ਪੇਂਡੂ ਜੀਵਨ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਰਖਦਾ ਸੀ ਬਲਵੰਤ ਗਾਰਗੀ
Published : Nov 2, 2020, 10:44 am IST
Updated : Nov 2, 2020, 10:44 am IST
SHARE ARTICLE
Balwant Gargi
Balwant Gargi

ਬਲਵੰਤ ਗਾਰਗੀ ਦਾ ਜਨਮ ਕਸਬਾ ਸ਼ਹਿਣਾ (ਜ਼ਿਲ੍ਹਾ ਬਠਿੰਡਾ) ਦੀ ਨਹਿਰੀ ਕੋਠੀ ਵਿਖੇ ਹੋਇਆ।

ਬਲਵੰਤ ਗਾਰਗੀ (4 ਦਸੰਬਰ 1916-22 ਅਪ੍ਰੈਲ 2003) ਪੰਜਾਬੀ ਦੇ ਪ੍ਰਮੁੱਖ ਨਾਟਕਕਾਰਾਂ ਵਿਚੋਂ ਇਕ ਸੀ। ਬਲਵੰਤ ਗਾਰਗੀ ਦਾ ਜਨਮ ਕਸਬਾ ਸ਼ਹਿਣਾ (ਜ਼ਿਲ੍ਹਾ ਬਠਿੰਡਾ) ਦੀ ਨਹਿਰੀ ਕੋਠੀ ਵਿਖੇ ਹੋਇਆ। ਉਸ ਨੇ ਐਫ਼.ਸੀ. ਕਾਲਜ ਲਾਹੌਰ ਤੋਂ ਰਾਜਨੀਤੀ, ਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਦੀ ਐਮ.ਏ. ਤਕ ਦੀ ਸਿਖਿਆ ਹਾਸਲ ਕੀਤੀ।

Gurbaksh Singh Preetlari Gurbaksh Singh Preetlari

ਉਸ ਨੇ ਅਪਣਾ ਜੀਵਨ ਇਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁਢਲੇ ਦੌਰ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ ਬਲਵੰਤ ਗਾਰਗੀ ਦੀ ਨਾਟਕੀ ਪ੍ਰਤਿਭਾ ਪ੍ਰਫੁੱਲਤ ਹੋਣੀ ਸ਼ੁਰੂ ਹੋਈ। ਉਸ ਨੇ ਰੇਡੀਉ ਅਤੇ ਰੰਗ-ਮੰਚ ਲਈ ਨਾਟਕ ਲਿਖੇ। ਬਾਅਦ ਵਿਚ ਅਮਰੀਕਾ ਜਾ ਕੇ ਸੀਐਟਲ ਵਿਚ ਥੀਏਟਰ ਦੇ ਅਧਿਆਪਕ ਰਹੇ। ਉਥੇ ਹੀ 11 ਜੂਨ 1966 ਨੂੰ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ। ਭਾਰਤ ਤੋਂ ਇਲਾਵਾ ਉਸ ਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਅਤੇ ਅਮਰੀਕਾ ਵਿਚ ਵੀ ਖੇਡੇ ਗਏ।

Balwant GargiBalwant Gargi

ਬਲਵੰਤ ਗਾਰਗੀ ਬਹੁਤ ਹੀ ਪ੍ਰਤਿਭਾਵਾਨ ਨਾਟਕਕਾਰ ਸੀ। ਉਸ ਨੇ ਬਾਹਰਲੇ ਦੇਸ਼ਾਂ-ਪੋਲੈਂਡ, ਫ਼ਰਾਂਸ, ਅਮਰੀਕਾ ਅਤੇ ਇੰਗਲੈਂਡ ਆਦਿ ਵਿਚ ਜਾ ਕੇ ਉਥੋਂ ਦੀਆਂ ਨਾਟਕ ਸ਼ੈਲੀਆਂ ਅਤੇ ਰੰਗ-ਮੰਚ ਕਲਾ ਦਾ ਵਿਸ਼ੇਸ਼ ਅਧਿਐਨ ਕੀਤਾ। 1944 ਵਿਚ ਉਸ ਦਾ ਪਹਿਲਾ ਨਾਟਕ 'ਲੋਹਾ ਕੁੱਟ' ਛਪਿਆ ਅਤੇ ਅਪਣੇ ਪਹਿਲੇ ਸਫ਼ਲ ਨਾਟਕ ਨਾਲ ਹੀ ਉਸ ਨੇ ਪੰਜਾਬੀ ਨਾਟਕਕਾਰਾਂ ਦੀ ਪਹਿਲੀ ਕਤਾਰ ਵਿਚ ਅਪਣੀ ਥਾਂ ਬਣਾ ਲਈ।

Balwant GargiBalwant Gargi

ਗਾਰਗੀ ਦੇ ਲਿਖੇ ਨਾਟਕ ਕੇਸਰੋ ਅਤੇ ਸੋਹਣੀ ਮਹੀਵਾਲ ਮਹੀਨਿਆਂ ਬੱਧੀ ਪਛਮੀ ਰੰਗ-ਮੰਚ ਤੇ ਵੀ ਖੇਡੇ ਗਏ। ਗਾਰਗੀ ਨੂੰ ਰੰਗ-ਮੰਚ ਦੀ ਕਲਾ ਦਾ ਬਹੁਤ ਅਨੁਭਵ ਸੀ। ਉਸ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਅਤੇ ਬਾਹਰਲੀਆਂ ਯੂਨੀਵਰਸਟੀਆਂ 'ਚ ਰੰਗ-ਮੰਚ ਦਾ ਅਧਿਆਪਨ ਵੀ ਕੀਤਾ। ਲੋਹਾ ਕੁੱਟ, ਸੈਲ ਪੱਥਰ, ਕੇਸਰੋ, ਨਵਾਂ ਮੁੱਢ, ਕਣਕ ਦੀ ਬੱਲੀ, ਘੁੱਗੀ, ਧੂਣੀ ਦੀ ਅੱਗ, ਸੌਂਕਣ, ਅਭਿਸਾਰਕ, ਸੋਹਣੀ ਮਹੀਵਾਲ ਆਦਿ ਗਾਰਗੀ ਦੇ ਪ੍ਰਮੁੱਖ ਨਾਟਕ ਅਤੇ ਦਸਵੰਧ, ਬੇਬੇ, ਪੱਤਣ ਦੀ ਬੇੜੀ, ਦੁੱਧ ਦੀਆਂ ਧਾਰਾਂ, ਚਾਕੂ, ਕੌਡੀਆਂ ਵਾਲਾ ਸੱਪ ਇਕਾਂਗੀ ਸੰਗ੍ਰਹਿ ਹਨ।

Balwant GargiBalwant Gargi

ਇਨ੍ਹਾਂ ਤੋਂ ਇਲਾਵਾ ਗਾਰਗੀ ਨੇ ਕੱਕਾ ਰੇਤਾ (ਨਾਵਲ), ਡੁਲ੍ਹੇ ਬੇਰ (ਕਹਾਣੀ) ਅਤੇ ਵਾਰਤਕ ਦੇ ਖੇਤਰ ਵਿਚ ਰੰਗ-ਮੰਚ, ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕਾਸ਼ਨੀ ਵਿਹੜਾ ਵਰਗੇ ਸੰਗ੍ਰਹਿ ਸਾਹਿਤ ਦੀ ਝੋਲੀ ਵਿਚ ਪਾਏ। ਬਲਵੰਤ ਗਾਰਗੀ ਦਾ ਪਿਛੋਕੜ ਪੇਂਡੂ ਹੋਣ ਕਰ ਕੇ ਉਹ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਰਖਦਾ ਸੀ। ਉਸ ਨੇ ਪੇਂਡੂ ਜਨ ਜੀਵਨ ਅਤੇ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਪਣੇ ਨਾਟਕਾਂ ਦਾ ਵਿਸ਼ਾ ਬਣਾਉਂਦਿਆਂ ਬੜੀ ਢੁਕਵੀਂ ਖੁੱਲ੍ਹੀ-ਡੁਲ੍ਹੀ ਅਤੇ ਸੁਭਾਵਕ ਪੇਂਡੂ ਵਾਰਤਾਲਾਪ ਨੂੰ ਬਾਖ਼ੂਬੀ ਪੇਸ਼ ਕੀਤਾ। ਗਾਰਗੀ ਦੇ ਲਿਖੇ ਨਾਟਕਾਂ ਦੀ ਸੱਭ ਤੋਂ ਵੱਡੀ ਖ਼ੂਬੀ ਮੰਚ ਉਤੇ ਸਫ਼ਲਤਾ ਨਾਲ ਨਾਟਕ ਨਿਭਾਉਣ ਕਰ ਕੇ ਹੈ।

Balwant GargiBalwant Gargi

ਧੂਣੀ ਦੀ ਅੱਗ ਵਿਚ ਬਹੁਤ ਹੀ ਸੂਖਮ, ਮਨੋਵਿਗਿਆਨਕ ਤ੍ਰਾਸਦਿਕ ਸਥਿਤੀ ਨੂੰ ਨਿਭਾਇਆ। 'ਸੁਲਤਾਨ ਰਜ਼ੀਆ' ਉਸ ਦਾ ਇਕ ਸਫ਼ਲ ਇਤਿਹਾਸਕ ਨਾਟਕ ਹੈ। 'ਘੁੱਗੀ' ਅਮਨ ਲਹਿਰ ਲਈ ਲਿਖਿਆ ਇਕ ਸਫ਼ਲ ਨਾਟਕ ਹੈ। 'ਗਗਨ ਮੈ ਥਾਲ' ਗੁਰੂ ਨਾਨਕ ਸਾਹਿਬ ਦੇ ਜੀਵਨ ਸਬੰਧੀ ਲਿਖਿਆ ਨਾਟਕ ਹੈ। ਅਮਰੀਕਾ ਤੋਂ ਵਾਪਸ ਪਰਤਣ ਉਪਰੰਤ ਉਸ ਨੇ ਪਾਤਾਲ ਦੀ ਧਰਤੀ ਨਾਂ ਦਾ ਸਫ਼ਰਨਾਮਾ ਲਿਖਿਆ।

Balwant GargiBalwant Gargi

ਨਾਟਕ ਦੇ ਖੇਤਰ ਵਿਚ ਉਸ ਦੀਆਂ ਪ੍ਰਾਪਤੀਆਂ ਸਦਕਾ ਭਾਸ਼ਾ ਵਿਭਾਗ, ਪੰਜਾਬ ਵਲੋਂ (1958-59) ਉਸ ਨੂੰ ਸਨਮਾਨਤ ਕੀਤਾ ਗਿਆ ਅਤੇ ਭਾਰਤੀ ਸਾਹਿਤ ਅਕਾਦਮੀ ਵਲੋਂ ਵੀ ਉਸ ਨੂੰ ਰੰਗ-ਮੰਚ ਪੁਸਤਕ ਲਿਖਣ ਤੇ ਪੁਰਸਕਾਰ ਪ੍ਰਦਾਨ ਕੀਤਾ ਗਿਆ। ਲੰਮੀ ਬੀਮਾਰੀ ਮਗਰੋਂ 22 ਅਪ੍ਰੈਲ 2003 ਨੂੰ ਮੁੰਬਈ ਵਿਖੇ ਬਲਵੰਤ ਗਾਰਗੀ ਦਾ ਦੇਹਾਂਤ ਹੋ ਗਿਆ। ਉਸ ਦੀ ਅੰਤਮ ਇੱਛਾ ਅਨੁਸਾਰ ਦਿੱਲੀ ਵਿਚ ਉਸ ਦਾ ਸਸਕਾਰ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement