
ਮੈਨੂੰ ਯਾਦ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਜਸਵੀਰ ਨੇ ਖ਼ੂਬ ਭੰਗੜਾ ਪਾਇਆ ਸੀ। ਉਸ ਦਾ ਚਾਅ ਸਾਂਭਿਆ ਨਹੀਂ ਸੀ ਜਾਂਦਾ। ਉਹ ਵਾਰ-ਵਾਰ ਮੈਨੂੰ ''ਵੀਰਾ...ਵੀਰਾ..'...
ਮੈਨੂੰ ਯਾਦ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਜਸਵੀਰ ਨੇ ਖ਼ੂਬ ਭੰਗੜਾ ਪਾਇਆ ਸੀ। ਉਸ ਦਾ ਚਾਅ ਸਾਂਭਿਆ ਨਹੀਂ ਸੀ ਜਾਂਦਾ। ਉਹ ਵਾਰ-ਵਾਰ ਮੈਨੂੰ ''ਵੀਰਾ...ਵੀਰਾ...'' ਆਖਦਾ ਅਤੇ ਮੇਰੇ ਸੀਨੇ ਨਾਲ ਲਿਪਟ ਜਾਂਦਾ। ਮੈਂ ਵੀ ਰਤਾ ਭਾਵੁਕ ਹੋ ਜਾਂਦਾ ਤੇ ਉਸ ਦੇ ਸਿਰ ਤੇ ਹੱਥ ਫੇਰਦਾ ਹੋਇਆ ਪਰਮਾਤਮਾ ਅੱਗੇ ਅਰਦਾਸ ਕਰਦਾ, ''... ਹੇ ਰੱਬਾ! ਮੇਰੇ ਵੀਰੇ ਨੂੰ ਤੰਦਰੁਸਤੀ ਬਖ਼ਸ਼। ਇਸ ਦੀ ਬੁੱਧੀ ਵਾਪਸ ਲਿਆ ਦੇ। ਮੈਂ ਨੰਗੇ ਪੈਰੀਂ ਚੱਲ ਕੇ ਹਰ ਸਾਲ ਤੇਰੇ ਦਰ ਤੇ ਆਵਾਂਗਾ ਮੇਰਿਆ ਮਾਲਕਾ...ਮਿਹਰ ਕਰ...ਤੂੰ ਇਸ ਉਤੇ ਰਹਿਮ ਕਰ...।''
Prayer
ਮੇਰੀ ਅਰਦਾਸ ਸ਼ਾਇਦ ਉਸ ਮਾਲਕ ਤਕ ਨਹੀਂ ਪੁੱਜੀ ਸੀ। ਜਸਵੀਰ ਦੀ ਸੁਰਤ ਵਿਚ ਹੋਰ ਵਿਗਾੜ ਪੈ ਗਿਆ। ਪਤਾ ਨਹੀਂ ਉਸ ਦੇ ਮਨ ਵਿਚ ਕੀ ਆਉੁਂਦਾ ਤੇ ਉਹ ਭਾਂਡੇ ਚੁੱਕ ਕੇ ਹੇਠਾਂ ਸੁੱਟ ਦਿੰਦਾ ਜਾਂ ਫਿਰ ਅਲਮਾਰੀ 'ਚੋਂ ਕਪੜੇ ਕੱਢ ਕੇ ਖਿਲਾਰ ਦਿੰਦਾ। ਮੈਂ ਰਤਾ ਖਿਝ ਕੇ ਕਦੇ-ਕਦੇ ਉਸ ਨੂੰ ਦਬਕਾ ਮਾਰ ਦਿੰਦਾ ਪਰ ਜਦੋਂ ਉਸ ਦੀਆਂ ਨਿਰਛਲ ਤੇ ਮਾਸੂਮ ਜਿਹੀਆਂ ਅੱਖਾਂ ਵਿਚ ਮੈਨੂੰ ਹੰਝੂਆਂ ਦਾ ਹੜ੍ਹ ਦਿਸਦਾ ਤਾਂ ਮੈਂ ਪਸੀਜ ਜਾਂਦਾ। ਅਪਣੇ ਕਮਲੇ ਜਿਹੇ ਵੀਰ ਨੂੰ ਮੈਂ ਅਪਣੇ ਕਲਾਵੇ ਵਿਚ ਘੁੱਟ ਲੈਂਦਾ ਤੇ ਉਸ ਦਾ ਮੱਥਾ ਚੁੰਮ ਕੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ।
ਮੈਂ ਸੋਚਣ ਲੱਗ ਜਾਂਦਾ ਕਿ ਜ਼ਿੰਦਗੀ ਦੀਆਂ ਕਿੰਨੀਆਂ ਹੀ ਨਿਆਮਤਾਂ ਤੋਂ ਬੇਪ੍ਰਵਾਹ ਅਪਣੀ ਹੀ ਦੁਨੀਆਂ ਤੇ ਅਪਣੇ ਹੀ ਰੰਗਾਂ 'ਚ ਰੰਗਿਆ ਉਹ ਜ਼ਿੰਦਗੀ ਦੇ ਸਫ਼ਰ ਤੇ ਤੁਰਿਆ ਜਾ ਰਿਹਾ ਸੀ। ਕਈ ਸਾਲ ਬੀਤ ਗਏ ਸਨ। ਨਾ ਹੀ ਉਸ ਦੀ ਸੁਰਤ 'ਚ ਮੋੜਾ ਪਿਆ ਸੀ ਤੇ ਨਾ ਹੀ ਉਸ ਨੂੰ ਜ਼ਿੰਦਗੀ ਜਿਊਣ ਦਾ ਚੱਜ ਆਇਆ ਸੀ। ਉਸ ਦੀ ਜ਼ਿੰਦਗੀ ਸੱਚਮੁਚ ਹੀ ਕੋਈ ਜ਼ਿੰਦਗੀ ਨਹੀਂ ਸੀ।
Teacher
ਮੇਰੀ ਪਤਨੀ ਡਬਲ ਐਮ.ਏ. ਸੀ ਤੇ ਸਰਕਾਰੀ ਸਕੂਲ ਵਿਚ ਲੈਕਚਰਾਰ ਸੀ। ਜਿਸ ਦਿਨ ਉਹ ਵਿਆਹ ਕੇ ਆਈ ਸੀ ਉਸ ਦਿਨ ਜਸਵੀਰ ਨੇ ਬੜਾ ਚਾਅ ਕੀਤਾ ਸੀ। ਉਸ ਨੇ ਤਾੜੀਆਂ ਵਜਾਈਆਂ ਸਨ ਤੇ ਖ਼ੂਬ ਨੱਚਿਆ ਸੀ। ਉਹ ਅਪਣੀ ਭਾਬੀ ਨਾਲ ਨਚਣਾ ਚਾਹੁੰਦਾ ਸੀ ਪਰ ਕਿਸੇ ਨੇ ਜਸਵੀਰ ਦੀ ਦਿਮਾਗ਼ੀ ਹਾਲਤ ਬਾਰੇ ਮੇਰੀ ਪਤਨੀ ਨੂੰ ਦੱਸ ਦਿਤਾ ਸੀ ਜਿਸ ਕਰ ਕੇ ਉਹ ਘਬਰਾ ਕੇ ਜਸਵੀਰ ਤੋਂ ਦੂਰ ਜਾਣ ਦੀ ਹੀ ਕੋਸ਼ਿਸ਼ ਕਰਦੀ ਰਹੀ।
(ਚਲਦਾ)