜਾਂਦੀਆਂ ਹਨ। ਕਈ ਤਰ੍ਹਾਂ ਦੇ ਫੱਲ, ਸਬਜ਼ੀਆਂ ਵੀ ਪੈਦਾ ਹੁੰਦੀਆਂ ਹਨ। ਭੇਡਾਂ-ਬੱਕਰੀਆਂ ਪਾਲਣ ਦਾ ਧੰਦਾ ਵੀ ਹੁੰਦਾ ਹੈ। ਇਹ ਇਲਾਕਾ ਖੇਤੀ ਪ੍ਰਧਾਨ ਇਲਾਕਾ ਹੈ। ਇਥੋਂ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਇਥੇ ਮੱਕੀ, ਕਣਕ, ਝੋਨਾ, ਜੌਂ, ਏਲੂਆ, ਕੋਟਾ, ਫੁਲਣੂੰ, ਰਾਜਮਾਂਹ, ਆਲੂ, ਮਟਰ, ਬੰਦਗੋਭੀ, ਟਮਾਟਰ ਆਦਿ ਵਿਚ ਕਈ ਪ੍ਰਕਾਰ ਦਾ ਸਬਜ਼ੀਆਂ ਦਾ ਉਤਪਾਦਨਨ ਹੁੰਦਾ ਹੈ। ਭਰਮੌਰ ਵਿਖੇ ਕੇਸਰ ਦੇ ਪੌਦੇ ਵੀ ਲਗਾਏ ਗਏ ਹਨ।
ਇਸ ਇਲਾਕੇ ਦੇ ਲੋਕ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੇ ਸ਼ੌਕੀਨ ਹਨ। ਮਰਦ ਕੰਨਾਂ ਵਿਚ ਸੋਨੇ ਦੀ ਬਣੀ ‘ਨੱਤੀ’ ਪਾਉਂਦੇ ਹਨ। ਗੱਦੀਆਂ ਵਿਚ ਇਹ ਗਹਿਣਾ ਜ਼ਿਆਦਾ ਮਸ਼ਹੂਰ ਹੈ। ਇਸ ਤੋਂ ਇਲਾਵਾ ਮਰਦ ਗਲੇ ਵਿਚ ਸੋਨੇ ਦੀ ਬਣੀ ਮਾਲਾ, ਕਮੀਜ਼ ਦੇ ਸੋਨੇ ਦੇ ਬਟਨ, ਹੱਥਾਂ ਦੀਆਂ ਉਂਗਲਾਂ ਵਿਚ ਅੰਗੂਠੀ ਪਾਉਂਦੇ ਹਨ।
ਔਰਤਾਂ ਸਿਰ ਵਿਚ ਚੌਕ ਜਾਂ ਚਕ, ਮੱਥੇ ਉਪਰ ਬਿੰਦੀ ਜਾਂ ਟਿੱਕਾ, ਕੰਨਾਂ ਵਿਚ ਕਾਂਟੇ, ਟਾਪਸ ਜਾਂ ਕਰਣ ਫੂਲ, ਨੱਕ ਵਿਚ ਬਾਲੂ ਜਾਂ ਨੱਥ ਕੋਕਾ ਗਲੇ ਵਿਚ ਚੰਦਰਹਾਰ, ਉਂਗਲੀਆਂ ਵਿਚ ‘ਗੁੱਡੂ’ ਪਾਉਂਦੀਆਂ ਹਨ। ਇਹ ਗਹਿਣੇ ਸੋਨੇ ਅਤੇ ਚਾਂਦੀ ਦੇ ਬਣੇ ਹੁੰਦੇ ਹਨ। ਪੈਰਾਂ ਵਿਚ ਚਾਂਦੀ ਦੇ ਗਹਿਣਿਆਂ ਵਿਚ ਬਾਲੂ, ਟਿੱਕਾ, ਲੌਂਗ, ਪਾਜੇਬ ਆਦਿ ਨਾਵਾਂ ਨਾਲ ਪੁਕਾਰਦੇ ਹਨ।
Photo
ਇਸ ਇਲਾਕੇ ਦੀ ਸੰਪਰਕ ਭਾਸ਼ਾ ਨੂੰ ਚੰਬਿਆਲੀ ਬੋਲੀ ਕਿਹਾ ਜਾਂਦਾ ਹੈ। ਇਹ ਭਾਸ਼ਾ ਹਿੰਦੀ, ਪੰਜਾਬੀ, ਡੋਗਰੀ ਅਤੇ ਕੁਦਰਤੀ ਭਾਸ਼ਾ ਦਾ ਮਿਸ਼ਰਣ ਹੈ। ਇਨ੍ਹਾਂ ਨੂੰ ਭਟਿਆਲੀ, ਭਰਮੌਰੀ, ਚੁਰਾਹੀ ਅਤੇ ਪੰਗਿਆਲੀ ਬੋਲੀਆਂ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਇਸ ਇਲਾਕੇ ਦੀਆਂ ਵਲੇਵੇਂ ਖਾਂਦੀਆਂ ਪਰਬਤ ਦੀਆਂ ਚੋਟੀਆਂ ਸ਼ਾਂਤੀ ਦਾ ਸੰਦੇਸ਼ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ, ਭਰਮੌਰ ਦੇ ਗਲੇ ਵਿਚ ਜਿਸ ਤਰ੍ਹਾਂ ਪਰਬਤ ਮਾਲਾਵਾਂ ਅਭਿਵਾਦਨ ਦਾ ਆਵੇਦਨ ਕਰਦੀਆਂ ਹੋਈਆਂ ਮੰਗਲਮਈ ਨਿਉਤਾ ਦੇ ਰਹੀਆਂ ਹਨ।
ਪਹਾੜਾਂ ਦੇ ਪੈਰਾਂ ਵਿਚ ਰੰਗਦਾਰ ਰੁੱਖ ਜਿਵੇਂਂ ਦੁੱਧ ਉਪਰ ਸੰਦਲੀ ਅਤੇ ਕੇਸਰ ਦੇ ਛਿੱਟੇ ਦੂਰ ਦੂਰ ਤਕ ਅਪਣੀ ਖ਼ੂਬਸੂਰਤੀ ਵਿਚ ਮਸਰੂਫ਼।
ਭਰਮੌਰ ਸ਼ਹਿਰ ਦੇ ਉਪਰ ਸੱਜੇ ਪਾਸੇ ਲਗਭਗ ਦੋ ਏਕੜ ਦੇ ਕਰੀਬ ਹੈਲੀਪੈਡ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਹਿਮਾਚਲ ਟੂਰਿਜ਼ਮ ਵਿਭਾਗ ਦਾ ਸੁੰਦਰ ਆਲੀਸ਼ਾਨ, ਸਹੂਲਤਾਂ ਨਾਲ ਭਰਪੂਰ ਗੌਰੀਕੁੰਡ ਹੋਟਲ। ਸ਼ਾਕਾਹਾਰੀ ਭੋਜਨ ਅਤੇ ਵਧੀਆ ਕਮਰੇ ਉਪਲਬਧ ਹਨ। ਇਸ ਹੋਟਲ ਤੋਂ ਕਈ ਮੀਲ ਦੂਰ ਮਨਮੋਹਣੇ ਸੁੰਦਰ ਦਿ੍ਰਸ਼ ਵੇਖਣ ਨੂੰ ਮਿਲਦੇ ਹਨ। ਇਹ ਇਕ ਰੂਪਵਾਨ, ਦਿਲ ਨੂੰ ਛੂਹਣ ਵਾਾਲਾ ਇਕ ਤਲਿਸਮੀ ਸਥਾਨ ਹੈ।
-ਬਲਵਿੰਦਰ ਬਾਲਮ, ਸੰਪਰਕ : 98156-25409