
ਮੇਰਾ ਵੀਰ ਜਸਵੀਰ ਮੇਰੇ ਤੋਂ ਚਾਰ ਕੁ ਵਰ੍ਹੇ ਛੋਟਾ ਹੈ। ਮਾਂ ਦਸਦੀ ਹੈ ਕਿ ਜਿਸ ਦਿਨ ਉਹ ਪੈਦਾ ਹੋਇਆ ਸੀ ਉਸ ਦਿਨ ਮੈਂ ਖ਼ੁਸ਼ੀ ਨਾਲ ਬਾਵਰਾ ਜਿਹਾ ਹੋ ਕੇ ਸਾਰੇ ਘਰਾਂ 'ਚ...
ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ : ਮੇਰਾ ਵੀਰ ਜਸਵੀਰ ਮੇਰੇ ਤੋਂ ਚਾਰ ਕੁ ਵਰ੍ਹੇ ਛੋਟਾ ਹੈ। ਮਾਂ ਦਸਦੀ ਹੈ ਕਿ ਜਿਸ ਦਿਨ ਉਹ ਪੈਦਾ ਹੋਇਆ ਸੀ ਉਸ ਦਿਨ ਮੈਂ ਖ਼ੁਸ਼ੀ ਨਾਲ ਬਾਵਰਾ ਜਿਹਾ ਹੋ ਕੇ ਸਾਰੇ ਘਰਾਂ 'ਚ ਜਾ ਕੇ ਅਪਣੀ ਤੋਤਲੀ ਜ਼ੁਬਾਨ ਨਾਲ ਆਖਿਆ ਸੀ, ''ਮੇਰੇ ਘਰ ਮੇਰਾ ਸੋਹਣਾ ਵੀਰਾ ਆਇਐ.. ਮੇਰਾ ਸੋਹਣਾ ਵੀਰਾ...।''
ਸਾਡਾ ਦੋਹਾਂ ਭਰਾਵਾਂ ਦਾ ਆਪਸ ਵਿਚ ਬੜਾ ਹੀ ਗੂੜ੍ਹਾ ਪਿਆਰ ਸੀ। ਅਸੀ ਰੋਟੀ ਵੀ ਇੱਕੋ ਥਾਲੀ 'ਚ ਖਾਂਦੇ ਸਾਂ। ਮੈਂ ਉਸ ਨੂੰ ਇਕ ਪਲ ਵਾਸਤੇ ਵੀ ਅੱਖੋਂ ਓਹਲੇ ਨਹੀਂ ਸਾਂ ਹੋਣ ਦਿੰਦਾ। ਲੋਕ ਤਾਂ ਇਥੋਂ ਤਕ ਆਖਣ ਲੱਗ ਪਏ ਸਨ, ''ਦੋ ਸ੍ਰੀਰ ਤੇ ਇਕ ਜਾਨ ਨੇ ਦੋਵੇਂ ਭਰਾ।'' ਇਹ ਗੱਲ ਸੱਚ ਵੀ ਸੀ।
Punjabi Children
ਚੌਦਾਂ ਕੁ ਸਾਲ ਦਾ ਸੀ ਉਹ ਜਦੋਂ ਪਤਾ ਨਹੀਂ ਕਿੰਜ ਉਸ ਦੇ ਦਿਮਾਗ਼ 'ਚ ਨੁਕਸ ਪੈ ਗਿਆ। ਉਹ ਐਵੇਂ ਹੀ ਅਬਾ-ਤਬਾ ਬੋਲਣ ਲੱਗ ਪਿਆ। ਕਦੇ ਬੱਚਿਆਂ ਵਾਂਗ ਹਰਕਤਾਂ ਕਰਦਾ ਹੋਇਆ ਜ਼ਮੀਨ ਤੇ ਲੇਟ ਜਾਂਦਾ ਅਤੇ ਕਦੇ ਪੰਛੀਆਂ ਵਾਂਗ ਉੱਡਣ ਦੀਆਂ ਗੱਲਾਂ ਕਰਨ ਲੱਗ ਜਾਂਦਾ। ਕਦੇ ਕਦੇ ਤਾਂ ਉਹ ਬਿਨਾਂ ਕਾਰਨ ਹੀ ਡਰਨ ਲੱਗ ਜਾਂਦਾ ਤੇ ਭੱਜ ਕੇ ਪਿਛਲੇ ਕਮਰੇ 'ਚ ਜਾ ਵੜਦਾ। ਅਸੀ ਬਥੇਰੇ ਡਾਕਟਰਾਂ ਨੂੰ ਵਿਖਾਇਆ ਪਰ ਰੋਗ ਕਿਸੇ ਦੀ ਵੀ ਪਕੜ 'ਚ ਨਾ ਆਇਆ। ਕਈ ਮਹੀਨੇ ਹਸਪਤਾਲਾਂ ਵਿਚ ਰੁਲਣ ਮਗਰੋਂ ਅਖ਼ੀਰ ਅਸੀ ਉਸ ਨੂੰ ਘਰ ਵਾਪਸ ਲੈ ਹੀ ਆਂਦਾ।
Punjabi Children
ਮੈਂ ਜਦੋਂ ਵੀ ਅਪਣੇ ਨਿੱਕੇ ਵੀਰ ਵਲ ਤਕਦਾ ਤਾਂ ਮੈਨੂੰ 'ਦੋ ਸਰੀਰ ਇਕ ਜਾਨ' ਵਾਲੀ ਗੱਲ ਚੇਤੇ ਆ ਜਾਂਦੀ ਤੇ ਹੰਝੂ ਮੇਰੀਆਂ ਅੱਖਾਂ ਦੀਆਂ ਬਰੂਹਾਂ ਟੱਪ ਕੇ ਬਾਹਰ ਆ ਡਿਗਦੇ। ਮੇਰੇ ਵੀਰ ਦੇ ਕਮਲੇਪਨ ਦਾ ਇਹ ਦਰਦ ਮੇਰੇ ਧੁਰ ਅੰਦਰ ਤਕ ਖੁਭਿਆ ਹੋਇਆ ਸੀ। (ਚਲਦਾ)