ਸੰਤ ਰਾਮ ਉਦਾਸੀ 20 ਅਪ੍ਰੈਲ 1939 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਚ ਕੰਮੀਆਂ ਦੇ ਵਿਹੜੇ ਜੰਮਿਆ।
ਸੰਤ ਰਾਮ ਉਦਾਸੀ ਜਿਸ ਨੂੰ ਕੰਮੀਆਂ ਦੇ ਵਿਹੜੇ ਦਾ ਸੂਰਜ ਕਰ ਕੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਕਲਮ ਦੀ ਲੜਾਈ ਦੇਸ਼ ਵਿਚ ਨਾ-ਬਰਾਬਰੀ ਵਿਰੁਧ ਸੀ, ਉਸ ਗੰਦੇ ਸਿਸਟਮ ਵਿਰੁਧ ਸੀ ਜਿਸ ਵਿਚ ਜਾਤੀ ਵਿਵਸਥਾ ਅਤੇ ਧਰਮ ਦੇ ਨਾਂ ਤੇ ਮਨੁੱਖੀ ਭੇਦਭਾਵ ਪਨਪ ਰਿਹਾ ਸੀ। ਉਨ੍ਹਾਂ ਨੇ ਇਹ ਸੱਭ ਕੱੁਝ ਅਪਣੇ ਪਿੰਡੇ ਹੰਡਾਇਆ। ਇਸੇ ਲਈ ਉਹ ਸਾਰੀ ਉਮਰ ਦੇਸ਼ ਦੀ ਜਾਤੀ ਵਿਵਸਥਾ, ਸਰਮਾਏਦਾਰੀ, ਗੰਦੀ ਰਾਜਨੀਤੀ ਅਤੇ ਗੰਦੇ ਸਿਸਟਮ ਵਿਰੁਧ ਕਲਮੀ ਸੰਘਰਸ਼ ਕਰਦੇ ਰਹੇ।
ਉਨ੍ਹਾਂ ਦੀ ਚੇਤਨਾ ਵਿਚ ਸਿਰਫ਼ ਦੋ ਹੀ ਜਾਤਾਂ ਸਨ ਇਕ ਲੁੱਟਣ ਵਾਲੀ ਅਤੇ ਦੂਜੀ ਲੁੱਟੀ ਜਾਣ ਵਾਲੀ। ਉਨ੍ਹਾਂ ਨੇ ਲੁਟੇ ਜਾ ਰਹੇ ਲੋਕਾਂ ਲਈ ਸੰਘਰਸ਼ ਕੀਤਾ ਬੇਸ਼ੱਕ ਉਨ੍ਹਾਂ ਨੂੰ ਕਈ ਵਾਰ ਜੇਲ ਵੀ ਜਾਣਾ ਪਿਆ ਅਤੇ ਤਸ਼ੱਦਦ ਵੀ ਝੱਲਣੇ ਪਏ। ਹਰ ਸਾਲ 6 ਨਵੰਬਰ ਨੂੰ ਦੇਸ਼ ਵਾਸੀਆਂ ਵਲੋਂ ਇਸ ਮਹਾਨ ਸੰਘਰਸੀ ਲੇਖਕ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਜਾਂਦਾ ਹੈ ਜਿਸ ਨੇ ਅਪਣੀ ਜ਼ਿੰਦਗੀ ਦੇ 47 ਸਾਲ ਸਾਡੇ ਦੇਸ਼ ਦੀ ਜਾਤੀ ਵਿਵਸਥਾ, ਸਰਮਾਏਦਾਰੀ, ਧਰਮੀ ਅਤੇ ਜਾਤੀ ਨਫ਼ਰਤ ਵਿਰੁਧ ਅਤੇ ਬਰਾਬਰਤਾ ਲਈ ਸੰਘਰਸ਼ ਨੂੰ ਅਰਪਿਤ ਕੀਤੇ। ਜਿਨ੍ਹਾਂ ਦੀ ਹਰ ਕਵਿਤਾ ਅਤੇ ਗੀਤ ਵਿਚ ਗੁਰਬਤ ਭਰੀ ਜ਼ਿੰਦਗੀ ਜੀ ਰਹੇ ਲੋਕਾਂ ਦਾ ਦਰਦ ਛੁਪਿਆ ਹੋਇਆ ਸੀ। ਇਹ ਦਰਦ ਖ਼ੁਦ ਉਸ ਨੇ ਅਪਣੇ ਪਿੰਡੇ ਵੀ ਹੰਢਾਇਆ ਸੀ। ਇਸੇ ਕਰਕੇ ਉਹ ਸਚਮੁੱਚ ਕਮੀਆਂ ਦੇ ਵਿਹੜੇ ਦਾ ਮੱਘਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਹੀ ਅਸਤ ਹੋ ਗਿਆ। ਉਹ ਖ਼ੁਦ ਭਾਵੇਂ ਛਿਪ ਗਿਆ ਪਰ ਉਸ ਦੇ ਗੀਤਾਂ ਤੇ ਨਜ਼ਮਾਂ ਦਾ ਤਪ-ਤੇਜ਼ ਭਖਦਾ ਰਹੇਗਾ ਤੇ ਕਿਰਤੀ ਕਾਮਿਆਂ ਅੰਦਰ ਰੋਹ ਦੀਆਂ ਚਿਣਗਾਂ ਬਾਲਦਾ ਰਹੇਗਾ।
ਸੰਤ ਰਾਮ ਉਦਾਸੀ 20 ਅਪ੍ਰੈਲ 1939 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਚ ਕੰਮੀਆਂ ਦੇ ਵਿਹੜੇ ਜੰਮਿਆ। ਕੰਮੀ ਵੀ ਉਹ ਜਿਨ੍ਹਾਂ ਨੂੰ ਮਜ਼੍ਹਬੀ ਸਿੱਖ ਕਿਹਾ ਜਾਂਦੈ। ਉਨ੍ਹਾਂ ਦੇ ਪਿਤਾ ਦਾ ਨਾਂ ਮਿਹਰ ਸਿੰਘ ਤੇ ਮਾਤਾ ਦਾ ਧੰਨ ਕੌਰ ਸੀ। ਉਸ ਦਾ ਪੜਦਾਦਾ ਭਾਈ ਕਾਹਲਾ ਸਿੰਘ ਅਪਣੇ ਸਮੇਂ ਦਾ ਚੰਗਾ ਗਵੰਤਰੀ ਸੀ। ਉਦਾਸੀ ਨੂੰ ਹੇਕਮਈ ਸੁਰੀਲੀ ਆਵਾਜ਼ ਵਿਰਸੇ ਵਿਚ ਮਿਲੀ। ਉਨ੍ਹਾਂ ਦੇ ਵਡੇਰੇ ਦਿਆਲਪੁਰਾ ਭਾਈਕਾ ਤੋਂ ਉੱਠ ਕੇ ਰਾਏਸਰ ਆਏ ਸਨ। ਉਦੋਂ ਪੰਜਾਬ ਵਿਚ ਵੀ ਨਕਸਲਬਾੜੀ ਲਹਿਰ ਪਹੁੰਚ ਚੁੱਕੀ ਸੀ। ਉਹ ਨਕਸਲਬਾੜੀ ਲਹਿਰ ਵਿਚ ਕੁੱਦ ਪਿਆ ਸੀ ਤੇ ਜਮਾਤੀ ਦੁਸ਼ਮਣਾਂ ਅਤੇ ਸਰਮਾਏਦਾਰੀ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਲਿਖਦਾ ਅਤੇ ਗਾਉਂਦਾ ਸੀ।
ਉਸ ਦੇ ਗੀਤ ਵੱਡੇ-ਵੱਡੇ ਕੱਠਾਂ ਨੂੰ ਬੰਨ੍ਹ ਬਿਠਾਉਂਦੇ। ਟੋਲੀਆਂ ਦੀਆਂ ਟੋਲੀਆਂ ਉਸ ਨੂੰ ਇਉਂ ਸੁਣਨ ਜਾਂਦੀਆਂ ਸਨ ਜਿਵੇਂ ਲੋਕੀ ਸੁਰਿੰਦਰ ਕੌਰ ਅਤੇ ਯਮਲੇ ਜੱਟ ਨੂੰ ਸੁਣਨ ਜਾਂਦੀਆਂ ਸਨ। ਉਹ ਸ਼ਿਵ ਕੁਮਾਰ ਬਟਾਲਵੀ ਦੇ ਸਮਕਾਲੀ ਸਨ। ਉਸ ਵੇਲੇ ਸ਼ਿਵ ਕੁਮਾਰ ਬਟਾਲਵੀ ਦੀ ਅਪਣੀ ਥਾਂ ਸੀ ਤੇ ਉਦਾਸੀ ਨੇ ਅਪਣੀ ਥਾਂ ਬਣਾ ਲਈ ਸੀ। ਸ਼ਿਵ ਬਿਰਹਾਂ ਦੇ ਗੀਤ ਗਾਉਂਦਾ ਸੀ ਜਦਕਿ ਉਦਾਸੀ ਇਨਕਲਾਬੀ ਗੀਤਾਂ ਦੀਆਂ ਹੇਕਾਂ ਲਾਉਂਦਾ ਸੀ।
ਸੰਤ ਰਾਮ ਉਦਾਸੀ ਦਾ ਬਚਪਨ ਆਮ ਕੰਮੀਆਂ ਦੇ ਨਿਆਣਿਆਂ ਵਾਂਗ ਤੰਗੀ ਤੁਰਸ਼ੀ ਵਿਚ ਹੀ ਬੀਤਿਆ ਪਰ ਇਸ ਗੱਲੋਂ ਉਹ ਖ਼ੁਸ਼ਕਿਸਮਤ ਰਿਹਾ ਕਿ ਪਛੜੇ ਇਲਾਕੇ ਦੇ ਪਛੜੇ ਪਿੰਡ ਵਿਚ ਵੀ ਦਸਵੀਂ ਤਕ ਪੜ੍ਹ ਗਿਆ। ਉਨ੍ਹਾਂ ਦਾ ਪ੍ਰਵਾਰ ਨਾਮਧਾਰੀ ਬਣ ਗਿਆ ਸੀ। ਜਿਨ੍ਹਾਂ ਨੂੰ ਕੂਕੇ ਕਿਹਾ ਜਾਂਦਾ ਸੀ। ਉਹ ਚਿੱਟੀਆਂ ਗੋਲ ਪੱਗਾਂ ਬੰਨ੍ਹਦੇ ਸਨ। ਨਾਮਧਾਰੀ ਮਾਹੌਲ ਵਿਚ ਸੰਤ ਰਾਮ ਪੜ੍ਹਾਈ ਵਲ ਪ੍ਰੇਰਿਆ ਗਿਆ। ਅੱਖਰਾਂ ਦੀ ਜਾਣਕਾਰੀ ਨੇ ਉਸ ਲਈ ਗਿਆਨ ਦੇ ਬੂਹੇ ਖੋਲ੍ਹ ਦਿਤੇ। ਦਸਵੀਂ ਕਰ ਕੇ ਉਹ ਭੈਣੀ ਸਾਹਿਬ ਚਲਾ ਗਿਆ ਤੇ ਕੱੁਝ ਸਮਾਂ ਪੌਂਗ ਡੈਮ ’ਤੇ ਮੁਨਸ਼ੀ ਦੀ ਨੌਕਰੀ ਕੀਤੀ। ਫਿਰ ਉਹ ਬਖ਼ਤਗੜ੍ਹ ਤੋਂ ਕੋਰਸ ਕਰ ਕੇ ਪ੍ਰਾਇਮਰੀ ਸਕੂਲ ਬੀਹਲੇ ਵਿਚ ਅਧਿਆਪਕ ਲੱਗ ਗਿਆ ਜਿਸ ਨਾਲ ਉਹ ਪੈਰਾਂ ਸਿਰ ਹੋ ਗਿਆ ਤੇ ਪਜਾਮੇ ਦੀ ਥਾਂ ਪੈਂਟ ਪਾਉਣ ਲੱਗਾ। ਉਸ ਵਕਤ ਜਾਤੀਵਾਦ ਸਿਖਰਾਂ ਤੇ ਸੀ ਪਿੰਡ ਦੇ ਉਚੀ ਜਾਤੀ ਦੇ ਲੋਕ ਕਹਿੰਦੇ ਕਿ, ਵਿਹੜੇ ਵਾਲਾ ਵੀ ਪੈਂਟ ਪਾ ਕੇ ਦਿਖਾਉਂਦੈ।
ਮਾਸਟਰ ਲੱਗ ਕੇ ਉਸ ਦੇ ਗਿਆਨ ਤੇ ਤਜਰਬੇ ਵਿਚ ਵਾਧਾ ਹੋਣਾ ਸ਼ੁਰੂ ਹੋਇਆ ਅਤੇ ਅਧਿਆਪਕਾਂ ਵਿਚ ਉਸ ਦਾ ਦਾਇਰਾ ਖੁਲ੍ਹ ਗਿਆ। ਬਚਪਨ ਵਿਚ ਉਸ ਦੀਆਂ ਅੱਖਾਂ ਵਿਚ ਕੱਕਰੇ ਪੈ ਜਾਣ ਕਾਰਨ ਸਾਰੀ ਉਮਰ ਉਹ ਚੁੰਨ੍ਹੀਆਂ ਅੱਖਾਂ ਵਾਲਾ ਕਹਾਉਂਦਾ ਰਿਹਾ। ਉਨ੍ਹਾਂ ਤੋਂ ਕੁੱਟ ਖਾਣੇ ਵਿਦਿਆਰਥੀ ਉਸ ਨੂੰ ਚੁੰਨ੍ਹੀਆਂ ਅੱਖਾਂ ਵਾਲਾ ਮਾਸਟਰ ਵੀ ਆਖ ਦਿੰਦੇ ਸਨ। ਉਦਾਸੀ ਜੀ ਆਪਣੀ ਕਵਿਤਾਵਾਂ ਰਾਹੀਂ ਕਿਸਾਨ ਅਤੇ ਸੀਰੀ ਦੀ ਜ਼ਿੰਦਗੀ ਦੀ ਤ੍ਰਾਸਦੀ ਨੂੰ ਵੀ ਬਿਆਨਦੇ ਹਨ।
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲਾਂ ਵਿਚੋਂ ਨੀਰ ਵਗਿਆ ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ ‘ਜੱਗਿਆ’।
ਸਾਡੇ ਪਿੜ ਵਿਚ ਤੇਰੇ ਗਲ ਚੀਥੜੇ ਨੀ,
ਮੇਰੀਏ ਜੁਆਨ ਕਣਕੇ ।
ਕਲ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲੇ,
ਤੂੰ ਸੋਨੇ ਦਾ ਪਟੋਲਾ ਬਣ ਕੇ।
ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ,
ਓ ! ਮੇਰੇ ਬੇਜ਼ੁਬਾਨ ਢੱਗਿਆ ।
ਸੰਤ ਰਾਮ ਦੀਆਂ ਅੱਖਾਂ ਦਾ ਇਲਾਜ ਕਰਾਉਣ ਲਈ ਉਸ ਦੀ ਮਾਂ ਉਸ ਨੂੰ ਸਾਧੂ ਈਸ਼ਰ ਦਾਸ ਉਦਾਸੀ ਦੇ ਡੇਰੇ ਪਿੰਡ ਮੂੰਮ ਲੈ ਗਈ ਸੀ। ਇਲਾਜ ਨਾਲ ਅੱਖਾਂ ਕੱੁਝ ਠੀਕ ਹੋਈਆਂ ਤਾਂ ਸੰਤ ਰਾਮ ਦਾ ਉਸ ਡੇਰੇ ਵਿਚ ਆਉਣ ਜਾਣ ਹੋ ਗਿਆ। ਉਹ ਅਪਣੇ ਆਲੇ ਦੁਆਲੇ ਫੈਲੀ ਜਾਤੀ ਅਤੇ ਧਰਮੀ ਨਫ਼ਰਤ ਕਰ ਕੇ ਉਦਾਸ ਰਹਿੰਦਾ ਸੀ। ਇਸੇ ਕਰ ਕੇ ਉਸ ਦੇ ਦਾਦੇ ਨੇ ਉਨ੍ਹਾਂ ਨੂੰ ਉਦਾਸੀ ਕਹਿਣਾ ਸ਼ੁਰੂ ਕਰ ਦਿਤਾ ਜੋ ਸੰਤ ਰਾਮ ਦੇ ਨਾਂ ਨਾਲ ਹਮੇਸ਼ਾ ਲਈ ਜੁੜ ਗਿਆ। 3 ਨਵੰਬਰ 1986 ਨੂੰ ਹਜ਼ੂਰ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕਵੀ ਦਰਬਾਰ ਰਖਿਆ ਗਿਆ ਸੀ। ਉਸ ਵਿਚ ਉਦਾਸੀ ਨੂੰ ਵੀ ਬੁਲਾਇਆ ਗਿਆ। ਵਾਪਸੀ ਤੇ ਜਦ ਉਦਾਸੀ ਆਉਣ ਲੱਗਾ ਤਾਂ ਇਸ ਦਾ ਇਕ ਹੋਰ ਲੇਖਕ ਨਾਲ ਮੇਲ ਹੋ ਗਿਆ।
ਲੇਖਕ ਰੇਲ ਗੱਡੀ ਵਿਚ ਸੀਟ ’ਤੇ ਬੈਠ ਗਿਆ ਪਰ ਸੰਤ ਰਾਮ ਉਦਾਸੀ ਥੋੜ੍ਹੇ ਚਿਰ ਬਾਅਦ ਉਪਰਲੀ ਸੀਟ ’ਤੇ ਸੌਂ ਗਿਆ। ਮਨਵਾੜ ਆ ਕੇ ਜਦ ਲੇਖਕ ਨੇ ਉਦਾਸੀ ਨੂੰ ਉਠਾਇਆ ਤਾਂ 6 ਨਵੰਬਰ 1986 ਨੂੰ 47 ਸਾਲ ਦੀ ਉਮਰ ਵਿਚ ਕੰਮੀਆਂ ਦੇ ਵਿਹੜੇ ਵਿਚ ਮਘਣ ਵਾਲਾ ਸੂਰਜ ਅਖ਼ੀਰ ਸਿਖਰ ਦੁਪਹਿਰੇ ਹੀ ਇਸ ਦੁਨੀਆਂ ਤੋਂ ਅਸਤ ਹੋ ਚੁੱਕਿਆ ਸੀ। ਸੰਤ ਰਾਮ ਉਦਾਸੀ ਨੇ ਸਾਰੀ ਉਮਰ ਅਪਣੇ, ਪ੍ਰਵਾਰ ਅਤੇ ਸਮਾਜ ਵਾਸਤੇ ਗੀਤਾਂ, ਕਵਿਤਾਵਾਂ ਅਤੇ ਸੰਘਰਸ਼ ਦੇ ਵਿਚਾਰਧਾਰਕ ਵਿਚਾਰਾਂ ਦੀ ਜੋ ਪੂੰਜੀ ਕਮਾਈ ਸੀ ਜਾਣ ਤੋਂ ਪਹਿਲਾਂ ਵਸੀਅਤ ਦੇ ਤੌਰ ’ਤੇ ਲੋਕਾਂ ਦੇ ਨਾਂ ਕਰ ਗਏ।
ਮੈਂ ਕੋਈ ‘ਵੱਡਾ ਆਦਮੀ’ ਨਹੀਂ
ਜਿਸ ਦੀ ਵਸੀਅਤ ਪੁਗਾਉਣ ਲਈ ਕਰਨੇ ਪੈਣਗੇ ਤੁਹਾਨੂੰ
ਅੰਤਰ-ਰਾਸ਼ਟਰੀ ਅਡੰਬਰ।
ਮੇਰੀ ਤਾਂ ਰੀਝ ਹੈ ਕਿ ਮੇਰੀ ਕਵਿਤਾ
ਬਣ ਜਾਏ ਸੂਹੀ ਸਵੇਰ ਦਾ ਇਕ ਭਾਗ
ਤੇ ਦਿਨ ਚੜ੍ਹਦੇ ਦੀ ਲਾਲੀ ਨੂੰ ਮੇਰੇ ਕਿਰਤੀ ਭਰਾ
ਦੇਖਣ ਲਈ ਹੋ ਹੋ ਖਲੋਣ ਇਕ ਦੂਜੇ ਤੋਂ ਮੂਹਰੇ।
-ਕੁਲਦੀਪ ਸਿੰਘ ਸਾਹਿਲ, ਰਾਜਪੁਰਾ
88376-46099