ਪੁਰਾਤਨ ਇਤਿਹਾਸ ਨੂੰ ਅਪਣੀ ਬੁੱਕਲ ਵਿਚ ਸਮੋਈ ਬੈਠਾ ਬੱਸੀ ਪਠਾਣਾਂ
Published : Aug 29, 2022, 8:10 pm IST
Updated : Aug 29, 2022, 8:10 pm IST
SHARE ARTICLE
Bassi Pathana
Bassi Pathana

ਅੰਗਰੇਜ਼ੀ ਸ਼ਾਸਨ ਦੌਰਾਨ ਬਣਿਆ ਰੇਲਵੇ ਸ਼ਟੇਸ਼ਨ ਅਤੇ ਮੁਗ਼ਲ ਕਾਲ ਸਮੇਂ ਦੀ ਹਲੀਮ, ਸਲੀਮ ਹਵੇਲੀ ਇਸ ਸ਼ਹਿਰ ਦੀ ਪੁਰਾਤਨ ਦਿੱਖ ਨੂੰ ਅੱਜ ਵੀ ਸੰਭਾਲੀ ਬੈਠੀ ਹੈ।

 

ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਇਤਿਹਾਸਕ ਸ਼ਹਿਰ ਬੱਸੀ ਪਠਾਣਾਂ ਪੁਰਾਤਨ ਇਤਿਹਾਸ ਨੂੰ ਅਪਣੀ ਬੁੱਕਲ ਵਿਚ ਸਮੋਈ ਬੈਠਾ ਹੈ। ਇਥੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸ਼ਹਿਰ ਦੀ ਸਥਾਪਨਾ ਸ਼ੇਰਸ਼ਾਹ ਸੂਰੀ ਦੇ ਸਮੇਂ ਸੰਨ 1540 ਵਿਚ ਕੀਤੀ ਗਈ ਦੱਸੀ ਜਾਂਦੀ ਹੈ। ਵੈਦ ਵਿਦਿਆ ਪ੍ਰਕਾਸ਼ ਵਲੋਂ ਪ੍ਰਕਾਸ਼ਤ ਹਿੰਦੀ ਭਾਸ਼ਾ ਵਿਚ ਲਿਖੇ ਕਿਤਾਬਚੇ ਅਨੁਸਾਰ ਇਸ ਸ਼ਹਿਰ ਨੂੰ ਪਟਿਆਲਾ ਨਿਜ਼ਾਮ ਦੇ ਮਲਿਕ ਹੈਦਰ ਨੇ ਅਪਣੀ ਪਤਨੀ ਬਸੋਈ ਦੇ ਨਾਮ ਉਤੇ ਵਸਾਇਆ ਸੀ ਜੋ ਬਾਅਦ ਵਿਚ ਬੱਸੀ ਬਣ ਗਿਆ। ਇਸ ਦੀ ਪੁਸ਼ਟੀ ਮਲਿਕ ਹੈਦਰ ਦੀ ਸ਼ਹਿਰ ਵਿਚ ਬਣੀ ਯਾਦਗਾਰ ਖਾਨਗਾਹ ਕਰਦੀ ਹੈ ਜਿਸ ਨੂੰ ਦਰਬਾਰੇ ਨਬੀ ਵੀ ਕਿਹਾ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਬਾਅਦ ਮੁਸਲਮਾਨ ਪਠਾਣਾਂ ਨੇ ਇਸ ਸ਼ਹਿਰ ਨੂੰ ਵਿਉਪਾਰ ਦਾ ਕੇਂਦਰ ਬਣਾ ਲਿਆ ਜਿਸ ਕਰ ਕੇ ਇਹ ਬੱਸੀ ਪਠਾਣਾਂ ਨਾਲ ਮਸ਼ਹੂਰ ਹੋ ਗਿਆ। ਇਸ ਸ਼ਹਿਰ ਵਿਚ ਸਥਿਤ ਪੁਰਾਤਨ ਇਮਾਰਤਾਂ ਅੱਜ ਵੀ ਮੁਸਲਮਾਨੀ ਸੱਤਾ ਦੇ ਹੰਢਾਏ ਪਲਾਂ ਦਾ ਇਕ ਵਿਲੱਖਣ ਦਿ੍ਰਸ਼ ਪੇਸ਼ ਕਰਦੀਆਂ ਹਨ। ਸੰਨ 1925 ਵਿਚ ਇਸ ਸ਼ਹਿਰ ਨੂੰ ਭਾਰਤ ਦੀ ਪਹਿਲੀ ਸਿਲਾਈ ਮਸ਼ੀਨ ਬਣਾਉਣ ਦਾ ਮਾਣ ਹਾਸਲ ਹੋਇਆ ਹੈ।

ਸਿੱਖ ਤਵਾਰੀਖ ਅਨੁਸਾਰ ਇਸ ਸ਼ਹਿਰ ਦੇ ਅੰਦਰ ਬਣਿਆ ਪੁਰਾਤਨ ਕਿਲ੍ਹਾ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਬ ਨਾਲ ਸਬੰਧ ਰਖਦਾ ਹੈ। 25 ਮਈ 1675 ਦੇ ਦਿਨ 16 ਕਸ਼ਮੀਰੀ ਪੰਡਤ ਕਿਰਪਾ ਰਾਮ ਦੱਤ ਨੂੰ ਨਾਲ ਲੈ ਕੇ ਚੱਕ ਨਾਨਕੀ ਆਨੰਦਪੁਰ ਸਾਹਿਬ ਆਏ। ਇਨ੍ਹਾਂ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਵਿਚ ਔਰੰਗਜ਼ੇਬ ਨੂੰ ਮਿਲਣ ਦਾ ਫ਼ੈਸਲਾ ਕੀਤਾ। ਕੇਸਰ ਸਿੰਘ ਛਿੱਬਰ ਦੇ ਬੰਸਾਵਲੀ ਨਾਮਾ ਅਤੇ ਭੱਟ ਵਹੀ ਮੁਲਤਾਨੀ ਸਿੰਧੀ ਅਨੁਸਾਰ 11 ਜੁਲਾਈ 1675 ਨੂੰ ਗੁਰੁੂ ਸਾਹਿਬ ਦਿੱਲੀ ਜਾਣ ਲਈ ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲ ਦਾਸ ਜੀ ਨਾਲ ਚੱਕ ਨਾਨਕੀ ਤੋਂ ਚੱਲ ਕੇ ਮਲਿਕ ਰੰਘੜਾਂ ਰੋਪੜ ਵਿਚ ਭਾਈ ਨਗਾਹੀਆ ਦੇ ਘਰ ਠਹਿਰੇ ਸਨ। ਜਦੋਂ ਕਸ਼ਮੀਰੀ ਪੰਡਤਾਂ ਤੋਂ ਕਸ਼ਮੀਰ ਦੇ ਗਵਰਨਰ ਇਫ਼ਤਿਆਰ ਖ਼ਾਨ ਨੂੰ ਗੁਰੂ ਜੀ ਦੇ ਦਿੱਲੀ ਜਾਣ ਦਾ ਪਤਾ ਲਗਿਆ ਤਾਂ ਉਸ ਨੇ ਸਰਹਿੰਦ ਦੇ ਸੂਬੇਦਾਰ ਅਬਦੁਲ ਅਜ਼ੀਜ਼ ਦਿਲਾਵਰ ਖ਼ਾਨ ਨੂੰ ਕਿਹਾ ਕਿ ਉਹ ਤੇਗ ਬਹਾਦਰ ਨੂੰ ਗਿ੍ਰਫ਼ਤਾਰ ਕਰ ਕੇ ਔਰੰਗਜ਼ੇਬ ਬਾਦਸ਼ਾਹ ਕੋਲ ਪੇਸ਼ ਕਰੇ।

ਸਰਹਿੰਦ ਦੇ ਸੂਬੇਦਾਰ ਨੇ ਇਕ ਫ਼ੌਜੀ ਦਸਤਾ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਦੀ ਕਮਾਨ ਹੇਠ ਭੇਜਿਆ ਜਿਸ ਨੇ ਗੁਰੂ ਜੀ ਅਤੇ ਉਨ੍ਹਾਂ ਦੇ ਸਿੱਖਾਂ ਨੂੰ  ਗਿ੍ਰਫ਼ਤਾਰ ਕਰ ਕੇ ਸਰਹਿੰਦ ਭੇਜ ਦਿਤਾ। ਸਰਹਿੰਦ ਦੇ ਸੂਬੇਦਾਰ ਨੇ ਗੁਰੂ ਜੀ ਨੂੰ ਇਕ ਵੱਡੇ ਪਿੰਜਰੇ ਵਿਚ ਬੰਦ ਕਰ ਕੇ ਬੱਸੀ ਪਠਾਣਾਂ ਕਿਲ੍ਹੇ ਅੰਦਰ ਕੈਦ ਕਰ ਲਿਆ ਅਤੇ ਇਸ ਦੀ ਇਤਲਾਹ ਔਰੰਗਜ਼ੇਬ ਨੂੰ ਭੇਜ ਦਿਤੀ। ਸਰਹਿੰਦ ਵਾਸੀ ਭਾਈ ਭੰਡਾਰੀ ਸਿੱਖ ਨੇ ਗੁਰੂ ਜੀ ਦੇ ਗਿ੍ਰਫ਼ਤਾਰ ਹੋਣ ਦੀ ਖ਼ਬਰ ਚੱਕ ਨਾਨਕੀ ਮਾਤਾ ਨਾਨਕੀ ਕੋਲ ਭੇਜੀ। ਇਸ ਗਿ੍ਰਫ਼ਤਾਰੀ ਦੀ ਪੁਸ਼ਟੀ ਮਾਤਾ ਜੀ ਨੇ ਦੀਵਾਨ ਦਰਘਾ ਮੱਲ ਅਤੇ ਚਉਪਤ ਰਾਇ ਨੂੰ ਸਰਹਿੰਦ ਭੇਜ਼ ਕੇ ਕੀਤੀ। ਇਤਿਹਾਸਕਾਰ ਪਿਆਰਾ ਸਿੰਘ ਪਦਮ ਵਲੋਂ ਸੰਪਾਦਤ ਕੀਤੀ ਪੁਸਤਕ ਗੁਰੂ ਕੀਆਂ ਸਾਖੀਆਂ ਅਤੇ ਹਰਜਿੰਦਰ ਸਿੰਘ ਦਿਲਗੀਰ ਦੀ ਪੁਸਤਕ ਸਿੱਖ ਤਵਾਰੀਖ ਅਨੁਸਾਰ ਗੁਰੂ ਤੇਗ ਬਹਾਦਰ ਸਾਹਬ ਬੱਸੀ ਪਠਾਣਾਂ ਦੇ ਕਿਲ੍ਹੇ ਅੰਦਰ ਤਿੰਨ ਮਹੀਨੇ ਕੈਦ ਵਿਚ ਰਹੇ। ਇਸ ਸਮੇਂ ਔਰੰਗਜ਼ੇਬ ਨੇ ਸਰਹਿੰਦ ਦੇ ਮੁਸਲਮਾਨ ਨਕਸ਼ਬੰਦੀ ਫ਼ਿਰਕੇ ਦੇ ਸ਼ੇਖ਼ ਅਹਿਮਦ ਦੇ ਗੱਦੀ ਨਸ਼ੀਨ ਸ਼ੇਖ਼ ਸੈਫ਼-ਉਦ-ਦੀਨ ਦੀ ਗੁਰੂ ਜੀ ਨੂੰ ਇਸਲਾਮ ਧਰਮ ਵਿਚ ਲਿਆਉਣ ਦੀ ਡਿਊਟੀ ਲਗਾਈ।

ਇਹ ਮੁਸਲਮਾਨ ਫ਼ਕੀਰ ਕਈ ਵਾਰੀ ਗੁਰੂ ਜੀ ਨੂੰ ਬੱਸੀ ਪਠਾਣਾਂ ਕਿਲ੍ਹੇ ਅੰਦਰ ਮਿਲਣ ਲਈ ਆਇਆ ਲੇਕਿਨ ਉਹ ਗੁਰੂ ਜੀ ਨੂੰ ਇਸਲਾਮ ਦੀ ਉਚਤਾ ਦੱਸਣ ਵਿਚ ਕਾਮਯਾਬ ਨਾ ਹੋ ਸਕਿਆ। ਅਖੀਰ ਗੁਰੂ ਜੀ ਨੂੰ ਇਸ ਕਿਲ੍ਹੇ ਵਿਚੋਂ ਲੈ ਜਾ ਕੇ 3 ਨਵੰਬਰ 1675 ਨੂੰ ਮੌਜੂਦਾ ਸੀਸ ਗੰਜ ਵਾਲੀ ਜਗਾਹ ਕੋਤਵਾਲੀ ਦਿੱਲੀ ਵਿਚ ਕੈਦ ਕਰ ਦਿਤਾ ਗਿਆ। ਇਸ ਕਿਲ੍ਹੇ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਾਅਦ ਵਿਚ ਵੀ ਸਬ ਜੇਲ ਦੇ ਰੂਪ ਵਿਚ ਵਰਤਿਆ ਜਾਂਦਾ ਰਿਹਾ ਹੈ। ਇਸ ਕਿਲ੍ਹੇ ਦੇ ਪ੍ਰਵੇਸ਼ ਦੁਆਰ ਦੇ ਖਾਲੀ ਪਏ ਸਥਾਨ ’ਤੇ ਸਿੱਖ ਧਰਮ ਦੇ ਪ੍ਰਤੀਕ ਖੰਡੇ  ਨੂੰ ਸਥਾਪਤ ਕੀਤਾ ਗਿਆ ਹੈ। ਇਸ ਕਿਲ੍ਹੇ ਨੂੰ ਪੁਰਾਤੱਤਵ ਵਿਭਾਗ ਵਲੋਂ ਮੁਰੰਮਤ ਕਰਵਾਇਆ ਜਾ ਰਿਹਾ ਹੈ ਜਿਸ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ 5 ਅਤੇ 6 ਦਸੰਬਰ 1705 ਦੀ ਰਾਤ ਨੂੰ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਸਦਾ ਲਈ ਛੱਡ ਦਿਤਾ ਤਾਂ ਭਾਈ ਬਚਿੱਤਰ ਸਿੰਘ ਅਤੇ ਪਾਲਿਤ ਜ਼ੋਰਾਵਰ ਸਿੰਘ ਦਾ ਮੁਕਾਬਲਾ ਮਲਕਪੁਰ ਦੇ ਰੰਘੜਾਂ ਨਾਲ ਹੋ ਗਿਆ। ਇਸ ਲੜਾਈ ਵਿਚ ਦੋਵੇਂ ਸ਼ੂਰਬੀਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੇ ਕੋਟਲਾ ਨਿਹੰਗ ਦੇ ਕਿਲ੍ਹੇ ਅੰਦਰ ਪਹੁੰਚਾਇਆ। ਭਾਈ ਬਚਿੱਤਰ ਸਿੰਘ ਜੀ 8 ਦਸੰਬਰ 1705 ਦੇ ਦਿਨ ਸ਼ਹੀਦ ਹੋ ਗਏ। ਇਸ ਸਮੇਂ ਨਿਹੰਗ ਖ਼ਾਨ ਦੀ ਬੇਟੀ ਮੁਮਤਾਜ਼ ਨੇ ਭਾਈ ਬਚਿੱਤਰ ਸਿੰਘ ਦੀ ਜੋ ਸੇਵਾ ਕੀਤੀ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਬੀਬੀ ਮੁਮਤਾਜ਼ ਬੱਸੀ ਪਠਾਣਾਂ ਦੇ ਇਕ ਮੁਸਲਮਾਨ ਨਾਲ ਮੰਗੀ ਹੋਈ ਸੀ ਜਿਸ ਨੇ ਅਪਣੀ ਰਹਿੰਦੀ ਉਮਰ ਭਾਈ ਬਚਿੱਤਰ ਸਿੰਘ ਦੀ ਵਿਧਵਾ ਵਜੋਂ ਗੁਜ਼ਾਰ ਦਿਤੀ। ਪਾਲਿਤ ਜ਼ੋਰਾਵਰ ਸਿੰਘ ਦਾ ਜਨਮ ਭਾਈ ਨੱਥੂ ਰਾਮਲੋਟੇ ਤਰਖਾਣ ਅਤੇ ਮਾਤਾ ਭਿੱਖੀ ਦੇ ਘਰ 24 ਦਸੰਬਰ 1696 ਦੇ ਦਿਨ ਬੱਸੀ ਪਠਾਣਾਂ, ਮਹੱਲਾ ਬੜਾ ਵਹਿੜਾ ਵਿਚ ਹੋਇਆ ਸੀ। ਇਸ ਪ੍ਰਵਾਰ ਨੇ ਸਾਰੀ ਜ਼ਿੰਦਗੀ ਗੁਰੂ ਘਰ ਵਿਚ ਹੀ ਬਿਤਾਈ ਸੀ। ਇਸ ਦੀ ਮਾਤਾ ਭਿੱਖੀ ਇਕ ਵੱਡੇ ਘਰ ਦੀ ਧੀ ਸੀ ਜਿਸ ਦੇ ਪਿਤਾ ਬਾਬਾ ਭਾਨਾ ਸਰਕਾਰੀ ਕਾਨੂੰਗੋ ਸਨ।

ਪਾਲਿਤ ਜ਼ੋਰਾਵਰ ਸਿੰਘ ਨੂੰ ਨਿੱਕੇ ਵੱਡੇ 22 ਜ਼ਖ਼ਮ ਲੱਗੇ ਸਨ ਜਿਨ੍ਹਾਂ ਨੂੰ ਭਰਨ ਵਿਚ ਸਮਾਂ ਲੱਗ ਜਾਣਾ ਸੀ। ਇਸ ਕਰ ਕੇ 9 ਦਸੰਬਰ ਦੀ ਰਾਤ ਨੂੰ ਇਕ ਸੈਣੀ ਬਰਾਦਰੀ ਦੇ ਇਕ ਸਿੱਖ ਭਾਈ ਗੁਰਸਾ ਸਿੰਘ ਗਹੂਣੀਆ ਨੇ ਉਸ ਸਮੇਂ ਦੇ ਸਾਧਨਾਂ ਦੀ ਵਰਤੋਂ ਕਰ ਕੇ ਮੰਡੀ ਗੋਬਿੰਦਗੜ੍ਹ ਦੇ ਨੇੜੇ ਪਿੰਡ ਡਡਹੇੜੀ ਮਾਈ ਪੂਪਾਂ ਨਾਮ ਦੀ ਔਰਤ ਦੇ ਘਰ ਛੱਡ ਦਿਤਾ ਜੋ ਹਰ ਸਾਲ ਗੁਰੂ ਘਰ ਲਈ ਸੂਤ ਕੱਤ ਕੇ ਕਪੜਾ ਤਿਆਰ ਕਰਦੀ ਸੀ। ਸੰਨ 1708 ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵਲ ਇਤਮਾਦਪੁਰ ਤੋਂ ਰਾਜਪੂਤਾਨਾ ਦੇ ਨਗਰਾਂ ਵਲ ਗਏ ਤਾਂ 2 ਅਪ੍ਰੈਲ 1708 ਦੇ ਦਿਨ ਬਸੀ ਪਠਾਣਾ ਦਾ ਇਹ ਸਪੂਤ ਚਿਤੌੜ ਦੇ ਕਿਲ੍ਹੇ ਅੰਦਰ ਮੁਗ਼ਲ ਫ਼ੌਜਾਂ ਨਾਲ ਲੜਦਾ ਹੋਇਆ ਸ਼ਹੀਦੀ ਪਾ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰੀ ਜੀ ਮੋਰਿੰਡੇ ਕੋਤਵਾਲੀ ਤੋਂ ਗਿ੍ਰਫ਼ਤਾਰ ਕਰ ਕੇ ਬਸੀ ਪਠਾਣਾ ਦੇ ਰਸਤੇ ਸਰਹਿੰਦ ਪਹੁੰਚੇ ਸਨ। ਅੰਗਰੇਜ਼ੀ ਸ਼ਾਸਨ ਦੌਰਾਨ ਬਣਿਆ ਰੇਲਵੇ ਸ਼ਟੇਸ਼ਨ ਅਤੇ ਮੁਗ਼ਲ ਕਾਲ ਸਮੇਂ ਦੀ ਹਲੀਮ, ਸਲੀਮ ਹਵੇਲੀ ਇਸ ਸ਼ਹਿਰ ਦੀ ਪੁਰਾਤਨ ਦਿੱਖ ਨੂੰ ਅੱਜ ਵੀ ਸੰਭਾਲੀ ਬੈਠੀ ਹੈ।

ਸੁਰਿੰਦਰ ਸਿੰਘ ਰਸੂਲਪੁਰ
ਪਿੰਡ ਰਸੂਲਪੁਰ, ਡਾਕਖਾਨਾ ਮੋਰਿੰਡਾ
ਜ਼ਿਲ੍ਹਾ ਰੂਪਨਗਰ।
ਮੋ. 9417370699

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement