
ਮੇਰੇ ਪਤੀ ਰੋਜ਼ ਸ਼ਾਮ ਨੂੰ ਪਾਰਕ ਵਿਚ ਸੈਰ ਕਰਨ ਜਾਂਦੇ ਹਨ ਅਤੇ ਵਾਪਸੀ ਤੇ ਮਾਰਕੀਟ ਹੁੰਦੇ ਹੋਏ ਘਰ ਪਰਤਦੇ ਹਨ। ਮਾਰਕੀਟ ਵਿਚ ਤੁਰਦੇ ਫਿਰਦਿਆਂ ਕਈ ਵਾਰ ਨਿਤ ਦੀ ਵਰਤੋ...
ਰੁਲਦਾ ਬਚਪਨ : ਮੇਰੇ ਪਤੀ ਰੋਜ਼ ਸ਼ਾਮ ਨੂੰ ਪਾਰਕ ਵਿਚ ਸੈਰ ਕਰਨ ਜਾਂਦੇ ਹਨ ਅਤੇ ਵਾਪਸੀ ਤੇ ਮਾਰਕੀਟ ਹੁੰਦੇ ਹੋਏ ਘਰ ਪਰਤਦੇ ਹਨ। ਮਾਰਕੀਟ ਵਿਚ ਤੁਰਦੇ ਫਿਰਦਿਆਂ ਕਈ ਵਾਰ ਨਿਤ ਦੀ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੀ ਖ਼ਰੀਦਾਰੀ ਕਰਦੇ ਹਨ ਅਤੇ ਜੇ ਕੋਈ ਭੁੱਲੀ ਵਿਸਰੀ ਚੀਜ਼ ਵੀ ਯਾਦ ਆ ਜਾਵੇ ਤਾਂ ਖ਼ਰੀਦ ਲੈਂਦੇ ਹਨ ਤਾਕਿ ਲੋੜ ਪੈਣ ਤੇ ਮੁੜ ਤੁਰਤ ਮਾਰਕੀਟ ਦਾ ਚੱਕਰ ਨਾ ਲਾਉਣਾ ਪਵੇ।
Child Labour
ਇਸ ਮਾਰਕੀਟ ਵਿਚ ਖਾਣ-ਪੀਣ ਦੇ ਸਾਮਾਨ ਦੀਆਂ ਐਨੀਆਂ ਦੁਕਾਨਾਂ ਹਨ ਕਿ ਹਰ ਸ਼ਾਮ ਭੀੜ ਲੱਗੀ ਰਹਿੰਦੀ ਹੈ। ਲੋਕ ਹੋਰ ਚੀਜ਼ਾਂ ਦੀ ਖ਼ਰੀਦਦਾਰੀ ਨਾਲ ਨਾਲ ਸੈਂਡਵਿਚ, ਬਰਗਰ, ਪੇਸਟਰੀ, ਚਾਟ, ਟਿੱਕੀ, ਸਮੋਸੇ, ਕਚੌਰੀ, ਜਲੇਬੀਆਂ ਅਤੇ ਮਾਸਾਹਾਰੀ ਖਾਣੇ ਦੀਆਂ ਵਨਗੀਆਂ ਅਪਣੀ ਜੀਭ ਦੇ ਸੁਆਦ ਅਨੁਸਾਰ ਖਾਂਦੇ ਦਿਸਦੇ ਹਨ। ਰੋਜ਼ ਵਾਂਗ ਸੈਰ ਕਰਨ ਤੋਂ ਬਾਅਦ ਮਾਰਕੀਟ ਵਿਚ ਘੁਮਦਿਆਂ ਮੇਰੇ ਪਤੀ ਨੇ ਇਕ ਦਿਨ ਬੇਕਰੀ ਦੀ ਦੁਕਾਨ ਦੇ ਬਾਹਰ ਇਕ ਅਜਿਹਾ ਦ੍ਰਿਸ਼ ਵੇਖਿਆ ਜਿਸ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਦਿਤਾ।
Child Labour
ਰਾਤ ਨੂੰ ਖਾਣੇ ਦੇ ਮੇਜ਼ ਤੇ ਬੈਠਣ ਦੇ ਸਮੇਂ ਉਹ ਮੈਨੂੰ ਮਾਯੂਸ ਨਜ਼ਰ ਆਏ। ਮੇਰੇ ਪੁੱਛਣ ਤੇ, ''ਕੀ ਗੱਲ ਹੈ, ਚੁਪ ਨਜ਼ਰ ਆ ਰਹੇ ਹੋ?'' ਪਹਿਲਾਂ ਤਾਂ ਉਹ ਖ਼ਾਮੋਸ਼ ਰਹੇ ਪਰ ਮੇਰੇ ਵਾਰ ਵਾਰ ਪੁਛਣ ਤੇ ਉਨ੍ਹਾਂ ਦਾ ਭਰਿਆ ਮਨ ਛਲਕ ਪਿਆ। ਬੋਲੇ, ''ਅੱਜ ਬੇਕਰੀ ਦੀ ਦੁਕਾਨ ਸਾਹਮਣੇ ਸ਼ਾਮ ਦੇ ਹਨੇਰੇ ਵਿਚ ਛੇ-ਸੱਤ ਸਾਲ ਦੇ ਦੋ ਬੱਚੇ (ਸ਼ਾਇਦ ਮੁੰਡੇ ਤੇ ਕੁੜੀ) ਜੂਠੀਆਂ ਪਲੇਟਾਂ ਨਾਲ ਭਰੇ ਕੂੜੇਦਾਨ ਨੂੰ ਫ਼ਰੋਲ ਰਹੇ ਸਨ ਅਤੇ ਉਸ ਵਿਚੋਂ ਬਚੇ ਹੋਏ ਖਾਣੇ ਦੇ ਟੁਕੜਿਆਂ ਨੂੰ ਇਕ ਪਲੇਟ ਵਿਚ ਇਕੱਠਾ ਕਰ ਰਹੇ ਸਨ। ਜਦਕਿ ਆਸਪਾਸ ਦੇ ਲੋਕ ਬੱਚਿਆਂ ਦੀ ਇਸ ਹਰਕਤ ਤੋਂ ਬੇਖ਼ਬਰ ਕੋਲੋਂ ਲੰਘਦੇ ਜਾ ਰਹੇ ਸਨ।''
Child Labour
ਉਹ ਫਿਰ ਬੋਲੇ, ''ਵਿਆਹ-ਸ਼ਾਦੀਆਂ, ਮੇਲਿਆਂ ਜਾਂ ਪਾਰਟੀਆਂ ਤੇ ਜੂਠੀਆਂ ਪਲੇਟਾਂ ਵਿਚ ਬਚੇ ਹੋਏ ਖਾਣੇ ਨੂੰ ਚੁਕਦੇ ਤਾਂ ਵੇਖਿਆ ਸੀ ਪਰ ਕੂੜੇਦਾਨ ਨੂੰ ਫਰੋਲ ਕੇ ਉਸ ਵਿਚੋਂ ਖਾਣ ਲਈ ਕੁੱਝ ਲਭਣਾ ਕਦੇ ਨਹੀਂ ਸੀ ਵੇਖਿਆ।'' ਇਹ ਕਹਿ ਕੇ ਉਹ ਤਾਂ ਚੁਪ ਹੋ ਗਏ ਪਰ ਇਸ ਘਟਨਾ ਨੇ ਮੇਰੇ ਹਿਰਦੇ ਨੂੰ ਵੀ ਝੰਜੋੜ ਦਿਤਾ। ਕਈ ਤਰ੍ਹਾਂ ਦੇ ਸਵਾਲ ਮੇਰੇ ਦਿਮਾਗ਼ ਵਿਚ ਉੱਠਣ ਲੱਗ ਪਏ, ''ਕੀ ਇਹ ਜ਼ਿੰਦਗੀ ਸਚਮੁਚ ਐਨੀ ਲਾਚਾਰ ਅਤੇ ਭੁਮਖਰੀ ਦੀ ਸ਼ਿਕਾਰ ਹੈ? ਕੀ ਮਾਪਿਆਂ ਕੋਲ ਬੱਚਿਆਂ ਨੂੰ ਦੇਣ ਲਈ ਕੁੱਝ ਵੀ ਨਹੀਂ ਅਤੇ ਉਹ ਪੇਟ ਦੀ ਅੱਗ ਬੁਝਾਉਣ ਲਈ ਹਰ ਤਰ੍ਹਾਂ ਦੇ ਸਿਤਮ ਸਹਿ ਰਹੇ ਹਨ? ਕੀ ਸਾਡੀ ਸਮਾਜਕ ਵਿਵਸਥਾ ਹੀ ਅਜਿਹੀ ਬਣ ਗਈ ਹੈ ਜਾਂ ਬਣਾ ਦਿਤੀ ਗਈ ਹੈ? ਕੁੱਝ ਸਮਝ ਨਹੀਂ ਸੀ ਆ ਰਿਹਾ। ਰਾਜਿੰਦਰ ਕੌਰ, ਸੰਪਰਕ : 85679-23385