
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚਲਾ ਧਾਰਮਕ, ਸਾਹਿਤਕ ਭੰਡਾਰ ਦੇ ਖ਼ਜ਼ਾਨੇ ਬਾਰੇ ਰੋਜ਼ਾਨਾ ਸਪੋਕਸਮੈਨ ਵਿਚ ਛਪੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਛਾਪਣ ਲਈ ਨਿਰਸੰਦੇਹ ਸਪੋਕਸਮੈਨ....
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚਲਾ ਧਾਰਮਕ, ਸਾਹਿਤਕ ਭੰਡਾਰ ਦੇ ਖ਼ਜ਼ਾਨੇ ਬਾਰੇ ਰੋਜ਼ਾਨਾ ਸਪੋਕਸਮੈਨ ਵਿਚ ਛਪੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਛਾਪਣ ਲਈ ਨਿਰਸੰਦੇਹ ਸਪੋਕਸਮੈਨ ਅਪਣੀ ਪੰਥਕ ਪਹਿਰੇਦਾਰੀ ਨਿਭਾਅ ਚੁਕਿਆ ਹੈ ਜਿਸ ਦੀ ਪੂਰੇ ਪੰਥ ਵਲੋਂ ਇਕਮੁਠਤਾ ਪ੍ਰਗਟ ਕਰਦੇ ਹੋਏ ਪ੍ਰਸ਼ੰਸਾ ਕਰਨੀ ਬਣਦੀ ਹੈ। ਬਿਨਾਂ ਸ਼ੱਕ ਇਹ ਬਰਗਾੜੀ ਬੇਅਦਬੀ ਮੁੱਦੇ ਤੋਂ ਵੀ ਅਹਿਮ ਮੁੱਦਾ ਹੈ, ਜਿਹੜਾ ਪੂਰੀ ਸਿੱਖ ਕੌਮ ਦੇ ਵਿਰਾਸਤੀ ਖ਼ਜ਼ਾਨੇ ਨੂੰ ਖੋਹਣ, ਵੇਚਣ ਦਾ ਕੰਮ ਜਾਂ ਤਾਂ ਨਿਜੀ ਲਾਲਸਾ ਤਹਿਤ ਹੋਇਆ ਜਾਂ ਫਿਰ ਪੰਜਾਬ ਤੇ ਸਿੱਖੀ ਦੀ ਦੁਸ਼ਮਣ ਜਮਾਤ ਜਿਸ ਨਾਲ ਸ਼੍ਰੋਮਣੀ ਕਮੇਟੀ ਦੇ ਕਰਤਾ ਧਰਤਾ ਗੂੜ੍ਹਾ ਰਿਸ਼ਤਾ ਪਾਈ ਬੈਠੇ ਹਨ, ਨੇ ਕੋਈ 'ਕਰਾਮਾਤ' ਵਰਤਾਈ ਹੈ। ਇਹ ਹੋਰ ਵੀ ਦੁਖਦਾਈ ਪਹਿਲੂ ਹੈ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਪਿਛਲੇ 35 ਸਾਲਾਂ ਤੋਂ ਕੌਮ ਨੂੰ ਗੁਮਰਾਹ ਕਰਦਾ ਆ ਰਿਹੈ।
Sikh Reference Library
ਅਫ਼ਸੋਸ ਨਾਲ ਲਿਖਣਾ ਪੈ ਰਿਹੈ ਕਿ ਪੰਥ ਦੇ ਪਹਿਰੇਦਾਰ ਬਣੇ ਸਿੱਖ ਜਥੇਬੰਦੀਆਂ ਦੇ ਸਿਰਮੌਰ ਆਗੂ ਬਰਗਾੜੀ ਮੋਰਚਾ ਚਲਾਉਣ ਵਾਲੇ ਆਗੂ, ਨਿਹੰਗ ਜਥੇਬੰਦੀਆਂ ਦੇ ਆਗੂ, ਸਿੱਖ ਪ੍ਰਚਾਰਕ, ਸ਼੍ਰੋਮਣੀ ਕਮੇਟੀ ਵਿਰੁਧ ਬੇਲਗਾਮ ਬੋਲਣ ਵਾਲੇ ਆਗੂ, ਯੂਨੀਵਰਸਟੀਆਂ ਵਿਚ ਬੈਠੇ ਸਿੱਖ ਬੁਧੀਜੀਵੀ, ਬਹੁਤ ਘੱਟ ਨੂੰ ਛੱਡ ਕੇ ਸਿਆਸੀ ਪਾਰਟੀਆਂ ਵਿਚ ਬੈਠੇ ਸਿੱਖ ਆਗੂ ਇਸ ਮੁੱਦੇ ਉਤੇ ਚੁੱਪ ਰਹਿਣ ਵਿਚ ਹੀ ਅਪਣਾ ਭਲਾ ਸਮਝ ਬੈਠੇ ਹਨ। ਪੰਥ ਦੀ ਆਵਾਜ਼ ਬਣ ਚੁਕੇ 'ਸਪੋਕਸਮੈਨ' ਨੇ ਇਸ ਗ਼ਾਇਬ ਕੀਤੇ ਖ਼ਜ਼ਾਨੇ ਬਾਰੇ ਸੇਵਾ ਮੁਕਤ ਜਸਟਿਸ ਕੁਲਦੀਪ ਸਿੰਘ ਵਰਗੇ ਨਿਰਪੱਖ ਜੱਜਾਂ ਦਾ ਇਕ ਪੈਨਲ ਬਣਾ ਕੇ ਪੜ੍ਹਤਾਲ ਕਰਾਉਣ ਦਾ ਸੁਝਾਅ ਪੇਸ਼ ਕੀਤਾ ਗਿਆ ਸੀ ਜਿਸ ਨੂੰ ਪਿਛਲੇ ਮਹੀਨੇ ਹੋਈ 13 ਜੂਨ ਦੀ ਕਮੇਟੀ ਮੀਟਿੰਗ ਵਿਚ ਵਿਚਾਰਿਆ ਹੀ ਨਹੀਂ ਗਿਆ। ਅਪਣੇ ਜੀ ਹਜ਼ੂਰੀਏ ਆਗੂਆਂ ਦੀ ਇਕ 'ਉੱਚ ਤਾਕਤੀ' ਕਮੇਟੀ ਬਣਾ ਕੇ ਫਿਰ ਸਮੁੱਚੇ ਪੰਥ ਨੂੰ ਮੂਰਖ ਬਣਾਉਣ ਦੀ ਸ਼ਾਤਰ ਚਾਲ ਚਲੀ ਗਈ। ਪੰਥ ਨੂੰ ਇਸ ਕਮੇਟੀ ਦਾ ਬਾਈਕਾਟ ਕਰ ਦੇਣਾ ਬਣਦਾ ਹੈ।
ਨਿਰਸੰਦੇਹ ਲਾਇਬ੍ਰੇਰੀ ਦਾ ਖ਼ਜ਼ਾਨਾ ਖ਼ੁਰਦ-ਬੁਰਦ ਕਰਨ ਪਿੱਛੇ ਕਿਸੇ ਡੂੰਘੀ ਸਾਜ਼ਿਸ਼ ਦਾ ਸੰਕੇਤ ਹੈ। ਇਸ ਤੋਂ ਪਹਿਲਾਂ ਕੌਮ ਦੀਆਂ ਯਾਦਗਾਰਾਂ, ਵਿਰਾਸਤੀ ਇਮਾਰਤਾਂ, ਨਿਸ਼ਾਨੀਆਂ ਇਕ-ਇਕ ਕਰ ਕੇ ਮਿਟਾਈਆਂ ਜਾ ਰਹੀਆਂ ਹਨ। ਵਿਰਾਸਤੀ ਨਿਸ਼ਾਨੀਆਂ ਮਿਟਾ ਕੇ ਉਥੇ ਨਵੇਂ ਆਲੀਸ਼ਾਨ ਗੁਰਦਵਾਰੇ ਉਸਾਰੇ ਜਾ ਰਹੇ ਹਨ, ਜਦੋਂ ਕਿ ਵਿਰਾਸਤੀ ਨਿਸ਼ਾਨੀਆਂ ਜਿਉਂ ਦੀਆਂ ਤਿਉਂ ਰਖਣੀਆਂ ਬਣਦੀਆਂ ਸਨ। ਕਿਥੇ ਗਈ ਚਮਕੌਰ ਦੀ ਕੱਚੀ ਗੜ੍ਹੀ, ਕਿਧਰ ਗਈਆਂ, ਫਤਿਹਗੜ੍ਹ ਸਾਹਿਬ ਦੀਆਂ ਇਮਾਰਤਾਂ, ਤਲਵੰਡੀ ਸਾਬੋ ਵਿਚਲੀਆਂ ਵਿਰਾਸਤੀ ਨਿਸ਼ਾਨੀਆਂ, ਅਨੰਦਪੁਰ ਸਾਹਿਬ ਦੇ ਕਿੱਲ੍ਹੇ, ਸੁਲਤਾਨਪੁਰ ਲੋਧੀ ਬਾਬੇ ਨਾਨਕ ਦੀ ਹੱਟ, ਕਿੱਧਰ ਗਈ ਉਹ ਮਸੀਤ ਜਿਸ ਵਿਚ ਬਾਬੇ ਨਾਨਕ ਦੀ ਹਾਜ਼ਰੀ ਸਮੇਂ ਦੇ ਕਾਜ਼ੀ ਨੇ ਨਮਾਜ਼ ਪੜ੍ਹੀ ਸੀ। ਹੁਣੇ-ਹੁਣੇ ਅਖ਼ਬਾਰਾਂ ਵਿਚ ਖ਼ਬਰਾਂ ਆ ਰਹੀਆਂ ਹਨ ਕਿ ਬਾਬਾ ਬੋਤਾ ਸਿੰਘ, ਗਰਜਾ ਸਿੰਘ ਦੇ ਪੁਰਾਤਨ ਗੁਰਦਵਾਰੇ (ਜਿਹੜਾ ਸਿੱਖੀ ਦੀ ਅਣਖ ਦਾ ਪ੍ਰਤੀਕ ਸੀ) ਨੂੰ ਢਾਹ ਕੇ ਨਵਾਂ ਗੁਰਦਵਾਰਾ ਉਸਾਰ ਦਿਤਾ ਗਿਆ ਹੈ। ਕਾਰ ਸੇਵਾ ਵਾਲੇ ਸਾਧ ਲਾਣੇ ਨੂੰ ਉਸਾਰੀ ਦੇ ਨਾਂ ਉਤੇ ਮਾਇਆ ਇਕੱਠੀ ਕਰਨ ਉਤੇ ਲਗਾ ਦਿਤਾ ਗਿਆ ਤੇ ਸਿੱਖੀ ਦੇ ਦੁਸ਼ਮਣ ਜਮਾਤ ਦਾ ਗੁਪਤ ਏਜੰਡਾ, 'ਵਿਰਾਸਤ ਮਲੀਆ ਮੇਟ' ਨੂੰ ਚੁੱਪ ਚੁਪੀਤੇ ਲਾਗੂ ਕੀਤਾ ਜਾ ਰਿਹੈ।
Sikh Reference Library
ਭਾਰਤ ਦਾ ਇਤਿਹਾਸ ਗ਼ੁਲਾਮੀ ਦਾ ਇਤਿਹਾਸ ਹੈ। ਸੰਨ 679 ਈ. ਵਿਚ ਮੁਹੰਮਦ ਬਿਨ ਕਾਸਿਮ ਵਲੋਂ ਸਿੰਧ ਉਤੇ ਹਮਲਾ ਕਰਨ ਨਾਲ ਗ਼ੁਲਾਮੀ ਦਾ ਇਤਿਹਾਸ ਸ਼ੁਰੂ ਹੁੰਦਾ ਹੈ। ਭਾਰਤ ਉਤੇ ਕਦੇ ਪਠਾਣ, ਕਦੇ ਮੰਗੋਲ, ਕਦੇ ਹੂੰਨ, ਕਦੇ ਮੁਗ਼ਲ ਤੇ ਕਦੇ ਅੰਗਰੇਜ਼ ਇਥੇ ਹਮਲਾ ਕਰਦੇ ਰਹੇ ਤੇ ਰਾਜ-ਭਾਗ ਮਲਦੇ ਰਹੇ। ਅਸੀ ਭਾਰਤੀ ਮੰਦਰਾਂ ਦੇ ਟੱਲ ਖੜਕਾ ਕੇ ਉਨ੍ਹਾਂ ਨੂੰ ਭਜਾ ਦੇਣ ਦਾ ਹੀ ਭਰਮ ਪਾਲਦੇ ਰਹੇ। ਅੱਜ ਦੇ ਹਿੰਦੂਆਂ ਦੇ ਥਿੰਕ ਟੈਕ ਨੂੰ ਭਲੀ ਭਾਂਤ ਪਤਾ ਹੈ ਕਿ ਮੰਦਰਾਂ ਦੇ ਟੱਲ ਖੜਕਾਉਣ ਨਾਲ ਹੀ ਭਾਰਤ ਨੂੰ ਸਦੀਆਂ ਤਕ ਗ਼ੁਲਾਮ ਰਖਿਆ ਗਿਆ। ਗ਼ੁਲਾਮੀ ਦੀ ਨੀਂਹ ਤਾਂ ਅਚਾਰੀਆ ਮਨੂ ਨੇ ਹੀ ਰੱਖ ਦਿਤੀ ਸੀ ਜਿਸ ਨੂੰ 'ਮਨੂ ਸਮਿਰਤੀ' ਦਾ ਗ੍ਰੰਥ ਲਿਖ ਕੇ ਭਾਰਤੀ ਸਮਾਜ ਨੂੰ ਚਾਰ ਵਰਣਾਂ ਵਿਚ ਵੰਡ ਦਿਤਾ। ਸਿਰਫ਼ ਇਕ ਵਰਗ ਦੀ ਹੀ ਡਿਊਟੀ ਦੇਸ਼ ਦੀ ਰਖਿਆ ਕਰਨੀ ਸੀ। ਇਸ ਕਰ ਕੇ ਇਸ ਅਚਾਰੀਆ ਦੀ ਲਿਖੀ ਮਨੂ ਸਮਿਰਤੀ ਨੇ ਭਾਰਤੀ ਸਮਾਜ ਦੀਆਂ ਜੜ੍ਹਾਂ ਵਿਚ ਤੇਲ ਦੇ ਦਿਤਾ। ਭਾਰਤੀ ਸਮਾਜ ਦਾ ਇਹ ਥਿੰਕ ਟੈਕ ਇਸੇ ਮਨੂ ਸਮਿਰਤੀ ਨੂੰ ਅਪਣਾ ਸੰਵਿਧਾਨ ਮੰਨਣ ਤੇ ਲਾਗੂ ਕਰਾਉਣ ਲਈ ਤਰਲੋਮੱਛੀ ਹੋ ਰਿਹੈ। ਪ੍ਰੰਤੂ ਉਹ ਗ਼ੁਲਾਮੀ ਦੇ ਇਸ ਇਤਿਹਾਸ ਦਾ ਕਦੇ ਕੋਈ ਜ਼ਿਕਰ ਨਹੀਂ ਕਰਨਗੇ।
Hindus
ਅੱਜ ਭਾਰਤ ਦੀ ਅਬਾਦੀ ਲਗਭਗ 130 ਕਰੋੜ ਹੈ ਤੇ ਇਸ ਵਿਚ ਬਹੁਗਿਣਤੀ ਹਿੰਦੂਆਂ ਦੀ ਹੈ। ਇਸ ਅਬਾਦੀ ਵਿਚ ਮੁਸਲਮਾਨ, ਸਿੱਖ, ਇਸਾਈ ਆਟੇ ਵਿਚ ਲੂਣ ਬਰਾਬਰ ਹਨ। ਭਾਰਤੀ ਸਮਾਜ ਦੀ ਇਹ ਵਸੋਂ ਕਰਮਕਾਂਡ, ਮੂਰਤੀ ਪੂਜਾ, ਪੱਥਰ ਪੂਜਾ ਕਲਪਿਤ ਦੇਵੀ ਦੇਵਤੇ ਦੀ ਉਪਾਸਕ ਬਣੀ ਹੋਈ ਹੈ। ਉਹ ਦਰੱਖ਼ਤਾਂ ਦੀ, ਸੱਪਾਂ ਆਦਿ ਦੀ ਪੂਜਾ ਕਰਦੇ ਹਨ। ਕਿਸੇ ਦੇਵੀ ਦੇਵਤੇ ਦਾ ਕੋਈ ਲਿਖਤੀ ਇਤਿਹਾਸ ਵੀ ਨਹੀਂ ਹੈ। ਉਨ੍ਹਾਂ ਦੇ ਕਲਪਿਤ ਅਸਥਾਨਾਂ ਨੂੰ ਪੂਜਣਯੋਗ ਬਣਾ ਦਿਤਾ ਗਿਆ ਹੈ। ਜਿਥੇ ਵਪਾਰਕ ਕੇਂਦਰ ਬਣ ਗਏ ਤੇ ਸ਼ਰਧਾ ਸਿੱਧੀ ਆਰਥਿਕਤਾ ਨਾਲ ਜੁੜ ਗਈ ਜਿਸ ਕਰ ਕੇ ਸਾਰਾ ਜ਼ੋਰ ਇਸ ਵਰਤਾਰੇ ਨੂੰ ਜਿਉਂ ਦੀ ਤਿਉਂ ਚਾਲੂ ਰੱਖਣ ਲਈ ਲੱਗ ਰਿਹੈ ਤਾਕਿ ਪਾਖੰਡਵਾਦ ਉਤੇ ਪਰਦਾ ਪਿਆ ਰਹੇ।
Ganga
ਪਰ ਪੰਜਾਬ ਬਾਰੇ ਅਲਬੇਲਾ ਕਵੀ ਪ੍ਰੋ. ਪੂਰਨ ਸਿੰਘ ਲਿਖਦਾ ਹੈ, ''ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਪੰਜਾਬ ਵਿਚ ਧਾਰਮਕ ਪਾਖੰਡ ਨੂੰ ਕੋਈ ਥਾਂ ਨਹੀਂ। ਦੋ ਜਾਂ ਤਿੰਨ ਦਰਿਆਵਾਂ ਦੇ ਸੰਗਮ ਇਥੇ, ਪੂਜਣਯੋਗ ਨਾ ਹੀ ਕੋਈ ਤੀਰਥ ਤੇ ਨਾ ਕੋਈ ਦਰਿਆ (ਗੰਗਾ ਆਦਿ ਵਾਂਗ) ਜਿਸ ਵਿਚ ਇਸ਼ਨਾਨ ਕਰਵਾ ਕੇ ਬ੍ਰਾਹਮਣ ਸਿੱਧੀ ਸਵਰਗ ਦੀ ਟਿਕਟ ਦਿੰਦਾ ਹੈ।'' ਰਾਜਸਥਾਨ ਦੇ ਮੇਵਾੜ ਇਲਾਕੇ ਤੋਂ ਆਈਆਂ ਬਜ਼ੁਰਗ ਔਰਤਾਂ ਹਰਿਦੁਆਰ ਵਿਖੇ ਗੰਗਾ ਤੋਂ ਇਸ਼ਨਾਨ ਕਰ ਕੇ ਅਪਣੇ ਇਲਾਕੇ ਨੂੰ ਵਾਪਸ ਜਾਂਦੀਆਂ ਨੂੰ ਜਦੋਂ ਮੈਂ ਰੇਲ ਗੱਡੀ ਵਿਚ ਪੁਛਿਆ ਕਿ ਤੁਸੀ ਮਾਤਾ ਜੀ, ਗੰਗਾ ਇਸ਼ਨਾਨ ਕਰ ਕੇ ਆਈਆਂ ਹੋ, ਕੀ ਤੁਹਾਡੇ ਮਨ ਨੂੰ ਸ਼ਾਂਤੀ ਮਿਲੀ ਹੈ? ਤਾਂ ਉਹ ਇਕ ਦਮ ਬੋਲੀਆਂ, ''ਹਾਂ ਹੁਣ ਸਾਡਾ ਜੀਵਨ ਸਫ਼ਲ ਹੋ ਗਿਐ ਤੇ ਸਾਡੇ ਲਈ ਸਵਰਗ ਦੇ ਦਰਵਾਜ਼ੇ ਖੁੱਲ੍ਹ ਗਏ ਹਨ।''
Ucha Dar Babe Nanak Da
ਗੁਰੂ ਸਾਹਿਬਾਨ ਨੇ ਅਪਣੇ ਜੀਵਨ ਕਾਲ ਵਿਚ ਸਿੱਖਾਂ ਨੂੰ ਬ੍ਰਾਹਮਣ ਦੇ ਇਸ ਪਖੰਡ ਜਾਲ ਵਿਚੋਂ ਕੱਢ ਲਿਆ। ਇਸੇ ਕਰ ਕੇ ਭਾਰਤੀ ਸਮਾਜ ਦੇ ਥਿੰਕ ਟੈਂਕ ਨੂੰ ਪੰਜਾਬ ਤੇ ਸਿੱਖੀ ਦੀ ਵਿਚਾਰਧਾਰਾ ਪ੍ਰਵਾਨ ਨਹੀਂ ਹੈ। ਇਸ ਕਰ ਕੇ ਉਨ੍ਹਾਂ ਨੇ ਸਿੱਖਾਂ ਦੇ ਅੰਦਰੋਂ ਹੀ ਚੋਲਿਆਂ ਵਾਲੇ 'ਸੰਤ' ਲੱਭ ਲਏ ਹਨ ਜਿਨ੍ਹਾਂ ਨੂੰ ਇਮਾਰਤਾਂ ਢਾਹ ਕੇ ਉਸਾਰਨ ਲਈ ਕਰੋੜਾਂ ਰੁਪਏ ਇਕੱਠੇ ਕਰਨ ਤੋਂ ਬਿਨਾਂ ਕੁੱਝ ਨਹੀਂ ਆਉਂਦਾ। ਇਹੀ ਲੋਕ ਨਾਨਕ ਫ਼ਲਸਫ਼ੇ ਨੂੰ ਮਿਟਾਉਣ ਲਈ ਸਿੱਖ-ਦੁਸ਼ਮਣਾਂ ਨਾਲ ਹੱਥ ਮਿਲਾ ਚੁਕੇ ਹਨ। ਸਪੋਕਸਮੈਨ ਨੇ 'ਉੱਚਾ ਦਰ ਬਾਬੇ ਨਾਨਕ ਦਾ' ਸ਼ੁਰੂ ਕਰ ਕੇ ਬਾਬੇ ਨਾਨਕ ਜੀ ਦੇ ਸੰਸਾਰ ਪੱਧਰ ਦੇ ਫ਼ਲਸਫ਼ੇ ਨੂੰ ਪ੍ਰਗਟ ਕਰ ਕੇ ਦੇਸ਼ ਵਿਚ ਤਾਕਤਵਰ ਹੋਈ ਜਮਾਤ ਨੂੰ ਲੱਕ ਬੰਨ੍ਹ ਕੇ ਚੁਨੌਤੀ ਦੇਣ ਦੀ ਤਿਆਰੀ ਕਰ ਲਈ ਹੈ। ਸਾਰੇ ਪੰਥ ਨੂੰ ਇਸ ਉੱਦਮ ਦਾ ਸਾਥ ਦੇਣਾ ਬਣਦਾ ਹੈ।
- ਸੰਤ ਸਿੰਘ ਗਿੱਲ, ਸੰਪਰਕ : 99886-38498