
Kesar Singh Death News : ਕੈਲਗਰੀ 'ਚ ਲਏ ਆਖ਼ਰੀ ਸਾਹ, ਪੰਜਾਬੀ ਸਾਹਿਤਕ ਖੇਤਰ ’ਚ ਸੋਗ ਦੀ ਲਹਿਰ
Famous Punjabi Ghazalgoer and litterateur Kesar Singh Neer passes away Latest News in Punjabi : ਲੁਧਿਆਣਾ : ਪ੍ਰਸਿੱਧ ਪੰਜਾਬੀ ਗਜ਼ਲਗੋ ਅਤੇ ਸਾਹਿਤਕਾਰ ਕੇਸਰ ਸਿੰਘ ਨੀਰ ਅੱਜ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਸਮੇਂ ਉਹ 92 ਵਰ੍ਹਿਆਂ ਦੇ ਸਨ। 1933 ਨੂੰ ਜਨਮੇ ਕੇਸਰ ਸਿੰਘ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਛਜਾਵਾਲ ਦੇ ਸਨ। ਉਨ੍ਹਾਂ ਨੂੰ ਸਕੂਲ ਸਮੇਂ ਤੋਂ ਹੀ ਕਵਿਤਾਵਾਂ ਲਿਖਣ ਦਾ ਸ਼ੌਕ ਸੀ। ਐਮ.ਏ. ਬੀ.ਐਡ. ਕਰ ਕੇ ਉਹ ਅਧਿਆਪਕ ਲੱਗ ਗਏ।
ਜਾਣਕਾਰੀ ਅਨੁਸਾਰ ਪ੍ਰਸਿੱਧ ਪੰਜਾਬੀ ਗਜ਼ਲਗੋ ਅਤੇ ਸਾਹਿਤਕਾਰ ਕੇਸਰ ਸਿੰਘ ਨੀਰ ਨੇ ਸਵੇਰੇ 2 ਵਜੇ ਕੈਲਗਰੀ 'ਚ ਆਖ਼ਰੀ ਸਾਹ ਲਏ। ਉਨ੍ਹਾਂ ਦੇ ਵਿਛੋੜੇ ਨਾਲ ਸਮੂਹ ਪੰਜਾਬੀ ਸਾਹਿਤਕ ਖੇਤਰ ’ਚ ਸੋਗ ਦੀ ਲਹਿਰ ਹੈ। ਤੁਹਾਨੂੰ ਦਸ ਦਈਏ ਕਿ ਉਹ ਅਧਿਆਪਕ ਸੰਘਰਸ਼ ਵਿਚ ਵੀ ਸਰਗਰਮ ਰਹੇ ਅਤੇ ਕਈ-ਕਈ ਮਹੀਨੇ ਦੀ ਜੇਲ ਯਾਤਰਾ ਵੀ ਕੀਤੀ। ਪੰਜਾਬ ਰਹਿੰਦੇ ਹੋਏ ਉਹ ਸਾਹਿਤ ਸਭਾ ਜਗਰਾਓਂ ਦੇ ਮੋਢੀ ਮੈਂਬਰ ਵੀ ਰਹੇ। ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਵੀ ਉਨ੍ਹਾਂ ਦਾ ਕਾਫ਼ੀ ਯੋਗਦਾਨ ਰਿਹਾ।
20ਵੀਂ ਸਦੀ ਦੇ ਆਖ਼ਰੀ ਦਹਾਕੇ ਉਹ ਕੈਨੇਡਾ ਦੇ ਸ਼ਹਿਰ ਕੈਲਗਰੀ ਆ ਗਏ। ਇੱਥੇ ਵੀ ਸਾਹਿਤਿਕ ਗਤੀਵਿਧੀਆਂ ਵਿਚ ਸਰਗਰਮ ਰਹੇ। ਅਰਪਨ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਵੀ ਰਹੇ। ਉਹ ਪ੍ਰਿੰ. ਤਖਤ ਸਿੰਘ ਦੇ ਗ਼ਜ਼ਲ ਸਕੂਲ ਦੇ ਪ੍ਰਸਿੱਧ ਗਜ਼ਲਗੋ ਸਨ। ਉਨ੍ਹਾਂ ਨੇ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਜਿਨਾਂ ਵਿਚੋਂ ਕਾਵਿ ਸੰਗ੍ਰਹਿ ਕਸਕਾਂ (1960),ਗਮ ਨਹੀਂ (1981), ਗ਼ਜ਼ਲ ਸੰਗ੍ਰਹਿ ਕਿਰਣਾਂ ਦੇ ਬੋਲ(1989) ਅਣਵਗੇ ਅੱਥਰੂ (1996),ਕਾਵਿ ਸੰਗ੍ਰਹਿ ਆਰ ਦੀਆਂ ਤੇ ਪਾਰ ਦੀਆਂ(2010) ਅਤੇ ਮਹਿਕਾਂ ਦੀ ਪੀੜ ਗ਼ਜ਼ਲ ਸੰਗ੍ਰਹਿ ਪ੍ਰਮੁੱਖ ਹਨ। ਬਾਲ ਪੁਸਤਕਾਂ ਗਾਉਂਦੇ ਬਾਲ, ਝਿਲਮਿਲ ਝਿਲਮਿਲ ਤਾਰੇ, ਫੁੱਲ ਰੰਗ ਬਿਰੰਗੇ, ਮਿੱਠੀਆਂ ਮੁਸਕਾਨਾਂ ਰਾਹੀਂ ਬਾਲ ਸਾਹਿਤ ਵਿਚ ਵੀ ਆਪਣਾ ਯੋਗਦਾਨ ਪਾਇਆ ਹੈ।
ਉਨ੍ਹਾਂ ਨੂੰ ਬਹੁਤ ਸਾਰੀਆਂ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਵਲੋਂ ਵੱਖ-ਵੱਖ ਸਮੇਂ ਸਨਮਾਨਿਆ ਵੀ ਗਿਆ ਜਿਨ੍ਹਾਂ ਵਿਚੋਂ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ ਦੇ ਕੇ ਸਾਹਿਤਕ ਦੇਣ ਨੂੰ ਮਾਣ ਦਿਤਾ। ਪਿਛਲੇ ਸਾਲ ਅਰਪਨ ਲਿਖਾਰੀ ਸਭਾ ਕੈਲਗਰੀ ਵਲੋਂ ਨਵੀ ਪਿਰਤ ਪਾਉਂਦਿਆ ਉਨ੍ਹਾਂ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ ਸੀ। ਉਹ ਅਪਣੇ ਪਿੱਛੇ 4 ਬੇਟੀਆਂ ਅਤੇ 2 ਬੇਟੇ ਛੱਡ ਗਏ ਹਨ। ਵੱਖ-ਵੱਖ ਸਾਹਿਤਿਕ ਅਦਾਰੇ ਅਤੇ ਲੇਖਕ ਉਨ੍ਹਾਂ ਦੇ ਪਰਵਾਰ ਨਾਲ ਉਨ੍ਹਾਂ ਦੇ ਵਿਛੋੜੇ ’ਤੇ ਦੁੱਖ ਸਾਂਝਾ ਕਰ ਰਹੇ ਹਨ।