ਲੰਮੇ ਹੱਥ (ਭਾਗ 2)
Published : Jun 4, 2018, 6:21 pm IST
Updated : Jun 4, 2018, 7:11 pm IST
SHARE ARTICLE
Amin Malik
Amin Malik

ਜ਼ੈਲਦਾਰ ਰਹਿਮਤ ਖ਼ਾਨ ਦੇ ਧੀ-ਜਵਾਈ ਟਾਂਗੇ ਤੋਂ ਉਤਰ ਕੇ ਅੰਦਰ ਵਧੇ ਤਾਂ ਉਨ੍ਹਾਂ ਦੋ ਸਾਲਾਂ ਦਾ ਇਕ ਬਾਲ ਬਲਦੀ ਦੁਪਹਿਰ ਵਿਚ ਵਿਹੜੇ ਦੀ ਕੰਧ ਕੋਲ ਸੁੱਤਾ ਹੋਇਆ ਵੇਖ ਕ...

ਜ਼ੈਲਦਾਰ ਰਹਿਮਤ ਖ਼ਾਨ ਦੇ ਧੀ-ਜਵਾਈ ਟਾਂਗੇ ਤੋਂ ਉਤਰ ਕੇ ਅੰਦਰ ਵਧੇ ਤਾਂ ਉਨ੍ਹਾਂ ਦੋ ਸਾਲਾਂ ਦਾ ਇਕ ਬਾਲ ਬਲਦੀ ਦੁਪਹਿਰ ਵਿਚ ਵਿਹੜੇ ਦੀ ਕੰਧ ਕੋਲ ਸੁੱਤਾ ਹੋਇਆ ਵੇਖ ਕੇ ਆਖਿਆ, ''ਹਾਏ ਹਾਏ ਇਹ ਕਿਸ ਦਾ ਬਾਲ ਏ ਜਿਸ ਨੂੰ ਛਾਵੇਂ ਵੀ ਕੋਈ ਨਹੀਂ ਕਰਦਾ?'' ਜ਼ੈਲਦਾਰਨੀ ਨੇ ਧੀ ਨੂੰ ਗਲ ਲਾ ਕੇ ਜਵਾਈ ਦੇ ਸਿਰ ਪਿਆਰ ਦੇ ਕੇ ਆਖਿਆ, ''ਇਹ ਬੱਤੋ ਛੀਂਬਣ ਦੀ ਪੋਤਰੀ ਏ ਸ਼ੋਹਦੀ। ਜਦੋਂ ਸੁਆਈ ਸੀ ਇਥੇ ਕੰਧ ਦਾ ਪਰਛਾਵਾਂ ਸੀ, ਹੌਲੀ ਹੌਲੀ ਸੂਰਜ ਢਲਦਾ ਗਿਆ ਤੇ ਇਸ ਤੇ ਧੁੱਪ ਆ ਗਈ। ਮੈਂ ਕੋਈ ਛਾਂ ਲੱਭ ਕੇ ਪਾ ਦੇਨੀ ਆਂ।''

ਜ਼ੈਲਦਾਰਨੀ ਦੇ ਜਵਾਈ ਇੰਜੀਨੀਅਰ ਆਰਿਫ਼ ਨੇ ਆਖਿਆ, ''ਮਾਂ ਜੀ! ਜੇ ਛਾਂ ਨਾ ਲੱਭੇ ਤਾਂ ਇਸ ਬਾਲ ਨੂੰ ਧੁੱਪੇ ਈ ਸੜਨ ਦੇਣਾ ਜੇ?'' ਜ਼ੈਲਦਾਰਨੀ ਪੱਚੀ ਜਹੀ ਹੋ ਕੇ ਅੱਗੋਂ ਕੁੱਝ ਨਾ ਬੋਲੀ ਤੇ ਆਰਿਫ਼ ਨੇ ਆਖਿਆ, ''ਇਸ ਸ਼ੋਹਦੀ ਦੇ ਮਾਂ-ਪਿਉ ਕਿੱਥੇ ਨੇ?'' ਜ਼ੈਲਦਾਰਨੀ ਨੇ ਦਸਿਆ, ''ਮਾਂ ਤਾਂ ਵਿਚਾਰੀ ਜੰਮਣ ਦੀ ਚੋਰ ਹੋਈ ਸੀ, ਪਿਉ ਪੁੱਠਿਆਂ ਵੈਲਾਂ ਵਿਚ ਪੈ ਗਿਆ ਸੀ ਤੇ ਖੌਰੇ ਕਿਧਰੇ ਮਰ-ਖੱਪ ਗਿਐ। ਦਾਦੀ ਹੀ ਦਾਦੀ ਰਹਿ ਗਈ ਏ। ਉਸ ਨੂੰ ਮੈਂ ਹਵੇਲੀ 'ਚੋਂ ਗੋਹਿਆਂ ਦੀ ਟੋਕਰੀ ਲੈਣ ਘੱਲਿਐ, ਤੇ ਨਾਲੇ ਆਖਿਆ ਸੀ ਕਿ ਪੱਥਣ ਵਲ ਧਿਆਨ ਮਾਰ ਲਈਂ, ਗਿੱਲੀਆਂ ਪਾਥੀਆਂ ਥੁਲ ਦਈਂ। ਕਾੜ੍ਹਨੀ ਥੱਲੇ ਪਾਉਣ ਲਈ ਤਾਂ ਤੇਰੇ ਚਾਚੇ ਦੇ ਹੁੱਕੇ ਲਈ ਘਰ ਵਿਚ ਨਾ ਕੋਈ ਪਾਥੀ, ਨਾ ਢਕਲਾ।''

ਜ਼ੈਲਦਾਰਨੀ ਇਹ ਗਿਲਾ ਕਰਦੀ ਰਹੀ ਪਰ ਉਸ ਦਾ ਜਵਾਈ ਆਰਿਫ਼ ਅਪਣੇ ਅਹਿਸਾਨ ਦੀ ਚੀਕ ਸੁਣ ਕੇ ਅਪਣੇ ਕੰਨ ਵਿਚ ਉਂਗਲੀ ਫੇਰਨ ਲੱਗ ਪਿਆ। ਅਜੇ ਕੂਲੀਆਂ ਸੋਚਾਂ ਵਿਚ ਇਨਸਾਨੀਅਤ ਦੀ ਸੂਈ ਪੂਰੀ ਤਰ੍ਹਾਂ ਨਹੀਂ ਸੀ ਧੱਸੀ ਕਿ ਅੱਧੀ ਉਮਰ ਤੋਂ ਲੰਘਦੀ ਹੋਈ ਬੱਤੋ ਅਪਣੇ ਸਿਰ ਤੇ ਉਮਰ ਨਾਲੋਂ ਵੱਧ ਬਾਲਣ ਦਾ ਭਾਰ ਚੁੱਕ ਕੇ ਵਿਹੜੇ ਵਿਚ ਆ ਗਈ। ਬੱਤੋ ਨੇ ਆਰਿਫ਼ ਨੂੰ ਵੇਖ ਕੇ ਮੁੜ•ਕੇ ਨਾਲ ਭਿੱਜੇ ਹੋਏ ਅਪਣੇ ਜੁੱਸੇ ਨੂੰ ਅੱਗੋਂ ਢਕਿਆ ਪਰ ਢਕਣ ਵਾਲੀ ਚੁੰਨੀ ਦਾ ਲੰਗਾਰ ਆਪ ਨੰਗਾ ਹੋ ਗਿਆ। ਬੱਤੋ ਪਾਥੀਆਂ ਦਾ ਟੋਕਰਾ ਸਿਰ ਤੋਂ ਲਾਹ ਕੇ ਪੋਤਰੀ ਵਲ ਦੌੜੀ ਤੇ ਜ਼ੈਲਦਾਰਨੀ ਨੇ ਆਖਿਆ, ''ਨੁਸਰਤ ਨੂੰ ਮੈਂ ਅੰਦਰ ਪਾ ਦਿਤੈ।

ਉਸ ਵਿਚਾਰੀ ਨੇ ਸੜ ਜਾਣਾ ਸੀ ਜੇ ਆਰਿਫ਼ ਨਾ ਵੇਖਦਾ ਤਾਂ।'' ਜ਼ੈਲਦਾਰਾਂ ਦਾ ਜਵਾਈ ਸ਼ੀਸ਼ਨਗਰ ਰੇਲਵੇ ਵਿਚ ਇੰਜੀਨੀਅਰ ਸੀ ਤੇ ਸਕੂਲ ਤੋਂ ਵੀ ਛੁੱਟੀਆਂ ਹੋਣ ਕਰ ਕੇ ਹਮੇਸ਼ਾ ਵਾਂਗ ਬਾਲਾਂ ਨੂੰ ਨਾਨੀ-ਨਾਨੇ ਕੋਲ ਲੈ ਕੇ ਆਇਆ ਸੀ। ਜ਼ੈਲਦਾਰ ਦੀ ਕੱਲੀ ਕੱਲੀ ਧੀ ਸੀ ਜਿਹੜੀ ਮਾਂ-ਪਿਉ ਵਾਂਗ ਚੰਗੀ ਨਿੱਘੀ ਤੇ ਸਾਊ ਸੀ। ਇੰਜੀਨੀਅਰ ਰੱਬ ਕੋਲੋਂ ਡਰਨ ਵਾਲਾ ਇਕ ਅਸ਼ਰਾਫ਼ ਅਫ਼ਸਰ ਸੀ। ਉਹ ਸ਼ੀਸ਼ ਨਗਰ ਮੁੜਨ ਤੋਂ ਇਕ ਦਿਹਾੜਾ ਪਹਿਲਾਂ ਬੱਤੋ ਛੀਂਬਣ ਕੋਲੋਂ ਪੁੱਛਣ ਲਗਾ, ''ਬਰਕਤ ਬੀਬੀ, ਜੇ ਤੈਨੂੰ ਚੰਗਾ ਲੱਗੇ ਤਾਂ ਅਪਣੀ ਪੋਤਰੀ ਨੂੰ ਨਾਲ ਲੈ ਕੇ ਸਾਡੇ ਨਾਲ ਚੱਲ, ਉਥੇ ਤੈਨੂੰ ਰੋਟੀ ਲੀੜਾ ਲੱਭੇਗਾ ਤੇ ਤੇਰੀ ਪੋਤਰੀ ਨੂੰ ਰੇਲਵੇ ਦੇ ਸਕੂਲ ਵਿਚ ਦਾਖ਼ਲ ਕਰਵਾ ਦਿਆਂਗੇ।

ਤੂੰ ਸਾਡੇ ਬਾਲਾਂ ਦਾ ਧਿਆਨ-ਸ਼ਿਆਨ ਰੱਖੀਂ ਤੇ ਘਰ ਦਾ ਨਿੱਕਾ-ਮੋਟਾ ਕੰਮਕਾਜ ਕਰ ਛਡਿਆ ਕਰੀਂ।'' ਬੱਤੋ ਨੂੰ ਇਹ ਗੱਲ ਬੜੀ ਚੰਗੀ ਲੱਗੀ ਤੇ ਦੂਜੇ ਦਿਨ ਬੱਤੋ ਪਣੀ ਪੋਤਰੀ ਨੂੰ ਗੋਦ ਵਿਚ ਫੜੀ ਟਾਂਗੇ ਦੀ ਪਿਛਲੀ ਸੀਟ ਤੇ ਬੈਠੀ ਜ਼ੈਲਦਾਰਾਂ ਦੇ ਧੀ-ਜਵਾਈ ਨਾਲ ਸ਼ੀਸ਼ਨਗਰ ਜਾਣ ਵਾਲੀ ਗੱਡੀ ਚੜ੍ਹ ਗਈ। ਰੇਲਵੇ ਦੀ ਅੱਠਾਂ ਮਰਿਆਂ ਵਾਲੀ ਕੋਠੀ ਦੇ ਨਾਲ ਤਿੰਨ ਕੁਆਰਟਰ ਨੌਕਰਾਂ ਲਈ ਸਨ ਜਿਨ੍ਹਾਂ ਵਿਚੋਂ ਬੱਤੋ ਨੂੰ ਵਰਤਣ ਲਈ ਹਰ ਸ਼ੈਅ ਦੇ ਕੇ ਇਕ ਕੁਆਰਟਰ ਦੇ ਦਿਤਾ। ਨੁਸਰਤ ਤੇ ਆਰਿਫ਼ ਦੇ ਬਾਲਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸੁਣਦੀ ਸੁਣਾਉਂਦੀ ਬਾਲਾਂ ਨੂੰ ਵੱਡਿਆਂ ਹੁੰਦਿਆਂ ਵੇਖਦੀ ਰਹੀ।

ਨੁਸਰਤ ਵੀ ਸਕੂਲੇ ਏਨੇ ਕੁ ਫ਼ਰਕ ਨਾਲ ਜਾਂਦੀ ਰਹੀ ਪਈ ਜ਼ੈਲਦਾਰਾਂ ਦੇ ਦੋਹਤਰੇ-ਦੋਹਤਰੀਆਂ ਅੰਗਰੇਜ਼ੀ ਸਕੂਲ ਤੇ ਨੁਸਰਤ ਸਰਕਾਰੀ ਸਕੂਲ ਵਿਚ ਪੜ੍ਹ। ਇਸ ਫ਼ਰਕ ਤੋਂ ਵੱਖ ਇਸ ਘਰ ਵਿਚ ਕਦੀ ਨੁਸਰਤ ਦੀ ਹੋਂਦ ਦੀ ਉਂਗਲ ਕਿਸੇ ਵੱਡੇ ਵਿਤਕਰੇ ਤੇ ਤਾਰੇ ਪੁੜ ਥੱਲੇ ਨਹੀਂ ਸੀ ਆਈ। ਉਹ ਉਸ ਨੂੰ ਅਪਣੇ ਹੀ ਬਾਲਾਂ ਵਾਂਗ ਪਿਆਰ ਤੇ ਮਾਣ ਦੇਂਦੇ ਰਹੇ। ਨੁਸਰਤ ਜਿਹੜੇ ਮਾਹੌਲ ਵਿਚ ਪਲੀ ਸੀ, ਉਥੇ ਉਸ ਨੂੰ ਕਦੀ ਇਸ ਸੋਚ ਨੇ ਨਹੀਂ ਸੀ ਟੁੰਬਿਆ ਕਿ ਅਮੀਰ ਗ਼ਰੀਬ ਤੇ ਉੱਚੇ ਹੀਣੇ ਵਿਚ ਕੀ ਫ਼ਰਕ ਹੈ? ਨੁਸਰਤ ਨੇ ਦਸ ਜਮਾਤਾਂ ਪਾਸ ਕਰ ਲਈਆਂ ਤਾਂ ਬਰਕਤੇ ਬੜੀ ਰਾਜ਼ੀ ਹੋਈ ਤੇ ਗਏ ਵੇਲੇ ਦੇ ਦੁੱਖ ਯਾਦ ਕਰ ਕੇ ਬੜਾ ਰੋਈ।

ਵੇਲੇ ਨੇ ਇਕ ਵੇਰਾਂ ਮੁੜ ਵੱਖੀ ਵੱਟੀ ਤੇ ਇੰਜੀਨੀਅਰ ਆਰਿਫ਼ ਨੇ ਇਕ ਦਿਹਾਤੇ ਘਰ ਆ ਕੇ ਦਸਿਆ ਕਿ ਸਰਕਾਰ ਉਸ ਨੂੰ ਤਿੰਨਾਂ ਸਾਲਾਂ ਲਈ ਅਮਰੀਕਾ ਘੱਲ ਰਹੀ ਹੈ ਤੇ ਛੇ ਮਹੀਨਿਆਂ ਵਿਚ ਵਿਚ ਸਾਨੂੰ ਜਾਣਾ ਪਵੇਗਾ। ਇਹ ਗੱਲ ਸੁਣ ਕੇ ਨੁਸਰਤ ਇੰਜੀਨੀਅਰ ਆਰਿਫ਼ ਦੇ ਮੋਢੇ ਨਾਲ ਲੱਗ ਕੇ ਰੋਣ ਲੱਗ ਪਈ। ਆਰਿਫ਼ ਨੇ ਉਸ ਦੀ ਚੁੰਨੀ ਸਵਾਰੀ ਕਰ ਕੇ ਸਿਰ ਤੇ ਪਿਆਰ ਦੇ ਕੇ ਅਖਿਆ, ''ਬੇਟਾ, ਮੈਂ ਤੈਨੂੰ ਕਾਲਜ ਵਿਚ ਦਾਖ਼ਲ ਕਰਵਾਣਾ ਚਾਹੁੰਦਾ ਸਾਂ ਪਰ ਰੱਬ ਕੁੱਝ ਹੋਰ ਹੀ ਚਾਹੁੰਦੈ। ਤੂੰ ਚਿੰਤਾ ਨਾ ਕਰ ਪਿੰਡ ਵਿਚ ਜ਼ੈਲਦਾਰ ਸਾਹਿਬ ਤੁਹਾਡਾ ਪੂਰਾ ਪੂਰਾ ਧਿਆਨ ਰੱਖਣਗੇ। ਮੈਂ ਉਨ੍ਹਾਂ ਨੂੰ ਪੱਕੀ ਕਰ ਕੇ ਜਾਵਾਂਗਾ।''

ਬਰਕਤੇ ਨੂੰ ਇਹ ਸਾਰੀਆਂ ਹੀ ਪੱਕੀਆਂ ਬੜੀਆਂ ਕੱਚੀਆਂ ਲਗਦੀਆਂ ਸਨ, ਕਿਉਂ ਜੋ ਉਹ ਪਿੰਡਾਂ ਵਿਚ ਹੁੰਦੀਆਂ ਹੂੜ ਮੱਤਾਂ, ਚੌਧਰਾਹਟਾਂ ਤੇ ਸਰਦਾਰੀਆਂ ਦੀਆਂ ਮੂੰਹਜ਼ੋਰੀਆਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਸ ਦੀ ਹੈਸੀਅਤ ਤਾਂ ਪਿੰਡ ਵਿਚ ਇੰਜ ਸੀ ਜਿਵੇਂ ਵਗਦੇ ਹੜ੍ਹ ਵਿਚ ਤੂੜੀ ਦਾ ਤੀਲਾ, ਪਰਨਾਲੇ ਵਿਚ ਪਈ ਹੋਈ ਰੇਤ ਦੀ ਮੁੱਠ ਤੇ ਬਾਲ ਦੇ ਹੱਥ ਬਿਲੌਰੀ ਗਲਾਸ। ਅੱਜ ਇਕ ਵੇਰਾਂ ਮੁੜ ਬਰਕਤੇ ਨੂੰ ਅਪਣਾ ਪੁੱਤਰ ਸਕੰਦਰ ਯਾਦ ਆਇਆ। ਚੰਗੇ ਦਿਹਾੜੇ ਤੇ ਪ੍ਰਾਹੁਣਿਆਂ ਵਾਂਗ ਤੁਰ ਜਾਣ ਵਾਲੀ ਇੱਜ਼ਤ ਯਾਦ ਆਈ।

ਅੱਗੋਂ ਆਉਣ ਵਾਲੇ ਵੇਲੇ ਦੀਆਂ ਲਾਲ ਡਰਾਉਂਦੀਆਂ ਅੱਖਾਂ ਵੀ ਦਿਸੀਆਂ। ਸਿਰ ਤੇ ਸਾਈਂ ਨਾ ਹੋਵੇ ਤਾਂ ਸਿਰ ਤੋਂ ਚੁੰਨੀ ਲਾਹੁਣ ਵਾਲੇ ਆਲੇ-ਦੁਆਲੇ ਫਿਰਨ ਲੱਗ ਪੈਂਦੇ ਨੇ। ਨਾ ਅੱਗਾ ਨਾ ਪਿੱਛਾ, ਨਾ ਘਰ ਨਾ ਘਾਟ, ਨਾ ਅੰਨ-ਪਾਣੀ ਦੀ ਕੋਈ ਠਾਹਰ ਤੇ ਉਤੋਂ ਜਵਾਨ ਧੀ ਦਾ ਧੱਨ। ਇਨ੍ਹਾਂ ਸਾਰੀਆਂ ਬਾਲਵਾਂ ਨੇ ਮੂੰਹ ਅੱਡਿਆ ਤਾਂ ਬਰਕਤੇ ਨੇ ਡਰ ਕੇ ਅੱਖਾਂ ਮੀਟ ਲਈਆਂ। ਉਹ ਆਉਣ ਵਾਲੇ ਵੇਲੇ ਦੀ ਅੱਖ ਵਿਚ ਅੱਖ ਪਾਉਣ ਜੋਗੀ ਨਹੀਂ ਸੀ। ਅਚਨਚੇਤ ਨੁਸਰਤ ਨੂੰ ਅੱਧੀ ਰਾਤੀ ਜਾਗ ਆਈ ਤੇ ਉਸ ਨੇ ਵੇਖਿਆ ਉਸ ਦੀ ਦਾਦੀ ਬਰੂਹਾਂ ਵਿਚ ਬੈਠੀ ਹਨੇਰੀ ਰਾਤ ਵਿਚ ਅਸਮਾਨ ਵਲ ਮੂੰਹ ਕੀਤੀ ਬੈਠੀ ਰੋ ਰਹੀ ਸੀ।

ਦਾਦੀ ਦੇ ਅੰਦਰ ਨੂੰ ਨੁਸਰਤ ਨੇ ਚੰਗੀ ਤਰ੍ਹਾਂ ਪੜਿ੍ਹਆ। ਉਹ ਜਾਣਦੀ ਸੀ ਜੇ ਇਸ ਵੇਲੇ ਡਿਗਦੀ ਹੋਈ ਦਾਦੀ ਨੂੰ ਹਿੰਮਤ ਹੌਸਲੇ ਦੀ ਥੰਮੀ ਨਾ ਦਿਤੀ ਤਾਂ ਮੇਰੀ ਛੱਤ ਦਾ ਵੀ ਸ਼ਹਿਤੀਰ ਟੁੱਟ ਜਾਣਾ ਹੈ। ਨੁਸਰਤ ਨੇ ਦਾਦੀ ਨੂੰ ਬਾਹਾਂ ਵਿਚ ਲੈ ਕੇ ਅਪਣੀ ਪੜ੍ਹਈ ਤੇ ਵਿਦਿਆ ਨੂੰ ਆਵਾਜ਼ ਮਾਰੀ ਤੇ ਦਾਦੀ ਨੂੰ ਆਖਿਆ, ''ਵੇਖ ਦਾਦੀ! ਪਿੰਡ ਵਿਚ ਸਿਰ ਲੁਕਾਉਣ ਵਾਸਤੇ ਥਾਂ ਵੀ ਲੱਭ ਹੀ ਜਾਏਗੀ। ਮੈਂ ਪਿੰਡ ਦੇ ਬਾਲ ਪੜ੍ਹ ਕੇ ਵੀ ਰੋਟੀ ਟੁੱਕਰ ਦਾ ਆਹਰ ਕਰ ਸਕਦੀ ਆਂ ਤੇ ਜਿਹੜੀ ਮੈਂ ਤੇਰੀ ਗੱਲ ਕਦੀ ਨਹੀਂ ਮੰਨੀ ਅੱਜ ਉਸ ਨੂੰ ਮੰਨ ਲੈਣ ਦਾ ਵਾਅਦਾ ਵੀ ਕਰਦੀ ਹਾਂ।

ਤੂੰ ਚਾਹੁੰਦੀ ਸੈਂ ਮੈਂ ਅਪਣੇ ਚਾਚੇ ਦੇ ਪੁੱਤਰ ਸਿਦੀਕ ਨਾਲ ਵਿਆਹ ਕਰਵਾ ਲਵਾਂ। ਜਾਹ ਮੈਂ ਤੇਰੀ ਅੱਜ ਇਹ ਗੱਲ ਵੀ ਮੰਨ ਲਈ ਏ।'' ਬਰਕਤੇ ਨੇ ਨੁਸਰਤ ਨੂੰ ਘੁੱਟ ਕੇ ਜੱਫ਼ੀ ਪਾਈ। ਮੂੰਹ-ਸਿਰ ਚੁੰਮਿਆ ਅਤੇ ਗਲ ਨਾਲ ਲਾ ਕੇ ਆਖਣ ਲੱਗੀ, ''ਨੀ ਧੀਏ! ਤੇਰੇ ਜਿਹੀਆਂ ਇਜ਼ਤਾਂ ਵਾਲੀਆਂ ਅਣਖੀ ਧੀਆਂ ਰੱਬ ਸੋਹਣਾ ਸਾਰਿਆਂ ਨੂੰ ਦੇਵੇ। ਮੈਨੂੰ ਪਤੈ ਸਿਦੀਕ ਵਿਚਾਰਾ ਤੇਰੇ ਲਈ ਇੰਜ ਈ ਏ ਜਿਵੇਂ ਊਠ ਦੇ ਗਲ ਲਾਲ ਤੇ ਜੰਡ ਨੂੰ ਲੱਗਾ ਗੁਲਾਬ। ਪਰ ਧੀਏ ਖਸਮਾਂ ਬਾਝੋਂ ਸਾਵਣ ਤਰੇਹਾਈਆਂ, ਚੂਰੀਆਂ ਘਿਉ ਮੰਗਦੀਆਂ ਨੇ ਤੇ ਖੀਰਾਂ ਲਈ ਦੁੱਧ ਲੋੜੀਂਦੇ ਨੇ। ਬਦਾਮ ਦੀ ਗਿਰੀ ਕੱਢਣ ਲਈ ਵੱਟਾ ਵੀ ਲੋੜੀਂਦੈ।'' (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement