ਸੱਭ ਤੋਂ ਵੱਧ ਪੜ੍ਹਿਆ ਤੇ ਸੁਲਾਹਿਆ ਜਾਣ ਵਾਲਾ ਨਾਵਲਕਾਰ ਡਾ.ਜਸਵੰਤ ਸਿੰਘ ਕੰਵਲ
Published : Nov 17, 2024, 9:42 am IST
Updated : Nov 17, 2024, 9:42 am IST
SHARE ARTICLE
Dr. Jaswant Singh Kanwal article
Dr. Jaswant Singh Kanwal article

ਸਾਹਿਤ ਦਾ ਸੂਰਮਾ (ਯੋਧਾ) ਕੰਵਲ ਨੂੰ ਹੀ ਆਖਿਆ ਗਿਆ।

ਨਾਵਲਕਾਰੀ ਦੇ ਖੇਤਰ ਵਿਚ ਸੱਭ ਤੋਂ ਵੱਧ ਨਾਵਲ ਲਿਖਣ ਵਾਲੇ ਨਾਨਕ ਸਿੰਘ ਜੀ ਸਨ ਪਰ ਉਨ੍ਹਾਂ ਦਾ ਵਾਰਸ ਜਸਵੰਤ ਸਿੰਘ ਕੰਵਲ ਜੀ ਬਣੇ। ਅੱਜ ਜਸਵੰਤ ਸਿੰਘ ਕੰਵਲ ਦਾ ਨਾਂ ਸੰਸਾਰ ਪ੍ਰਸਿੱਧ ਨਾਵਲਕਾਰਾਂ ਵਿਚ ਹੈ। ਵਾਰਸ ਸ਼ਾਹ ਦੀ ਹੀਰ ਪੜ੍ਹਨ ਨਾਲ ਹੀ ਕੰਵਲ ਸਾਹਿਤ ਵਲ ਰੁਚਿਤ ਹੋਇਆ। ਕੰਵਲ ਸਾਹਿਬ ਲੋਕਾਂ ਦੇ ਨਾਵਲਕਾਰ ਹਨ ਜਿਨ੍ਹਾਂ ਨੇ ਬੇਖ਼ੌਫ਼, ਨਿਡਰਤਾ, ਦਲੇਰੀ ਅਤੇ ਬੇਝਿਜਕ ਹੋ ਕੇ ਅਪਣੇ ਨਾਵਲਾਂ ’ਤੇ ਕਲਮ ਚਲਾਈ।  ਸਾਹਿਤ ਦਾ ਸੂਰਮਾ (ਯੋਧਾ) ਕੰਵਲ ਨੂੰ ਹੀ ਆਖਿਆ ਗਿਆ।

ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਮਾਤਾ ਹਰਨਾਮ ਕੌਰ ਦੀ ਕੁੱਖੋਂ, ਪਿਤਾ ਮਾਹਲਾ ਸਿੰਘ ਦੇ ਘਰ, ਦਾਦਾ ਪੰਜਾਬ ਸਿੰਘ (ਗਿੱਲ) ਦੇ ਵਿਹੜੇ ਪਿੰਡ ਢੁੱਡੀਕੇ ਵਿਖੇ ਹੋਇਆ। ਕਰਤਾਰ ਸਿੰਘ, ਹਰਬੰਸ ਸਿੰਘ ਦੋ ਭਰਾਵਾਂ ਦਾ ਭਰਾ ਅਤੇ ਕਰਤਾਰ ਕੌਰ, ਭਗਵਾਨ ਕੌਰ ਤੇ ਬਚਿੰਤ ਕੌਰ ਤਿੰਨ ਭੈਣਾਂ ਦਾ ਵੀਰ ਹੈ। ਉਨ੍ਹਾਂ ਦਾ ਵਿਆਹ 1943 ਨੂੰ ਸ੍ਰੀਮਤੀ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਬੇਟੀਆਂ ਤੇ ਇਕ ਬੇਟੇ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਅਮਰਜੀਤ ਕੌਰ, ਚਰਨਜੀਤ ਕੌਰ, ਸਵ: ਕਮਲਜੀਤ ਕੌਰ ਤੇ ਭੁਪਿੰਦਰ ਕੌਰ ਧੀਆਂ ਹਨ ਅਤੇ ਸਰਬਜੀਤ ਸਿੰਘ ਗਿੱਲ ਸਪੁੱਤਰ ਹੈ।

ਪਿੰਡ ਢੁੱਡੀਕੇ ਇਕ ਭਜਨ ਬੰਦਗੀ ਵਾਲਾ ਫ਼ਕੀਰ ਰਹਿੰਦਾ ਸੀ ਜਿਸ ਤੋਂ ਉਨ੍ਹਾਂ ਨੇ ਵੇਦਾਂਤ ਨੂੰ ਪੜ੍ਹ, ਗਿਆਨ ਹਾਸਲ ਕੀਤਾ। ਬਸ ਨੌਂ ਕੁ ਜਮਾਤਾਂ ਪੜ੍ਹੇ ਕੰਵਲ ਨੂੰ ਰੋਜ਼ੀ-ਰੋਟੀ ਲਈ ਮਲਾਇਆ ਦੇ ਜੰਗਲਾਂ ਵਿਚ ਥਾਈਲੈਂਡ ਦੀ ਸੀਮਾ ਨੇੜੇ ਪਹਿਰੇਦਾਰੀ ਰਾਤ ਦੀ ਕਰਨੀ ਪਈ। ਮਲਾਇਆ ਤੋਂ ਆ ਕੇ ਪਿੰਡ ਖੇਤੀਬਾੜੀ ਵੀ ਕਰਨੀ ਪਈ। ਕਿਤਾਬਾਂ ਲਾਹੌਰ ਤੋਂ ਖ਼ਰੀਦ ਕੇ ਲਿਆ ਕੇ ਪੜ੍ਹਦਾ ਸੀ।

ਗੁਰੂ ਰਾਮਦਾਸ ਦੀ ਨਗਰੀ, ਅੰਮ੍ਰਿਤਸਰ ਵੀ ਨੌਕਰੀ ਕਰਨੀ ਪਈ। ਉਸ ਸਮੇਂ ਇਕ ਗਿਆਨੀ ਤੋਂ ਪਿੰਗਲ ਦੀ ਜਾਣਕਾਰੀ ਵੀ ਲਈ। ਖ਼ਿਆਲ ਜ਼ਿੰਦਗੀ ਬਾਰੇ ਉਨ੍ਹਾਂ ਦੀ ਪਹਿਲੀ ਕਿਤਾਬ ‘ਜੀਵਨ ਕਣੀਆਂ’ (1944) ਵਿਚ ਛਪੀ। ਉਸ ਤੋਂ ਬਾਅਦ ਅੱਜ ਤਕ ਚਲ ਸੋ ਚਲ, ਕਿਤਾਬਾਂ ਦੀ ਲਿਸਟ ਬਹੁਤ ਲੰਮੀ ਹੋ ਚੁੱਕੀ ਹੈ। ਉਨ੍ਹਾਂ ਦੀਆਂ ਪ੍ਰਕਾਸ਼ਤ ਕਿਤਾਬਾਂ ਇਸ ਪ੍ਰਕਾਰ ਹਨ: ‘ਸੱਚ ਨੂੰ ਫਾਂਸੀ’, ‘ਪਾਲੀ’, ‘ਪੂਰਨਮਾਸ਼ੀ’, ‘ਰਾਤ ਬਾਕੀ ਹੈ’, ‘ਸਿਵਲ ਲਾਈਨਜ਼’, ‘ਜੰਗਲ ਦੇ ਸ਼ੇਰ’, ਮੋੜਾ’, ‘ਜੇਰਾ’, ‘ਮੂਮਲ’, ‘ਦੇਵਦਾਸ’, ‘ਸੁਰਸਾਂਝ’, ‘ਮਨੁੱਖਤਾ’, ‘ਰੂਪਧਾਰਾ’, ‘ਹਾਣੀ’, ‘ਮਿੱਤਰ ਪਿਆਰੇ ਨੂੰ’, ‘ਭਵਾਨੀ’, ‘ਤਰੀਖ਼ ਵੇਖਦੀ ਹੈ’, ‘ਬਰਫ਼ ਦੀ ਅੱਗ’, ‘ਲਹੂ ਦੀ ਲੋਅ’, ‘ਖ਼ੂਨ ਕੇ ਸੋਹਿਲੇ ਗਾਹਿਵੀਏ ਨਾਨਕ’, ‘ਤੌਸਾਲੀ ਦੀ ਹੱਸੋ’, ‘ਐਨਿਆਂ ’ਚੋਂ ਉਠੋ ਸੂਰਮਾ’, ‘ਅਹਿਸਾਸ’, ‘ਸੂਰਮੇ’, ‘ਹੁਨਰ ਦੀ ਜਿੱਤ’, ‘ਖ਼ੂਬਸੂਰਤ ਦੁਸ਼ਮਣ’, ‘ਗੁਆਚੀ ਪੱਗ’, ‘ਜੁਹੂ ਦਾ ਮੋਤੀ’, (ਸਮ੍ਰਿਤੀਆਂ), ‘ਮਰਨ ਮਿੱਤਰਾਂ ਦੇ ਅੱਗੇ’, ‘ਭਾਵਨਾ’, (ਕਵਿਤਾਵਾਂ), ‘ਗੋਰਾ ਮੁੱਖ ਸੱਜਣਾ ਦਾ’, ‘ਸੰਧੂਰ’, ‘ਰੂਹ ਦਾ ਹਾਣ’, ‘ਲੰਬੇ ਵਾਲਾਂ ਦੀ ਪੀੜ’, ‘ਰੂਪਮਤੀ’, ‘ਚਿੱਕੜ ਤੇ ਕੰਵਲ’, ‘ਫੁੱਲਾਂ ਦਾ ਮਾਲੀ’, ‘ਜ਼ਿੰਦਗੀ ਦੂਰ ਨਹੀਂ’, ‘ਕੰਡੇ’, ‘ਮਾਈ ਦਾ ਲਾਲ’, ‘ਹਾਉਕਾ ਤੇ ਮੁਸਕਾਨ’, ‘ਰੂਪ ਤੇ ਰਾਖੇ’, ‘ਜੰਡ ਪੰਜਾਬ ਦਾ’, ‘ਮੁਕਤੀ ਮਾਰਗ’, ‘ਮੇਰੀਆਂ ਸਾਰੀਆਂ ਕਹਾਣੀਆਂ ਚਾਰ ਭਾਗਾਂ ਵਿਚ’, ‘ਲੱਧਾ ਪਰੀ ਦੇ ਚੰਨ ਉਜਾੜ ਵਿਚੋਂ’, ‘ਸਾਧਨਾ’, ‘ਸੰਦਰਾਂ’, ‘ਇਕ ਹੋਰ ਹੈਲਨ’, ‘ਨਵਾਂ ਸੰਨਿਆਸ’, ‘ਕਾਲੇ ਹੰਸ’, ‘ਝੀਲ ਦਾ ਮੋਤੀ’, ‘ਹਾਲ ਮਰੀਦਾਂ ਦਾ’, ‘ਸੱਚ ਕੀ ਬੇਲਾ’, ‘ਪੰਜਾਬ! ਤੇਰਾ ਕੀ ਬਣੂੰ’, ‘ਆਪਣਾ ਕੌਮੀ ਘਰ’, ‘ਕੌਮੀ ਲਲਕਾਰ’, ‘ਸਾਡੇ ਦੋਸਤ, ਸਾਡੇ ਦੁਸ਼ਮਣ’, ‘ਪੰਜਾਬ ਦਾ ਸੱਚ’, ‘ਪੰਜਾਬੀਉ! ਜੀਣਾ ਹੈ ਕਿ ਮਰਨਾ’, ‘ਜਿੱਤ ਨਾਵਾਂ’, ‘ਸਿੱਖ ਜਦੋ ਜਹਿਦ’, ‘ਜਦੋ ਜਹਿਦ ਜਾਰੀ ਰਹੇ’, ‘ਕੰਵਲ ਕਹਿੰਦਾ ਰਿਹਾ’, ‘ਦੂਜਾ ਸਫ਼ਰਨਾਮਾ’, ‘ਪੰਨਿਆਂ ਦਾ ਚਾਨਣ’ (ਸਵੈਜੀਵਨੀ) ਆਦਿ।

ਡਾ. ਜਸਵੰਤ ਸਿੰਘ ਕੰਵਲ ਦੇ ਇਨਾਮਾਂ-ਸਨਮਾਨਾਂ ਦੀ ਵੀ ਲਿਸਟ ਲੰਮੀ ਹੈ। ਜਿੰਨਾ ਕੰਵਲ ਸਾਹਿਬ ਨੂੰ ਸਾਹਿਤਕ ਖੇਤਰ ਵਿਚ ਮਾਣ-ਸਨਮਾਨ ਮਿਲਿਆ ਹੈ, ਇੰਨਾ ਸ਼ਾਇਦ ਕਿਸੇ ਹੋਰ ਦੇ ਹਿੱਸੇ ਨਾ ਆਇਆ ਹੋਵੇ। ਸ਼੍ਰੋਮਣੀ ਐਵਾਰਡ ਭਾਸ਼ਾ ਵਿਭਾਗ ਪੰਜਾਬ, ਸਾਹਿਤਕ ਅਕੈਡਮੀ ਪੁਰਸਕਾਰ ਦਿੱਲੀ, ਪੰਜਾਬ ਸਾਹਿਤ ਰਤਨ ਪੰਜਾਬ ਸਰਕਾਰ ਵਲੋਂ ਅਤੇ ਪੰਜਾਬੀ ਯੂਨੀਵਰਸਟੀ ਅੰਮ੍ਰਿਤਸਰ ਵਲੋਂ ਡਾ. ਦੀ ਉਪਾਦੀ (ਗਵਰਨਰ ਦੇ ਹੱਥੀਂ) ਅਤੇ ਹੋਰ ਸਾਹਿਤ ਸਭਾਵਾਂ ਅਤੇ ਕਲੱਬਾਂ ਵਲੋਂ ਤਾਂ ਸੈਂਕੜੇ ਇਨਾਮ-ਸਨਮਾਨ ਮਿਲ ਚੁੱਕੇ ਹਨ। ਸੱਭ ਤੋਂ ਵੱਡਾ ਸਨਮਾਨ ਡਾ. ਜਸਵੰਤ ਕੌਰ ਗਿੱਲ ਦਾ ਉਨ੍ਹਾਂ ਦੇ ਨਾਵਲ ‘ਰਾਤ ਬਾਕੀ ਹੈ’ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦੀ ਸਾਹਿਤਕ ਸਾਥਣ ਬਣ ਜਾਣਾ ਤੇ ਅਖ਼ੀਰ ਤੇ ਸਾਹਿਤਕ ਸਾਥਣ ਤੋਂ ਜੀਵਨ ਸਾਥਣ ਵਲ ਮੋੜਾ ਖਾਣਾ ਇਹ ਜਸਵੰਤ ਸਿੰਘ ਕੰਵਲ ਦੇ ਹਿੱਸੇ ਹੀ ਆਇਆ ਹੈ।

ਕੰਵਲ ਖ਼ੁਸ਼ ਦਿਲ ਇਨਸਾਨ ਸੀ, ਦੂਰ ਅੰਦੇਸ਼ੀ ਸੋਚ ਰੱਖਣ ਵਾਲੇ ਲੇਖਕ ਦੀ ਕਲਪਨਾ ਦੀ ਉਡਾਰੀ ਬਹੁਤ ਬਲਵਾਨ ਸੀ। ਉਹ ਅਕਾਸ਼ ਨੂੰ ਹੱਥ ਲਾ ਕੇ ਪਤਾਲਾਂ ਤਕ ਜਾ ਪਹੁੰਚਣ ਵਾਲਾ ਨਾਵਲਕਾਰ ਸੀ। ਲੇਖਕ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰ ਦਿੰਦਾ ਸੀ। ਕਈ ਕਈ ਪਾਤਰਾਂ ਨੂੰ ਇਕੱਠਿਆਂ ਤੋਰਨ ਦੀ ਕਲਾ ਵੀ ਉਸ ਵਿਚ ਸੀ। ਨਾਵਲ ਦਾ ਘੇਰਾ ਕੰਵਲ ਸਾਹਿਬ ਨੇ ਵਿਸ਼ਾਲ ਕੀਤਾ ਹੈ। ਨਾਵਲਕਾਰ ਦੇ ਨਾਵਲ ਪੜ੍ਹਦਿਆਂ ਕੋਈ ਵੀ ਪਾਠਕ ਨਾਵਲ ਵਿਚਕਾਰ ਨਹੀਂ ਛਡਦਾ, ਸਗੋਂ ਪੂਰਾ ਪੜ੍ਹ ਕੇ ਹੀ ਦਮ ਭਰਦਾ ਹੈ। ਲਿਖਤ ਵਿਚ ਸੱਚਾਈ ਤਾਂ ਹੈ ਹੀ ਪਰ ਮਿਠਾਸ ਵੀ ਬਹੁਤ ਹੈ। ਅਜਿਹੀ ਨਵੀਂ ਚੀਜ਼ ਪੇਸ਼ ਕਰਦਾ ਹੈ ਕਿ ਪਾਠਕ ਸੋਚਣ ਲਈ ਮਜਬੂਰ ਹੋ ਜਾਂਦਾ ਹੈ।

ਸਾਹਿਤਕ ਖੇਤਰ ਵਿਚ ਉੱਚੀਆਂ ਛਾਲਾਂ ਲਾਉਣ ਵਾਲੇ ਕੰਵਲ ਵਿਚ ਅਖ਼ੀਰ ਤਕ ਚੁਸਤੀ-ਫੁਰਤੀ ਜਿਉਂ ਦੀ ਤਿਉਂ ਰਹੀ। ਉਨ੍ਹਾਂ ਨੇ ਅਨੇਕਾਂ ਵਿਦੇਸ਼ਾਂ ਦੇ ਟੂਰ ਲਾਏ ਸਨ। ਕੰਵਲ ਸਾਹਿਬ ਨੇ ਸੱਭ ਤੋਂ ਵੱਧ ਪਾਠਕ ਬਣਾਏ ਹਨ। ਅਨੇਕਾਂ ਮੁਸੀਬਤਾਂ ਨੇ ਉਨ੍ਹਾਂ ਦੇ ਰਾਹ ਵਿਚ ਰੋੜਾ ਲਾਇਆ ਪਰ ਉਹ ਭਰ ਵਗਦੇ ਦਰਿਆ ਵਿਚ ਕਿਤੇ ਖੜੋਤ ਨਾ ਆਈ। ਉਨ੍ਹਾਂ ਦੀ ਸਾਹਿਤਕ ਸਾਥਣ ਡਾ. ਜਸਵੰਤ ਕੌਰ ਗਿੱਲ ਦੇ ਜਹਾਨੋਂ ਤੁਰ ਜਾਣ ਨਾਲ ਉਨ੍ਹਾਂ ਦੀ ਸਿਹਤ ਤੇ ਮਨ ਤੇ ਬਹੁਤ ਵੱਡਾ ਅਸਰ ਹੋਇਆ। ਇਹ ਮਾਂ ਬੋਲੀ ਦਾ ਸਪੁੱਤਰ ਜਸਵੰਤ ਸਿੰਘ ਕੰਵਲ ਦਿਨ ਸਨਿਚਰਵਾਰ 1 ਫ਼ਰਵਰੀ 2020 ਨੂੰ ਸਵੇਰੇ ਰੱਬ ਨੂੰ ਪਿਆਰਾ ਹੋ ਗਿਆ। ਇਨ੍ਹਾਂ ਦੀਆਂ ਰਚਨਾਵਾਂ ਇਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਰੋਤਾਜ਼ਾ ਰੱਖਣਗੀਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement