
ਪੰਜਾਬੀ ਰੰਗਮੰਚ ਤੋਂ ਸਿਨੇਮਾ ਵਲ ਆਈ ਨਿਰਮਲ ਰਿਸ਼ੀ ਨੇ ਆਪਣੇ ਫ਼ਿਲਮੀ ਸਫ਼ਰ ਦਾ ਆਗ਼ਾਜ਼ ਨਾਟਕਕਾਰ ਹਰਪਾਲ ਟਿਵਾਣਾ ਦੀ ਮਸ਼ਹੂਰ ਪੰਜਾਬੀ ਫ਼ਿਲਮ 'ਲੌਂਗ ਦਾ ਲਿਸ਼ਕਾਰਾ' (1983)...
ਪੰਜਾਬੀ ਰੰਗਮੰਚ ਤੋਂ ਸਿਨੇਮਾ ਵਲ ਆਈ ਨਿਰਮਲ ਰਿਸ਼ੀ ਨੇ ਆਪਣੇ ਫ਼ਿਲਮੀ ਸਫ਼ਰ ਦਾ ਆਗ਼ਾਜ਼ ਨਾਟਕਕਾਰ ਹਰਪਾਲ ਟਿਵਾਣਾ ਦੀ ਮਸ਼ਹੂਰ ਪੰਜਾਬੀ ਫ਼ਿਲਮ 'ਲੌਂਗ ਦਾ ਲਿਸ਼ਕਾਰਾ' (1983) ਤੋਂ ਕੀਤਾ ਸੀ। ਪਿਛਲੇ ਪੰਜ ਦਹਾਕਿਆਂ ਤੋਂ ਕਲਾ ਦੇ ਖੇਤਰ ਵਿਚ ਸਰਗਰਮ ਨਿਰਮਲ ਰਿਸ਼ੀ ਅੱਜ ਪੰਜਾਬੀ ਸਿਨੇਮਾ ਦੀ ਇਕ ਜਾਣੀ ਪਛਾਣੀ ਸ਼ਖ਼ਸੀਅਤ ਹੈ। ਨਿਰਮਲ ਰਿਸ਼ੀ ਦਾ ਪਿਛੋਕੜ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਹੈ ਪਰ ਬਚਪਨ ਅਤੇ ਜਵਾਨੀ ਦਾ ਸਮਾਂ ਰਾਜਸਥਾਨ ਵਿਚ ਬੀਤਿਆ। ਨਾਟਕਕਾਰ ਹਰਪਾਲ ਟਿਵਾਣਾ ਦੀ ਕਲਾ ਸੰਗਤ ਨੇ ਉਸ ਨੂੰ ਇਕ ਸਫ਼ਲ ਰੰਗਕਰਮੀ ਬਣਾਇਆ।
'ਲੌਂਗ ਦਾ ਲਿਸ਼ਕਾਰਾ' ਫ਼ਿਲਮ 'ਚ ਗੁਲਾਬੋ ਮਾਸੀ ਦੇ ਕਿਰਦਾਰ 'ਚ ਨਿਰਮਲ ਰਿਸ਼ੀ।
ਨਿਰਮਲ ਰਿਸ਼ੀ ਨੇ ਅਪਣੀ ਜ਼ਿੰਦਗੀ ਦੇ ਪੰਜਾਹ ਸਾਲ ਕਲਾ ਦੇ ਲੇਖੇ ਲਾ ਦਿਤੇ ਅਤੇ ਅੱਜ ਵੀ ਸਰਗਰਮ ਹੈ। 'ਅੰਗਰੇਜ਼' ਫ਼ਿਲਮ ਨਾਲ ਉਸ ਨੇ ਅਪਣਾ ਫ਼ਿਲਮੀ ਸਫ਼ਰ ਹੋਰ ਤੇਜ਼ ਕਰ ਦਿਤਾ। 'ਨਿੱਕਾ ਜ਼ੈਲਦਾਰ' ਵਰਗੀਆਂ ਫ਼ਿਲਮਾਂ ਨੇ ਉਸ ਨੂੰ ਇਕ ਨਵੀਂ ਪਛਾਣ ਦਿਤੀ। ਇਕ ਸਾਂਝੇ ਪ੍ਰਵਾਰ ਦੀ ਰੋਹਬਦਾਰ ਘਰੇਲੂ ਔਰਤ ਮੁਖੀ ਦੇ ਕਿਰਦਾਰ ਵਿਚ ਉਹ ਪੂਰਾ ਜਚਦੀ ਹੈ। ਸਾਰਾ ਪ੍ਰਵਾਰ ਉਸ ਤੋਂ ਥਰ ਥਰ ਕੰਬਦਾ ਹੈ। ਰਿਸ਼ੀ ਦਾ ਜਨਮ 1943 ਵਿਚ ਮਾਨਸਾ, ਪੰਜਾਬ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਨ ਰਿਸ਼ੀ ਸੀ ਅਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ।
Nirmal Rishi
ਅਪਣੇ ਸਕੂਲ ਦੇ ਦਿਨਾਂ ਤੋਂ ਹੀ ਉਨ੍ਹਾਂ ਦੀ ਥੀਏਟਰ ਵਿਚ ਰੁਚੀ ਸੀ। ਉਨ੍ਹਾਂ ਨੇ ਇਕ ਸਰੀਰਕ ਸਿਖਿਆ ਇੰਸਟ੍ਰਕਟਰ ਬਣਨ ਦੀ ਚੋਣ ਕੀਤੀ ਅਤੇ ਸਰੀਰਕ ਸਿਖਿਆ ਲਈ ਸਰਕਾਰੀ ਕਾਲਜ ਪਟਿਆਲਾ ਵਿਚ ਦਾਖ਼ਲਾ ਲਿਆ। ਨਿਰਮਲ ਰਿਸ਼ੀ ਅਪਣੇ ਕੰਮ ਤੋਂ ਪੂਰਾ ਤਰ੍ਹਾਂ ਸਤੁੰਸ਼ਟ ਹੈ। ਨਿਰਮਲ ਰਿਸ਼ੀ ਨੂੰ ਪੰਜਾਬੀ ਰੰਗਮੰਚ ਸੇਵਾਵਾਂ ਬਦਲੇ ਅਨੇਕਾਂ ਮਾਣ-ਸਨਮਾਨ ਵੀ ਮਿਲੇ ਪਰ ਦਰਸ਼ਕਾਂ ਦਾ ਪਿਆਰ ਉਸ ਦੇ ਸੱਭ ਤੋਂ ਵੱਡੇ ਐਵਾਰਡ ਹਨ। ਉਸ ਨੇ ਸਿਰਫ਼ ਅਦਾਕਾਰੀ ਹੀ ਨਹੀਂ ਕੀਤੀ ਬਲਕਿ ਅਨੇਕਾਂ ਨਾਟਕ ਲਿਖੇ ਤੇ ਨਿਰਦੇਸ਼ਿਤ ਵੀ ਕੀਤੇ। ਉਸ ਦੇ ਨਾਟਕ 'ਮਾਂ ਮੈਨੂੰ ਮਾਰੀਂ ਨਾ' ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। ਦੂਆ ਕਰਦੇ ਹਾਂ ਕਿ ਪੰਜਾਬੀ ਰੰਗਮਚ ਅਤੇ ਪੰਜਾਬੀ ਸਿਨੇਮਾ ਦੀ ਇਸ ਸਨਮਾਨਯੋਗ ਸ਼ਖ਼ਸੀਅਤ ਦੀ ਉਮਰ ਹੋਰ ਵੀ ਲੰਮੀ ਹੋਵੇ।
-ਮਨਜੀਤ ਕੌਰ ਸੱਪਲ
ਸੰਪਰਕ : 98146-0773